ਤੋਤਿਆਂ ਨੇ ਚਿੱਥੀਆਂ ਬ੍ਰਾਡਬੈਂਡ ਦੀਆਂ ਤਾਰਾਂ

ਆਸਟਰੇਲੀਆ ਦੀ ਬਹੁ ਕਰੋੜੀ ਇੰਟਰਨੈਟ ਕੰਪਨੀ ਦੀ ਮੰਨੀਏ ਤਾਂ ਇਸ 'ਤੇ ਤੋਤਿਆਂ ਨੇ ਹਮਲਾ ਕਰ ਦਿੱਤਾ ਹੈ।

ਨੈਸ਼ਨਲ ਬ੍ਰਾਡਬੈਂਡ ਨੈਟਵਰਕ ਦਾ ਕਹਿਣਾ ਹੈ ਕਿ ਕੰਪਨੀ ਨੇ ਹੁਣ ਤੱਕ ਲੱਖਾਂ ਡਾਲਰ ਪਰਿੰਦਿਆਂ ਦੀਆਂ ਚਿੱਥੀਆਂ ਤਾਰਾਂ ਠੀਕ ਕਰਨ 'ਤੇ ਲਾ ਦਿੱਤੇ ਹਨ।

ਕੰਪਨੀ ਪਹਿਲਾਂ ਤੋਂ ਹੀ ਆਪਣੀਆਂ ਠੰਢੀਆਂ ਇੰਟਰਨੈਟ ਸੇਵਾਵਾਂ ਲਈ ਬਦਨਾਮ ਹੈ ਤੇ ਇੱਕ ਹਾਲੀਆ ਰਿਪੋਰਟ ਮੁਤਬਕ ਇੰਟਰਨੈਟ ਦੀ ਗਤੀ ਦੇ ਹਿਸਾਬ ਸੰਸਾਰ ਭਰ 'ਚ ਪੰਜਾਹਵੇਂ ਪੌਡੇ ਤੇ ਹੈ।

ਕੰਪਨੀ ਮੁਤਬਕ ਇਹ ਬਿਲ ਹੋਰ ਵਧੇਗਾ।

ਦੇਸ ਦੀ ਇੰਟਰਨੈਟ ਸਪੀਡ ਸੁਧਾਰਣ ਲਈ ਇੱਕ ਕੌਮੀ ਪਰੋਜੈਕਟ ਚਲਾਇਆ ਜਾ ਰਿਹਾ ਹੈ ਜੋ ਕਿ 2021 ਤੱਕ ਨੇਪਰੇ ਚੜ੍ਹੇਗਾ।

ਤੋਤਿਆਂ ਦੀ ਇਹ ਨਸਲ ਆਮ ਤੌਰ 'ਤੇ ਫ਼ਲ, ਗਿਰੀਆਂ, ਲੱਕੜ ਤੇ ਦਰਖ਼ਤਾਂ ਦੀ ਛੱਲ ਖਾਂਦੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਤਾਰਾਂ ਖਾਣ ਲੱਗ ਪਈ ਹੈ।

ਜੀਵ ਵਿਹਾਰ ਵਿਗਿਆਨੀ ਜਿਸੇਲਾ ਕਪਲਾਨ ਨੇ ਖ਼ਬਰ ਏਜੰਸੀ ਰਾਇਟਰਸ ਨੂੰ ਦੱਸਿਆ ਕਿ ਇਹ ਉਨ੍ਹਾਂ ਦਾ ਸਧਾਰਣ ਸਟਾਈਲ ਨਹੀਂ ਹੈ।

"ਤਾਰਾਂ ਦੇ ਰੰਗ ਤੇ ਸਥਿਤੀ ਨੇ ਪੰਛੀਆਂ ਨੂੰ ਆਪਣੇ ਵੱਲ ਖਿਚਿਆ ਹੋਵੇਗਾ।"

"ਉਹ ਚੁੰਝਾਂ ਤਿੱਖੀਆਂ ਕਰ ਰਹੇ ਹਨ ਤੇ ਨਤੀਜੇ ਵਜੋਂ ਸਾਹਮਣੇ ਆਉਣ ਵਾਲੀ ਹਰ ਚੀਜ਼ ਤੇ ਹਮਲਾ ਕਰਨਗੇ ਅਤੇ ਟੁੱਕ ਦੇਣਗੇ।"

"ਬਦਕਿਸਮਤੀ ਨਾਲ ਉਨ੍ਹਾਂ ਨੂੰ ਸਾਡੀਆਂ ਤਾਰਾਂ ਪਸੰਦ ਆਉਣ ਲੱਗ ਪਈਆਂ ਹਨ।"

ਪਰੋਜੈਕਟ ਦੇ ਸਹਿ-ਨਿਰਦੇਸ਼ਕ ਨੇ ਕੰਪਨੀ ਦੀ ਵੈਬ ਸਾਈਟ 'ਤੇ ਲਿਖੇ ਇੱਕ ਲੇਖ 'ਚ ਕਿਹਾ, "ਡਾਰ 'ਚ ਇਹ ਪੰਛੀ ਅਰੋਕ ਹਨ।"

ਕੰਪਨੀ ਸੁਰਖਿਆ ਜਾਲੀਆਂ ਲਾ ਰਹੀ ਹੈ ਜਿਨ੍ਹਾਂ ਦੀ ਲਾਗਤ 14 ਡਾਲਰ ਹੈ। ਕੰਪਨੀ ਨੂੰ ਉਮੀਦ ਹੈ ਕਿ ਇਸ ਨਾਲ ਤਿੰਨ ਅਰਬ ਡਾਲਰ ਦਾ ਨੈਟਵਰਕ ਬਚ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)