ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਕੁਰਲੀ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਕੀ ਸੀ ਮਾਮਲਾ ਤੇ ਪੁਲਿਸ ਨੇ ਕੀ ਦੱਸਿਆ

ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਬੇਅਦਬੀ (ਕੁਰਲੀ) ਕਰਨ ਵਾਲੇ ਵਿਅਕਤੀ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਗਾਜ਼ੀਆਬਾਦ ਦੇ ਏਸੀਪੀ ਗਿਆਨ ਪ੍ਰਕਾਸ਼ ਨੇ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੂੰ ਪੁਸ਼ਟੀ ਕੀਤੀ ਹੈ ਕਿ ਮਾਮਲੇ ਵਿੱਚ ਪੁਲਿਸ ਨੇ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ ਅਤੇ ਅਦਾਲਤ ਨੇ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਇਸ ਮਾਮਲੇ ਵਿੱਚ ਜਾਣਕਾਰੀ ਲਈ ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਵੀ ਗੱਲ ਕੀਤੀ।

ਪੁਲਿਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਉਹ ਗਾਜ਼ੀਆਬਾਦ ਵਿੱਚ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰ ਰਹੇ ਹਨ ਅਤੇ ਮੁਲਜ਼ਮ ਨੂੰ ਅੰਮ੍ਰਿਤਸਰ ਲਿਆਉਣ ਲਈ ਇੱਕ ਪੁਲਿਸ ਟੀਮ ਵੀ ਭੇਜੀ ਜਾ ਰਹੀ ਹੈ।

ਇਸ ਮਾਮਲੇ ਵਿੱਚ ਅੰਮ੍ਰਿਤਸਰ ਵਿੱਚ ਐਫਆਈਆਰ ਵੀ ਦਰਜ ਕਰਵਾਈ ਗਈ ਹੈ।

ਕੀ ਹੈ ਪੂਰਾ ਮਾਮਲਾ

ਇਹ ਮਾਮਲਾ ਇੱਕ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਇਆ ਸੀ। ਇਸ ਵੀਡੀਓ ਵਿੱਚ ਇੱਕ ਵਿਅਕਤੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਪੈਰ ਪਾ ਕੇ ਬੈਠਾ ਨਜ਼ਰ ਆ ਰਿਹਾ ਹੈ ਅਤੇ ਫਿਰ ਉਹ ਸਰੋਵਰ ਦੇ ਪਾਣੀ ਨਾਲ ਕੁਰਲੀ ਕਰਕੇ ਸਰੋਵਰ ਵਿੱਚ ਹੀ ਉਸ ਪਾਣੀ ਨੂੰ ਥੁੱਕ ਦਿੰਦਾ ਹੈ।

ਇਹ ਘਟਨਾ ਇਸੇ ਸਾਲ 13 ਜਨਵਰੀ ਦੀ ਹੈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਇਸ ਨੂੰ ਲੈ ਕੇ ਬਹੁਤ ਰੋਹ ਹੈ।

ਇਸ ਦੇ ਚੱਲਦਿਆਂ ਹੀ ਬੀਤੇ ਸ਼ਨੀਵਾਰ ਗਾਜ਼ੀਆਬਾਦ ਵਿੱਚ ਨਿਹੰਗ ਸਿੰਘਾਂ ਨੇ ਕੁਰਲੀ ਕਰਨ ਵਾਲੇ ਵਿਅਕਤੀ ਨਾਲ ਕੁੱਟਮਾਰ ਵੀ ਕੀਤੀ।

ਇਸ ਵਿਅਕਤੀ ਦੀ ਪਛਾਣ ਸੁਬਹਾਨ ਰੰਗਰੀਜ਼ ਵਜੋਂ ਹੋਈ ਹੈ।

ਹਾਲਾਂਕਿ ਮੁਲਜ਼ਮ ਨੇ ਦੋ ਵਾਰ ਵੱਖ-ਵੱਖ ਵੀਡੀਓ ਜਾਰੀ ਕਰਕੇ ਇਸ ਮਾਮਲੇ ਵਿੱਚ ਮੁਆਫੀ ਵੀ ਮੰਗੀ ਹੈ।

ਐੱਫਆਈਆਰ ਵਿੱਚ ਦਰਜ ਸ਼ਿਕਾਇਤ ਵਿੱਚ ਕੀ ਇਲਜ਼ਾਮ ਲਗਾਏ ਗਏ

ਅੰਮ੍ਰਿਤਸਰ ਪੁਲਿਸ ਕੋਲ ਦਰਜ ਐਫਆਈਆਰ ਮੁਤਾਬਕ, ਇਹ ਮਾਮਲਾ ਇਸੇ ਸਾਲ 13 ਜਨਵਰੀ ਦਾ ਹੈ ਅਤੇ ਇਸ ਬਾਬਤ ਸ਼ਿਕਾਇਤ 24 ਜਨਵਰੀ ਨੂੰ ਦਰਜ ਕਰਵਾਈ ਗਈ ਹੈ।

