You’re viewing a text-only version of this website that uses less data. View the main version of the website including all images and videos.
ਵਰ, ਵਿਚੋਲੇ ਤੇ ਆਈਲੈੱਟਸ-8: 'ਕੰਟਰੈਕਟ ਮੈਰਿਜ ਕਰ ਲਵਾਂਗੇ, ਖਰਚਾ ਮੁੰਡੇ ਵਾਲਿਆਂ ਦਾ...'
- ਲੇਖਕ, ਸੁਮਨਦੀਪ ਕੌਰ
- ਰੋਲ, ਬੀਬੀਸੀ ਪੱਤਰਕਾਰ
ਪੰਜ ਸਾਲ ਪਹਿਲਾਂ ਮੈਂ ਜ਼ਿਦਗੀ ਨੂੰ ਇਸ ਤਰ੍ਹਾਂ ਨਹੀਂ ਦੇਖਦੀ ਸੀ ਜਿਵੇਂ ਹੁਣ ਦੇਖ ਰਹੀਂ ਹਾਂ ਜਾਂ ਜੀਅ ਰਹੀਂ ਹਾਂ।
ਪੰਜ ਸਾਲ ਪਹਿਲਾਂ ਮੈਂ ਕੈਨੇਡਾ ਵਿਚ ਜਾਣ ਦੇ ਸੁਪਨੇ ਨਾਲ ਜਿਉਂਦੀ ਸੀ। ਪੜ੍ਹਨ ਵਿੱਚ ਵੀ ਹੁਸ਼ਿਆਰ ਸੀ।
ਕਿਰਨ (ਬਦਲਿਆ ਨਾਂ) ਨੇ ਆਪਣੀ ਕਹਾਣੀ ਬੀਬੀਸੀ ਪੱਤਰਕਾਰ ਸੁਮਨਦੀਪ ਕੌਰ ਨੂੰ ਸੁਣਾਈ। ਇਹ 'ਵਰ, ਵਿਚੋਲੇ ਤੇ ਆਈਲੈੱਟਸ' ਲੜੀ ਦਾ ਹਿੱਸਾ ਹੈ
ਬੀਏ ਕੀਤੀ ਅਤੇ ਮਾਪਿਆਂ ਨਾਲ ਗੱਲ ਕਰਕੇ ਆਈਲੈੱਟਸ ਦੀ ਤਿਆਰੀ ਕਰਨ ਲੱਗ ਗਈ ਸੀ।
ਮੈਂ ਦੁਆਬੇ ਤੋਂ ਹਾਂ ਅਤੇ ਇਸ ਖੇਤਰ ਵਿਚ ਲਗਭਗ ਹਰ ਪਿੰਡ ਦੇ ਹਰੇਕ ਘਰ 'ਚੋਂ ਕੋਈ ਨਾ ਕੋਈ ਜੀਅ ਜਾਂ ਸਾਰਾ ਪਰਿਵਾਰ ਹੀ ਵਿਦੇਸ਼ 'ਚ ਗਿਆ ਹੋਇਆ ਹੈ।
ਸਾਡਾ ਪੂਰਾ ਇਲਾਕਾ ਹੀ ਲਗਭਗ ਸੁੰਨੀਆਂ ਪਈਆਂ ਐੱਨਆਰਆਈਜ਼ ਦੀਆਂ ਕੋਠੀਆਂ ਨਾਲ ਭਰਿਆ ਹੋਇਆ ਹੈ।
ਮੇਰੇ ਮਾਪੇ ਵੀ ਇਸ ਚਕਾਚੌਂਧ 'ਚੋਂ ਆਪਣੇ ਆਪ ਨੂੰ ਅਲਹਿਦਾ ਕਿਵੇਂ ਰੱਖ ਸਕਦੇ ਸਨ ਅਤੇ ਇਸੇ ਸਦਕਾ ਮੈਨੂੰ ਮੇਰੇ ਘਰ ਦਾ ਪੂਰਾ ਸਹਿਯੋਗ ਮਿਲਿਆ।
