ਮਗਰਮੱਛਾਂ ਦੇ ਖੌਫ਼ 'ਚ ਜਿਉਂਦੇ ਓਡਿਸ਼ਾ ਦੇ ਲੋਕ

    • ਲੇਖਕ, ਸਲਮਾਨ ਰਾਵੀ
    • ਰੋਲ, ਬੀਬੀਸੀ ਪੱਤਰਕਾਰ

ਬੰਗਾਲ ਦੀ ਖਾੜੀ ਨਾਲ ਲੱਗਦੇ ਸੂਬੇ ਓਡਿਸ਼ਾ ਦਾ ਕੇਂਦਰਪਾੜਾ ਇਲਾਕਾ ਹਮੇਸ਼ਾ ਤੋਂ ਹੀ ਸੈਲਾਨੀਆ ਲਈ ਖਿੱਚ ਦਾ ਕੇਂਦਰ ਰਿਹਾ ਹੈ। ਖ਼ੂਬਸੂਰਤ ਸਮੁੰਦਰ, ਨਦੀ ਅਤੇ ਤਲਾਬ ਦੇ ਦਿਲਕਸ਼ ਨਜ਼ਾਰਿਆਂ ਨੇ ਸਦੀਆਂ ਤੋਂ ਇਸ ਇਲਾਕੇ ਨੂੰ ਵੱਖਰੀ ਪਹਿਚਾਣ ਦਿੱਤੀ ਹੈ।

ਕੇਂਦਰਪਾੜਾ ਦੇ ਭੀਤਰਕਨਿਕਾ 'ਚ ਮਗਰਮੱਛਾਂ ਨੂੰ ਸੁਰੱਖਿਅਤ ਰੱਖਣ ਦਾ ਦੁਨੀਆਂ ਦਾ ਸਭ ਤੋਂ ਵੱਡਾ ਪ੍ਰਾਜੈਕਟ ਹੈ। ਜਦੋਂ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਵੇਲੇ ਇੱਥੇ 75 ਮਗਰਮੱਛ ਸਨ।

ਮਗਰਮੱਛਾਂ ਨੂੰ ਬਚਾਉਣ ਦਾ ਸਭ ਤੋਂ ਵੱਡਾ ਪ੍ਰਾਜੈਕਟ

ਸਾਲ 1952 ਤੋਂ ਪਹਿਲਾਂ ਭੀਤਰਕਨਿਕਾ ਦੇ 'ਮੈਨਗਰੋਵ' ਦੇ ਜੰਗਲਾਂ ਦਾ ਇਲਾਕਾ ਜ਼ਮੀਂਦਾਰੀ ਪ੍ਰਥਾ ਦੇ ਅਧੀਨ ਸੀ ਫੇਰ ਸਰਕਾਰ ਨੇ ਇਸ ਇਲਾਕੇ ਨੂੰ ਐਕੁਆਇਰ ਕਰ ਲਿਆ।

ਸਾਲ 1998 ਵਿੱਚ ਭੀਤਰਕਨਿਕਾ ਦੇ 672 ਵਰਗ ਕਿਲੋਮੀਟਰ ਦੇ ਇਲਾਕੇ ਨੂੰ ਪੰਛੀਆ ਜਾਂ ਜਾਨਵਰਾਂ ਦੀ ਪਨਾਹਗਾਹ ਐਲਾਨ ਦਿੱਤਾ ਗਿਆ ਅਤੇ ਖਾਰੇ ਪਾਣੀ ਦੇ ਮਗਰਮੱਛਾਂ ਨੂੰ ਸੁਰੱਖਿਅਤ ਰੱਖਣ ਦਾ ਵਿਸ਼ਵ ਦਾ ਸਭ ਤੋਂ ਵੱਡਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ।

