ਇਰਾਕ 'ਚ ਸਰਕਾਰ ਖਿਲਾਫ਼ ਸੜਕਾਂ 'ਤੇ ਉਤਰੇ ਨੌਜਵਾਨ, ਨਹੀਂ ਰੁਕਿਆ ਮੌਤਾਂ ਦਾ ਸਿਲਸਿਲਾ

ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਬੀਤੇ ਪੰਜ ਦਿਨਾਂ ਤੋਂ ਸਰਕਾਰ ਵਿਰੋਧੀ ਮੁਜ਼ਾਹਰੇ ਚੱਲ ਰਹੇ ਹਨ। ਇਨ੍ਹਾਂ ਮੁਜ਼ਾਹਰਿਆਂ ਵਿੱਚ ਹਾਲੇ ਤੱਕ ਘੱਟੋ-ਘੱਟ 100 ਲੋਕਾਂ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਬੇਮਤਲਬ ਲੋਕਾਂ ਦੀਆਂ ਜਾਨਾਂ ਜਾਣੀਆਂ ਰੁੱਕਣੀਆਂ ਚਾਹੀਦੀਆਂ ਹਨ।

ਇਹ ਸਾਲ 2017 ਵਿੱਚ ਇਰਾਕ ਵਿੱਚੋਂ ਕਥਿਤ ਇਸਲਾਮਿਕ ਸਟੇਟ ਦੇ ਖ਼ਾਤਮੇ ਮਗਰੋਂ ਸਭ ਤੋਂ ਵੱਡੀ ਘਟਨਾ ਹੈ।

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਦੇਸ ਵਿੱਚ ਵੱਧਦੀ ਬੇਰੁਜ਼ਗਾਰੀ, ਖਰਾਬ ਜਨਤਕ ਸੇਵਾਵਾਂ ਤੇ ਵਧਦੇ ਭ੍ਰਿਸ਼ਟਾਚਾਰ ਕਾਰਨ ਗੁੱਸੇ ਵਿੱਚ ਹਨ।

ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਮਿਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਉਨ੍ਹਾਂ ਨਾਲ ਝੂਠੇ ਵਾਅਦੇ ਕਰ ਰਹੇ ਹਨ।

ਇਰਾਕ ਦੇ ਰਾਸ਼ਟਰਪਤੀ ਅਦੇਲ ਅਬਦੇਲ ਮੈਹਦੀ ਨੇ ਪਹਿਲਾਂ ਕਿਹਾ ਕਿ ਮੁਜ਼ਾਹਰਾਕਾਰੀਆਂ ਦੀਆਂ ਜਾਇਜ਼ ਮੰਗਾਂ ਮੰਨ ਲਈਆਂ ਗਈਆਂ ਹਨ ਪਰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।

ਪ੍ਰਧਾਨ ਮੰਤਰੀ ਅਦੇਲ ਅਬਦੇਲ ਮੈਹਦੀ ਦੀ ਸਰਕਾਰ ਬਣਨ ਤੋਂ ਇੱਕ ਸਾਲ ਬਾਅਦ ਪਹਿਲੀ ਵਾਰੀ ਇਹ ਮੁਜ਼ਾਹਰੇ ਵੱਡੀ ਚੁਣੌਤੀ ਬਣੇ ਹਨ।

ਇਹ ਵੀ ਪੜ੍ਹੋ:

ਮੌਜੂਦਾ ਹਾਲਾਤ ਕੀ ਹਨ

ਪ੍ਰਧਾਨ ਮੰਤਰੀ ਦੀ ਅਪੀਲ ਦੇ ਬਾਵਜੂਦ ਮੁਜ਼ਾਹਰੇ ਰੁਕਣ ਦਾ ਨਾਮ ਨਹੀਂ ਲੈ ਰਹੇ। ਸਗੋਂ ਇਹ ਹੋਰ ਤਿੱਖੇ ਹੁੰਦੇ ਜਾ ਰਹੇ ਹਨ।