ਇਹ ਸ਼ਿਕਾਇਤ ਹਰਿਮੰਦਰ ਸਾਹਿਬ ਦੇ ਮੈਨੇਜਰ ਰਾਜਵਿੰਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਹੈ ਅਤੇ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 298 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਐੱਫਆਈਆਰ 'ਚ ਲਿਖਤ ਸ਼ਿਕਾਇਤ ਮੁਤਾਬਕ, ''ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿਭਾਗ ਦੇ ਧਿਆਨ ਵਿੱਚ ਆਇਆ ਕਿ ਸੁਬਹਾਨ ਰੰਗਰੀਜ਼ ਨਾਮ ਦੇ ਇੱਕ ਵਿਅਕਤੀ ਨੇ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਕੁਰਲੀ ਕਰਕੇ, ਉਸ ਦੀ ਵੀਡੀਓ ਬਣਾ ਕੇ ਤੇ ਵਾਇਰਲ ਕਰਕੇ ਬੇਅਦਬੀ ਕੀਤੀ ਹੈ, ਜੋ ਕਿ ਬਰਦਾਸ਼ਤ ਯੋਗ ਨਹੀਂ ਹੈ।''

ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ''ਹਰਮਿੰਦਰ ਸਾਹਿਬ ਦੇ ਸੀਸੀਟੀਵੀ ਕੈਮਰਿਆਂ ਤੋਂ ਪਤਾ ਲੱਗਦਾ ਹੈ ਕਿ ਉਹ ਵਿਅਕਤੀ ਬਿਨ੍ਹਾਂ ਦਰਸ਼ਨ ਕੀਤੇ ਹੀ ਪਰਿਸਰ ਤੋਂ ਬਾਹਰ ਚਲਾ ਗਿਆ। ਜਿਸ ਦਾ ਮਤਲਬ ਹੈ ਕਿ ਉਹ ਸਿਰਫ਼ ਬੇਅਦਬੀ ਦੇ ਇਰਾਦੇ ਨਾਲ ਉੱਥੇ ਆਇਆ ਸੀ।''

ਐੱਫਆਈਆਰ ਵਿੱਚ ਦੱਸਿਆ ਗਿਆ ਹੈ ਕਿ ਇਹ ਸਾਰਾ ਮਾਮਲਾ 16 ਜਨਵਰੀ ਨੂੰ ਐੱਸਜੀਪੀਸੀ ਦੇ ਧਿਆਨ ਵਿੱਚ ਆਇਆ।

ਜਾਣਕਾਰੀ ਮੁਤਾਬਕ, ਹਰਿਮੰਦਰ ਸਾਹਿਬ ਮੈਨੇਜਮੈਂਟ ਵੱਲੋਂ ਪੁਲਿਸ ਨੂੰ ਇਸ ਮਾਮਲੇ ਵਿੱਚ ਸੀਸੀਟੀਵੀ ਫੁਟੇਜ ਵੀ ਸੌਂਪੀ ਗਈ। ਜਿਸ ਵਿੱਚ ਨਜ਼ਰ ਆਇਆ ਕਿ ਸੁਬਹਾਨ ਰੰਗਰੀਜ਼ ਨੇ 13 ਜਨਵਰੀ ਨੂੰ 11 ਵੱਜ ਕੇ 20 ਮਿੰਟ ਦੇ ਕਰੀਬ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਕੁਰਲੀ ਕੀਤੀ ਅਤੇ ਉਸ ਦਾ ਵੀਡੀਓ ਵੀ ਬਣਾਇਆ।

ਮੁਲਜ਼ਮ ਨੇ ਆਪਣੀ ਸਫਾਈ 'ਚ ਕੀ ਕਿਹਾ

ਸੁਬਹਾਨ ਰੰਗਰੀਜ਼ ਨੇ ਇਸ ਮਾਮਲੇ ਵਿੱਚ ਪਹਿਲਾਂ ਦੋ ਵੱਖ-ਵੱਖ ਵੀਡੀਓ ਜਾਰੀ ਕਰਕੇ ਮੁਆਫੀ ਮੰਗੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਸਭ ਅਣਜਾਣੇ ਵਿੱਚ ਕੀਤਾ ਅਤੇ ਉਨ੍ਹਾਂ ਦਾ ਇਰਾਦਾ ਜਾਣਬੁਝ ਕੇ ਅਜਿਹਾ ਕਰਨ ਦਾ ਨਹੀਂ ਸੀ।

