You’re viewing a text-only version of this website that uses less data. View the main version of the website including all images and videos.
ਮਾਰਕ ਟਲੀ ਦਾ ਦੇਹਾਂਤ, ਬੀਬੀਸੀ ਲਈ ਭੁੱਟੋ ਦੀ ਫਾਂਸੀ ਤੋਂ ਲੈ ਕੇ ਇੰਦਰਾ ਗਾਂਧੀ ਦੇ ਕਤਲ ਤੱਕ ਦੀ ਕੀਤੀ ਸੀ ਰਿਪੋਰਟਿੰਗ
ਭਾਰਤ ਵਿੱਚ ਬੀਬੀਸੀ ਦੇ ਸਾਬਕਾ ਪੱਤਰਕਾਰ ਅਤੇ ਸੀਨੀਅਰ ਪੱਤਰਕਾਰ ਸਰ ਮਾਰਕ ਟਲੀ ਦਾ ਐਤਵਾਰ ਨੂੰ ਨਵੀਂ ਦਿੱਲੀ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਸਾਬਕਾ ਸਹਿਯੋਗੀ ਸਤੀਸ਼ ਜੈਕਬ ਨੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਦੀ ਉਮਰ ਕਰੀਬ 90 ਸਾਲ ਸੀ। ਬੀਬੀਸੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਨੇ ਸੁਤੰਤਰ ਪੱਤਰਕਾਰ ਵਜੋਂ ਕੰਮ ਕੀਤਾ।
ਸਾਲ 2009 ਵਿੱਚ ਬੀਬੀਸੀ ਹਿੰਦੀ ਸੇਵਾ ਦੇ ਖ਼ਾਸ ਪ੍ਰੋਗਰਾਮ 'ਇੱਕ ਮੁਲਾਕਾਤ' ਵਿੱਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕਈ ਅਣਕਹੇ ਪਹਿਲੂਆਂ ਬਾਰੇ ਗੱਲ ਕੀਤੀ ਸੀ।
ਉਸ ਸਮੇਂ ਬੀਬੀਸੀ ਹਿੰਦੀ ਸੇਵਾ ਵਿੱਚ ਭਾਰਤ ਦੇ ਸੰਪਾਦਕ ਰਹੇ ਸੰਜੀਵ ਸ਼੍ਰੀਵਾਸਤਵ ਨੇ ਉਨ੍ਹਾਂ ਦਾ ਇੰਟਰਵਿਊ ਲਿਆ ਸੀ। ਅੱਗੇ ਪੜ੍ਹੋ ਉਨ੍ਹਾਂ ਨਾਲ ਹੋਏ ਸਵਾਲ-ਜਵਾਬ।
ਇਸ ਪ੍ਰੋਗਰਾਮ ਵਿੱਚ ਇਸ ਹਫ਼ਤੇ ਦੇ ਮਹਿਮਾਨ ਹਨ ਬਹੁਤ ਕਾਮਯਾਬ, ਹੁਨਰਮੰਦ, ਹਰਮਨ-ਪਿਆਰੇ ਅਤੇ ਬਹੁਤ ਸਾਰੇ ਪੱਤਰਕਾਰਾਂ ਦੇ ਰੋਲ ਮਾਡਲ ਮਾਰਕ ਟਲੀ।
ਜਦੋਂ ਅਸੀਂ ਪੱਤਰਕਾਰਤਾ ਵਿੱਚ ਆ ਰਹੇ ਸੀ ਅਤੇ ਕੋਈ ਵੀ ਪੱਤਰਕਾਰਤਾ ਵਿੱਚ ਕੁਝ ਕਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਤੁਲਨਾ ਤੁਹਾਡੇ ਨਾਲ ਜਾਂ ਫਿਰ ਅਰੁਣ ਸ਼ੌਰੀ ਨਾਲ ਹੁੰਦੀ ਸੀ। ਕਿਵੇਂ ਲਗਦਾ ਸੀ ਤੁਹਾਨੂੰ?
ਮੈਨੂੰ ਇਹ ਤਾਂ ਪਤਾ ਨਹੀਂ ਕਿ ਲੋਕ ਅਜਿਹਾ ਕਿਉਂ ਬੋਲਦੇ ਸੀ। ਮੈਂ ਇਹ ਨਹੀਂ ਕਹਾਂਗਾ ਕਿ ਮੇਰਾ ਕਰੀਅਰ ਸਿਰਫ਼ ਮੇਰੀ ਮਿਹਨਤ ਦਾ ਨਤੀਜਾ ਸੀ। ਮੇਰੀ ਕਿਸਮਤ ਅਤੇ ਈਸ਼ਵਰ ਮੇਰੇ ਨਾਲ ਸੀ।
ਦਰਅਸਲ, ਉਸ ਦੌਰ ਵਿੱਚ ਭਾਰਤ 'ਚ ਟੈਲੀਵਿਜ਼ਨ ਨਹੀਂ ਸੀ ਜਾਂ ਫਿਰ ਬਹੁਤ ਘੱਟ ਸੀ। ਰੇਡੀਓ ਸਿਰਫ਼ ਸਰਕਾਰ ਦੇ ਹੱਥ ਵਿੱਚ ਸੀ। ਲੋਕ ਕਹਿੰਦੇ ਸੀ ਕਿ ਆਲ ਇੰਡੀਆ ਰੇਡੀਓ ਸਰਕਾਰੀ ਰੇਡੀਓ ਹੈ। ਲੋਕ ਦੂਜੇ ਨਜ਼ਰੀਏ ਤੋਂ ਖ਼ਬਰਾਂ ਸੁਣਨਾ ਚਾਹੁੰਦੇ ਸੀ ਤਾਂ ਬੀਬੀਸੀ ਸੁਣਦੇ ਸੀ। ਮੈਂ ਬੀਬੀਸੀ ਨਾਲ ਜੁੜਿਆ ਸੀ, ਇਸੇ ਕਾਰਨ ਮੇਰਾ ਨਾਮ ਵੀ ਵੱਡਾ ਹੋਇਆ।
ਅੱਜ ਵੀ ਅਸੀਂ ਜਦੋਂ ਕਦੇ ਸੋਰਤਿਆਂ ਜਾਂ ਵੀਆਈਪੀ ਲੋਕਾਂ ਵਿਚਕਾਰ ਹੁੰਦੇ ਹਾਂ ਤਾਂ ਲੋਕ ਪੁੱਛਦੇ ਹਨ ਕਿ ਉਹ ਤੁਹਾਡੇ ਮਾਰਕ ਟਲੀ ਸਾਬ੍ਹ ਹੁੰਦੇ ਸੀ, ਹੁਣ ਕਿੱਥੇ ਹਨ? ਤਾਂ ਇਸ ਤਰ੍ਹਾਂ ਦਾ ਵੱਕਾਰ ਅਤੇ ਅਕਸ ਬਣਾਉਣਾ, ਭਾਵ ਬੀਬੀਸੀ ਮਤਲਬ ਮਾਰਕ ਟਲੀ। ਤਾਂ ਅਜਿਹੇ ਕਰੀਅਰ ਮਗਰੋਂ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ?