ਪਿਛਲੇ ਕੁਝ ਸਾਲਾਂ ਵਿੱਚ ਮਗਰਮੱਛਾਂ ਦੀ ਜਨ ਸੰਖਿਆ ਵਿੱਚ ਐਨਾ ਵਾਧਾ ਹੋਇਆ ਹੈ ਕਿ ਉਨ੍ਹਾਂ ਦੀ ਅਬਾਦੀ ਹੁਣ ਆਮ ਲੋਕਾਂ ਲਈ ਖ਼ਤਰਾ ਅਤੇ ਜੰਗਲਾਤ ਵਿਭਾਗ ਲਈ ਇੱਕ ਵੱਡੀ ਸਮੱਸਿਆ ਬਣ ਗਈ ਹੈ।

ਆਪਣੇ ਸੁਰੱਖਿਅਤ ਇਲਾਕੇ ਤੋਂ ਇਹ ਮਗਰਮੱਛ ਪਿੰਡ ਦੇ ਨਦੀ, ਨਾਲੇ ਅਤੇ ਤਲਾਬਾਂ ਵਿੱਚ ਵੜ ਤਾਂ ਰਹੇ ਹੀ ਹਨ ਹੁਣ ਉਨ੍ਹਾਂ ਨੇ ਘਰਾਂ ਦਾ ਵੀ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਹੈ।

ਮਗਰਮੱਛਾਂ ਤੇ ਇਨਸਾਨਾਂ ਵਿੱਚ ਸ਼ੁਰੂ ਹੋਇਆ ਸੰਘਰਸ਼

ਇੱਥੋਂ ਹੀ ਸੰਘਰਸ਼ ਦਾ ਦੌਰ ਸ਼ੁਰੂ ਹੋਇਆ ਜਿਸਦੀ ਲਪੇਟ ਵਿੱਚ ਮਨੁੱਖ ਤਾਂ ਆ ਹੀ ਰਹੇ ਹਨ ਤੇ ਹੁਣ ਮਗਰਮੱਛ ਵੀ।

ਹੁਣ ਕੇਂਦਰਪਾੜਾ ਦੀਆਂ ਖ਼ੂਬਸੂਰਤ ਝੀਲਾਂ ਅਤੇ ਨਦੀਆਂ ਦੇ ਇਸ ਇਲਾਕੇ ਵਿੱਚ ਇੱਕ ਅਜੀਬ ਜਿਹਾ ਖੌਫ਼ ਪੈਦਾ ਹੋਣ ਲੱਗ ਗਿਆ ਹੈ।

ਇੱਥੋਂ ਦੇ ਲੋਕਾਂ ਨੂੰ ਹਮੇਸ਼ਾ ਹੀ ਸੁਚੇਤ ਰਹਿਣਾ ਪੈਂਦਾ ਹੈ। ਥੋੜ੍ਹੀ ਜਿਹੀ ਢਿੱਲ ਹੋਈ ਨਹੀਂ ਕਿ ਉਨ੍ਹਾਂ ਨੂੰ ਮਗਰਮੱਛ ਦੇ ਜਬਾੜਿਆਂ ਵਿੱਚ ਜਕੜੇ ਜਾਣ ਦਾ ਡਰ ਲੱਗਿਆ ਰਹਿੰਦਾ ਹੈ।

ਇਨ੍ਹਾਂ ਦੇ ਹਮਲੇ ਦਾ ਸ਼ਿਕਾਰ ਮਛੇਰੇ ਜ਼ਿਆਦਾ ਹੋ ਰਹੇ ਹਨ ਜੋ ਮੱਛੀ ਫੜਨ ਲਈ ਸਮੁੰਦਰ ਜਾਂ ਨਦੀਆਂ 'ਤੇ ਜਾਂਦੇ ਹਨ। ਸਥਾਨਕ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਇਨ੍ਹਾਂ ਜੀਵਾਂ ਨਾਲ ਕਿਵੇਂ ਰਹਿਣ।

ਕੇਂਦਰਪਾੜਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾ ਰਹੀ ਸ਼ਾਂਤੀ ਲਤਾ ਰਾਊਤ ਖੁਸ਼ਕਿਸਮਤ ਸੀ ਕਿ ਉਹ ਬਚ ਗਈ। ਹਾਲ ਹੀ ਵਿੱਚ ਉਹ ਆਪਣੇ ਪਿੰਡ ਦੇ ਤਲਾਬ ਵਿੱਚ ਗਈ ਸੀ।

