You’re viewing a text-only version of this website that uses less data. View the main version of the website including all images and videos.
ਰਹੱਸਮਈ ਖੁੰਭ ਜਿਸ ਨੂੰ ਖਾ ਕੇ ਨਿੱਕੇ-ਨਿੱਕੇ ਲੋਕ ਨਜ਼ਰ ਆਉਣ ਲੱਗ ਪੈਂਦੇ ਹਨ
- ਲੇਖਕ, ਰੇਚਲ ਨਿਊਅਰ
- ਰੋਲ, ਬੀਬੀਸੀ ਫਿਊਚਰ
ਚੀਨ ਦੇ ਯੁਨਾਨ ਸੂਬੇ ਦੇ ਇੱਕ ਹਸਪਤਾਲ ਵਿੱਚ ਹਰ ਸਾਲ ਡਾਕਟਰ ਇੱਕ ਅਜੀਬ ਤਰ੍ਹਾਂ ਦੀ ਸ਼ਿਕਾਇਤ ਨਾਲ ਆਉਣ ਵਾਲੇ ਲੋਕਾਂ ਲਈ ਤਿਆਰ ਰਹਿੰਦੇ ਹਨ। ਇਹ ਮਰੀਜ਼ ਹੈਰਾਨੀਜਨਕ ਤੌਰ 'ਤੇ ਇੱਕ ਅਜੀਬ ਲੱਛਣ ਨਾਲ ਆਉਂਦੇ ਹਨ: ਉਨ੍ਹਾਂ ਨੂੰ ਨਿੱਕੇ-ਨਿੱਕੇ ਕੱਦ ਦੇ, ਐਲਫ਼ ਵਰਗੇ ਜੀਵ ਦਿਖਾਈ ਦਿੰਦੇ ਹਨ ਜੋ ਦਰਵਾਜ਼ਿਆਂ ਦੇ ਹੇਠਾਂ ਤੋਂ ਲੰਘਦੇ ਹਨ, ਕੰਧਾਂ 'ਤੇ ਚੜ੍ਹਦੇ ਹਨ ਅਤੇ ਫਰਨੀਚਰ ਨਾਲ ਵੀ ਚਿੰਬੜੇ ਹੋਏ ਹੁੰਦੇ ਹਨ।
ਇਸ ਹਸਪਤਾਲ 'ਚ ਹਰ ਸਾਲ ਇਸ ਤਰ੍ਹਾਂ ਦੇ ਸੈਂਕੜੇ ਮਾਮਲਿਆਂ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਸਾਰੇ ਮਾਮਲਿਆਂ ਦੇ ਪਿੱਛੇ ਇੱਕੋ-ਇੱਕ ਕਾਰਨ ਹੁੰਦਾ ਹੈ: ਲਾਨਮਾਓਆ ਏਸ਼ੀਆਟਿਕਾ (Lanmaoa asiatica), ਇੱਕ ਕਿਸਮ ਦੀ ਖੁੰਭ ਜੋ ਨੇੜਲੇ ਜੰਗਲਾਂ ਵਿੱਚ ਪਾਈਨ ਦੇ ਦਰੱਖ਼ਤਾਂ ਨਾਲ ਸਹਜੀਵੀ ਸੰਬੰਧ ਬਣਾਉਂਦੀ ਹੈ ਅਤੇ ਸਥਾਨਕ ਤੌਰ 'ਤੇ ਖਾਣੇ ਵਜੋਂ ਬਹੁਤ ਪ੍ਰਸਿੱਧ ਹੈ ਅਤੇ ਆਪਣੇ ਸਵਾਦ ਲਈ ਜਾਣੀ ਜਾਂਦੀ ਹੈ।
ਯੂਨਾਨ ਵਿੱਚ, ਲਾਨਮਾਓਆ ਏਸ਼ੀਆਟਿਕਾ ਮੰਡੀਆਂ ਵਿੱਚ ਵਿਕਦੀ ਹੈ, ਰੈਸਟੋਰੈਂਟਾਂ ਦੇ ਮੇਨੂ 'ਚ ਮਿਲਦੀ ਹੈ ਅਤੇ ਜੂਨ ਤੋਂ ਅਗਸਤ ਤੱਕ ਜਦੋਂ ਖੁੰਭਾਂ ਦਾ ਮੌਸਮ ਹੁੰਦਾ ਹੈ, ਉਸ ਦੌਰਾਨ ਘਰਾਂ ਵਿੱਚ ਖੂਬ ਪਰੋਸੀ ਜਾਂਦੀ ਹੈ।
ਪਰ ਇਸਨੂੰ ਚੰਗੀ ਤਰ੍ਹਾਂ ਪਕਾਉਣਾ ਲਾਜ਼ਮੀ ਹੈ, ਨਹੀਂ ਤਾਂ ਭਰਮ (ਹੈਲੂਸੀਨੇਸ਼ਨ) ਹੋਣ ਲੱਗ ਪੈਂਦਾ ਹੈ।
ਕੋਲਿਨ ਡੌਮਨਾਊਰ, ਯੂਨੀਵਰਸਿਟੀ ਆਫ਼ ਯੂਟਾਹ ਅਤੇ ਨੈਚਰਲ ਹਿਸਟਰੀ ਮਿਊਜ਼ੀਅਮ ਆਫ਼ ਯੂਟਾਹ ਵਿੱਚ ਜੀਵ ਵਿਗਿਆਨ ਦੇ ਡਾਕਟੋਰਲ ਵਿਦਿਆਰਥੀ, ਜੋ ਲਾਨਮਾਓਆ ਏਸ਼ੀਆਟਿਕਾ 'ਤੇ ਅਧਿਐਨ ਕਰ ਰਹੇ ਹਨ। ਉਹ ਕਹਿੰਦੇ ਹਨ, "ਉੱਥੋਂ ਦੀ ਸੰਸਕ੍ਰਿਤੀ ਵਿੱਚ ਇਹ ਬਹੁਤ ਆਮ ਜਾਣਕਾਰੀ ਵਰਗੀ ਲੱਗਦੀ ਹੈ।"