ਨਹੀਂ, ਅਜਿਹਾ ਕੁਝ ਖ਼ਾਸ ਮਹਿਸੂਸ ਨਹੀਂ ਹੁੰਦਾ। ਅਜਿਹਾ ਹੋਏਗਾ ਤਾਂ ਮੇਰੇ ਵਿੱਚ ਘਮੰਡ ਆ ਜਾਏਗਾ। ਘਮੰਡ ਹੋਣਾ ਪੱਤਰਕਾਰਤਾ ਲਈ ਚੰਗਾ ਨਹੀਂ ਹੈ। ਮੈਂ ਨੌਜਵਾਨ ਪੱਤਰਕਾਰਾਂ ਨੂੰ ਵੀ ਇਹੀ ਕਹਿੰਦਾ ਹਾਂ ਕਿ ਪੱਤਰਕਾਰਤਾ ਲਈ ਘਮੰਡ ਸਭ ਤੋਂ ਵੱਡਾ ਪਾਪ ਹੈ।
ਇਹ ਸੋਚਣਾ ਕਿ ਮੈਂ ਬਹੁਤ ਵੱਡੀ ਸਟੋਰੀ ਲਿਖ ਦਿੱਤੀ, ਮੈਂ ਵੱਡਾ ਪੱਤਰਕਾਰ ਬਣ ਗਿਆ, ਗ਼ਲਤ ਹੈ। ਮਸਲਨ, ਮੈਂ ਜ਼ੁਲਫੀਕਾਰ ਅਲੀ ਭੁੱਟੋ ਦੀ ਫਾਂਸੀ ਬਾਰੇ ਸਟੋਰੀ ਕਵਰ ਕੀਤੀ ਸੀ ਤਾਂ ਉਹ ਮੇਰੀ ਸਟੋਰੀ ਨਹੀਂ ਸੀ ਉਹ ਭੁੱਟੋ ਦੀ ਸਟੋਰੀ ਸੀ। ਇਸ ਲਈ ਜਦੋਂ ਕਦੇ ਲੋਕ ਕਹਿੰਦੇ ਹਨ ਕਿ ਮੈਂ ਬਹੁਤ ਵੱਡਾ ਆਦਮੀ ਹਾਂ ਮੈਨੂੰ ਡਰ ਲਗਦਾ ਹੈ ਕਿ ਕਿਤੇ ਮੇਰੇ ਵਿੱਚ ਘਮੰਡ ਨਾ ਆ ਜਾਵੇ।
ਭੁੱਟੋ ਵਾਂਗ ਤੁਸੀਂ ਇੰਦਰਾ ਗਾਂਧੀ ਦੇ ਕਤਲ ਦੀ ਖ਼ਬਰ ਨੂੰ ਵੀ ਕਵਰ ਕੀਤਾ ਸੀ। ਰਾਜੀਵ ਗਾਂਧੀ ਦੀ ਟ੍ਰਾਂਜਿਸਟਰ ਸੁਣਨ ਦੀ ਤਸਵੀਰ। ਪਤਾ ਨਹੀਂ ਰਾਜੀਵ ਗਾਂਧੀ ਟ੍ਰਾਂਜਿਸਟਰ 'ਤੇ ਕੀ ਸੁਣ ਰਹੇ ਸੀ, ਪਰ ਲੋਕਾਂ ਦਾ ਕਹਿਣਾ ਹੈ ਕਿ ਉਹ ਬੀਬੀਸੀ ਸੁਣ ਰਹੇ ਸੀ?
ਪਰ ਤੁਹਾਨੂੰ ਦੱਸਣਾ ਚਾਹਾਂਗਾ ਕਿ ਟ੍ਰਾਂਜਿਸਟਰ 'ਤੇ ਅਵਾਜ਼ ਮਾਰਕ ਟਲੀ ਦੀ ਨਹੀਂ, ਬਲਕਿ ਸਤੀਸ਼ ਜੈਕਬ ਦੀ ਸੀ। ਮੈਂ ਤਾਂ ਇਹ ਕਹਾਂਗਾ ਕਿ ਸਤੀਸ਼ ਜੈਕਬ ਦਾ ਸਾਥ ਨਾ ਮਿਲਦਾ ਤਾਂ ਸ਼ਾਇਦ ਮੇਰਾ ਵੀ ਇੰਨਾ ਨਾਮ ਨਾ ਹੁੰਦਾ।
ਚਲੋ, ਸ਼ੁਰੂਆਤ ਵੱਲ ਪਰਤਦੇ ਹਾਂ। ਤੁਹਾਡੀ ਪੈਦਾਇਸ਼ ਭਾਰਤ ਵਿੱਚ ਹੋਈ ਫਿਰ ਤੁਸੀਂ ਲੰਡਨ ਗਏ। ਆਪਣੇ ਜੀਵਨ ਬਾਰੇ ਕੁਝ ਦੱਸੋ।
ਮੇਰਾ ਜਨਮ ਕਲਕੱਤਾ ਦੇ ਟਾਲੀਗੰਜ ਵਿੱਚ ਹੋਇਆ। ਮੇਰੇ ਪਿਤਾ ਉੱਥੇ ਇੱਕ ਕੰਪਨੀ ਗਲੈਂਡਰ ਰਾਬਰਟਸਨਾਬ ਵਿੱਚ ਪਾਰਟਨਰ ਸਨ। ਇਹ ਕੰਪਨੀ ਉਦੋਂ ਬਹੁਤ ਵੱਡੀ ਹੁੰਦੀ ਸੀ ਅਤੇ ਇਸ ਦੇ ਕਬਜ਼ੇ ਵਿੱਚ ਕੋਲੇ ਦੀਆਂ ਖਾਣਾਂ, ਰੇਲਵੇ ਅਤੇ ਬੀਮਾ ਕੰਪਨੀ ਹੁੰਦੀਆਂ ਸਨ।
ਮੇਰੀ ਮਾਂ ਦਾ ਜਨਮ ਬੰਗਲਾਦੇਸ਼ ਵਿੱਚ ਛੋਟੀ ਜਿਹੀ ਜਗ੍ਹਾ ਆਕੇਰਾ ਜੰਕਸ਼ਨ ਵਿੱਚ ਹੋਇਆ ਸੀ। ਅੱਜ ਵੀ ਉੱਥੇ ਸਿਰਫ਼ ਟਰੇਨ ਜ਼ਰੀਏ ਹੀ ਜਾਂਦੇ ਹੁੰਦੇ ਸੀ। 10-15 ਸਾਲ ਪਹਿਲਾਂ ਜਦੋਂ ਮੈਂ ਆਕੇਰਾ ਜੰਕਸ਼ਨ ਗਿਆ ਤਾਂ ਸਟੇਸ਼ਨ ਮਾਸਟਰ ਨੇ ਮੈਨੂੰ ਪੁੱਛਿਆ ਕਿ ਤੁਸੀਂ ਇੱਥੇ ਕਿਉਂ ਆਏ ਹੋ। ਉਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰੀ ਮਾਂ ਦਾ ਜਨਮ ਇੱਥੇ ਹੋਇਆ ਹੈ। ਤਾਂ ਉਸ ਦਾ ਜਵਾਬ ਸੀ ਕਿ ਫਿਰ ਤਾਂ ਤੁਹਾਡਾ ਨਾਗਰਿਕ ਸਵਾਗਤ ਹੋਣਾ ਚਾਹੀਦਾ ਹੈ। ਮੈਂ ਉੱਥੋਂ ਛੇਤੀ ਛੇਤੀ ਖਿਸਕ ਗਿਆ।
ਬਚਪਨ ਕਲਕੱਤਾ ਵਿਖੇ ਬੀਤਿਆ। ਅਸੀਂ ਭਾਰਤੀ ਬੱਚਿਆਂ ਨਾਲ ਨਹੀਂ ਖੇਡਦੇ ਸੀ। ਸਕੂਲ ਵਿੱਚ ਅੰਗਰੇਜ਼ ਬੱਚਿਆਂ ਨਾਲ ਹੀ ਪੜ੍ਹਦੇ ਸੀ। ਇੱਥੋਂ ਤੱਕ ਕਿ ਜਦੋਂ ਮੈਂ ਥੋੜ੍ਹੀ ਹਿੰਦੀ ਲਿਖਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਪਿੱਛੇ 24 ਘੰਟੇ ਲਈ ਇੱਕ ਆਇਆ ਲਗਾ ਦਿੱਤੀ ਗਈ ਕਿ ਮੈਂ ਹਿੰਦੀ ਜ਼ੁਬਾਨ ਨਾ ਸਿੱਖ ਸਕਾਂ।
ਮੈਨੂੰ ਕਿਹਾ ਜਾਂਦਾ ਸੀ ਕਿ ਮੈਂ ਖ਼ਾਨਸਾਮਿਆਂ ਜਾਂ ਦੂਜੇ ਨੌਕਰਾਂ ਦੇ ਜ਼ਿਆਦਾ ਨੇੜੇ ਨਾ ਜਾਵਾਂ। ਇੱਕ ਵਾਰ ਮੇਰੇ ਮਾਤਾ-ਪਿਤਾ ਦੇ ਡਰਾਈਵਰ ਨਾਲ ਮੈਂ ਹਿੰਦੀ ਵਿੱਚ ਗਣਿਤ ਬੋਲ ਰਿਹਾ ਸੀ ਤਾਂ ਮੇਰੀ ਆਇਆ ਨੇ ਮੈਨੂੰ ਥੱਪੜ ਮਾਰਿਆ ਅਤੇ ਕਿਹਾ ਕਿ ਇਹ ਤੁਹਾਡੀ ਜ਼ੁਬਾਨ ਨਹੀਂ ਹੈ। ਤਾਂ ਬਚਪਨ ਵਿੱਚ ਸਾਨੂੰ ਹਿੰਦੀ ਜਾਂ ਬੰਗਾਲੀ ਸਿੱਖਣ ਦਾ ਮੌਕਾ ਨਹੀਂ ਮਿਲਿਆ।
ਫਿਰ ਪੜ੍ਹਾਈ-ਲਿਖਾਈ, ਸਕੂਲ-ਕਾਲਜ ?