'ਅਚਾਨਕ ਮਗਰਮੱਛ ਨੇ ਫੜ੍ਹਿਆ'

ਉਨ੍ਹਾਂ ਨੂੰ ਬਿਲਕੁਲ ਵੀ ਅਦਾਜ਼ਾ ਨਹੀਂ ਸੀ ਕਿ ਤਲਾਬ ਵਿੱਚ ਕੌਣ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਹੈ।

ਉਹ ਦੱਸਦੀ ਹੈ,'' ਮੈਂ ਪਖਾਨੇ ਤੋਂ ਵਾਪਸ ਆਈ ਤਾਂ ਹੱਥ ਪੈਰ ਧੋ ਰਹੀ ਸੀ। ਉਸ ਵੇਲੇ ਮੈਨੂੰ ਮਗਰਮੱਛ ਨੇ ਪਿੱਛੋਂ ਫੜਿਆ ਤੇ ਘਸੀਟਦਾ ਹੋਇਆ ਨਾਲ ਲੈ ਗਿਆ। ਉਸਨੇ ਮੈਨੂੰ 2 ਵਾਰ ਪਾਣੀ ਦੇ ਅੰਦਰ ਤੱਕ ਡੁਬੋ ਦਿੱਤਾ। ਕਿਸੇ ਤਰ੍ਹਾਂ ਮੇਰੇ ਹੱਥ ਇੱਕ ਦਰਖ਼ਤ ਦੀ ਟਹਿਣੀ ਤੱਕ ਪਹੁੰਚੇ। ਫੇਰ ਮੇਰੀ ਨੂੰਹ ਨੇ ਮਗਰਮੱਛ ਨੂੰ ਰਾਡ ਨਾਲ ਮਾਰਿਆ। ਫੇਰ ਜਾ ਕੇ ਉਸਨੇ ਮੈਨੂੰ ਛੱਡਿਆ। ਪਰ ਮੇਰੇ ਪੈਰ 'ਤੇ ਬਹੁਤ ਜ਼ਿਆਦਾ ਸੱਟ ਲੱਗ ਗਈ।''

ਹਮਲੇ ਦੇ ਸ਼ਿਕਾਰ ਲੋਕਾਂ ਦੀ ਸੂਚੀ ਲੰਬੀ ਹੈ ਤੇ ਵੱਖੋ-ਵੱਖ ਤਜ਼ਰਬੇ।

ਇਨ੍ਹਾਂ ਵਿੱਚੋਂ ਇੱਕ ਹੈ ਕੇਂਦਰਪਾੜਾ ਦੇ ਰਾਜਨਗਰ ਦੀ ਰਹਿਣ ਵਾਲੀ ਬੌਲਾ ਪ੍ਰਧਾਨ ਜੋ ਆਪਣੇ ਘਰ ਦੇ ਤਲਾਬ ਵਿੱਚ ਨਹਾਉਣ ਲੱਗੀ ਸੀ।

'ਕਿਸੇ ਤਰ੍ਹਾਂ ਉਸਦੇ ਜਬਾੜੇ ਤੋਂ ਮੂੰਹ ਛੁਡਾਇਆ'

ਉਸੀ ਸਮੇਂ ਇੱਕ ਵੱਡੇ ਮਗਰਮੱਛ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।

ਘਟਨਾ ਦੇ ਬਾਰੇ ਦੱਸਦੀ ਹੋਈ ਬੌਲਾ ਕਹਿੰਦੀ,'' ਮੈਂ ਭਾਂਡੇ ਧੋ ਰਹੀ ਸੀ। ਤਲਾਬ ਵਿੱਚ ਮਗਰਮੱਛ ਕਿਵੇਂ ਆ ਗਿਆ ਪਤਾ ਹੀ ਨਹੀਂ ਲੱਗਿਆ। ਉਸਨੇ ਝਪੱਟਾ ਮਾਰ ਕੇ ਮੇਰੇ ਹੱਥ ਨੂੰ ਦਬੋਚ ਲਿਆ। ਮੈਂ ਚੀਕਾਂ ਮਾਰੀਆਂ ਤਾਂ ਪਿੰਡ ਦੇ ਲੋਕ ਮੈਨੂੰ ਬਚਾਉਣ ਲਈ ਦੌੜੇ। ਕਿਸੇ ਤਰ੍ਹਾਂ ਉਸਦੇ ਜਬਾੜੇ ਤੋਂ ਲੋਕਾਂ ਨੇ ਮੈਨੂੰ ਬਚਾਇਆ।''

