ਸੈਰੇਨਾ ਮਾਂ ਬਣੀ, ਕਈ ਆਪ੍ਰੇਸ਼ਨ ਹੋਏ, ਫਿਰ ਵੀ ਪਹੁੰਚੀ ਵਿੰਬਲਡਨ ਫਾਈਨਲ

    • ਲੇਖਕ, ਰੁਜੁਤਾ ਲੁਕਤੁਕੇ
    • ਰੋਲ, ਬੀਬੀਸੀ ਪੱਤਰਕਾਰ

ਜਰਮਨੀ ਦੀ ਖਿਡਾਰੀ ਐਂਜਲੀਕ ਕਰਬਰ ਨੇ ਵਿੰਬਲਡਨ ਗ੍ਰੈਂਡ ਸਲੈਮ ਮਹਿਲਾ ਏਕਲ ਵਰਗ ਦੇ ਫਾਈਨਲ ਵਿੱਚ ਸੱਤ ਵਾਰ ਦੀ ਚੈਂਪੀਅਨ ਸੈਰੇਨਾ ਵਿਲੀਅਮਜ਼ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ।

23 ਗ੍ਰੈਂਡ ਸਲੈਮ ਜਿੱਤ ਚੁੱਕੀ ਸੈਰੇਨਾ ਵੀਲੀਅਮਜ਼ ਨੂੰ ਐਂਜਲੀਕ ਨੇ 6-3, 6-3 ਨਾਲ ਹਰਾਇਆ। ਇਹ ਐਂਜਲੀਕ ਕਰਬਰ ਦਾ ਪਹਿਲਾ ਵਿੰਬਲਡਨ ਟਾਈਟਲ ਹੈ।

ਐਂਜਲੀਕ ਕਰਬਰ ਨੇ ਪਹਿਲੇ ਮੈਚ ਪੁਆਇੰਟ ਵਿੱਚ ਸਰਵਿਸ ਰਿਟਰਨ 'ਚ ਜਿੱਤ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ:

ਉਂਝ ਤਾਂ ਕਰਬਰ ਰੱਖਿਅਕ (ਪ੍ਰੋਟੈਕਟਿਵ) ਖੇਡ ਲਈ ਜਾਣੀ ਜਾਂਦੀ ਹੈ ਪਰ ਇਸ ਮੈਚ ਵਿੱਚ ਉਹ ਸੈਰੇਨਾ ਖ਼ਿਲਾਫ਼ ਖ਼ਾਸ ਰਣਨੀਤੀ ਨਾਲ ਉਤਰੀ ਸੀ।

ਸੈਰੇਨਾ ਨੂੰ ਕੋਰਟ ਵਿੱਚ ਤੇਜ਼ੀ ਨਾਲ ਮੂਵਮੈਂਟ ਕਰਨ ਵਿੱਚ ਦਿੱਕਤ ਆ ਰਹੀ ਸੀ ਅਤੇ ਕਰਬਰ ਨੇ ਇਸ ਗੱਲ ਦਾ ਫਾਇਦਾ ਚੁੱਕਿਆ।

ਸੈਰੇਨਾ ਵਿਲੀਅਮਜ਼ ਨੇ ਜਦੋਂ ਪਿਛਲੀ ਵਾਰ ਗ੍ਰੈਂਡ ਸਲੈਮ ਦਾ ਫਾਈਨਲ ਖੇਡਿਆ ਸੀ, ਉਦੋਂ ਕਿਸੇ ਨੂੰ ਪਤਾ ਨਹੀਂ ਸੀ ਕਿ ਉਹ ਦੋ ਮਹੀਨੇ ਤੋਂ ਗਰਭਵਤੀ ਹੈ।

ਉਨ੍ਹਾਂ ਨੇ ਜਨਵਰੀ 2017 ਵਿੱਚ ਆਸਟ੍ਰੇਲੀਆਈ ਓਪਨ ਜਿੱਤਿਆ ਅਤੇ ਮਹਿਲਾ ਟੈਨਿਸ ਵਿੱਚ ਨੰਬਰ-1 ਰੈਂਕ ਵੀ ਹਾਸਲ ਕੀਤਾ।

ਡਿਲੀਵਰੀ 'ਚ ਆਈਆਂ ਬੇਹੱਦ ਮੁਸ਼ਕਿਲਾਂ

ਮਾਂ ਬਣਨ ਤੋਂ ਬਾਅਦ ਸੈਰੀਨਾ ਨੇ ਸਿਰਫ਼ 4 ਟੂਰਨਾਮੈਂਟ ਖੇਡੇ ਹਨ, ਫਿਰ ਵੀ ਉਹ ਫੈਂਸ ਦੀ ਪਸੰਦ ਬਣੀ ਹੋਈ ਹੈ।