ਮੈਂ ਇੰਗਲੈਂਡ ਵਿੱਚ ਇੱਕ ਪਬਲਿਕ ਸਕੂਲ ਵਿੱਚ ਪੜ੍ਹਿਆ। ਇਹ ਮੁੰਡਿਆਂ ਦਾ ਸਕੂਲ ਸੀ। ਬਦਮਾਸ਼ੀ ਕਰਨ ਜਾਂ ਸਹੀ ਤਰ੍ਹਾਂ ਪੜ੍ਹਾਈ ਨਾ ਕਰਨ 'ਤੇ ਟੀਚਰ ਖ਼ੂਬ ਮਾਰਦੇ ਸਨ। ਫਿਰ ਮੈਂ ਦੋ ਸਾਲ ਲਈ ਫੌਜ ਵਿੱਚ ਵੀ ਗਿਆ। ਪਰ ਮੈਨੂੰ ਫੌਜ ਬਿਲਕੁਲ ਪਸੰਦ ਨਹੀਂ ਆਈ। ਫਿਰ ਮੈਂ ਕੈਂਬ੍ਰਿਜ ਯੂਨੀਵਰਸਿਟੀ ਗਿਆ।
ਉੱਥੇ ਮੈਂ ਇਤਿਹਾਸ ਅਤੇ ਧਾਰਮਿਕ ਪੜ੍ਹਾਈ ਕੀਤੀ। ਮੈਂ ਪਾਦਰੀ ਬਣਨ ਬਾਰੇ ਸੋਚਿਆ ਸੀ। ਪਰ ਪੜ੍ਹਾਈ ਨਹੀਂ ਹੋ ਸਕੀ। ਪੰਜ ਸਾਲ ਤੱਕ ਮੇਰੀ ਪੜ੍ਹਾਈ ਦਾਰਜੀਲਿੰਗ ਦੇ ਬੋਰਡਿੰਗ ਸਕੂਲ ਵਿੱਚ ਹੋਈ। ਫਿਰ ਮੈਂ ਇੰਗਲੈਂਡ ਚਲਾ ਗਿਆ। 21 ਸਾਲ ਤੱਕ ਸਿਰਫ਼ ਪੜ੍ਹਾਈ-ਪੜ੍ਹਾਈ ਹੋਈ। ਯੂਨੀਵਰਸਿਟੀ ਪਹੁੰਚਿਆਂ ਤਾਂ ਇੱਕ ਤਰ੍ਹਾਂ ਅਜ਼ਾਦ ਮਹਿਸੂਸ ਕੀਤਾ। ਤਾਂ ਪੜ੍ਹਾਈ ਬਹੁਤ ਘੱਟ ਕਰਦੇ ਸੀ, ਖੇਡਦੇ-ਕੁੱਦਦੇ ਸੀ ਅਤੇ ਕੁੜੀਆਂ ਪਿੱਛੇ ਭੱਜਦੇ ਸੀ।
ਜਦੋਂ ਤੁਸੀਂ 9 ਸਾਲ ਦੀ ਉਮਰ ਵਿੱਚ ਕਲਕੱਤੇ ਤੋਂ ਇੰਗਲੈਂਡ ਗਏ ਤਾਂ ਕਿਵੇਂ ਲੱਗਿਆ?
ਮੈਨੂੰ ਲੱਗਿਆ ਕਿ ਮੈਂ ਬਹੁਤ ਮਾੜੀ ਥਾਂ ਆ ਗਿਆ ਹਾਂ। ਇਸਦੇ ਦੋ-ਤਿੰਨ ਕਾਰਨ ਸਨ। ਇੱਕ ਤਾਂ ਉੱਥੋਂ ਦਾ ਮੌਸਮ ਬਹੁਤ ਖ਼ਰਾਬ ਸੀ ਅਤੇ ਧੁੱਪ ਬਹੁਤ ਘੱਟ ਆਉਂਦੀ ਸੀ। ਭਾਰਤ ਵਿੱਚ ਸਾਡੇ ਕੋਲ ਨੌਕਰ ਸੀ, ਉੱਥੇ ਆਪਣਾ ਕੰਮ ਖ਼ੁਦ ਕਰਨਾ ਪੈਂਦਾ ਸੀ। ਭਾਰਤ ਵਿੱਚ ਮੇਰੇ ਬਹੁਤ ਦੋਸਤ ਸੀ, ਉੱਥੇ ਜ਼ਿਆਦਾ ਦੋਸਤੀ ਨਹੀਂ ਸੀ। ਫਿਰ ਉੱਥੇ ਪਹੁੰਚਦੇ ਹੀ ਮੇਰਾ ਸਕੂਲ ਵਿੱਚ ਦਾਖ਼ਲਾ ਕਰਵਾ ਦਿੱਤਾ ਗਿਆ ਸੀ। ਸਕੂਲ ਅਧਿਆਪਕ ਬਹੁਤ ਸਖ਼ਤ ਸਨ। ਦਾਰਜੀਲਿੰਗ ਵਿੱਚ ਸਾਡਾ ਸਕੂਲ ਬਹੁਤ ਚੰਗਾ ਸੀ।
ਫੌਜ ਤੋਂ ਆਏ, ਕੈਂਬ੍ਰਿਜ ਵਿੱਚ ਇਤਿਹਾਸ ਅਤੇ ਥਿਓਲਾਜੀ ਪੜ੍ਹੀ। ਫਿਰ ਬੀਬੀਸੀ ਨਾਲ ਕਿਵੇਂ ਜੁੜੇ ?