ਸਿਰਫ਼ ਬੌਲਾ ਹੀ ਨਹੀਂ ਕੇਂਦਰਪਾੜਾ ਸਥਿਤ ਭੀਤਰਕਨਿਕਾ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਰਹਿਣ ਵਾਲਿਆਂ ਨੂੰ ਪਤਾ ਨਹੀਂ ਕਿ ਕਿਸ ਵੇਲੇ ਉਨ੍ਹਾਂ ਦਾ ਸਾਹਮਣਾ ਕਿਸੇ ਮਗਰਮੱਛ ਨਾਲ ਹੋ ਜਾਏ। ਚਾਹੇ ਦਿਨ ਹੋਵੇ ਜਾਂ ਰਾਤ।

'ਗਾਇਬ ਸੀ ਮੇਰਾ ਅੰਗੂਠਾ'

ਹੁਣ ਮਿਸਾਲ ਦੇ ਤੌਰ 'ਤੇ ਕਬਿੰਦਰ ਦਰਿਆਈ ਨੂੰ ਹੀ ਲੈ ਲਓ।

ਉਹ ਕਹਿੰਦੇ ਹਨ,'' ਮੈਂ ਮੱਛੀ ਫੜ੍ਹਨ ਗਿਆ ਸੀ। ਸਾਡਾ ਮਤਲਬ ਨਦੀ ਦੇ ਨੇੜੇ ਹੈ। ਰਾਤ ਨੂੰ ਇੱਕ ਮਗਰਮੱਛ ਤਲਾਬ ਦੇ ਨੇੜੇ ਆ ਗਿਆ ਸੀ। ਉਸਨੇ ਮੇਰੇ 'ਤੇ ਹਮਲਾ ਕੀਤਾ। ਉੱਥੇ ਹੋਰ ਕੋਈ ਨਹੀਂ ਸੀ। ਮੈਂ ਕਿਸੇ ਤਰ੍ਹਾਂ ਉਸਦੇ ਚਗੁੰਲ 'ਚੋਂ ਖ਼ੁਦ ਨੂੰ ਛੁਡਾਇਆ ਅਤੇ ਉੱਥੋਂ ਭੱਜ ਗਿਆ। ਰਸਤੇ ਵਿੱਚ ਮੇਰੀ ਅਪਣੇ ਹੱਥ 'ਤੇ ਨਜ਼ਰ ਗਈ ਤਾਂ ਮੈਂ ਦੇਖਿਆ ਮੇਰਾ ਅੰਗੂਠਾ ਗਾਇਬ ਸੀ।''

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਗਰਮੱਛਾਂ ਦੇ ਹਮਲੇ ਵਧ ਰਹੇ ਹਨ ਅਤੇ ਪ੍ਰਸ਼ਾਸਨ ਮੁਆਵਜ਼ਾ ਦੇਣ ਵਿੱਚ ਵੀ ਢਿੱਲ ਵਰਤ ਰਿਹਾ ਹੈ।

ਵੈਸੇ ਮਗਰਮੱਛ ਦੇ ਹਮਲੇ ਵਿੱਚ ਜ਼ਖ਼ਮੀ ਹੋਏ ਸਰਕਾਰੀ ਲੋਕਾਂ ਨੂੰ 2 ਲੱਖ ਤੇ ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਪ੍ਰਬੰਧ ਹੈ।