ਇਸ ਮੈਚ ਤੋਂ ਪਹਿਲਾਂ ਉਨ੍ਹਾਂ ਨੇ ਬੀਬੀਸੀ ਸਪੋਰਟਸ ਨੂੰ ਦਿੱਤੇ ਇੱਕ ਇੰਟਰਵਿਊ 'ਚ ਕਿਹਾ ਸੀ, "ਬੱਚੀ ਦੇ ਆਉਣ ਤੋਂ ਬਾਅਦ ਵਿੰਬਲਡਨ ਦਾ ਇਹ ਫਾਈਨਲ ਬਹੁਤ ਵਧੀਆ ਹੋਵੇਗਾ।"

ਉਨ੍ਹਾਂ ਨੇ ਕਿਹਾ, "ਇਹ ਗੱਲ ਕਿਸੀ ਤੋਂ ਲੁਕੀ ਨਹੀਂ ਹੈ ਕਿ ਮੇਰੀ ਡਿਲੀਵਰੀ ਬਹੁਤ ਮੁਸ਼ਕਿਲ ਆਈ ਸੀ। ਮੇਰੇ ਐਨੇ ਆਪ੍ਰੇਸ਼ਨ ਹੋ ਚੁੱਕੇ ਹਨ ਕਿ ਹੁਣ ਮੈਂ ਗਿਣਤੀ ਵੀ ਭੁੱਲ ਚੁੱਕੀ ਹੈ। ਇੱਕ ਵੇਲਾ ਸੀ ਜਦੋਂ ਮੈਂ ਬੜੀ ਮੁਸ਼ਕਿਲ ਨਾਲ ਚੱਲ ਸਕਦੀ ਸੀ।"

ਬੱਚੀ ਨੂੰ ਜਨਮ ਦੇਣ ਤੋਂ ਬਾਅਦ ਸੈਰੇਨਾ ਦੇ ਫੇਫੜਿਆਂ ਵਿੱਚ ਖ਼ੂਨ ਦੇ ਥੱਬੇ ਬਣ ਗਏ ਸੀ ਅਤੇ ਡਿਲੀਵਰੀ ਦੌਰਾਨ ਪਹਿਲੇ ਹਫ਼ਤੇ 4 ਆਪ੍ਰੇਸ਼ਨ ਹੋਏ ਸਨ।

ਸੈਰੇਨਾ ਦੀ ਸਿਜ਼ੇਰੀਅਨ ਡਿਲੀਵਰੀ ਹੋਈ ਸੀ। ਮਾਂ ਬਣਨ ਤੋਂ ਬਾਅਦ ਉਹ ਤਕਰੀਬਨ ਇੱਕ ਹਫ਼ਤੇ ਤੱਕ ਹਸਪਤਾਲ ਵਿੱਚ ਰਹੀ ਸੀ ਅਤੇ ਉਸ ਤੋਂ ਬਾਅਦ 6 ਹਫ਼ਤੇ ਤੱਕ ਘਰ ਦੇ ਬਿਸਤਰ 'ਤੇ।

ਮੁਸ਼ਕਿਲ ਪ੍ਰੈਗਨੈਂਸੀ, ਮੁਸ਼ਕਿਲ ਕਮਬੈਕ

36 ਸਾਲ ਦੀ ਉਮਰ ਵਿੱਚ ਸੈਰੇਨਾ ਦੀ ਇੱਛਾ ਸ਼ਕਤੀ, ਟੈਨਿਸ ਅਤੇ ਜ਼ਿੰਦਗੀ ਲਈ ਉਨ੍ਹਾਂ ਦਾ ਪਿਆਰ ਦੇਖਣ ਲਾਇਕ ਹੈ।

ਇੱਕ ਬੱਚੀ ਦੇ ਜਨਮ ਤੋਂ ਬਾਅਦ ਉਨ੍ਹਾਂ ਨੇ ਕੋਰਟ ਆ ਕੇ ਆਪਣੇ ਕੋਚ ਤੱਕ ਨੂੰ ਹੈਰਾਨ ਕਰ ਦਿੱਤਾ। ਜਲਦੀ ਹੀ ਉਨ੍ਹਾਂ ਨੇ ਮਿਆਮੀ ਓਪਨ, ਇੰਡੀਆਨਾ ਵੇਲਸ ਅਤੇ ਫਰੈਂਚ ਓਪਨ ਵਿੱਚ ਹਿੱਸਾ ਲਿਆ।

ਜਿੰਨੇ ਘੱਟ ਸਮੇਂ ਵਿੱਚ ਅਤੇ ਜਿੰਨੀ ਮਜ਼ਬੂਤੀ ਨਾਲ ਸੈਰੇਨਾ ਨੇ ਵਾਪਸੀ ਕੀਤੀ ਹੈ, ਉਹ ਆਪਣੇ ਆਪ ਵਿੱਚ ਇੱਕ ਕਹਾਣੀ ਹੈ।

ਅਪ੍ਰੈਲ 2017 ਵਿੱਚ ਜਦੋਂ ਉਹ ਮੈਟਰਨਿਟੀ ਲੀਵ 'ਤੇ ਗਈ, ਉਦੋਂ ਉਹ ਵਿਸ਼ਵ ਰੈਕਿੰਗ ਵਿੱਚ ਨੰਬਰ-1 ਸਨ।

