ਚੰਡੀਗੜ੍ਹ: ਬਲਾਤਕਾਰ ਪੀੜਤ ਬੱਚੀ ਦੀ ਧੀ ਨੂੰ ਮਿਲੇ ‘ਮਾਪੇ’

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੰਜਾਬੀ

ਚੰਡੀਗੜ੍ਹ ਵਿੱਚ 10 ਸਾਲਾ ਬਲਾਤਕਾਰ ਪੀੜਤਾ ਦੀ ਤਿੰਨ ਮਹੀਨਿਆਂ ਦੀ ਬੇਟੀ ਨੂੰ ਆਪਣਾ ਘਰ ਮਿਲ ਗਿਆ ਹੈ। ਮਹਾਰਾਸ਼ਟਰ ਦੇ ਇੱਕ ਜੋੜੇ ਨੇ ਬੱਚੇ ਨੂੰ ਗੋਦ ਲਿਆ ਹੈ।

ਸਮਾਜ ਭਲਾਈ ਵਿਭਾਗ ਦੀ ਅਧਿਕਾਰੀ ਰਜਨੀ ਗੁਪਤਾ ਨੇ ਕਿਹਾ ਕਿ, ''ਬੱਚੀ ਨੂੰ ਨਵੇਂ ਮਾਪਿਆਂ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਮਾਪੇ ਬਹੁਤ ਖੁਸ਼ ਸਨ।"

ਉਨ੍ਹਾਂ ਕਿਹਾ ਕਿ ਬੱਚੀ ਠੀਕ-ਠਾਕ ਹੈ ਅਤੇ ਵਿਭਾਗ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਸ ਦੀ ਭਲਾਈ 'ਤੇ ਪੈਰਵੀ ਕਰਦਾ ਰਹੇਗਾ।

ਇਸ ਤੋਂ ਪਹਿਲਾਂ ਚੰਡੀਗੜ੍ਹ ਦੀ ਫਾਸਟ ਟ੍ਰੈਕ ਕੋਰਟ ਨੇ ਪੀੜਤਾ ਕੁੜੀ ਦੇ ਦੋ ਮਾਮਿਆਂ ਨੂੰ ਬਲਾਤਕਾਰ ਦੇ ਦੋਸ਼ੀ ਪਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਅਗਸਤ ਵਿੱਚ ਲੜਕੀ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਸੀ। ਪਰ 10 ਸਾਲ ਦੀ ਬਲਾਤਕਾਰ ਪੀੜਤਾ ਲੜਕੀ ਦੇ ਮਾਪਿਆਂ ਨੇ ਉਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਬੱਚੀ ਨੂੰ ਪਹਿਲਾਂ ਚੰਡੀਗੜ੍ਹ 'ਚ ਅਡੌਪਸ਼ਨ ਸੈਂਟਰ 'ਚ ਰੱਖਿਆ ਗਿਆ ਸੀ ਅਤੇ ਨਿਯਮਾਂ ਮੁਤਾਬਕ ਦੋ ਮਹੀਨਿਆਂ ਬਾਅਦ ਗੋਦ ਲੈਣ ਲਈ ਇਜਾਜ਼ਤ ਦਿੱਤੀ ਗਈ ਸੀ।

10 ਸਾਲਾ ਲੜਕੀ ਨਾਲ ਹੋਏ ਬਲਾਤਕਾਰ ਦਾ ਮਾਮਲਾ ਕੌਮਾਂਤਰੀ ਪੱਧਰ 'ਤੇ ਸੁਰਖੀਆਂ 'ਚ ਉਦੋਂ ਆਇਆ ਸੀ ਜਦੋ ਹਾਈ ਕੋਰਟ ਨੇ ਗਰਭਪਾਤ ਲਈ ਉਸਦੇ ਮਾਪਿਆਂ ਦੀ ਪਟੀਸ਼ਨ ਨੂੰ ਖਾਰਜ ਕੀਤਾ ਸੀ।

ਉਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਪਹੁੰਚਿਆ ਅਤੇ ਸੁਪਰੀਮ ਕੋਰਟ ਵੀ ਲੜਕੀ ਦੇ ਮਾਪਿਆਂ ਦੀ ਗਰਭਪਾਤ ਦੀ ਮੰਗ ਨਾਲ ਸਹਿਮਤ ਨਹੀਂ ਸੀ।

ਸੁਪਰੀਮ ਕੋਰਟ ਫਾਸਟ ਟਰੈਕ ਅਦਾਲਤ ਦੁਆਰਾ ਨਿਰਣਾਇਕ ਮਾਮਲਿਆਂ ਤਕ ਕੇਸ ਦੀ ਡੂੰਘੀ ਨਿਗਰਾਨੀ ਕਰ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)