ਇੱਕ ਕੰਪਨੀ ਨੇ 13 ਕਰੋੜ ਰੁਪਏ ਤੋਂ ਵੱਧ ਕੀਮਤ ਦੀ ਘੜੀ ਤਿਆਰ ਕੀਤੀ, ਇਸ ਵਿੱਚ ਕੀ ਖ਼ਾਸ ਹੈ

    • ਲੇਖਕ, ਅਭਿਸ਼ੇਕ ਡੇਅ
    • ਰੋਲ, ਗੁਵਾਹਾਟੀ

ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਪਰਿਵਾਰ ਵੱਲੋਂ ਚਲਾਏ ਜਾ ਰਹੇ ਇੱਕ ਨਿੱਜੀ ਚਿੜਿਆਘਰ ਦੀ ਥੀਮ 'ਤੇ ਆਧਾਰਿਤ ਇੱਕ ਨਵੀਂ ਲਗਜ਼ਰੀ ਘੜੀ ਭਾਰਤ ਵਿੱਚ ਪੇਸ਼ ਕੀਤੀ ਗਈ ਹੈ।

ਇਸ ਘੜੀ ਦੇ ਕੇਂਦਰ ਵਿੱਚ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਪੁੱਤਰ ਅਨੰਤ ਅੰਬਾਨੀ ਦੀ ਮੂਰਤੀ ਵੀ ਲਗਾਈ ਗਈ ਹੈ, ਜਿਸ ਨੂੰ ਹੱਥ ਨਾਲ ਪੇਂਟ ਕੀਤਾ ਗਿਆ ਹੈ।

ਲਗਜ਼ਰੀ ਘੜੀ ਨਿਰਮਾਤਾ ਜੈਕਬਸ ਐਂਡ ਕੰਪਨੀ (Jacob & Co) ਵੱਲੋਂ ਡਿਜ਼ਾਇਨ ਕੀਤੀ ਗਈ ਇਹ ਘੜੀ ਹੀਰਿਆਂ ਨਾਲ ਜੜੀ ਹੈ।

ਇਸ ਵਿੱਚ ਕੁਰਸੀ 'ਤੇ ਬੈਠੇ ਅਨੰਤ ਦੀ ਮੂਰਤੀ ਦੇ ਆਲੇ-ਦੁਆਲੇ ਸ਼ੇਰ ਅਤੇ ਬੰਗਾਲ ਟਾਈਗਰ ਦੀਆਂ ਆਕ੍ਰਿਤੀਆਂ ਬਣਾਈਆਂ ਗਈਆਂ ਹਨ।

ਕਰੋੜਾਂ ਵਿੱਚ ਘੜੀ ਦੀ ਕੀਮਤ

ਹਾਲਾਂਕਿ ਘੜੀ ਨਿਰਮਾਤਾ ਨੇ ਇਸ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ, ਪਰ ਉਦਯੋਗਕ ਗੱਠਜੋੜ ਵਾਚੋਪਿਆ (Watchopea) ਦੇ ਅਨੁਸਾਰ ਇਸ ਦੀ ਕੀਮਤ ਲਗਭਗ 1.5 ਮਿਲੀਅਨ ਡਾਲਰ ਜਾਂ 13.7 ਕਰੋੜ ਰੁਪਏ (137 ਮਿਲੀਅਨ ਰੁਪਏ) ਦੇ ਨੇੜੇ ਤੇੜੇ ਹੋਣ ਦਾ ਅਨੁਮਾਨ ਹੈ।

ਕੇਂਦਰ - ਜੋ ਕਿ ਇੱਕ ਨਿੱਜੀ ਜੰਗਲੀ ਜੀਵ ਬਚਾਅ ਅਤੇ ਪੁਨਰਵਾਸ ਕੇਂਦਰ ਵਜੋਂ ਬ੍ਰਾਂਡ ਕੀਤਾ ਗਿਆ - ਸ਼ੇਰ, ਹਾਥੀ ਅਤੇ ਬਾਘਾਂ ਸਮੇਤ 2,000 ਤੋਂ ਵੱਧ ਪ੍ਰਜਾਤੀਆਂ ਦਾ ਘਰ ਹੈ। ਇਹ 3,500 ਏਕੜ ਵਿੱਚ ਫੈਲਿਆ ਹੋਇਆ ਹੈ।

ਇਸ ਚਿੜਿਆਘਰ ਦੀ ਮਲਕੀਅਤ ਅਨੰਤ ਅੰਬਾਨੀ ਕੋਲ ਹੈ ਅਤੇ ਇਹ ਜਨਤਾ ਲਈ ਖੁੱਲ੍ਹਾ ਨਹੀਂ ਹੈ। ਪਿਛਲੇ ਸਾਲ ਜਾਨਵਰਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਹਾਸਲ ਕਰਨ ਅਤੇ ਉਨ੍ਹਾਂ ਨਾਲ ਬਦਸਲੂਕੀ ਦੇ ਇਲਜ਼ਾਮਾਂ ਤੋਂ ਬਾਅਦ ਇਹ ਚਿੜਿਆਘਰ ਸੁਰਖੀਆਂ ਵਿੱਚ ਆਇਆ ਸੀ, ਪਰ ਬਾਅਦ ਵਿੱਚ ਸੁਪਰੀਮ ਕੋਰਟ ਵੱਲੋਂ ਨਿਯੁਕਤ ਟੀਮ ਨੇ ਕਿਸੇ ਵੀ ਤਰ੍ਹਾਂ ਦੀ ਗਲਤ ਕਾਰਵਾਈ ਦੇ ਸਬੂਤ ਨਾ ਮਿਲਣ ਦੀ ਗੱਲ ਕਹੀ ਸੀ।

