You’re viewing a text-only version of this website that uses less data. View the main version of the website including all images and videos.
ਰੂਸ: ਪੁਤਿਨ ਚੌਥੀ ਵਾਰ ਲੜਨਗੇ ਰਾਸ਼ਟਰਪਤੀ ਦੀ ਚੋਣ
ਰੂਸ ਦੇ ਵਲਾਦੀਮੀਰ ਪੁਤਿਨ ਦਾ ਕਹਿਣਾ ਹੈ ਕਿ ਉਹ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਰਾਸ਼ਟਪਤੀ ਵਜੋਂ ਇੱਕ ਹੋਰ ਕਾਰਜਕਾਲ ਲਈ ਆਪਣੀ ਕਿਸਮਤ ਅਜਮਾਉਣਗੇ।
ਉਨ੍ਹਾਂ ਨੇ ਇਹ ਐਲਾਨ ਇੱਕ ਕਾਰ ਫੈਕਟਰੀ ਵੋਲਗਾ 'ਚ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ।
ਉਨ੍ਹਾਂ ਨੇ ਕਿਹਾ, "ਮੈਂ ਰੂਸੀ ਫੇਡਰੇਸ਼ਨ ਦੇ ਰਾਸ਼ਟਰਪਤੀ ਅਹੁਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕਰਾਂਗਾ।"
ਪੁਤਿਨ ਸਾਲ 2000 ਤੋਂ ਹੀ ਜਾਂ ਤਾਂ ਰਾਸ਼ਟਰਪਤੀ ਵਜੋਂ ਜਾਂ ਪ੍ਰਧਾਨ ਮੰਤਰੀ ਵਜੋਂ ਸੱਤਾ ਵਿੱਚ ਹਨ।
ਜੇਕਰ ਉਹ ਅਗਲੇ ਸਾਲ ਮਾਰਚ 'ਚ ਹੋਣ ਵਾਲੀਆਂ ਚੋਣਾਂ 'ਚ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਦਾ ਕਾਰਜਕਾਲ 2024 ਤੱਕ ਵੱਧ ਜਾਵੇਗਾ।
ਇਸ ਤੋਂ ਇਲਾਵਾ ਰੂਸੀ ਟੀਵੀ ਪੱਤਰਕਾਰ ਸੇਨਿਆ ਸੋਬਚਾਕ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਉਹ ਵੀ ਇਸ ਚੋਣਾਂ ਵਿੱਚ ਆਪਣੀ ਦਾਅਵੇਦਾਰੀ ਪੇਸ਼ ਕਰੇਗੀ ਪਰ ਸਰਵੇਖਣਾਂ ਮੁਤਾਬਕ ਪੁਤਿਨ ਅਸਾਨੀ ਨਾਲ ਜਿੱਤ ਹਾਸਿਲ ਕਰ ਸਕਦੇ ਹਨ।
