ਸੋਸ਼ਲ: ਜਗਮੀਤ ਸਿੰਘ ਦੀ ਸੋਸ਼ਲ ਮੀਡੀਆ 'ਤੇ 'ਟ੍ਰੋਲਿੰਗ' ਕਿਉਂ ਹੋਈ?

ਕੈਨੇਡਾ ਵਿੱਚ ਨੈਸ਼ਨਲ ਡੈਮੋਕਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਵੱਲੋਂ ਸਾਲ 2016 ਅਤੇ 2015 ਵਿੱਚ ਕੁਝ ਸਿੱਖ ਜਥੇਬੰਦੀਆਂ ਦੇ ਮੰਚ ਤੋਂ ਬੋਲਣ ਦਾ ਮਾਮਲਾ ਮੁੜ ਸੁਰਖ਼ੀਆਂ ਵਿੱਚ ਹੈ।

ਕੈਨੇਡੀਅਨ ਅਖ਼ਬਾਰ 'ਦਿ ਗਲੋਬ ਐਂਡ ਮੇਲ' ਵੱਲੋਂ ਜਗਮੀਤ ਸਿੰਘ ਦੇ ਇਨ੍ਹਾਂ ਮੰਚਾਂ 'ਤੇ ਜਾਣ ਦੀ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ।

ਇਸ ਖ਼ਬਰ ਤੋਂ ਬਾਅਦ ਜਗਮੀਤ ਸਿੰਘ ਟਵਿੱਟਰ 'ਤੇ ਆਪਣਾ ਪੱਖ ਰੱਖਦਿਆਂ ਇੱਕ ਬਿਆਨ ਜਾਰੀ ਕੀਤਾ।

ਸੋਸ਼ਲ ਮੀਡੀਆ 'ਤੇ ਵੀ ਜਗਮੀਤ ਦੇ ਬਿਆਨ ਦੀ ਚਰਚਾ ਜ਼ੋਰਾਂ 'ਤੇ ਹੈ।

ਜਗਮੀਤ ਦੇ ਸਮਰਥਨ ਅਤੇ ਵਿਰੋਧ ਵਿੱਚ ਕਈ ਪ੍ਰਤੀਕਰਮ ਆਏ। ਜਗਮੀਤ ਸਿੰਘ ਨੂੰ ਸਥਾਨਕ ਮੁੱਦਿਆਂ 'ਤੇ ਕੈਨੇਡੀਅਨ ਲੋਕਾਂ ਨੇ ਘੇਰਿਆ ਹੈ।

ਖ਼ਬਰ ਮੁਤਾਬਕ 2016 ਵਿੱਚ ਜਗਮੀਤ ਸਿੰਘ ਨੇ ਬਰਤਾਨੀਆ ਸਥਿਤ ਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਸਹਿ-ਸੰਸਥਾਪਕ ਨਾਲ ਇੱਕ ਸੈਮੀਨਾਰ ਵਿੱਚ ਹਿੱਸਾ ਲਿਆ ਸੀ।

ਖ਼ਬਰ ਮੁਤਾਬਕ ਇਹ ਸੰਗਠਨ ਕਥਿਤ ਤੌਰ 'ਤੇ 'ਸਿਆਸੀ ਹਿੰਸਾ' ਰਾਹੀਂ ਭਾਰਤ ਵਿੱਚ ਇੱਕ ਆਜ਼ਾਦ ਸਿੱਖ ਰਾਜ ਦਾ ਹਮਾਇਤੀ ਹੈ।

ਖ਼ਬਰ ਮੁਤਾਬਕ ਜਗਮੀਤ ਸਿੰਘ ਨੇ ਓਂਟਾਰੀਓ ਅਸੰਬਲੀ ਦੇ ਮੈਂਬਰ ਵਜੋਂ ਸਾਲ 2015 ਵਿੱਚ ਵੀ ਸੈਨ ਫਰਾਂਸਿਸਕੋ ਵਿੱਚ ਇੱਕ ਰੈਲੀ ਵਿੱਚ ਹਿੱਸਾ ਲਿਆ ਸੀ, ਜਿਸ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੋਸਟਰ ਲੱਗੇ ਹੋਏ ਸੀ।

ਬ੍ਰੇਨ ਰਨਰ ਨਾਮੀ ਟਵਿੱਟਰ ਹੈਂਡਲ ਤੋਂ ਜਗਮੀਤ ਸਿੰਘ ਦੇ ਬਿਆਨ 'ਤੇ ਪ੍ਰਤੀਕਿਰਿਆ ਆਈ ਹੈ।

ਲਿਖਿਆ ਗਿਆ ਹੈ, ''ਸਾਰੀ ਦੁਨੀਆਂ ਤੋਂ ਅਜਿਹੀਆਂ ਸਮੱਸਿਆਵਾਂ ਬਹੁਸੱਭਿਆਚਾਰਕ ਮੁਲਕ ਕੈਨੇਡਾ ਵਿੱਚ ਕਿਉਂ ਲਿਆਂਦੀਆਂ ਜਾ ਰਹੀਆਂ ਹਨ। ਇਹ ਸਮੱਸਿਆਵਾਂ ਕੈਨੇਡਾ ਵਿੱਚ ਨਹੀਂ ਪੈਦਾ ਹੋਈਆਂ।''