ਪਰ ਮਹਿਲਾਵਾਂ ਦੀ ਟੈਨਿਸ ਐਸੋਸੀਏਸ਼ ਮੁਤਾਬਕ, ਇਸ ਸਮੇਂ ਉਨ੍ਹਾਂ ਦੀ ਰੈਕਿੰਗ 181 ਹੈ।

ਮਾਂ ਬਣਨ ਤੋਂ ਬਾਅਦ ਜਦੋਂ ਸੈਰੇਨਾ ਨੇ ਇਸ ਸਾਲ ਵਾਪਸੀ ਕੀਤੀ ਤਾਂ ਰੈਕਿੰਗ 451 ਸੀ।

ਇਹ ਇਸ ਲਈ ਸੀ ਕਿਉਂਕਿ ਕੌਮਾਂਤਰੀ ਪੱਧਰ 'ਤੇ ਉਹ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਰਹੀ ਸੀ ਅਤੇ ਪ੍ਰੋਫੈਸ਼ਨਲ ਟੈਨਿਸ ਤੋਂ ਦੂਰ ਸੀ।

ਸੀਡਿੰਗ ਦੇ ਆਧਾਰ 'ਤੇ ਫਾਈਨਲ ਵਿੱਚ ਥਾਂ

ਮਾਂ ਬਣਨ ਤੋਂ ਬਾਅਦ ਵਾਪਸੀ ਕਰਨਾ ਕਿਸੇ ਵੀ ਖਿਡਾਰੀ ਲਈ ਸਰੀਰਕ ਅਤੇ ਭਾਵਨਾਤਮਕ ਦੋਵਾਂ ਤਰ੍ਹਾਂ ਨਾਲ ਮੁਸ਼ਕਿਲ ਹੁੰਦਾ ਹੈ।

ਪਰ ਲਗਦਾ ਹੈ ਕਿ ਵਰਲਡ ਟੈਨਿਸ ਬਾਡੀ ਖੇਡ ਦੇ ਇਸ ਪੱਖ ਨੂੰ ਨਜ਼ਰਅੰਦਾਜ਼ ਕਰਦੀ ਹੈ।

ਇਸ ਸਾਲ ਖੇਡੇ ਗਏ ਪਹਿਲੇ ਤਿੰਨ ਟੂਰਨਾਮੈਂਟ ਵਿੱਚ ਸੈਰੇਨਾ ਸ਼ੁਰੂਆਤੀ ਪੱਧਰ 'ਤੇ ਹੀ ਹਾਰ ਗਈ ਸੀ।

ਇਸਦੇ ਬਾਵਜੂਦ ਵੀ ਵਿੰਬਲਡਨ ਵਿੱਚ ਉਨ੍ਹਾਂ ਨੂੰ 25ਵੀਂ ਸੀਡਿੰਗ ਹਾਸਲ ਹੋਈ ਕਿਉਂਕਿ ਇੱਥੇ ਮਾਮਲਾ ਵੱਖਰਾ ਸੀ।

ਇੱਥੇ ਰੈਕਿੰਗ ਗ੍ਰਾਸ ਕੋਰਟ ਵਿੱਚ ਖਿਡਾਰੀ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ।

ਇਸ ਤਰ੍ਹਾਂ ਸੀਡਿੰਗ ਦੇ ਆਧਾਰ 'ਤੇ ਫਾਈਨਲ ਵਿੱਚ ਉਨ੍ਹਾਂ ਦੀ ਥਾਂ ਬਣਨ ਨਾਲ ਮੁੜ ਤੋਂ ਬਹਿਸ ਛਿੜ ਗਈ ਸੀ ਕਿ ਨਿਯਮਾਂ ਦੀ ਸਮੀਖਿਆ ਕੀਤੇ ਜਾਣ ਦੀ ਲੋੜ ਹੈ ਜਾਂ ਨਹੀਂ।

ਇਹ ਵੀ ਪੜ੍ਹੋ:

ਜਦੋਂ ਹੋਰਾਂ ਮਹਿਲਾ ਟੈਨਿਸ ਖਿਡਾਰੀਆਂ ਜਿਵੇਂ ਕਿਮ ਕਿਲਸਟਰਸ ਅਤੇ ਵਿਕਟੋਰੀਆ ਅਜ਼ਾਰੈਂਕਾ ਨੇ ਮੈਟਰਨਿਟੀ ਲੀਵ ਤੋਂ ਵਾਪਸੀ ਕੀਤੀ ਸੀ ਤਾਂ ਉਨ੍ਹਾਂ ਦੇ ਸੀਡ ਵਿੱਚ ਨਾ ਹੋਣ 'ਤੇ ਕੋਈ ਹੰਗਾਮਾ ਨਹੀਂ ਹੋਇਆ ਸੀ।

ਪਰ ਸਮੇਂ ਦੇ ਨਾਲ-ਨਾਲ ਇਨ੍ਹਾਂ ਨਿਯਮਾਂ ਦੀ ਸਮੀਖਿਆ ਕਰਨ ਨੂੰ ਲੈ ਕੇ ਆਵਾਜ਼ ਉੱਠਣ ਲੱਗੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)