ਪਰ ਯੂਨਾਨ ਅਤੇ ਕੁਝ ਹੋਰ ਥਾਵਾਂ ਤੋਂ ਬਾਹਰ ਇਹ ਅਜੀਬ ਖੁੰਭ ਕਾਫ਼ੀ ਹੱਦ ਤੱਕ ਇੱਕ ਪਹੇਲੀ ਹੀ ਹੈ।
ਮਾਇਕੋਲੋਜਿਸਟ ਅਤੇ ਫੰਗੀ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਕਾਰਜਕਾਰੀ ਨਿਰਦੇਸ਼ਕ ਜੂਲੀਆਨਾ ਫੁਰਸੀ ਕਹਿੰਦੇ ਹਨ "ਇਸ ਮਨੋ-ਪ੍ਰਭਾਵਸ਼ਾਲੀ [ਸਾਈਕੈਡੈਲਿਕ] ਖੁੰਭ ਦੀ ਮੌਜੂਦਗੀ ਬਾਰੇ ਕਈ ਵਰਣਨ ਸਨ ਅਤੇ ਕਈ ਲੋਕ ਇਸਨੂੰ ਲੱਭਣ ਗਏ, ਪਰ ਉਨ੍ਹਾਂ ਨੂੰ ਇਹ ਕਿਸਮ ਕਦੇ ਨਹੀਂ ਮਿਲੀ।''
ਜੂਲੀਆਨਾ ਦੀ ਸੰਸਥਾ ਇੱਕ ਗੈਰ-ਮੁਨਾਫ਼ਾ ਸਮੂਹ ਹੈ ਜੋ ਫੰਗੀ ਦੀ ਖੋਜ, ਦਸਤਾਵੇਜ਼ੀਕਰਨ ਅਤੇ ਸੰਭਾਲ ਲਈ ਸਮਰਪਿਤ ਹੈ।
ਕੌਲਿਨ ਡੌਮਨਾਊਰ, ਖੁੰਭਾਂ ਸਬੰਧੀ ਦਹਾਕਿਆਂ ਪੁਰਾਣੀਆਂ ਰਹੱਸਮਈ ਗੱਲਾਂ ਨੂੰ ਸੁਲਝਾਉਣ ਅਤੇ ਉਸ ਅਣਜਾਣ ਯੋਗਿਕ ਦੀ ਪਛਾਣ ਕਰਨ ਦੀ ਮੁਹਿੰਮ 'ਤੇ ਹਨ ਜੋ ਇਸ ਦੇ ਅਸਾਧਾਰਣ ਤੌਰ 'ਤੇ ਮਿਲਦੇ-ਜੁਲਦੇ ਭਰਮਾਂ ਲਈ ਜ਼ਿੰਮੇਵਾਰ ਹੈ, ਨਾਲ ਹੀ ਇਹ ਸਮਝਣ ਦੀ ਵੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਮਨੁੱਖੀ ਦਿਮਾਗ ਬਾਰੇ ਸਾਨੂੰ ਕੀ ਸਿਖਾ ਸਕਦਾ ਹੈ।
ਡੌਮਨਾਊਰ ਨੇ ਲਾਨਮਾਓਆ ਏਸ਼ੀਆਟਿਕਾ ਖੁੰਭਾਂ ਬਾਰੇ ਪਹਿਲੀ ਵਾਰ ਆਪਣੇ ਅੰਡਰਗ੍ਰੈਜੂਏਟ ਸਮੇਂ ਵਿੱਚ ਆਪਣੇ ਮਾਇਕੋਲੋਜੀ ਦੇ ਪ੍ਰੋਫੈਸਰ ਤੋਂ ਸੁਣਿਆ ਸੀ।
ਡੌਮਨਾਊਰ ਕਹਿੰਦੇ ਹਨ, "ਇਹ ਇੰਨਾ ਅਜੀਬ ਲੱਗਿਆ ਕਿ ਕਿਤੇ ਕੋਈ ਅਜਿਹੀ ਖੁੰਭ ਵੀ ਹੋ ਸਕਦੀ ਹੈ ਜੋ ਪਰੀਆਂ ਦੀਆਂ ਕਹਾਣੀਆਂ ਵਾਂਗ ਦ੍ਰਿਸ਼ ਦਿਖਾਉਂਦੀ ਹੋਵੇ, ਜਿਨ੍ਹਾਂ ਦੀ ਰਿਪੋਰਟ ਵੱਖ-ਵੱਖ ਸਭਿਆਚਾਰਾਂ ਅਤੇ ਸਮਿਆਂ ਵਿੱਚ ਮਿਲਦੀ ਹੈ। ਮੈਂ ਹੈਰਾਨ ਸੀ ਅਤੇ ਹੋਰ ਜਾਣਨ ਦੀ ਜਿਗਿਆਸਾ ਨਾਲ ਭਰ ਗਿਆ ਸੀ।"