ਇਹ ਵੀ ਇਤਫ਼ਾਕ ਨਾਲ ਹੋਇਆ ਜਦੋਂ ਮੈਂ ਪਾਦਰੀ ਬਣਨ ਲਈ ਪੂਰੀ ਪੜ੍ਹਾਈ ਨਹੀਂ ਕਰ ਸਕਿਆ। ਪ੍ਰਿੰਸੀਪਲ ਨੇ ਮੈਨੂੰ ਬੁਲਾ ਕੇ ਕਿਹਾ ਕਿ ਤੁਸੀਂ ਚੰਗੇ ਇਨਸਾਨ ਹੋ, ਪਰ ਗੰਭੀਰ ਨਹੀਂ ਹੋ। ਇਸ ਲਈ ਤੁਸੀਂ ਲੋਕਾਂ ਨੂੰ ਉਪਦੇਸ਼ ਨਾ ਦੇਵੋ ਅਤੇ ਪਬਲਿਕ ਹਾਊਸ ਵਿੱਚ ਰਹੋ।
ਇਸ ਤੋਂ ਬਾਅਦ ਮੈਂ ਬਜ਼ੁਰਗ ਲੋਕਾਂ ਦੀ ਮਦਦ ਕਰਨ ਵਾਲੀ ਇੱਕ ਗ਼ੈਰ-ਸਰਕਾਰੀ ਸੰਸਥਾ ਵਿੱਚ ਚਾਰ ਸਾਲ ਲਈ ਕੰਮ ਕੀਤਾ। ਇਤਫ਼ਾਕ ਨਾਲ ਮੈਂ ਇੱਕ ਇਸ਼ਤਿਹਾਰ ਦੇਖਿਆ ਅਤੇ ਬੀਬੀਸੀ ਵਿੱਚ ਅਰਜ਼ੀ ਭਰੀ। ਪਰ ਮੈਨੂੰ ਪੱਤਰਕਾਰਤਾ ਦਾ ਮੌਕਾ ਨਹੀਂ ਮਿਲਿਆ। ਉੱਥੇ ਮੈਂ ਪਰਸੋਨਲ ਵਿਭਾਗ ਵਿੱਚ ਸੀ। ਬਾਬੂਗਿਰੀ ਦਾ ਕੰਮ ਸੀ।
ਮੈਨੂੰ ਇੱਕ ਸਾਲ ਬਾਅਦ ਭਾਰਤ ਆਉਣ ਦਾ ਮੌਕਾ ਮਿਲਿਆ। ਭਾਰਤ ਜਾਣ ਲਈ ਜਦੋਂ ਮੇਰਾ ਇੰਟਰਵਿਊ ਹੋਇਆ ਤਾਂ ਉਨ੍ਹਾਂ ਨੂੰ ਉਮੀਦ ਸੀ ਕਿ ਮੈਂ ਨੌ ਸਾਲ ਭਾਰਤ ਵਿੱਚ ਗੁਜ਼ਾਰੇ ਹਨ, ਇਸ ਲਈ ਥੋੜ੍ਹੀ-ਬਹੁਤ ਹਿੰਦੀ ਜਾਣਦਾ ਹੋਵਾਂਗਾ। ਪਰ ਮੈਨੂੰ ਸਿਰਫ਼ ਛੋਟੀ-ਮੋਟੀ ਕਵਿਤਾ ਹੀ ਆਉਂਦੀ ਸੀ।
ਤਾਂ ਜਦੋਂ ਭਾਰਤ ਆਏ, ਉਦੋਂ ਹੀ ਪੱਤਰਕਾਰਤਾ ਦਾ ਮੌਕਾ ਮਿਲਿਆ?
ਦਰਅਸਲ, ਜਦੋਂ ਭਾਰਤ ਆਇਆ ਤਾਂ ਪਰਸੋਨਲ ਵਿਭਾਗ ਵਿੱਚ ਹੀ ਆਇਆ ਸੀ। ਇੱਥੇ ਜ਼ਿਆਦਾ ਕੰਮ ਨਹੀਂ ਸੀ। ਮੈਂ ਖ਼ੁਦ ਹੀ ਪੱਤਰਕਾਰ ਬਣਨ ਦਾ ਫ਼ੈਸਲਾ ਲਿਆ। ਮੈਂ ਟੈਲੀਵਿਜ਼ਨ ਟੀਮ ਦੀ ਮਦਦ ਕਰਦਾ ਹੁੰਦਾ ਸੀ। ਮੈਂ ਸਭ ਤੋਂ ਪਹਿਲਾਂ ਸਟੇਟਸਮੈਨ ਵਿੰਟੇਜ ਕਾਰ ਰੈਲੀ ਬਾਰੇ ਫ਼ੀਚਰ ਕੀਤਾ ਸੀ। ਉਸ ਦੌਰਾਨ ਪ੍ਰਡਿਊਸਰ ਇੱਕ ਔਰਤ ਸੀ ਅਤੇ ਉਨ੍ਹਾਂ ਨੂੰ ਉਹ ਫ਼ੀਚਰ ਬਹੁਤ ਪਸੰਦ ਆਇਆ ਸੀ।
ਬਚਪਨ ਵਿੱਚ ਤਾਂ ਤੁਸੀਂ ਹਿੰਦੀ ਸਿੱਖ ਨਹੀਂ ਸਕੇ, ਫਿਰ ਇੰਗਲੈਂਡ ਚਲੇ ਗਏ। ਤਾਂ ਤੁਸੀਂ ਹਿੰਦੀ ਬੋਲਣਾ ਕਿਵੇਂ ਸਿੱਖੇ ?
ਮੈਂ ਹਿੰਦੀ ਬੋਲਣ ਦੀ ਕੋਸ਼ਿਸ਼ ਤਾਂ ਕੀਤੀ ਸੀ, ਪਰ ਪੱਤਰਕਾਰਤਾ ਦੌਰਾਨ ਰੁਝੇਵੇਂ ਕਾਫ਼ੀ ਵਧ ਗਏ ਸੀ। ਲਗਾਤਾਰ ਹਿੰਦੀ ਨਹੀਂ ਸਿੱਖ ਸਕਿਆ, ਪਰ ਅਖ਼ਬਾਰ ਪੜ੍ਹ ਕੇ ਮੈਂ ਹਿੰਦੀ ਸਿੱਖੀ। ਮੈਂ ਹਮੇਸ਼ਾ ਕਹਿੰਦਾ ਹਾਂ ਕਿ ਇਸ ਦੇਸ਼ ਲਈ ਬਹੁਤ ਸ਼ਰਮ ਦੀ ਗੱਲ ਹੈ ਕਿ ਜਦੋਂ ਕਦੇ ਕਿਸੇ ਨਾਲ ਹਿੰਦੀ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਜਵਾਬ ਅੰਗਰੇਜ਼ੀ ਵਿੱਚ ਦਿੰਦਾ ਹੈ।
ਕੀ ਤੁਹਾਨੂੰ ਵੀ ਲਗਦਾ ਹੈ ਕਿ ਹਿੰਦੀ ਭਾਵੇਂ ਹੀ ਰਾਸ਼ਟਰ ਭਾਸ਼ਾ ਹੋਵੇ, ਪਰ ਇੱਕ ਦੌਰ ਅਜਿਹਾ ਸੀ ਜਦੋਂ ਲੋਕ ਅੰਗਰੇਜ਼ੀ ਨਾ ਬੋਲ ਸਕਣ 'ਤੇ ਖ਼ੁਦ ਨੂੰ ਛੋਟਾ ਮਹਿਸੂਸ ਕਰਦੇ ਸੀ?
ਉਸ ਦੌਰ ਵਿੱਚ ਜੇ ਤੁਸੀਂ ਲੋਕਾਂ ਨਾਲ ਹਿੰਦੀ ਵਿੱਚ ਗੱਲ ਕਰਦੇ ਸੀ ਤਾਂ ਲੋਕ ਨਰਾਜ਼ ਹੋ ਜਾਂਦੇ ਸੀ ਕਿ ਇਹ ਆਦਮੀ ਸੋਚਦਾ ਹੈ ਕਿ ਮੈਂ ਅੰਗਰੇਜ਼ੀ ਨਹੀਂ ਜਾਣਦਾ। ਮੇਰਾ ਮੰਨਣਾ ਹੈ ਕਿ ਭਾਰਤ ਦਾ ਆਤਮ-ਵਿਸ਼ਵਾਸ ਵਧਿਆ ਹੈ। ਪਰ ਹਿੰਦੀ ਬੋਲਣ ਵਾਲਿਆਂ ਦਾ ਆਤਮ-ਵਿਸ਼ਵਾਸ ਹੋਰ ਵਧਣਾ ਚਾਹੀਦਾ ਹੈ।
ਬਤੌਰ ਪੱਤਰਕਾਰ ਤੁਸੀਂ ਬਹੁਤ ਸਾਰੀਆਂ ਕਹਾਣੀਆਂ ਕੀਤੀਆਂ ਹਨ, ਕੋਈ ਯਾਦਗਾਰ ਕਹਾਣੀ ?