ਇਹ ਚਿੜਿਆਘਰ ਭਾਰਤ ਦੇ ਪੱਛਮੀ ਸੂਬੇ ਗੁਜਰਾਤ ਦੇ ਜਾਮਨਗਰ ਵਿੱਚ ਸਥਿਤ ਹੈ, ਜੋ ਮੁਕੇਸ਼ ਅੰਬਾਨੀ ਦੀ ਤੇਲ ਰਿਫ਼ਾਈਨਰੀ - ਜੋ ਦੁਨੀਆ ਦੀ ਸਭ ਤੋਂ ਵੱਡੀ ਹੈ - ਤੋਂ ਬਹੁਤਾ ਦੂਰ ਨਹੀਂ ਹੈ।

ਵੰਤਾਰਾ ਦਾ ਉਦਘਾਟਨ ਪਿਛਲੇ ਸਾਲ ਮਾਰਚ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਸੀ।

ਅਨੰਤ ਅੰਬਾਨੀ ਦੇ ਪ੍ਰੀ-ਵੈਡਿੰਗ ਪ੍ਰੋਗਰਾਮਾਂ ਲਈ ਚਰਚਾ 'ਚ ਰਿਹਾ ਵੰਤਾਰਾ

2024 ਵਿੱਚ ਅਨੰਤ ਅੰਬਾਨੀ ਸ਼ਾਨਦਾਰ ਪ੍ਰੀ-ਵੈਡਿੰਗ ਪ੍ਰੋਗਰਾਮਾਂ ਵਾਲੇ ਸਥਾਨਾਂ ਵਿੱਚੋਂ ਇੱਕ ਵੰਤਾਰਾ ਵੀ ਸੀ। ਉਨ੍ਹਾਂ ਦੇ ਇਹ ਪ੍ਰੀ-ਵੈਡਿੰਗ ਪ੍ਰੋਗਰਾਮ ਦੁਨੀਆ ਭਰ ਵਿੱਚ ਸੁਰਖੀਆਂ ਬਣੇ ਸਨ।

ਵਿਆਹ ਅਤੇ ਹੋਰ ਸਮਾਰੋਹਾਂ ਵਿੱਚ ਭਾਰਤ ਦੇ ਸਾਰੇ ਪ੍ਰਮੁੱਖ ਬਾਲੀਵੁੱਡ ਸਿਤਾਰੇ ਅਤੇ ਕਿਮ ਕਾਰਦਾਸ਼ੀਆਂ ਅਤੇ ਰਿਆਨਾ ਵਰਗੀਆਂ ਵਿਸ਼ਵ ਪੱਧਰੀ ਹਸਤੀਆਂ ਵੀ ਸ਼ਾਮਲ ਹੋਈਆਂ ਸਨ।

ਇਸ ਤੋਂ ਇਲਾਵਾ ਬਿਲ ਗੇਟਸ ਅਤੇ ਮਾਰਕ ਜ਼ਕਰਬਰਗ ਵਰਗੇ ਕਾਰੋਬਾਰੀ, ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਅਤੇ ਬੋਰਿਸ ਜੌਨਸਨ, ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਧੀ ਇਵਾਂਕਾ ਟਰੰਪ ਅਤੇ ਉਨ੍ਹਾਂ ਦੇ ਪਤੀ ਜੈਰਡ ਕੁਸ਼ਨਰ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ।

ਘੜੀ ਨਿਰਮਾਤਾ ਨੇ ਕੀ ਕਿਹਾ

ਜੈਕਬਸ ਐਂਡ ਕੰਪਨੀ ਨੇ ਘੜੀ ਦੇ ਉਦਘਾਟਨ ਮੌਕੇ ਸੋਸ਼ਲ ਮੀਡੀਆ 'ਤੇ ਕੀਤੀ ਗਈ ਆਪਣੀ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਦੀ ਨਵੀਂ ਲਗਜ਼ਰੀ ਘੜੀ "ਵੰਤਾਰਾ ਪ੍ਰਤੀ ਸਨਮਾਨ" ਹੈ ਅਤੇ ਇਸ ਦੇ ਡਾਇਲ ਦੇ ਕੇਂਦਰ ਵਿੱਚ ਅਨੰਤ ਦੀ ਮੂਰਤੀ "ਸੰਭਾਲ ਅਤੇ ਜ਼ਿੰਮੇਵਾਰੀ" ਦੀ ਪ੍ਰਤੀਕ ਹੈ।

ਉਨ੍ਹਾਂ ਕਿਹਾ ਕਿ ਇਸ ਘੜੀ ਵਿੱਚ 397 ਕੀਮਤੀ ਰਤਨ ਜੜੇ ਹੋਏ ਹਨ, ਜਿਨ੍ਹਾਂ ਵਿੱਚ ਹੀਰੇ, ਹਰੇ ਸੈਫ਼ਾਇਰ, ਗਾਰਨੇਟ ਅਤੇ ਹੋਰ ਰਤਨ ਸ਼ਾਮਲ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)