ਅਕਾਦਮਿਕ ਸਾਹਿਤ ਵਿੱਚ ਕੁਝ ਸੰਕੇਤ ਮਿਲਦੇ ਹਨ। 1991 ਦੇ ਇੱਕ ਪੇਪਰ ਵਿੱਚ, ਚੀਨ ਅਕੈਡਮੀ ਆਫ਼ ਸਾਇੰਸਜ਼ ਦੇ ਦੋ ਖੋਜਕਰਤਾਵਾਂ ਨੇ ਯੁਨਾਨ ਸੂਬੇ ਦੇ ਉਨ੍ਹਾਂ ਮਾਮਲਿਆਂ ਦਾ ਵਰਣਨ ਕੀਤਾ ਜਿੱਥੇ ਲੋਕਾਂ ਨੇ ਇੱਕ ਖਾਸ ਖੁੰਭ ਖਾਧੀ ਸੀ ਅਤੇ ਉਨ੍ਹਾਂ ਨੂੰ "ਲਿਲਿਪੂਟਿਅਨ ਭਰਮ" ਹੋਏ - ਇਹ ਸ਼ਬਦ ਨਿੱਕੇ ਮਨੁੱਖੀ, ਜਾਨਵਰੀ ਜਾਂ ਕਲਪਨਾਤਮਕ ਜੀਵਾਂ ਦੀ ਧਾਰਣਾ ਲਈ ਵਰਤਿਆ ਜਾਣ ਵਾਲਾ ਮਨੋਵਿਗਿਆਨਕ ਸ਼ਬਦ ਹੈ। ਇਹ ਨਾਮ ਜੋਨਾਥਨ ਸਵਿਫਟ ਦੇ ਨਾਵਲ ਗੁੱਲੀਵਰਜ਼ ਟ੍ਰੈਵਲਜ਼ ਦੇ ਕਲਪਨਾਤਮਕ ਟਾਪੂ ਲਿਲਿਪੁਟ ਦੇ ਨਿੱਕੇ ਲੋਕਾਂ ਤੋਂ ਆਇਆ ਹੈ।
ਖੋਜਕਰਤਾਵਾਂ ਨੇ ਲਿਖਿਆ, ਮਰੀਜ਼ਾਂ ਨੇ ਇਹ ਜੀਵ "ਹਰ ਥਾਂ ਘੁੰਮਦੇ-ਫਿਰਦੇ" ਵੇਖੇ — ਆਮ ਤੌਰ 'ਤੇ ਮੌਕੇ 'ਤੇ ਦਸ ਤੋਂ ਵੱਧ ਨਿੱਕੇ ਜੀਵ ਹੁੰਦੇ ਸਨ। "ਉਨ੍ਹਾਂ ਨੇ ਕੱਪੜੇ ਪਹਿਨਦੇ ਸਮੇਂ ਉਨ੍ਹਾਂ ਜੀਵਾਂ ਨੂੰ ਆਪਣੇ ਕੱਪੜਿਆਂ 'ਤੇ ਅਤੇ ਖਾਣਾ ਖਾਂਦੇ ਸਮੇਂ ਬਰਤਨਾਂ 'ਤੇ ਵੇਖਿਆ।''
ਉਹ "ਅੱਖਾਂ ਬੰਦ ਕਰਨ 'ਤੇ ਹੋਰ ਵੀ ਜ਼ਿਆਦਾ ਜੀਵੰਤ" ਹੋ ਜਾਂਦੇ ਸਨ।
ਇਸ ਤੋਂ ਪਹਿਲਾਂ 1960 ਦੇ ਦਹਾਕੇ ਵਿੱਚ ਗੋਰਡਨ ਵਾਸਨ ਅਤੇ ਰੋਜਰ ਹੈਮ, ਅਮਰੀਕੀ ਲੇਖਕ ਅਤੇ ਫ਼ਰਾਂਸੀਸੀ ਬੋਟੈਨਿਸਟ ਜਿਨ੍ਹਾਂ ਨੇ ਪੱਛਮੀ ਲੋਕਾਂ ਨੂੰ ਪਸਿਲੋਸਾਈਬਿਨ ਖੁੰਭਾਂ ਦੀ ਮੌਜੂਦਗੀ ਨਾਲ ਜਾਣੂ ਕਰਵਾਇਆ ਸੀ, ਉਹ ਪਾਪੂਆ ਨਿਊ ਗਿਨੀ ਵਿੱਚ ਕੁਝ ਇਸੇ ਤਰ੍ਹਾਂ ਦੀ ਗੱਲ ਨਾਲ ਰੁਬਰੂ ਹੋਏ ਸਨ।
ਉਹ ਇੱਕ ਅਜਿਹੀ ਖੁੰਭ ਦੀ ਖੋਜ ਕਰ ਰਹੇ ਸਨ ਜਿਸ ਬਾਰੇ 30 ਸਾਲ ਪਹਿਲਾਂ ਉੱਥੇ ਗਏ ਮਿਸ਼ਨਰੀਆਂ ਦੀ ਇੱਕ ਟੀਮ ਨੇ ਕਿਹਾ ਸੀ ਕਿ ਇਹ ਸਥਾਨਕ ਲੋਕਾਂ ਨੂੰ "ਪਾਗਲ" ਕਰ ਦਿੰਦੀ ਹੈ, ਇੱਕ ਹਾਲਤ ਜਿਸਨੂੰ ਬਾਅਦ ਵਿੱਚ ਇੱਕ ਐਂਥਰੋਪੋਲੋਜਿਸਟ ਨੇ "ਮਸ਼ਰੂਮ ਮੈਡਨੈਸ" ਕਿਹਾ।
ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਜੋ ਕੁਝ ਵੇਖ ਰਹੇ ਸਨ, ਉਹ ਅਸਲ ਵਿੱਚ ਚੀਨ ਤੋਂ ਆ ਰਹੀਆਂ ਮੌਜੂਦਾ ਰਿਪੋਰਟਾਂ ਨਾਲ ਕਾਫ਼ੀ ਮਿਲਦਾ-ਜੁਲਦਾ ਲੱਗਦਾ ਹੈ। ਉਨ੍ਹਾਂ ਨੇ ਖੁੰਭਾਂ ਦੀ ਸ਼ੱਕੀ ਕਿਸਮ ਦੇ ਨਮੂਨੇ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਐਲਬਰਟ ਹੋਫ਼ਮਾਨ ਕੋਲ ਟੈਸਟ ਲਈ ਭੇਜਿਆ, ਜੋ ਸਵਿਸ ਰਸਾਇਣ ਵਿਗਿਆਨੀ ਸਨ ਅਤੇ ਜਿਨ੍ਹਾਂ ਨੇ ਐਲਐਸਡੀ ਦੀ ਖੋਜ ਕੀਤੀ ਸੀ।