ਸ਼੍ਰੀ ਕ੍ਰਿਸ਼ਨ ਗਰਾਪਤੀ ਨੇ ਲਿਖਿਆ, ''ਭਾਰਤ ਵਿੱਚ ਸਿੱਖ ਨਸਲਕੁਸ਼ੀ ਦੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ, ਪਰ ਇੰਡੀਅਨ ਏਅਰਲਾਈਂਜ਼ ਵਿੱਚ ਬੰਬ ਧਮਾਕਾ ਕਰਨ ਤੇ ਹਰਿਮੰਦਿਰ ਸਾਹਿਬ ਅੰਦਰ ਹਥਿਆਰ ਲਿਜਾਣਾ ਵਰਗੀਆਂ ਘਟਨਾਵਾਂ ਦੀ ਵੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ।''

ਜਗਮੀਤ ਸਿੰਘ ਦੇ ਟਵੀਟ 'ਤੇ ਸ਼੍ਰੀ ਕਿਸ਼ਨ ਗਰਾਪਤੀ ਨਾਲ ਸਹਿਮਤੀ ਪ੍ਰਗਟ ਕਰਦਿਆਂ ਸੰਨੀ ਸੰਧੂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਸਿੱਖ ਫਾਰ ਵੈਸਟ ਨਾਮ ਦੇ ਟਵਿੱਟਰ ਹੈਂਡਲ ਤੋਂ ਇੱਕ ਤੋਂ ਬਾਅਦ ਇੱਕ ਤਿੰਨ ਵੀਡੀਓ ਟਵੀਟ ਕੀਤੇ ਗਏ। ਵੀਡੀਓ ਵਿੱਚ ਇੱਕ ਸ਼ਖਸ ਖਾਲਸਿਤਾਨ ਵਰਗੇ ਮੁੱਦਿਆਂ ਤੋਂ ਹਟ ਕੇ ਵਿਕਾਸ ਦੇ ਮੁੱਦਿਆਂ 'ਤੇ ਧਿਆਨ ਦੇਣ ਦੀ ਗੱਲ ਕਰਦਾ ਨਜ਼ਰ ਆ ਰਿਹਾ ਹੈ।

ਮਿਸਟਰ ਮਾਇਕਿਅਸ ਨਾਮ ਦੇ ਟਵਿੱਟਰ ਹੈਂਡਲ ਤੋਂ ਜਗਮੀਤ ਸਿੰਘ ਨੂੰ ਜਵਾਬ ਦਿੱਤਾ ਗਿਆ।

ਉਨ੍ਹਾਂ ਲਿਖਿਆ, ''ਕੀ ਸਾਨੂੰ ਅਜਿਹਾ ਨੇਤਾ ਮਿਲ ਸਕਦਾ ਹੈ ਜੋ ਕੈਨੇਡਾ ਦੀਆਂ ਪਰੇਸ਼ਾਨੀਆਂ ਦੀ ਗੱਲ ਕਰੇ, ਨਾ ਕਿ ਭਾਰਤ ਤੇ ਪਾਕਿਸਤਾਨ ਦੀਆਂ।''

ਬਹੁਤੇ ਲੋਕਾਂ ਨੇ ਕੈਨੇਡਾ ਦੇ ਮੁੱਦਿਆਂ ਨੂੰ ਲੈ ਕੇ ਜਗਮੀਤ ਸਿੰਘ ਨੂੰ ਘੇਰਿਆ ਤਾਂ ਕੁਝ ਲੋਕ ਉਨ੍ਹਾਂ ਦੇ ਹੱਕ 'ਚ ਵੀ ਖੜ੍ਹੇ ਨਜ਼ਰ ਆਏ।

ਵਿਲਿਅਮ ਐੱਮ ਨੇ ਟਵੀਟ ਕਰਕੇ ਕਿਹਾ, ''ਧੰਨਵਾਦ ਜਿੰਮੀ. ਮੈਨੂੰ ਇਹ ਦੇਖ ਕੇ ਖੁਸ਼ੀ ਹੋਈ।''

ਮਿੱਸੀ ਡੀ ਨਾਮੀ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਗਿਆ, ''ਬਹੁਤ ਵਧੀਆ ਹਮੇਸ਼ਾ ਦੀ ਤਰ੍ਹਾਂ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)