ਇੱਕ ਦਿਲਚਸਪ ਘਟਨਾ ਹੈ। ਐਮਰਜੈਂਸੀ ਦੌਰਾਨ ਵਿਦਿਆਚਰਨ ਸ਼ੁਕਲਾ ਸੂਚਨਾ ਅਤੇ ਪ੍ਰਸਾਰਨ ਮੰਤਰੀ ਸੀ। ਉਨ੍ਹਾਂ ਨੇ ਮੈਨੂੰ ਬੁਲਾਇਆ ਅਤੇ ਪੁੱਛਿਆ ਕਿ ਤੁਹਾਨੂੰ ਖ਼ਬਰਾਂ ਕਿੱਥੋਂ ਮਿਲਦੀਆਂ ਹਨ? ਮੈਂ ਜਵਾਬ ਦਿੱਤਾ ਕਿ ਸਾਡੇ ਕੋਲ ਪੱਤਰਕਾਰ ਹਨ, ਅਸੀਂ ਅਕਾਸ਼ਵਾਣੀ ਤੋਂ ਖ਼ਬਰਾਂ ਸੁਣਦੇ ਹਾਂ।
ਫਿਰ ਉਨ੍ਹਾਂ ਨੇ ਕਿਹਾ ਕਿ ਮੈਂ ਮਹਿਸੂਸ ਕਰਦਾ ਹਾਂ ਕਿ ਤੁਸੀਂ ਜਾਸੂਸੀ ਕਰਦੇ ਹੋ। ਮੈਂ ਪੁੱਛਿਆ ਕਿ ਤਹਾਨੂੰ ਅਜਿਹਾ ਕਿਉਂ ਲਗਦਾ ਹੈ, ਤਾਂ ਉਨ੍ਹਾਂ ਦਾ ਜਵਾਬ ਸੀ ਕਿ ਜੇ ਤੁਸੀਂ ਜਾਸੂਸ ਨਹੀਂ ਹੋ ਤਾਂ ਫਿਰ ਤੁਸੀਂ ਹਿੰਦੀ ਕਿਉਂ ਸਿੱਖੀ।
ਵਿਦਿਆਚਰਨ ਸ਼ੁਕਲਾ ਸੰਜੇ ਗਾਂਧੀ ਦੇ ਬਹੁਤ ਕਰੀਬੀ ਮੰਨੇ ਜਾਂਦੇ ਸੀ। ਹਾਲ ਹੀ ਵਿੱਚ ਟੈਲੀਵਿਜ਼ਨ ਦੇਖ ਰਿਹਾ ਸੀ ਕਿ ਵਰੁਣ ਗਾਂਧੀ ਮਾਮਲੇ ਵਿੱਚ ਸ਼ੁਕਲਾ ਤੋਂ ਕਿਸੇ ਨੇ ਪੁੱਛਿਆ ਕਿ ਜੇ ਤੁਸੀਂ ਸੰਜੇ ਗਾਂਧੀ ਹੁੰਦੇ ਤਾਂ ਕੀ ਕਰਦੇ। ਸ਼ੁਕਲਾ ਦਾ ਜਵਾਬ ਸੀ ਕਿ ਸੰਜੇ ਵਰੁਣ ਨੂੰ ਜੋ ਥੱਪੜ ਜੜਦੇ। ਤੁਹਾਡਾ ਕੀ ਕਹਿਣਾ ਹੈ ?
ਸੰਜੇ ਗਾਂਧੀ ਬਹੁਤ ਹੀ ਕੜਕ ਮਿਜਾਜ਼ ਦੇ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਡੰਡੇ ਦੇ ਜ਼ੋਰ 'ਤੇ ਸਭ ਠੀਕ ਹੋ ਸਕਦਾ ਹੈ। ਇਸ ਲਈ ਐਮਰਜੈਂਸੀ ਬਹੁਤ ਹੀ ਖ਼ਰਾਬ ਸਮਾਂ ਸੀ।
ਇੰਦਰਾ ਗਾਂਧੀ ਨਾਲ ਤੁਹਾਡੀਆਂ ਮੁਲਾਕਾਤਾਂ ਹੋਈਆਂ ਸੀ। ਉਨ੍ਹਾਂ ਬਾਰੇ ਤੁਹਾਡਾ ਕੀ ਕਹਿਣਾ ਹੈ ?
ਇੰਦਰਾ ਗਾਂਧੀ ਬਾਰੇ ਸਪਸ਼ਟ ਤੌਰ 'ਤੇ ਕੁਝ ਨਹੀਂ ਕਹਿ ਸਕਦਾ। ਕਦੇ ਉਹ ਬਹੁਤ ਦੋਸਤਾਨਾ ਸਲੂਕ ਕਰਦੇ ਸਨ ਅਤੇ ਕਦੇ ਬਹੁਤ ਰੁੱਖਾ। ਐਮਰਜੈਂਸੀ ਤੋਂ ਬਾਅਦ ਇੱਕ-ਦੋ ਵਾਰ ਮੈਂ ਡਾਇਰੈਕਟਰ ਜਨਰਲ ਨਾਲ ਇੰਦਰਾ ਗਾਂਧੀ ਕੋਲ ਗਿਆ ਸੀ।
ਉੱਥੇ ਡਾਇਰੈਕਟਰ ਜਨਰਲ ਨੇ ਇੰਦਰਾ ਜੀ ਤੋਂ ਪੁੱਛ ਲਿਆ ਕਿ ਤੁਹਾਨੂੰ ਲੋਕਾਂ ਨੇ ਹਰਾ ਦਿੱਤਾ, ਤੁਸੀਂ ਕੀ ਸੋਚਦੇ ਹੋ? ਇੰਦਰਾ ਗਾਂਧੀ ਦਾ ਕਹਿਣਾ ਸੀ ਕਿ ਲੋਕਾਂ ਨੂੰ ਅਫ਼ਵਾਹ ਫੈਲਾ ਕੇ ਗੁਮਰਾਹ ਕੀਤਾ ਗਿਆ ਹੈ ਅਤੇ ਜ਼ਿਆਦਾਤਰ ਅਫ਼ਵਾਹਾਂ ਬੀਬੀਸੀ ਨੇ ਫੈਲਾਈਆਂ ਹਨ।
ਆਖ਼ਰੀ ਵਾਰ ਮੈਂ ਇੰਦਰਾ ਗਾਂਧੀ ਨੂੰ 1983 ਵਿੱਚ ਕਾਮਨਵੈਲਥ ਪ੍ਰਾਈਮ ਮਿਨਿਸਟਰ ਕਾਨਫਰੰਸ ਵਿੱਚ ਮਿਲਿਆ ਸੀ। ਮੈਂ ਉਨ੍ਹਾਂ ਦਾ ਛੋਟਾ ਜਿਹਾ ਇੰਟਰਵਊ ਲਿਆ ਸੀ। ਇੰਟਰਵਿਊ ਬਾਅਦ ਇੰਦਰਾ ਜੀ ਨੇ ਮੈਨੂੰ ਟੇਪ ਰਿਕਾਰਡ ਬੰਦ ਕਰਨ ਨੂੰ ਕਿਹਾ ਅਤੇ 10-15 ਮਿੰਟ ਤੱਕ ਦੇਸ਼ ਦੇ ਹਾਲਾਤ ਬਾਰੇ ਚਰਚਾ ਕਰਦੇ ਰਹੇ।
ਯਾਦਗਾਰ ਘਟਨਾਵਾਂ ਦੀ ਗੱਲ ਕਰੀਏ ਤਾਂ?
ਸਭ ਤੋਂ ਆਖ਼ਰੀ ਘਟਨਾ ਅਯੁੱਧਿਆ ਦੀ ਸੀ। ਜਿਸ ਵੇਲੇ ਉੱਥੇ ਭੰਨ-ਤੋੜ ਚੱਲ ਰਹੀ ਸੀ। ਅਯੁੱਧਿਆ ਤੋਂ ਸਟੋਰੀ ਭੇਜਣਾ ਸੰਭਵ ਨਹੀਂ ਸੀ ਉਦੋਂ ਮੈਂ ਤੁਰੰਤ ਫੈਜ਼ਾਬਾਦ ਗਿਆ ਅਤੇ ਉੱਥੋਂ ਸਟੋਰੀ ਭੇਜੀ। ਬੀਬੀਸੀ ਨੇ ਸਭ ਤੋਂ ਪਹਿਲਾਂ ਭੰਨ-ਤੋੜ ਦੀ ਖ਼ਬਰ ਦਿੱਤੀ ਸੀ। ਬਾਅਦ ਵਿੱਚ ਅਯੁੱਧਿਆ ਅਤੇ ਫੈਜ਼ਾਬਾਦ ਵਿਚਕਾਰ ਸਾਨੂੰ ਕੁਝ ਲੋਕਾਂ ਨੇ ਘੇਰ ਲਿਆ। ਮੇਰੇ ਨਾਲ ਕੁਝ ਭਾਰਤੀ ਪੱਤਰਕਾਰ ਵੀ ਸੀ। ਮੈਨੂੰ ਅਤੇ ਮੇਰੇ ਭਾਰਤੀ ਪੱਤਰਕਾਰ ਦੋਸਤਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ।
ਤੁਹਾਡੇ ਕਰੀਅਰ ਦਾ ਸਭ ਤੋਂ ਮੁਸ਼ਕਿਲ ਅਸਾਈਨਮੈਂਟ ?