ਪਰ ਹੋਫ਼ਮਾਨ ਕਿਸੇ ਵੀ ਦਿਲਚਸਪ ਅਣੂ ਦੀ ਪਛਾਣ ਨਹੀਂ ਕਰ ਸਕੇ। ਉਨ੍ਹਾਂ ਦੀ ਟੀਮ ਨੇ ਨਤੀਜਾ ਕੱਢਿਆ ਕਿ ਸੁਣੀਆਂ ਗਈਆਂ ਕਹਾਣੀਆਂ ਪ੍ਰਚਲਿਤ ਕਥਾਵਾਂ ਹੀ ਹੋਣਗੀਆਂ, ਨਾ ਕਿ ਕਿਸੇ ਦਵਾਈ-ਸਬੰਧੀ ਅਸਰ 'ਤੇ ਆਧਾਰਿਤ ਅਤੇ ਇਸ ਤੋਂ ਬਾਅਦ ਹੋਰ ਕੋਈ ਖੋਜ ਨਹੀਂ ਕੀਤੀ ਗਈ।
ਸਾਲ 2015 ਤੱਕ ਇਸ ਸਬੰਧੀ ਕੁਝ ਨਹੀਂ ਹੋ ਸਕਿਆ ਤੇ ਆਖਿਰਕਾਰ ਖੋਜਕਰਤਾਵਾਂ ਨੇ ਰਸਮੀ ਤੌਰ 'ਤੇ ਲਾਨਮਾਓਆ ਏਸ਼ੀਆਟਿਕਾ ਦਾ ਵਰਣਨ ਕੀਤਾ ਅਤੇ ਇਸ ਦਾ ਨਾਮ ਰੱਖਿਆ — ਹਾਲਾਂਕਿ ਇਸ ਵਿੱਚ ਵੀ ਇਸ ਦੇ ਮਨੋਵਿਗਿਆਨਕ ਗੁਣਾਂ ਬਾਰੇ ਬਹੁਤ ਘੱਟ ਵੇਰਵੇ ਸਨ।
ਇਸ ਤਰ੍ਹਾਂ, ਡੌਮਨਾਊਰ ਦਾ ਪਹਿਲਾ ਮਕਸਦ ਇਸ ਖੁੰਭ ਦੀ ਕਿਸਮ ਦੀ ਅਸਲ ਪਛਾਣ ਨੂੰ ਪੱਕਾ ਕਰਨਾ ਰਿਹਾ ਹੈ। ਸਾਲ 2023 ਵਿੱਚ ਉਹ ਗਰਮੀ ਦੇ ਮੌਸਮ ਦੌਰਾਨ ਯੁਨਾਨ ਗਏ, ਜਦੋਂ ਖੁੰਭਾਂ ਸਭ ਤੋਂ ਵੱਧ ਹੁੰਦੀਆਂ ਹਨ।
ਉਨ੍ਹਾਂ ਨੇ ਸੂਬੇ ਦੀਆਂ ਖੁੰਭਾਂ ਦੀਆਂ ਵੱਡੀਆਂ ਮੰਡੀਆਂ ਦਾ ਸਰਵੇਖਣ ਕੀਤਾ ਅਤੇ ਵੇਚਣ ਵਾਲਿਆਂ ਨੂੰ ਪੁੱਛਿਆ ਕਿ ਉਨ੍ਹਾਂ ਵਿੱਚੋਂ ਕਿਹੜੀ ਖੁੰਭ "ਤੁਹਾਨੂੰ ਨਿੱਕੇ-ਨਿੱਕੇ ਲੋਕ ਦਿਖਾਉਂਦੀ ਹੈ''। ਵਿਕਰੇਤਾਵਾਂ ਨੇ ਜਿਨ੍ਹਾਂ ਖੁੰਭਾਂ ਵੱਲ ਹੱਸਦੇ ਹੋਏ ਇਸ਼ਾਰਾ ਕੀਤਾ, ਉਹ ਉਨ੍ਹਾਂ ਨੇ ਖਰੀਦ ਲਈਆਂ ਅਤੇ ਫਿਰ ਲੈਬੋਰਟਰੀ ਵਿੱਚ ਉਨ੍ਹਾਂ ਦੇ ਜੀਨੋਮ ਦੀ ਸੀਕੁਐਂਸਿੰਗ ਕੀਤੀ।
ਉਹ ਕਹਿੰਦੇ ਹਨ ਕਿ ਇਸ ਨਾਲ ਲਾਨਮਾਓਆ ਏਸ਼ੀਆਟਿਕਾ ਦੀ ਪਛਾਣ ਦੀ ਪੁਸ਼ਟੀ ਹੋ ਗਈ। ਉਹ ਜਿਹੜੀ ਖੋਜ ਪ੍ਰਕਾਸ਼ਨ ਲਈ ਤਿਆਰ ਕਰ ਰਹੇ ਹਨ, ਉਸ ਵਿੱਚ ਲੈਬ ਦੇ ਨਮੂਨਿਆਂ ਤੋਂ ਬਣਾਏ ਗਏ ਰਸਾਇਣਕ ਐਕਸਟਰੈਕਟਸ ਨੇ ਚੂਹਿਆਂ ਵਿੱਚ ਅਜਿਹੇ ਵਿਹਾਰਕ ਬਦਲਾਅ ਪੈਦਾ ਕੀਤੇ, ਜੋ ਮਨੁੱਖਾਂ ਵਿੱਚ ਦਰਜ ਕੀਤੇ ਗਏ ਪ੍ਰਭਾਵਾਂ ਵਰਗੇ ਸਨ। ਖੁੰਭ ਦੇ ਐਕਸਟਰੈਕਟ (ਰਸ) ਦਿੱਤੇ ਜਾਣ ਤੋਂ ਬਾਅਦ ਚੂਹਿਆਂ ਵਿੱਚ ਪਹਿਲਾਂ ਬਹੁਤ ਜ਼ਿਆਦਾ ਐਕਟਿਵ ਹੋਏ, ਜਿਸ ਤੋਂ ਬਾਅਦ ਲੰਮੇ ਸਮੇਂ ਲਈ ਸੁਸਤ ਹੋ ਗਏ, ਜਿਸ ਦੌਰਾਨ ਚੂਹੇ ਜ਼ਿਆਦਾ ਹਿਲੇ-ਡੁੱਲੇ ਵੀ ਨਹੀਂ।