ਖ਼ੈਰ, ਆਈਲੈੱਟਸ ਕੀਤੀ 5.5 ਬੈਂਡ ਨਾਲ। ਘਰ ਦੇ ਖੁਸ਼ ਸੀ ਪਰ ਬਾਹਰ ਜਾਣ ਵਾਸਤੇ ਪੈਸੇ ਦੀ ਕਮੀ ਸੀ।
ਅਖ਼ਬਾਰ ਵਿੱਚ ਕੰਟਰੈਕਟ ਮੈਰਿਜ਼ ਲਈ ਇਸ਼ਤਿਹਾਰ
ਫੇਰ ਕਿਸੇ ਨੇ ਸਲਾਹ ਦਿੱਤੀ ਕੀ ਕੰਟਰੈਕਟ ਮੈਰਿਜ਼ ਕਰਵਾ ਕੇ ਤੁਹਾਡਾ ਮਸਲਾ ਹੱਲ ਹੋ ਜਾਵੇਗਾ।
ਸਾਰਾ ਖਰਚਾ ਮੁੰਡੇ ਵਾਲੇ ਆਪ ਕਰਨਗੇ। ਇੱਕ ਦਿਨ ਅਖ਼ਬਾਰ ਵਿੱਚ ਇਸ਼ਤਿਹਾਰ ਛਪਿਆ ਦੇਖਿਆ ਕੰਟਰੈਕਟ ਮੈਰਿਜ਼ ਲਈ।
ਝੱਟ ਫੋਨ ਕੀਤਾ ਸਭ ਗੱਲ ਖੋਲ੍ਹ ਲਈ ਅਤੇ ਵਿਆਹ ਦੀ ਤਿਆਰੀ ਵੀ ਹੋ ਗਈ।
ਫੇਰ ਮੇਰੇ ਪਿਤਾ ਜੀ ਨੂੰ ਕਿਸੇ ਸਲਾਹ ਦਿੱਤੀ ਕਿ ਥੋੜ੍ਹਾ ਇੰਤਜ਼ਾਰ ਕਰ।
ਕਿਸੇ ਬਾਹਰੋਂ ਆਏ ਮੁੰਡੇ ਨਾਲ ਆਪਣੀ ਕੁੜੀ ਦਾ ਪੱਕਾ ਵਿਆਹ ਕਰ ਤੇ ਆਪਣੀ ਜ਼ਿੰਮੇਵਾਰੀ ਦੀ ਪੰਡ ਹੌਲੀ ਕਰ ਲਈਂ।
ਮੇਰੇ ਪਿਤਾ ਜੀ ਮੰਨ ਗਏ ਪਰ ਹੁਣ ਤੱਕ ਤਾਂ ਮੈਂ ਆਪਣੇ ਆਪ ਨੂੰ ਇਸ ਲਈ ਤਿਆਰ ਕਰ ਲਿਆ ਸੀ ਕਿ ਮੈਂ ਕੰਟਰੈਕਟ ਮੈਰਿਜ ਕਰਵਾ ਕੇ ਕੈਨੇਡਾ ਜਾਣਾ ਹੀ ਹੈ।
ਘਰ ਵਿਚ ਕਲੇਸ਼ ਛਿੜ ਚੁੱਕਿਆ ਸੀ। ਕੰਟਰੈਕਟ ਮੈਰਿਜ ਵਾਲਾ ਮੁੰਡਾ ਤੇ ਉਹਦਾ ਪਰਿਵਾਰ ਵਿਆਹ ਵਾਲੇ ਮਿਥੇ ਦਿਨ ਗੁਰਦਾਅਰੇ ਪਹੁੰਚੇ ਪਰ ਮੇਰਾ ਪਿਉ ਨਾ ਮੰਨਿਆਂ।
ਮੈਂ ਘਰੇ ਤਿਆਰ ਖੜੀ ਸੀ ਸਭ ਨੇ ਸਮਝਾਇਆ ਤੇ ਅਖ਼ੀਰ ਮੈਨੂੰ ਵੀ ਜ਼ਿੱਦ ਛੱਡਣੀ ਪਈ। ਪਤਾ ਨਹੀਂ ਉਨ੍ਹਾਂ ਨੇ ਉੱਥੇ ਕਿੰਨੀ ਕੁ ਦੇਰ ਇੰਤਜ਼ਾਰ ਕੀਤਾ ਹੋਵੇਗਾ। ਪਰ ਅਸੀਂ ਘਰੋਂ ਹੀ ਨਹੀਂ ਗਏ।