ਉਨ੍ਹਾਂ ਆਪਣੇ ਵੀਡੀਓ ਵਿੱਚ ਦਾਅਵਾ ਕੀਤਾ, ''ਮੈਂ ਦਰਬਾਰ ਸਾਹਿਬ ਗਿਆ ਸੀ। ਮੈਂ ਬਚਪਨ ਤੋਂ ਉੱਥੇ ਜਾਣਾ ਚਾਹੁੰਦਾ ਸੀ। ਭਾਈ ਮੈਨੂੰ ਉੱਥੋਂ ਦੀ ਮਰਿਆਦਾ ਦਾ ਨਹੀਂ ਪਤਾ ਸੀ। ਮੈਂ ਸਰੋਵਰ ਦੇ ਪਾਣੀ ਨਾਲ ਵਜ਼ੂ ਕੀਤਾ ਸੀ, ਧੋਖੇ 'ਚ ਮੇਰੇ ਮੂਹੋਂ ਪਾਣੀ ਨਿਕਲ ਕੇ ਉਸ 'ਚ ਡਿੱਗ ਗਿਆ। ਮੈਂ ਇਸ ਦੇ ਲਈ ਸਾਰੇ ਸਿੱਖ ਭਰਾਵਾਂ ਤੋਂ ਮੁਆਫ਼ੀ ਮੰਗਦਾ ਹਾਂ ਅਤੇ ਉੱਥੇ ਆ ਕੇ ਵੀ ਮੁਆਫ਼ੀ ਮੰਗਾਂਗਾ। ਮੈਂ ਸਾਰੇ ਧਰਮਾਂ ਦਾ ਸਨਮਾਨ ਕਰਦਾ ਹਾਂ।''

ਇਸ ਤੋਂ ਬਾਅਦ ਨਹਿੰਗ ਸਿੰਘਾਂ ਵਾਲੇ ਵੀਡੀਓ ਵਿੱਚ ਸੁਬਹਾਨ ਰੰਗਰੀਜ਼ ਨੂੰ ਹੱਥ ਜੋੜ ਕੇ ਖੜ੍ਹੇ ਦੇਖਿਆ ਜਾ ਸਕਦਾ ਹੈ, ਹਾਲਾਂਕਿ ਇਸ ਦੌਰਾਨ ਉਨ੍ਹਾਂ ਦਾ ਰਹਿਮੰਦਰ ਸਾਹਿਬ ਵਾਲਾ ਵੀਡੀਓ ਬਣਾਉਣ ਵਾਲੇ ਸਾਥੀ ਨੇ ਮੁਆਫ਼ੀ ਮੰਗੀ ਅਤੇ ਸੁਬਹਾਨ ਖੁਦ ਹੱਥ ਜੋੜ ਕੇ ਖੜ੍ਹੇ ਨਜ਼ਰ ਆਏ।

ਐੱਸਜੀਪੀਸੀ ਨੇ ਪਹਿਲਾਂ ਕੀ ਕਿਹਾ ਸੀ?

ਇਸ ਮਾਮਲੇ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਪਿਛਲੇ ਹਫਤੇ ਐੱਸਜੀਪੀਸੀ ਦੇ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਸੀ ਕਿ ''ਕਿਤੇ ਸੇਵਾਦਾਰਾਂ ਦੇ ਧਿਆਨ ਵਿੱਚ ਨਹੀਂ ਆਇਆ ਹੋਣਾ, ਕਿਉਂਕਿ ਦੂਜੇ ਧਰਮਾਂ ਦੇ ਲੋਕਾਂ ਨੂੰ ਇੱਥੋਂ ਦੀ ਮਰਿਆਦਾ ਅਤੇ ਸਿਧਾਂਤਾਂ ਦਾ ਪਤਾ ਨਹੀਂ ਹੁੰਦਾ।''

''ਅਸੀਂ ਇਹ ਜ਼ਰੂਰ ਕੀਤਾ ਹੈ ਕਿ ਪਹਿਰਾ ਹੋਰ ਸਖ਼ਤ ਰੱਖਿਆ ਜਾਵੇਗਾ ਤਾਂ ਜੋ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਗਲਤੀ ਨਾ ਕਰੇ।''

ਉਨ੍ਹਾਂ ਇਹ ਵੀ ਕਿਹਾ ਸੀ ਕਿ ਫੁਟੇਜ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ।

ਹਾਲਾਂਕਿ, ਬੀਤੇ ਦਿਨੀਂ ਇਸ ਮਾਮਲੇ 'ਚ ਸਖਤ ਕਦਮ ਚੁੱਕਦੇ ਹੋਏ ਹਰਿਮੰਦਰ ਸਾਹਿਬ ਮੈਨੇਜਮੈਂਟ ਵੱਲੋਂ ਐੱਫਆਈਆਰ ਦਰਜ ਕਰਵਾਈ ਗਈ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)