ਡੌਮਨਾਊਰ ਫਿਲੀਪੀਨਜ਼ ਵੀ ਗਏ, ਜਿੱਥੇ ਉਨ੍ਹਾਂ ਨੇ ਇੱਕ ਅਜਿਹੀ ਖੁੰਭ ਬਾਰੇ ਅਫ਼ਵਾਹਾਂ ਸੁਣੀਆਂ ਸਨ ਜੋ ਚੀਨ ਅਤੇ ਪਾਪੂਆ ਨਿਊ ਗਿਨੀ ਦੇ ਇਤਿਹਾਸਕ ਰਿਕਾਰਡਾਂ ਵਿੱਚ ਦਰਜ ਲੱਛਣਾਂ ਵਰਗੇ ਹੀ ਅਸਰ ਪੈਦਾ ਕਰਦੀ ਹੈ।
ਉਹ ਕਹਿੰਦੇ ਹਨ ਕਿ ਉੱਥੋਂ ਇਕੱਠੇ ਕੀਤੇ ਨਮੂਨੇ ਚੀਨੀ ਖੁੰਭਾਂ ਨਾਲੋਂ ਥੋੜ੍ਹੇ ਵੱਖਰੇ ਦਿਖਾਈ ਦਿੰਦੇ ਸਨ - ਉਹ ਛੋਟੇ ਸਨ ਅਤੇ ਹਲਕੇ ਗੁਲਾਬੀ ਰੰਗ ਦੇ ਸਨ, ਜਦਕਿ ਚੀਨੀ ਖੁੰਭਾਂ ਵੱਡੀਆਂ ਅਤੇ ਵਧੇਰੇ ਲਾਲੀ ਵਾਲੀਆਂ ਸਨ। ਪਰ ਜੈਨੇਟਿਕ ਜਾਂਚ ਤੋਂ ਪਤਾ ਲੱਗਿਆ ਕਿ ਉਹ ਅਸਲ ਵਿੱਚ ਇੱਕੋ ਹੀ ਕਿਸਮ ਦੇ ਸਨ।
ਦਸੰਬਰ 2025 ਵਿੱਚ ਡੌਮਨਾਊਰ ਦੇ ਸੁਪਰਵਾਈਜ਼ਰ ਨੇ ਵੀ ਵਾਸਨ ਅਤੇ ਹੈਮ ਦੇ ਰਿਕਾਰਡਾਂ ਵਿੱਚ ਦਰਜ ਖੁੰਭਾਂ ਦੀ ਖੋਜ ਲਈ ਪਾਪੂਆ ਨਿਊ ਗਿਨੀ ਦਾ ਦੌਰਾ ਕੀਤਾ। ਡੌਮਨਾਊਰ ਦੇ ਸ਼ਬਦਾਂ ਵਿੱਚ ਉਨ੍ਹਾਂ ਖੁੰਭਾਂ ਦੀ ਪਛਾਣ ਬਾਰੇ "ਅਜੇ ਵੀ ਇੱਕ ਵੱਡਾ ਸਵਾਲ ਖੜ੍ਹਾ ਹੈ''। ਉਹ ਕੋਈ ਵੀ ਖੁੰਭ ਲੱਭਣ ਵਿੱਚ ਅਸਫ਼ਲ ਰਹੇ, ਇਸ ਲਈ ਇਹ ਰਹੱਸ ਅਜੇ ਵੀ ਕਾਇਮ ਹੈ।
ਡੌਮਨਾਊਰ ਕਹਿੰਦੇ ਹਨ, "ਇਹ ਉਹੀ ਕਿਸਮ ਹੋ ਸਕਦੀ ਹੈ ਅਤੇ ਇਹ ਹੈਰਾਨੀਜਨਕ ਗੱਲ ਹੋਵੇਗੀ ਕਿਉਂਕਿ ਪਾਪੂਆ ਨਿਊ ਗਿਨੀ ਵਿੱਚ ਆਮ ਤੌਰ 'ਤੇ ਚੀਨ ਅਤੇ ਫਿਲੀਪੀਨਜ਼ ਵਿੱਚ ਮਿਲਣ ਵਾਲੀਆਂ ਕਿਸਮਾਂ ਨਹੀਂ ਮਿਲਦੀਆਂ।''
ਉਨ੍ਹਾਂ ਕਿਹਾ ਕਿ ਜਾਂ ਇਹ ਕੋਈ ਵੱਖਰੀ ਕਿਸਮ ਵੀ ਹੋ ਸਕਦੀ ਹੈ, ਜੋ ਕਿ ਹੋਰ ਵੀ "ਜ਼ਿਆਦਾ ਦਿਲਚਸਪ" ਗੱਲ ਹੋਵੇਗੀ।
ਇਸ ਦਾ ਮਤਲਬ ਇਹ ਹੋਵੇਗਾ ਕਿ ਦੁਨੀਆ ਦੇ ਬਿਲਕੁਲ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਖੁੰਭਾਂ ਦੀਆਂ ਕਿਸਮਾਂ ਵਿੱਚ ਅਲੱਗ-ਅਲੱਗ ਤੌਰ 'ਤੇ ਅਜਿਹੇ ਤੱਤ ਵਿਕਸਿਤ ਹੋਏ, ਜਿਨ੍ਹਾਂ ਨਾਲ ਨਿੱਕੇ-ਨਿੱਕੇ ਮਨੁੱਖ ਦੇਖਣ ਵਰਗੇ ਭਰਮ ਪੈਦਾ ਹੁੰਦੇ ਹਨ।