'ਹੁਣ ਮੈਨੂੰ ਬਾਹਰ ਜਾਣ ਬਾਰੇ ਸੋਚਣ ਦਾ ਸਮਾਂ ਨਹੀਂ ਮਿਲਦਾ'
ਅਖੀਰ ਮੈਨੂੰ ਦੱਸਿਆ ਕਿ ਜਰਮਨੀ ਤੋਂ ਮੁੰਡਾ ਆਇਆ ਹੈ ਜੋ ਹੁਣ ਕੈਨੇਡਾ ਜਾਣਾ ਚਾਹੁੰਦਾ ਹੈ ਤੇ ਮੇਰੇ ਵਿਆਹ ਦੀ ਗੱਲ ਉੱਥੇ ਚੱਲ ਰਹੀ ਹੈ।
ਮੈਂ ਅਤੇ ਮੇਰੇ ਪਰਿਵਾਰ ਨੇ ਮੁੜ ਉਹੀ ਸੁਪਨੇ ਬੁਣਨੇ ਸ਼ੁਰੂ ਕਰ ਦਿੱਤੇ। ਮੇਰਾ ਵਿਆਹ ਹੋ ਗਿਆ।
ਵਿਆਹ ਤੋਂ ਇਕ ਸਾਲ ਬਾਅਦ ਤੱਕ ਬਾਹਰ ਜਾਣ ਦੀ ਰੱਟ ਲਾਉਣ ਤੋਂ ਬਾਅਦ ਮੈਨੂੰ ਮੇਰੇ ਪਤੀ ਨੇ ਦੱਸਿਆ ਕਿ ਉਹ ਉੱਥੇ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਿਹਾ ਸੀ ਅਤੇ ਉਸ ਦਾ ਪਾਸਪੋਰਟ 5 ਸਾਲ ਲਈ ਜਪਤ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜ ਸਾਲ ਉਹ ਬਾਹਰ ਨੀ ਜਾ ਸਕਦਾ। ਮੇਰੇ ਸੁਪਨੇ ਚੂਰ-ਚੂਰ ਹੋ ਗਏ ਸੀ। ਪਰ ਹੁਣ ਮੈਨੂੰ ਬਾਹਰ ਜਾਣ ਬਾਰੇ ਸੋਚਣ ਦਾ ਸਮਾਂ ਹੀ ਨਹੀਂ ਲਗਦਾ।
ਘਰ ਵਿਚ ਹੁਣ ਮੇਰੇ ਦੋ ਬੱਚੇ ਹਨ। ਉਨ੍ਹਾਂ ਦੇ ਨਾਲ ਖੇਡ ਦੇ ਹੱਸ ਕੇ ਸਮਾਂ ਲੰਘ ਜਾਂਦਾ ਹੈ। ਉਨ੍ਹਾਂ ਨਾਲ ਹੀ ਮੇਰਾ ਸੰਸਾਰ ਬਣ ਗਿਆ ਹੈ।
(ਬੀਬੀਸੀ ਪੰਜਾਬੀ ਦੀ ਪੱਤਰਕਾਰ ਸੁਮਨਦੀਪ ਕੌਰ ਨਾਲ ਗੱਲਬਾਤ 'ਤੇ ਅਧਾਰਿਤ। ਕੁੜੀ ਦੀ ਇੱਛਾ ਮੁਤਾਬਕ ਉਸਦਾ ਨਾਮ ਗੁਪਤ ਰੱਖਿਆ ਗਿਆ ਹੈ।)