ਰੂਸ ਦੇ ਖੱਬੇ ਪੱਖੀ ਧਿਰ ਦੇ ਮੁੱਖ ਨੇਤਾ ਅਲੈਕਸੇਈ ਨਵਾਲਿਨੀ ਨੂੰ ਇੱਕ ਧੋਖਾਧੜੀ ਕੇਸ ਵਿੱਚ ਦੋਸ਼ੀ ਪਾਏ ਜਾਣ 'ਤੇ ਪਹਿਲਾਂ ਹੀ ਉਨ੍ਹਾਂ 'ਤੇ ਚੋਣਾਂ ਵਿੱਚ ਖੜ੍ਹੇ ਹੋਣ ਲਈ ਅਧਿਕਾਰਕ ਤੌਰ 'ਤੇ ਰੋਕ ਲਗਾ ਦਿੱਤੀ ਗਈ ਹੈ।
ਹਾਲਾਂਕਿ ਉਹ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦੇ ਹਨ।
ਬਹੁਤ ਸਾਰੇ ਰੂਸੀਆਂ 'ਚ ਪੁਤਿਨ ਦਾ ਅਕਸ ਬੇਹੱਦ ਸ਼ਲਾਘਾਯੋਗ ਹੈ। ਉਹ ਉਨ੍ਹਾਂ ਨੂੰ ਇੱਕ ਮਜ਼ਬੂਤ ਨੇਤਾ ਮੰਨਦੇ ਹਨ, ਜਿਸ ਨੇ ਸੀਰੀਆਈ ਗ੍ਰਹਿ ਯੁੱਧ 'ਚ ਫੈਸਲਾਕੁੰਨ ਫੌਜੀ ਕਾਰਵਾਈ ਕਰਕੇ ਰੂਸ ਨੂੰ ਵਿਸ਼ਵ 'ਚ ਫਿਰ ਤੋਂ ਮੁਕਾਮ ਹਾਸਿਲ ਕਰਵਾਇਆ।
ਯੂਕ੍ਰੇਨ ਤੋਂ ਕ੍ਰੀਮਿਆ ਨੂੰ ਵੱਖ ਕੀਤੇ ਜਾਣ ਦਾ ਕਾਰਨ ਵੀ ਇਹੀ ਹਨ।
ਪਰ ਉਨ੍ਹਾਂ ਦੇ ਅਲੋਚਕ ਇਹ ਵੀ ਕਹਿੰਦੇ ਹਨ ਕਿ ਉਹ ਭ੍ਰਿਸ਼ਚਟਾਚਾਰ ਨੂੰ ਵਧਾ ਰਹੇ ਹਨ ਅਤੇ ਕ੍ਰੀਮਿਆ ਨੂੰ ਗ਼ੈਰ ਕਨੂੰਨੀ ਢੰਗ ਨਾਲ ਵੱਖ ਕੀਤੇ ਜਾਣ 'ਤੇ ਕੌਮਾਂਤਰੀ ਪੱਧਰ 'ਤੇ ਰੂਸ ਨੂੰ ਅਲੋਚਨਾ ਦਾ ਸ਼ਿਕਾਰ ਹੋਣਾ ਪਿਆ।
ਕੁਝ ਖ਼ਾਸ ਗੱਲਾਂ
- ਪੁਤਿਨ ਦਾ ਜਨਮ 7 ਅਕਤੂਬਰ 1952 ਨੂੰ ਲੇਨਿਨਗ੍ਰਾਦ (ਹੁਣ ਸੈਂਟ ਪੀਟਰਬਰਗ)'ਚ ਹੋਇਆ।
- ਕ੍ਰੇਮਲਿਨ ਵੈਬਸਾਇਟ ਮੁਤਾਬਕ ਪੁਤਿਨ "ਸਕੂਲ ਖ਼ਤਮ ਤੋਂ ਪਹਿਲਾਂ ਹੀ" ਸੋਵੀਅਤ ਖੁਫ਼ੀਆਂ ਏਜੰਸੀ ਨਾਲ ਕੰਮ ਕਰਨਾ ਚਾਹੁੰਦੇ ਹਨ।
- ਉਹ ਕਾਨੂੰਨ ਦੀ ਪੜ੍ਹਾਈ ਕਰਕੇ ਖੁਫ਼ੀਆਂ ਏਜੰਸੀ ਕੇਜੀਬੀ 'ਚ ਸ਼ਾਮਲ ਹੋ ਗਏ।
- ਜਸੂਸ ਵਜੋਂ ਉਨ੍ਹਾਂ ਨੇ ਤਤਕਾਲੀ ਕਮਿਊਨਿਸਟ ਪਾਰਟੀ 'ਚ ਕੰਮ ਕੀਤਾ। ਪੁਤਿਨ ਦੇ ਵੇਲੇ ਉਨ੍ਹਾਂ ਦੇ ਕਈ ਜਸੂਸ ਸਾਥੀਆਂ ਨੂੰ ਉੱਚ ਅਹੁਦੇ ਮਿਲੇ।