ਕੁਦਰਤ ਵਿੱਚ ਇਸ ਤਰ੍ਹਾਂ ਦੀਆਂ ਮਿਸਾਲਾਂ ਪਹਿਲਾਂ ਤੋਂ ਮੌਜੂਦ ਹਨ। ਵਿਗਿਆਨੀਆਂ ਨੇ, ਜਿਨ੍ਹਾਂ ਵਿੱਚ ਕੁਝ ਅਜਿਹੇ ਵਿਗਿਆਨੀ ਵੀ ਸ਼ਾਮਲ ਹਨ ਜੋ ਡੌਮਨਾਊਰ ਦੀ ਹੀ ਲੈਬ ਵਿੱਚ ਕੰਮ ਕਰਦੇ ਹਨ, ਹਾਲ ਹੀ ਵਿੱਚ ਪਤਾ ਲਗਾਇਆ ਹੈ ਕਿ ਜਾਦੂਈ ਮਸ਼ਰੂਮਾਂ ਵਜੋਂ ਜਾਣੇ ਜਾਂਦੇ ਪਸਿਲੋਸਾਈਬਿਨ ਵਿੱਚ ਮਿਲਣ ਵਾਲਾ ਸਾਈਕੈਡੇਲਿਕ ਅਣੂ, ਦੋ ਦੂਰ-ਸੰਬੰਧਿਤ ਕਿਸਮਾਂ ਦੇ ਮਸ਼ਰੂਮਾਂ ਵਿੱਚ ਸੁਤੰਤਰ ਤੌਰ 'ਤੇ ਵਿਕਸਤ ਹੋਇਆ ਹੈ।
ਪਰ ਡੌਮਨਾਊਰ ਦੇ ਅਨੁਸਾਰ, ਲਾਨਮਾਓਆ ਏਸ਼ੀਆਟਿਕਾ ਵਿੱਚ ਨਿੱਕੇ ਲੋਕ ਦਿਖਣ ਵਾਲਾ ਅਸਰ ਪੈਦਾ ਕਰਨ ਵਾਲਾ ਪਦਾਰਥ ਪਸਿਲੋਸਾਈਬਿਨ ਨਹੀਂ ਹੈ।
ਡੌਮਨਾਊਰ ਅਤੇ ਉਨ੍ਹਾਂ ਦੀ ਟੀਮ ਅਜੇ ਵੀ ਉਸ ਰਸਾਇਣਕ ਯੋਗਿਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਲਾਨਮਾਓਆ ਏਸ਼ੀਆਟਿਕਾ ਵਿੱਚ ਭਰਮ ਲਈ ਜ਼ਿੰਮੇਵਾਰ ਹੈ। ਮੌਜੂਦਾ ਟੈਸਟ ਸੁਝਾਅ ਦਿੰਦੇ ਹਨ ਕਿ ਇਸ ਦੇ ਕਿਸੇ ਹੋਰ ਜਾਣੇ-ਪਛਾਣੇ ਸਾਈਕੈਡੇਲਿਕ ਮਿਸ਼ਰਣ ਨਾਲ ਸੰਬੰਧਿਤ ਹੋਣ ਦੀ ਸੰਭਾਵਨਾ ਘੱਟ ਹੈ।
ਲੰਮੇ ਸਮੇਂ ਤੱਕ ਰਹਿੰਦੇ ਭਰਮ
ਇੱਕ ਗੱਲ ਇਹ ਵੀ ਹੈ ਕਿ ਇਸ ਨਾਲ ਹੋਣ ਵਾਲੇ ਤਜਰਬੇ ਅਸਧਾਰਣ ਤੌਰ 'ਤੇ ਬਹੁਤ ਲੰਮੇ ਹੁੰਦੇ ਹਨ - ਆਮ ਤੌਰ 'ਤੇ 12 ਤੋਂ 24 ਘੰਟੇ ਤੱਕ - ਅਤੇ ਕੁਝ ਮਾਮਲਿਆਂ ਵਿੱਚ ਹਫ਼ਤੇ ਤੱਕ ਹਸਪਤਾਲ ਵਿੱਚ ਰਹਿਣ ਦੀ ਨੌਬਤ ਵੀ ਆ ਜਾਂਦੀ ਹੈ। ਇਨ੍ਹਾਂ ਬਹੁਤ ਲੰਮੇ ਤਜਰਬਿਆਂ ਅਤੇ ਭਰਮ ਤੇ ਚੱਕਰਾਂ ਵਰਗੇ ਲੰਬੇ ਸਮੇਂ ਤੱਕ ਰਹਿਣ ਵਾਲੇ ਸਾਈਡ-ਇਫ਼ੈਕਟਸ ਦੇ ਖਤਰੇ ਕਾਰਨ, ਡੌਮਨਾਊਰ ਨੇ ਅਜੇ ਤੱਕ ਖੁਦ ਕੱਚੀਆਂ ਖੁੰਭਾਂ ਨਹੀਂ ਖਾਈਆਂ ਹਨ।
ਡੌਮਨਾਊਰ ਦੀ ਖੋਜ ਦੇ ਅਨੁਸਾਰ, ਇਹ ਬਹੁਤ ਤੇਜ਼ ਅਤੇ ਲੰਮੇ ਤਜਰਬੇ ਸ਼ਾਇਦ ਇਹ ਸਮਝਾਉਣ ਵਿੱਚ ਮਦਦ ਕਰ ਸਕਦੇ ਹਨ ਕਿ ਕਿਉਂ ਚੀਨ, ਫਿਲੀਪੀਨਜ਼ ਅਤੇ ਪਾਪੂਆ ਨਿਊ ਗਿਨੀ ਵਿੱਚ ਲੋਕ ਲਾਨਮਾਓਆ ਏਸ਼ੀਆਟਿਕਾ ਨੂੰ ਇਸ ਦੇ ਮਨੋਵਿਗਿਆਨਿਕ (ਸਾਈਕੈਡੇਲਿਕ) ਅਸਰਾਂ ਕਾਰਨ ਜਾਣਬੁੱਝ ਕੇ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ।
ਉਹ ਕਹਿੰਦੇ ਹਨ, "ਇਹ ਹਮੇਸ਼ਾ ਸਿਰਫ਼ ਖਾਣੇ ਵਜੋਂ ਹੀ ਖਾਧੀ ਜਾਂਦੀ ਸੀ" ਅਤੇ ਭਰਮ ਇੱਕ ਅਚਾਨਕ ਹੋਣ ਵਾਲੇ ਸਾਈਡ-ਇਫ਼ੈਕਟ ਹੁੰਦੇ ਸਨ।