ਮੈਨੂੰ ਲਗਦਾ ਹੈ ਜ਼ੁਲਫੀਕਾਰ ਅਲੀ ਭੁੱਟੋ ਦੇ ਮੁਕੱਦਮੇ ਦੀ ਸੁਣਵਾਈ ਦੀ ਕਵਰੇਜ ਬਹੁਤ ਮੁਸ਼ਕਿਲ ਸੀ। ਮੈਂ ਹਰ ਸ਼ਾਮ ਨੂੰ ਜੱਜ ਕੋਲ ਜਾਂਦਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਮੈਨੂੰ ਸਭ ਕੁਝ ਦੱਸਣਗੇ, ਪਰ ਜੇ ਸਟੋਰੀ ਚੱਲੀ ਤਾਂ ਉਹ ਖੰਡਨ ਕਰ ਦੇਣਗੇ। ਇਹ ਮੇਰੇ ਲਈ ਬਹੁਤ ਮੁਸ਼ਕਿਲ ਸਥਿਤੀ ਸੀ।
ਤੁਹਾਡੇ ਕਰੀਅਰ ਦੀ ਸਭ ਤੋਂ ਬਿਹਤਰ ਸਟੋਰੀ?
ਮੈਨੂੰ ਰੇਲਵੇ ਬਹੁਤ ਪਸੰਦ ਹੈ। ਮੇਰਾ ਪਸੰਦੀਦਾ ਵਿਸ਼ਾ। ਮੈਂ ਕਰਾਚੀ ਤੋਂ ਖ਼ੈਬਰ ਦਰ੍ਹੇ ਸੰਖ ਰੇਲ ਯਾਤਰਾ ਬਾਰੇ ਬੀਬੀਸੀ ਲਈ ਫ਼ਿਲਮ ਬਣਾਈ। ਪੇਸ਼ਾਵਰ ਤੋਂ ਖ਼ੈਬਰ ਦਰ੍ਹੇ ਤੱਕ ਦੀ ਇਤਿਹਾਸਕ ਰੇਲ ਲਾਈਨ ਕਈ ਸਾਲ ਤੋਂ ਬੰਦ ਸੀ। ਅਸੀਂ ਪਾਕਿਸਤਾਨ ਰੇਲਵੇ ਕੋਲ ਇਸ ਨੂੰ ਖੋਲ੍ਹਣ ਦੀ ਬੇਨਤੀ ਕੀਤੀ ਅਤੇ ਉਨ੍ਹਾਂ ਨੇ ਇਸ ਨੂੰ ਮੰਨ ਲਿਆ।
ਤੁਸੀਂ ਦਹਾਕਿਆਂ ਤੱਕ ਭਾਰਤ ਵਿੱਚ ਰਿਪੋਰਟਿੰਗ ਕੀਤੀ। ਤੁਹਾਡੀ ਨਜ਼ਰ ਵਿੱਚ ਭਾਰਤ ਦੀ ਸਭ ਤੋਂ ਵੱਡੀ ਸ਼ਕਤੀ ਕੀ ਹੈ?
ਮੇਰੀ ਰਾਏ ਵਿੱਚ ਭਾਰਤ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਸਥਿਰਤਾ ਹੈ। ਭਾਰਤ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਇੱਥੇ ਹਰ ਧਰਮ ਦੇ ਲੋਕ ਹਨ। ਪਹਾੜ ਹਨ, ਰੇਗਿਸਤਾਨ ਹਨ, ਸਮੁੰਦਰ ਦੇ ਕੰਢੇ ਹਨ। ਇਹ ਇਕਜੁੱਟ ਦੇਸ਼ ਹੈ ਅਤੇ ਇਕਜੁੱਟ ਰਹੇਗਾ।
ਸਭ ਤੋਂ ਵੱਡੀ ਕਮਜ਼ੋਰੀ ਕੀ ਹੈ ?
ਮੇਰੀ ਨਜ਼ਰ ਵਿੱਚ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਤੁਸੀਂ ਅੰਗਰੇਜ਼ ਰਾਜ ਤੋਂ ਬਾਬੂਗਿਰੀ ਪ੍ਰਣਾਲੀ ਲਈ ਅਤੇ ਉਹ ਹੁਣ ਤੱਕ ਇਹ ਚੱਲ ਰਹੀ ਹੈ।
ਬਾਬੂਗਿਰੀ ਤੋਂ ਬਿਨ੍ਹਾਂ ਦੇਸ਼ ਕਿਵੇਂ ਚੱਲੇ, ਕਿਹੜੀ ਵਿਵਸਥਾ ਲਾਗੂ ਕੀਤੀ ਜਾਵੇ?
ਹੁਣ ਵੀ ਇੱਥੇ ਥਾਣੇਦਾਰ ਦਾ ਸਿਸਟਮ ਹੈ। ਇੰਗਲੈਂਡ ਵਿੱਚ ਮਾਡਰਨ ਪੁਲਿਸ ਫੋਰਸ ਹੈ। ਤੁਸੀਂ ਨਹੀਂ ਕਹਿ ਸਕਦੇ ਹਿ ਭਾਰਤ ਵਿੱਚ ਮਾਡਰਨ ਪੁਲਿਸ ਹੈ। ਅੱਜ ਵੀ ਪਿੰਡਾਂ ਵਿੱਚ ਤੁਹਾਨੂੰ ਸ਼ਿਕਾਇਤ ਮਿਲੇਗੀ ਕਿ ਬਾਬੂ ਉਨ੍ਹਾਂ ਦੀ ਸੁਣਵਾਈ ਨਹੀਂ ਕਰਦੇ। ਬਾਬੂਆਂ ਦੀ ਅੱਜ ਵੀ ਇਹੀ ਸੋਚ ਹੈ ਕਿ ਉਨ੍ਹਾਂ ਨੇ ਲੋਕਾਂ 'ਤੇ ਰਾਜ ਕਰਨਾ ਹੈ।
ਤੁਹਾਨੂੰ ਨਾਈਟਹੁਡ, ਪਦਮਸ੍ਰੀ, ਪਦਮ ਭੂਸ਼ਣ ਸਨਮਾਨ ਮਿਲੇ ਹਨ, ਕਿਵੇਂ ਲਗਦਾ ਹੈ ?
ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇਹ ਸਨਮਾਨ ਮਿਲਣਗੇ। ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਪੁੱਛਿਆ ਸੀ ਕਿ ਮੈਂ ਨਾਈਟਹੁਡ ਦੀ ਉਪਾਧੀ ਲਵਾਂਗਾ ਜਾਂ ਨਹੀਂ। ਉਦੋਂ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਮੈਂ ਪਹਿਲੇ ਜ਼ਮਾਨੇ ਦਾ ਹਾਂ, ਹੁਣ ਦਾ ਨਹੀਂ। ਹਾਈ ਕਮਿਸ਼ਨਰ ਨੇ ਕਿਹਾ ਕਿ ਅਸੀਂ ਤਾਂ ਹੁਣ ਵੀ ਤੁਹਾਨੂੰ ਇਸ ਜ਼ਮਾਨੇ ਦਾ ਮੰਨਦੇ ਹਾਂ।
ਜਦੋਂ ਪਦਮ ਸ੍ਰੀ ਅਤੇ ਪਦਮ ਭੂਸ਼ਣ ਮਿਲਿਆ, ਤਾਂ ਵੀ ਬਹੁਤ ਚੰਗਾ ਲੱਗਿਆ।
ਭਾਰਤੀਆਂ ਵਿੱਚ ਤੁਹਾਡੇ ਪਸੰਦੀਦਾ ਸਿਆਸਤਦਾਨ?