- 1990ਵਿਆਂ 'ਚ ਉਹ ਸੈਂਟ ਪੀਟਰਸਬਰਗ ਦੇ ਮੇਅਰ ਏਨਾਤੋਲੀ ਸੋਬਚਾਕ ਦੇ ਮੁੱਖ ਸਹਿਯੋਗੀ ਸਨ, ਏਨਾਤੋਲੀ ਨੇ ਹੀ ਉਨ੍ਹਾਂ ਨੂੰ ਕਾਨੂੰਨ ਪੜ੍ਹਾਇਆ ਸੀ।
- ਸਾਲ 1997 'ਚ ਬੋਰਿਸ ਯੇਲਤਸਿਨ ਦੇ ਕਾਰਜਕਾਲ 'ਚ ਕ੍ਰੇਮਲਿਨ ਆਏ ਅਤੇ ਉਨ੍ਹਾਂ ਨੂੰ ਫੇਡਰਲ ਸਿਕਊਰਿਟੀ ਸਰਵਿਸਸ ਦੇ ਮੁੱਖੀ ਬਣਾ ਦਿੱਤਾ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਬਣ ਗਏ।
- 1999 'ਚ ਨਵੇਂ ਸਾਲ ਮੌਕੇ ਯੇਲਤਸਿਨ ਨੇ ਅਸਤੀਫ਼ਾ ਦੇ ਦਿੱਤਾ ਤੇ ਪੁਤਿਨ ਕਾਰਜਕਾਰਨੀ ਰਾਸ਼ਟਰਪਤੀ ਬਣ ਗਏ।
- ਮਾਰਚ 2000 'ਚ ਉਹ ਅਸਾਨੀ ਨਾਲ ਰਾਸ਼ਟਰਪਤੀ ਚੋਣਾਂ ਜਿੱਤ ਗਏ।
- ਦੂਜੀ ਵਾਰ ਉਹ ਸਾਲ 2004 'ਚ ਜਿੱਤੇ।
- ਰੂਸੀ ਸੰਵਿਧਾਨ ਮੁਤਾਬਕ ਤੀਜੀ ਵਾਰ ਰਾਸ਼ਟਰਪਤੀ ਬਣਨ ਲਈ ਅਧਿਕਾਰਕ ਰੋਕ ਹੈ ਪਰ ਇਸ ਦੌਰਾਨ ਉਹ ਪ੍ਰਧਾਨ ਮੰਤਰੀ ਅਹੁਦੇ 'ਤੇ ਰਹੇ।
- ਤੀਜੀ ਵਾਰ ਉਨ੍ਹਾਂ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ ਸਾਲ 2012 ਜਿੱਤੀ।
- ਪੁਤਿਨ ਦਾ ਕਹਿਣਾ ਹੈ, "50 ਸਾਲ ਪਹਿਲਾਂ ਲੇਨਿਨਗ੍ਰਾਦ ਦੀ ਗਲੀ ਨੇ ਮੈਨੂੰ ਇੱਕ ਨੇਮ ਸਿਖਾਇਆ ਕਿ ਜੇਕਰ ਲੜਾਈ ਲਾਜ਼ਮੀ ਹੈ ਤਾਂ ਪਹਿਲਾਂ ਮੁੱਕਾ ਤੁਹਾਡਾ ਹੋਣਾ ਚਾਹੀਦਾ ਹੈ।"
- ਰੂਸ ਦੀਆਂ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਇਹ ਦਾਅਵਾ ਵੀ ਕੀਤਾ ਗਿਆ ਕਿ ਸਾਲ 2018 ਦਾ ਰਾਸ਼ਟਰਪਤੀ ਪੁਤਿਨ ਦੀਆਂ ਵੱਖ ਵੱਖ ਤਸਵੀਰਾਂ ਪੇਸ਼ ਕਰਦਾ ਕੈਲੰਡਰ ਜਦੋਂ ਬ੍ਰਿਟੇਨ 'ਚ ਸੇਲ 'ਤੇ ਲਗਾਇਆ ਤਾਂ ਉਹ ਕੁਝ ਹੀ ਘੰਟਿਆਂ ਵਿੱਚ ਇਹ ਵਿੱਕ ਗਿਆ ਸੀ।