ਇੱਕ ਹੋਰ ਦਿਲਚਸਪ ਕਾਰਕ ਹੈ: ਹੋਰ ਜਾਣੇ-ਪਛਾਣੇ ਸਾਈਕੈਡੇਲਿਕ ਮਿਸ਼ਰਣ ਵੀ ਆਮ ਤੌਰ 'ਤੇ ਵਿਲੱਖਣ ਤਜਰਬੇ ਪੈਦਾ ਕਰਦੇ ਹਨ ਜੋ ਨਾ ਸਿਰਫ਼ ਵੱਖਰੇ ਵਿਅਕਤੀਆਂ ਵਿੱਚ ਵੱਖ-ਵੱਖ ਹੋ ਸਕਦੇ ਹਨ ਸਗੋਂ ਇੱਕੋ ਵਿਅਕਤੀ ਅੰਦਰ ਵੀ ਵੱਖਰੇ-ਵੱਖਰੇ ਹੁੰਦੇ ਰਹਿੰਦੇ ਹਨ। ਡੌਮਨਾਊਰ ਕਹਿੰਦੇ ਹਨ, ਪਰ ਲਾਨਮਾਓਆ ਏਸ਼ੀਆਟਿਕਾ ਦੇ ਮਾਮਲੇ ਵਿੱਚ, "ਨਿੱਕੇ ਲੋਕਾਂ ਦੀ ਧਾਰਣਾ ਬਹੁਤ ਹੀ ਭਰੋਸੇਯੋਗ ਤੌਰ 'ਤੇ ਅਤੇ ਮੁੜ ਮੁੜ ਰਿਪੋਰਟ ਕੀਤੀ ਜਾਂਦੀ ਹੈ। ਮੈਨੂੰ ਕਿਸੇ ਹੋਰ ਚੀਜ਼ ਬਾਰੇ ਨਹੀਂ ਪਤਾ ਜੋ ਇੰਨੀ ਲਗਾਤਾਰ ਇੱਕੋ ਜਿਹੇ ਭਰਮ ਪੈਦਾ ਕਰਦੀ ਹੋਵੇ।"
ਡੌਮਨਾਊਰ ਦੇ ਅਨੁਸਾਰ, ਇਸ ਖੁੰਭ ਨੂੰ ਸਮਝਣਾ ਸੌਖਾ ਨਹੀਂ ਹੋਵੇਗਾ, ਪਰ ਹੋਰ ਸਾਈਕੈਡੇਲਿਕ ਯੋਗਿਕਾਂ 'ਤੇ ਕੀਤੀ ਗਈ ਖੋਜ ਵਾਂਗ, ਇਸ ਰਾਹੀਂ ਹੋਣ ਵਾਲੀ ਵਿਗਿਆਨ ਖੋਜ ਚੇਤਨਾ ਸਬੰਧੀ ਅਤੇ ਦਿਮਾਗ ਤੇ ਹਕੀਕਤ ਦੇ ਆਪਸੀ ਸਬੰਧ ਵਰਗੇ ਸਭ ਤੋਂ ਵੱਡੇ ਸਵਾਲਾਂ ਨੂੰ ਛੂਹ ਸਕਦੀ ਹੈ।
ਖੁੰਭਾਂ ਬਾਰੇ ਅਜੇ ਵੀ ਬਹੁਤ ਕੁਝ ਜਾਣਨਾ ਬਾਕੀ
ਇਹ ਉਨ੍ਹਾਂ ਲੋਕਾਂ ਸਬੰਧੀ ਵੀ ਮਦਦਗਾਰ ਹੋ ਸਕਦਾ ਹੈ ਜਿਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਨਿੱਕੇ-ਨਿੱਕੇ ਲੋਕ ਦਿਖਾਈ ਦੇਣ ਵਰਗੇ ਭਰਮ ਹੁੰਦੇ ਹਨ, ਉਹ ਵੀ ਲਾਨਮਾਓਆ ਏਸ਼ੀਆਟਿਕਾ ਖੁੰਭਾਂ ਨੂੰ ਖਾਧੇ ਬਿਨਾਂ। ਇਹ ਇੱਕ ਦੁਰਲੱਭ ਸਥਿਤੀ ਹੁੰਦੀ ਹੈ ਅਤੇ 1909 ਵਿੱਚ ਪਹਿਲੀ ਵਾਰ ਇਸ ਦਾ ਵਰਣਨ ਹੋਣ ਤੋਂ ਬਾਅਦ, ਸਾਲ 2021 ਤੱਕ ਅਜਿਹੇ ਸਿਰਫ਼ 226 ਮਾਮਲੇ ਹੀ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚ ਪੀੜਿਤ ਨੇ ਖੁੰਭਾਂ ਨਹੀਂ ਖਾਦੀਆਂ ਸਨ।
ਪਰ ਉਹਨਾਂ ਥੋੜ੍ਹੇ ਜਿਹੇ ਲੋਕਾਂ ਲਈ ਨਤੀਜਾ ਗੰਭੀਰ ਹੋ ਸਕਦਾ ਹੈ। ਅਜਿਹੇ ਮਾਮਲੇ ਜੋ ਖੁੰਭਾਂ ਨਾਲ ਸੰਬੰਧਿਤ ਨਹੀਂ ਸਨ, ਉਨ੍ਹਾਂ ਵਿੱਚੋਂ ਇੱਕ ਤਿਹਾਈ ਮਰੀਜ਼ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕੇ।