ਚੌਧਰੀ ਦੇਵੀਲਾਲ। ਉਹ ਮੇਰੇ ਬਹੁਤ ਚੰਗੇ ਦੋਸਤ ਸੀ। ਚੋਣਾਂ ਸਮੇਂ ਇੱਕ ਵਾਰ ਮੈਂ ਉਨ੍ਹਾਂ ਕੋਲ ਗਿਆ। ਚੌਧਰੀ ਸਾਬ੍ਹ ਨੇ ਕਿਹਾ ਕਿ ਉਹ ਬਹੁਤ ਬੋਰੀਅਤ ਮਹਿਸੂਸ ਕਰ ਰਹੇ ਹਨ। ਮੈਂ ਪੁੱਛਿਆ ਕਿ ਮੈਂ ਤਾਂ ਸੁਣਿਆ ਹੈ ਕਿ ਚੋਣ ਮਨੋਰਥ ਪੱਤਰ ਵਿੱਚ ਤਾਂ ਬਹੁਤ ਚੰਗੀ ਗੱਲ ਹੋਈ ਹੈ। ਤਾਂ ਉਨ੍ਹਾਂ ਦਾ ਜਵਾਬ ਸੀ 'ਬੇਵਕੂਫ਼ ਮੈਂ ਗਿਣ ਨਹੀਂ ਸਕਦਾ ਕਿ ਮੈਂ ਕਿੰਨੀਆਂ ਚੋਣਾਂ ਲੜੀਆਂ ਹਨ, ਪਰ ਇੰਨਾ ਕਹਿੰਦਾ ਹਾਂ ਕਿ ਮੈਂ ਇੱਕ ਵੀ ਚੋਣ ਮਨੋਰਥ ਪੱਤਰ ਨਹੀਂ ਪੜ੍ਹਿਆ।'
ਇੱਕ ਗੱਲ ਚੌਧਰੀ ਸਾਬ੍ਹ ਬਾਰੇ ਬਹੁਤ ਵਧੀਆ ਸੀ। ਉਨ੍ਹਾਂ ਨੂੰ ਪਿੰਡ-ਪਿੰਡ ਵਿੱਚ ਹਰ ਆਦਮੀ ਜਾਣਦਾ ਸੀ।
ਦੂਜੇ, ਮੈਨੂੰ ਰਾਜੀਵ ਗਾਂਧੀ ਬਹੁਤ ਪਸੰਦ ਸੀ। ਮੇਰੀ ਰਾਏ ਵਿੱਚ ਜੇ ਉਨ੍ਹਾਂ ਦਾ ਕਤਲ ਨਾ ਹੁੰਦਾ ਤਾਂ ਭਾਰਤ ਹੋਰ ਤਰੱਕੀ ਕਰਦਾ। ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਕੀ ਕਰਨਾ ਹੈ।
ਕ੍ਰਿਕਟ ਦਾ ਵੀ ਤੁਹਾਨੂੰ ਬਹੁਤ ਸ਼ੌਕ ਹੈ। ਤੁਹਾਡੇ ਪਸੰਦੀਦਾ ਕ੍ਰਿਕਟਰ?
ਅਸਲੀਅਤ ਇਹ ਹੈ ਕਿ ਮੈਂ ਕ੍ਰਿਕਟ ਵਿੱਚ ਭਾਰਤੀ ਟੀਮ ਦਾ ਬਹੁਤ ਸਮਰਥਨ ਕਰਦਾ ਹਾਂ। ਖ਼ਾਸ ਕਰ ਅੱਜ ਦੀ ਟੀਮ ਦਾ। ਮੈਨੂੰ ਮਹਿੰਦਰ ਸਿੰਘ ਧੋਨੀ ਬਹੁਤ ਪਸੰਦ ਹੈ। ਜਦੋਂ ਮੈਂ ਪਹਿਲੀ-ਪਹਿਲੀ ਵਾਰ ਧੋਨੀ ਨੂੰ ਦੇਖਿਆ ਤਾਂ ਮੈਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਕਹਿ ਦਿੱਤਾ ਸੀ ਕਿ ਉਹ ਬਹੁਤ ਅੱਗੇ ਜਾਣਗੇ।
ਇਸ ਤੋਂ ਇਲਾਵਾ ਸੌਰਵ ਗਾਂਗੁਲੀ ਵੀ ਬਹੁਤ ਪਸੰਦ ਹੈ। ਹਰਭਜਨ ਸਿੰਘ ਵੀ ਮੈਨੂੰ ਪਸੰਦ ਹੈ। ਹਾਲਾਂਕਿ ਉਹ ਬਹੁਤ ਉਦਾਸ ਨਜ਼ਰ ਆਉਂਦੇ ਹਨ।
ਤੁਹਾਨੂੰ ਹਿੰਦੀ ਫ਼ਿਲਮਾਂ ਵੀ ਪਸੰਦ ਹਨ। ਤੁਹਾਡੀਆਂ ਪਸੰਦੀਦਾ ਫ਼ਿਲਮਾਂ?
ਮੈਨੂੰ ਹਿੰਦੀ ਫ਼ਿਲਮਾਂ ਦਾ ਸ਼ੌਂਕ ਹੈ। 'ਓਂਕਾਰਾ', 'ਤਾਰੇ ਜ਼ਮੀਨ ਪਰ', ਮੈਨੂੰ ਪਸੰਦ ਆਈਆਂ। ਪੁਰਾਣੀਆਂ ਫ਼ਿਲਮਾਂ ਵਿੱਚ ਮੈਨੂੰ 'ਨਯਾ ਦੌਰ' ਪਸੰਦ ਹੈ। ਮੈਨੂੰ ਅਮਰੀਸ਼ ਪੁਰੀ ਬਹੁਤ ਪਸੰਦ ਸੀ। ਨਾਸੀਰੁਦੀਨ ਸ਼ਾਹ, ਸੈਫ ਅਲੀ ਖ਼ਾਨ ਬਹੁਤ ਚੰਗੇ ਅਦਾਕਾਰ ਹਨ। ਬੋਮਨ ਈਰਾਨੀ ਵੀ ਮੈਨੂੰ ਪਸੰਦ ਹਨ।
ਅਮਰੀਸ਼ ਪੁਰੀ ਬਾਰੇ ਇੱਕ ਗੱਲ ਕਹਿਣਾ ਚਾਹਾਂਗਾ। ਜਦੋਂ ਮੈਨੂੰ ਨਾਈਟਹੁਡ ਦੀ ਉਪਾਧੀ ਮਿਲੀ ਤਾਂ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਕਿ ਤੁਹਾਡੀ ਹੋਰ ਕੀ ਇੱਛਾ ਹੈ। ਤਾਂ ਮੈਂ ਕਿਹਾ ਕਿ ਮੇਰੀ ਇੱਛਾ ਹਿੰਦੀ ਫ਼ਿਲਮਾਂ ਵਿੱਚ ਛੋਟਾ ਜਿਹਾ ਕਿਰਦਾਰ ਨਿਭਾਉਣ ਦੀ ਹੈ, ਪਰ ਉਸ ਫ਼ਿਲਮ ਵਿੱਚ ਅਮਰੀਸ਼ ਪੁਰੀ ਹੋਣੇ ਚਾਹੀਦੇ ਹਨ।
ਕੁਝ ਦਿਨਾਂ ਬਾਅਦ ਮੈਨੂੰ ਇੱਕ ਫੋਨ ਆਇਆ ਕਿ ਮਾਰਕ ਟਲੀ ਸਾਬ੍ਹ ਮੈਂ ਤੁਹਾਡਾ ਦੋਸਤ ਅਮਰੀਸ਼ ਪੁਰੀ ਬੋਲ ਰਿਹਾ ਹਾਂ ਅਤੇ ਤੁਹਾਡੀ ਇੱਛਾ ਜਲਦੀ ਪੂਰੀ ਹੋਏਗੀ। ਪਰ ਦੁੱਖ ਦੀ ਗੱਲ ਹੈ ਕਿ ਇਸ ਘਟਨਾ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਬੀਬੀਸੀ 'ਏਕ ਮੁਲਾਕਾਤ' ਵਿੱਚ ਅੱਗੇ ਵਧੀਏ, ਤੁਸੀਂ ਆਪਣੇ ਪਸੰਦੀਦਾ ਗੀਤਾਂ ਬਾਰੇ ਦੱਸੋ।