ਸਮੱਸਿਆ ਵੱਡੀ, ਹਾਲਾਤ ਬੇਕਾਬੂ

ਜੰਗਲਾਤ ਮਾਹਰ ਮੰਨਦੇ ਹਨ ਕਿ ਸਮੱਸਿਆ ਹੁਣ ਵੱਡੀ ਬਣਦੀ ਜਾ ਰਹੀ ਹੈ ਕਿਉਂਕਿ ਸਰਕਾਰੀ ਅਮਲਾ ਮਗਰਮੱਛਾਂ ਦੀ ਅਬਾਦੀ ਨੂੰ ਕਾਬੂ ਕਰਨ ਵਿੱਚ ਨਾਕਾਮਯਾਬ ਹੋ ਗਿਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਅਬਾਦੀ ਕੰਟਰੋਲ ਵਿੱਚ ਨਾ ਹੋਣ ਕਾਰਨ ਮਗਰਮੱਛ ਪਿੰਡ ਵਿੱਚ ਵੜ ਰਹੇ ਹਨ।

ਇੱਥੋਂ ਦੇ ਸਾਰੇ ਨਦੀ ਨਾਲੇ ਅਸੁਰੱਖਿਅਤ ਹੁੰਦੇ ਜਾ ਰਹੇ ਹਨ।

ਸਥਾਨਕ ਪੱਤਰਕਾਰ ਅਸ਼ੀਸ਼ ਸੇਨਾਪਤੀ ਨੂੰ ਲੱਗਦਾ ਹੈ ਕਿ ਭੀਤਰਕਨਿਕਾ ਦੇ ਲਗਭਗ 4 ਬਲਾਕਾਂ ਵਿੱਚ ਹਾਲਾਤ ਪ੍ਰਸ਼ਾਸਨ ਤੇ ਜੰਗਲਾਤ ਵਿਭਾਗ ਦੇ ਅਮਲੇ ਹੱਥੋਂ ਨਿਕਲਦੇ ਜਾ ਰਹੇ ਹਨ।

'ਲੋਕਾਂ ਦੀ ਜ਼ਿੰਦਗੀ ਦਾਅ 'ਤੇ'

ਸੇਨਾਪਤੀ ਕਹਿੰਦੇ ਹਨ,''ਮਗਰਮੱਛਾਂ ਦੀ ਗਿਣਤੀ ਵਿੱਚ ਹੋ ਰਿਹਾ ਲਗਾਤਾਰ ਵਾਧਾ ਮਛੇਰਿਆਂ ਤੇ ਲੋਕਾਂ ਦੀ ਜ਼ਿੰਦਗੀ ਲਈ ਖ਼ਤਰਾ ਬਣਦਾ ਜਾ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਤਲਾਬ, ਨਦੀਆਂ, ਘਾਟਾਂ ਅਤੇ ਪਾਣੀ ਵਾਲੀਆਂ ਥਾਵਾਂ 'ਤੇ ਮਜ਼ਬੂਤ ਜਾਲੀਆਂ ਲਗਾਈਆਂ ਜਾਣ ਤਾਂਕਿ ਲੋਕ ਮਗਰਮੱਛਾਂ ਤੋਂ ਬਚ ਸਕਣ। ਜਿੱਥੇ ਤੱਕ ਹਮਲੇ ਦੇ ਸ਼ਿਕਾਰ ਲੋਕਾਂ ਦੀ ਗੱਲ ਹੈ ਤਾਂ ਸਭ ਨੂੰ ਮੁਆਵਜ਼ਾ ਨਹੀਂ ਮਿਲਿਆ।''

ਓਡਿਸ਼ਾ ਦੇ ਸਰਕਾਰੀ ਮਹਿਕਮੇ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਮਗਰਮੱਛਾਂ ਦੇ ਹਮਲਿਆਂ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ ਹੈ।