ਡੌਮਨਾਊਰ ਕਹਿੰਦੇ ਹਨ, ਲਾਨਮਾਓਆ ਏਸ਼ੀਆਟਿਕਾ ਦਾ ਅਧਿਐਨ ਕਰਨ ਨਾਲ ਵਿਗਿਆਨੀਆਂ ਨੂੰ ਕੁਦਰਤੀ ਤੌਰ 'ਤੇ ਪੈਦਾ ਹੋਣ ਵਾਲੀਆਂ ਇਨ੍ਹਾਂ ਲਿਲਿਪੂਟਿਅਨ ਪਰਛਾਈਆਂ ਦੇ ਪਿੱਛੇ ਮੌਜੂਦ ਦਿਮਾਗੀ ਮਕੈਨਿਜ਼ਮਾਂ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਮਿਲ ਸਕਦੀ ਹੈ ਅਤੇ ਸ਼ਾਇਦ ਉਨ੍ਹਾਂ ਲੋਕਾਂ ਲਈ ਨਵੇਂ ਇਲਾਜਾਂ ਤੱਕ ਵੀ ਰਾਹ ਵੀ ਖੁੱਲ ਸਕੇ ਜਿਨ੍ਹਾਂ ਨੂੰ ਅਜਿਹੀਆਂ ਨਿਊਰੋਲਾਜਿਕਲ ਦਿੱਕਤਾਂ ਹੁੰਦੀਆਂ ਹਨ।
ਡੈਨਿਸ ਮੈਕਕੇਨਾ, ਇੱਕ ਈਥਨੋਫਾਰਮਾਕੋਲੋਜਿਸਟ ਅਤੇ ਅਮਰੀਕਾ ਦੇ ਕੈਲੀਫ਼ੋਰਨੀਆ ਵਿੱਚ ਸਥਿਤ ਗੈਰ-ਮੁਨਾਫ਼ਾ ਸਿੱਖਿਆ ਕੇਂਦਰ ਮੈਕਕੇਨਾ ਅਕੈਡਮੀ ਆਫ਼ ਨੈਚਰਲ ਫ਼ਿਲਾਸਫ਼ੀ ਦੇ ਡਾਇਰੈਕਟਰ ਹਨ। ਉਹ ਕਹਿੰਦੇ ਹਨ, "ਹੁਣ ਅਸੀਂ ਸ਼ਾਇਦ ਸਮਝ ਸਕੀਏ ਕਿ ਦਿਮਾਗ ਵਿੱਚ [ਲਿਲਿਪੂਟਿਅਨ ਭਰਮ] ਕਿੱਥੋਂ ਪੈਦਾ ਹੁੰਦੇ ਹਨ।''
ਮੈਕਕੇਨਾ ਕਹਿੰਦੇ ਹਨ ਕਿ ਉਹ ਇਸ ਗੱਲ ਨਾਲ ਸਹਿਮਤ ਹਨ ਕਿ ਇਸ ਖੁੰਭ ਦੇ ਯੋਗਿਕਾਂ ਨੂੰ ਸਮਝਣਾ ਨਵੀਆਂ ਦਵਾਈਆਂ ਦੀ ਖੋਜ ਵੱਲ ਲੈ ਜਾ ਸਕਦਾ ਹੈ। ਅਤੇ "ਕੀ ਇਸਦਾ ਕੋਈ ਥੈਰੇਪਿਊਟਿਕ ਇਸਤੇਮਾਲ ਹੈ? ਇਹ ਅਜੇ ਵੇਖਣਾ ਬਾਕੀ ਹੈ।"
ਖੋਜਕਰਤਾਵਾਂ ਦਾ ਅੰਦਾਜ਼ਾ ਹੈ ਕਿ ਦੁਨੀਆ ਦੀਆਂ ਖੁੰਭਾਂ ਦੀਆਂ 5% ਤੋਂ ਘੱਟ ਕਿਸਮਾਂ ਬਾਰੇ ਹੀ ਅਜੇ ਤੱਕ ਵਰਣਨ ਕੀਤਾ ਗਿਆ ਹੈ। ਮਾਇਕੋਲੋਜਿਸਟ ਅਤੇ ਫੰਗੀ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਕਾਰਜਕਾਰੀ ਨਿਰਦੇਸ਼ਕ ਜੂਲੀਆਨਾ ਫੁਰਸੀ ਕਹਿੰਦੇ ਹਨ ਕਿ ਇਸ ਲਈ ਇਹ ਨਤੀਜੇ ਦੁਨੀਆ ਦੀਆਂ ਲਗਾਤਾਰ ਘਟ ਰਹੀਆਂ ਵਾਤਾਵਰਣ ਪ੍ਰਣਾਲੀਆਂ ਵਿੱਚ ਖੋਜ ਦੀ "ਵੱਡੀ ਸੰਭਾਵਨਾ"ਨੂੰ ਵੀ ਉਜਾਗਰ ਕਰਦੇ ਹਨ।
ਉਨ੍ਹਾਂ ਕਿਹਾ, ''ਫੰਗੀ ਵਿੱਚ ਇੱਕ ਬਹੁਤ ਵੱਡੀ ਬਾਇਓਕੈਮੀਕਲ ਅਤੇ ਫਾਰਮਾਕੋਲੋਜੀਕਲ ਲਾਇਬ੍ਰੇਰੀ ਹੈ ਜਿਸ ਬਾਰੇ ਅਸੀਂ ਹੁਣੇ ਹੀ ਜਾਣਨਾ ਸ਼ੁਰੂ ਕੀਤਾ ਹੈ। ਅਜੇ ਵੀ ਖੋਜਾਂ ਲਈ ਇੱਕ ਦੁਨੀਆ ਬਾਕੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