ਮੈਨੂੰ 'ਸਾਰੇ ਜਹਾਂ ਸੇ ਅੱਛਾ…' ਇਸ ਤੋਂ ਇਲਾਵਾ 'ਓਂਕਾਰਾ' ਦਾ ਟਾਈਟਲ ਗੀਤ 'ਓਂਕਾਰਾ', ਫਿਲਮ 'ਜਨੂੰਨ' ਦਾ ਗਾਣਾ 'ਆਜ ਰੰਗ ਹੈ', 'ਪਰੀਨੀਤਾ' ਦਾ ਗਾਣਾ 'ਯੇ ਹਵਾ ਗੁਣਗੁਣਾਏ' ਮੈਨੂੰ ਬਹੁਤ ਪਸੰਦ ਹਨ। 'ਲਗਾਨ' ਫ਼ਿਲਮ ਦਾ ਗੀਤ 'ਘਨਨ ਘਨਨ ਬਰਸੇ ਰੇ ਬਦਲਾ' ਅਤੇ 'ਜ਼ੁਬੈਦਾ' ਫਿਲਮ ਦਾ 'ਧੀਮੇ-ਧੀਮੇ', ਵੀ ਮੈਨੂੰ ਪਸੰਦ ਹੈ। ਕਾਮੇਡੀ ਫ਼ਿਲਮ 'ਮੁੰਨਾ ਭਾਈ ਐਮਬੀਬੀਐੱਸ' ਅਤੇ 'ਤਾਰੇ ਜ਼ਮੀਨ ਪਰ' ਦੇ ਗਾਣੇ ਵੀ ਮੈਨੂੰ ਪਸੰਦ ਹਨ। ਪੁਰਾਣੀ ਫਿਲਮ 'ਨਯਾ ਦੌਰ' ਦੇ ਗਾਣੇ ਵੀ ਮੈਨੂੰ ਪਸੰਦ ਹਨ।
ਅੱਛਾ, ਤੁਸੀਂ ਭਾਰਤ ਵਿੱਚ ਸੱਠ ਦੇ ਦਹਾਕੇ ਬਾਅਦ ਹੁਣ ਤੱਕ ਦੀਆਂ ਚੋਣਾਂ ਦੇਖੀਆਂ ਹਨ। ਭਾਰਤ ਦੀਆਂ ਚੋਣਾਂ ਵਿੱਚ ਕੀ ਬਦਲਾਅ ਆਇਆ ਹੈ?
ਬਹੁਤ ਬਦਲਿਆ ਹੈ। ਸਭ ਤੋਂ ਵੱਡਾ ਬਦਲਾਅ ਪ੍ਰਬੰਧ ਵਿੱਚ ਆਇਆ ਹੈ। ਹੁਣ ਤਾਂ ਚੋਣਾਂ ਇੱਕ-ਇੱਕ ਮਹੀਨਾ ਚੱਲਦੀਆਂ ਹਨ। ਪਹਿਲਾਂ ਸਿਰਫ਼ ਕਾਂਗਰਸ ਹੀ ਰਾਸ਼ਟਰੀ ਪਾਰਟੀ ਸੀ ਅਤੇ ਬਾਕੀ ਦੂਜੀਆਂ ਪਾਰਟੀਆਂ ਛੋਟੀਆਂ-ਮੋਟੀਆਂ ਸੀ। ਹੁਣ ਦੋ ਰਾਸ਼ਟਰੀ ਪਾਰਟੀਆਂ ਹਨ ਅਤੇ ਛੋਟੀਆਂ ਪਾਰਟੀਆਂ ਦੀ ਤਾਕਤ ਵੀ ਬਹੁਤ ਵਧੀ ਹੈ।
ਤੁਹਾਨੂੰ ਕੀ ਲਗਦਾ ਹੈ, ਇੰਨੀਆਂ ਸਾਰੀਆਂ ਪਾਰਟੀਆਂ ਦਾ ਹੋਣਾ ਭਾਰਤ ਲਈ ਚੰਗਾ ਹੈ ?
ਇੱਕ ਬਹੁਤ ਚੰਗੀ ਗੱਲ ਹੈ ਕਿ ਸਿਰਫ਼ ਇੱਕ ਹੀ ਰਾਸ਼ਟਰੀ ਪਾਰਟੀ ਨਹੀਂ ਹੋਣੀ ਚਾਹੀਦੀ। ਇਨ੍ਹਾਂ ਛੋਟੀਆਂ ਪਾਰਟੀਆਂ ਦੇ ਉਭਰਨ ਨਾਲ ਇੱਕ ਚੰਗੀ ਗੱਲ ਹੋਈ ਹੈ ਕਿ ਦਲਿਤ ਅਤੇ ਓਬੀਸੀ ਨੂੰ ਮੌਕਾ ਮਿਲਿਆ ਹੈ। 10-15 ਸਾਲ ਪਹਿਲਾਂ ਕੌਣ ਸੋਚ ਸਕਦਾ ਸੀ ਕਿ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਦਲਿਤ ਔਰਤ ਹੋਵੇਗੀ ਅਤੇ ਕੌਣ ਕਹੇਗਾ ਕਿ ਇਹ ਬਦਲਾਅ ਚੰਗਾ ਨਹੀਂ ਹੈ।
ਆਉਣ ਵਾਲੇ ਸਾਲਾਂ ਵਿੱਚ ਤੁਸੀਂ ਭਾਰਤ ਨੂੰ ਕਿੱਥੇ ਦੇਖਦੇ ਹੋ ?
ਆਉਣ ਵਾਲੇ ਸਮੇਂ ਵਿੱਚ ਭਾਰਤ ਦੀ ਆਰਥਿਕ ਤਰੱਕੀ ਹੋਰ ਤੇਜ਼ ਹੋਏਗੀ। ਸਿਆਸੀ ਪ੍ਰਣਾਲੀ ਵਿੱਚ ਸੁਧਾਰ ਹੋਏਗਾ। ਪਰ ਇਹ ਸੁਧਾਰ ਉਦੋਂ ਹੀ ਹੋਣਗੇ ਜਦੋਂ ਆਮ ਲੋਕ ਆਪਣੀ ਅਵਾਜ਼ ਬੁਲੰਦ ਕਰਨਗੇ।
ਤੁਹਾਡੇ ਸ਼ੁਭਚਿੰਤਕਾਂ ਨੂੰ ਤੁਹਾਡੇ ਤੋਂ ਕੀ ਉਮੀਦਾਂ ਰੱਖਣੀਆਂ ਚਾਹੀਦੀਆਂ ਹਨ?
ਮੈਂ ਫ਼ਿਲਹਾਲ ਭਾਰਤ ਵਿੱਚ ਆਰਥਿਕ ਸੁਧਾਰਾਂ ਬਾਰੇ ਇੱਕ ਕਿਤਾਬ ਲਿਖ ਰਿਹਾ ਹਾਂ। ਮੇਰੇ ਹਿਸਾਬ ਨਾਲ ਇਹ ਮੇਰੀ ਆਖ਼ਰੀ ਕਿਤਾਬ ਹੋਏਗੀ। ਇਸ ਤੋਂ ਬਾਅਦ ਮੈਂ ਸੰਨਿਆਸ ਲੈ ਲਵਾਂਗਾ।
(ਇਹ ਲੇਖ ਪਹਿਲੀ ਵਾਰ 05 ਅਪ੍ਰੈਲ, 2009 ਨੂੰ ਬੀਬੀਸੀ 'ਤੇ ਪ੍ਰਕਾਸ਼ਿਤ ਹੋਇਆ ਸੀ ਅਤੇ ਇਹ ਇੰਟਰਵਿਊ ਉਸ ਵੇਲੇ ਬੀਬੀਸੀ ਹਿੰਦੀ ਸੇਵਾ, ਭਾਰਤ ਦੇ ਤਤਕਾਲੀਨ ਸੰਪਾਦਕ ਸੰਜੀਵ ਸ਼੍ਰੀਵਾਸਤਵ ਨੇ ਕੀਤਾ ਸੀ।)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