ਹੁਣ ਜੰਗਲਾਤ ਵਿਭਾਗ ਤੇ ਭੀਤਰਕਨਿਕਾ ਦਾ ਅਮਲਾ ਤਲਾਬਾਂ ਅਤੇ ਨਦੀਆਂ 'ਤੇ ਮੌਜੂਦ ਘਾਟਾਂ ਉੱਤੇ ਜਾਲੀਆਂ ਲਗਾਉਣ ਦਾ ਕੰਮ ਕਰ ਰਿਹਾ ਹੈ ਤਾਂਕਿ ਲੋਕਾਂ ਨੂੰ ਮਗਰਮੱਛਾਂ ਦੇ ਹਮਲੇ ਤੋਂ ਬਚਾਇਆ ਜਾ ਸਕੇ।

ਭੀਤਰਕਨਿਕਾ ਵਿੱਚ ਤੈਨਾਤ ਸੀਨੀਅਰ ਅਧਿਕਾਰੀ ਕਪਿਲੇਂਦਰ ਪ੍ਰਧਾਨ ਮੰਨਦੇ ਹਨ ਕਿ ਸਮੱਸਿਆ ਵੱਡੀ ਹੁੰਦੀ ਜਾ ਰਹੀ ਹੈ ਪਰ ਸਰਕਾਰ ਇਸਦਾ ਹੱਲ ਕੱਢਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।

'....ਤਾਂ ਜੋ ਮਗਰਮੱਛ ਨਾ ਵੜ ਜਾਵੇ'

ਬੀਬੀਸੀ ਨਾਲ ਗੱਲ ਕਰਦਿਆਂ ਪ੍ਰਧਾਨ ਨੇ ਦੱਸਿਆ,''ਮਗਰਮੱਛ ਨਦੀਆਂ ਵਿੱਚ ਰਹਿੰਦੇ ਹਨ। ਉਹ ਪਾਣੀ ਵਾਲੀਆਂ ਥਾਵਾਂ 'ਤੇ ਵੀ ਆ ਜਾਂਦੇ ਹਨ। ਜਦੋਂ ਲੋਕ ਮੱਛੀ ਫੜਨ ਜਾਂ ਨਹਾਉਣ ਜਾਂਦੇ ਹਨ ਤਾਂ ਮਗਰਮੱਛ ਉਨ੍ਹਾਂ 'ਤੇ ਹਮਲਾ ਕਰ ਦਿੰਦੇ ਹਨ। ਅਸੀਂ ਨਦੀਆਂ ਅਤੇ ਬਾਕੀ ਪਾਣੀ ਵਾਲੀਆਂ ਥਾਵਾਂ 'ਤੇ ਜਾਲੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂਕਿ ਮਗਰਮੱਛ ਤੈਰ ਕੇ ਪਿੰਡ ਦੇ ਤਲਾਬਾਂ ਵਿੱਚ ਨਾ ਵੜ ਜਾਣ।''

ਘਾਟਾਂ ਤੇ ਤਲਾਬਾਂ ਉੱਤੇ ਜਾਲੀਆਂ ਤਾਂ ਲਗਾਈਆਂ ਦਾ ਰਹੀਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਜਾਲੀਆਂ ਨੂੰ ਲਗਾ ਤਾਂ ਦਿੱਤਾ ਗਿਆ ਹੈ ਪਰ ਇਨ੍ਹਾਂ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ।

ਇਹ ਜਲਦ ਹੀ ਟੁੱਟੀ ਵੀ ਜਾ ਰਹੀਆਂ ਹਨ ਅਤੇ ਤਲਾਬ ਤੇ ਨਦੀਆਂ ਅਸੁਰੱਖਿਅਤ ਹੁੰਦੀਆਂ ਜਾ ਰਹੀਆਂ ਹਨ।

ਇਸ ਸੰਘਰਸ਼ ਵਿੱਚ ਕੇਂਦਰਾਪਾੜਾ ਦੇ ਲੋਕਾਂ ਨੂੰ ਐਨਾ ਤਾਂ ਸਮਝ ਆ ਗਿਆ ਹੈ ਕਿ ਤਲਾਬ ਵਿੱਚ ਰਹਿ ਕੇ ਉਹ ਮਗਰਮੱਛ ਨਾਲ ਵੈਰ ਨਹੀਂ ਪਾਲ ਸਕਦੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)