ਰਾਜਧਾਨੀ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਾ ਦਿੱਤਾ ਗਿਆ ਸੀ ਤੇ ਇੰਟਰਨੈੱਟ ਸੇਵਾ ਵੀ ਬਲਾਕ ਕਰ ਦਿੱਤੀ ਗਈ ਸੀ। ਫਿਰ ਵੀ ਮੁਜ਼ਾਹਰਾਕਾਰੀ ਨਹੀਂ ਰੁਕੇ।

ਇਰਾਕ ਵਿੱਚ ਸੰਯੁਕਤ ਰਾਸ਼ਟਰਪ ਦੇ ਅਸਿਸਟੈਂਸ ਮਿਸ਼ਨ ਦੀ ਮੁਖੀ ਜੇਨਾਈਨ ਹੇਨਿਸ ਨੇ ਕਿਹਾ, ''ਪੰਜ ਦਿਨਾਂ ਤੋਂ ਜਾਰੀ ਮੌਤਾਂ ਅਤੇ ਲੋਕਾਂ ਦੇ ਜ਼ਖਮੀ ਹੋਣ ਦਾ ਸਿਲਸਿਲਾ ਰੁਕਣਾ ਚਾਹੀਦਾ ਹੈ।''

ਰਾਇਟਰਜ਼ ਮੁਤਾਬਕ ਬਗਦਾਦ ਦੇ ਤਹਿਰੀਰ ਚੌਂਕ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਮੁਜ਼ਾਹਰਾਕਾਰੀਆਂ 'ਤੇ ਸੁਰੱਖਿਆਕਰਮੀਆਂ ਨੇ ਗੋਲੀਬਾਰੀ ਵੀ ਕੀਤੀ।

ਉੱਥੇ ਮੌਜੂਦ ਰਾਇਟਰਜ਼ ਦੇ ਪੱਤਰਕਾਰ ਨੇ ਦੱਸਿਆ ਕਿ ਕਈ ਲੋਕਾਂ ਨੂੰ ਗੋਲੀਆਂ ਲੱਗੀਆਂ, ਕਿਸੇ ਨੂੰ ਸਿਰ ਵਿੱਚ ਤਾਂ ਕਿਸੇ ਨੂੰ ਟਿੱਢ ਵਿੱਚ।

ਸਿਰਫ਼ ਸ਼ੁੱਕਰਵਾਰ ਨੂੰ ਹੀ 10 ਲੋਕਾਂ ਦੀ ਮੌਤ ਹੋਈ ਸੀ।

ਹਿੰਸਾ ਕਾਰਨ ਦੱਖਣੀ ਇਰਾਕ ਦੇ ਬਹੁਗਿਣਤੀ ਸ਼ੀਆ ਮੁਸਲਿਮ ਇਲਾਕੇ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਵਿੱਚ ਅਮਾਰਾ, ਦਿਵਾਨਿਆ ਅਤੇ ਹਿਲਾ ਸ਼ਾਮਲ ਹਨ। ਦੱਖਣੀ ਸ਼ਹਿਰ ਨਸੀਰੀਆ ਵਿਚ ਸ਼ੁੱਕਰਵਾਰ ਨੂੰ 320 ਕਿਲੋਮੀਟਰ (200 ਮੀਲ) ਦੀ ਦੂਰੀ 'ਤੇ ਕਈ ਮੌਤਾਂ ਹੋਈਆਂ।

ਇਹ ਵੀ ਪੜ੍ਹੋ:

ਦੇਸ-ਵਿਦੇਸ਼ ਤੋਂ ਪ੍ਰਤੀਕਰਮ

ਮੁਜ਼ਾਹਰੇ ਸ਼ੁਰੂ ਹੋਣ 'ਤੇ ਪਹਿਲੀ ਵਾਰੀ ਭਾਸ਼ਣ ਦਿੰਦਿਆਂ ਪ੍ਰਧਾਨ ਮੰਤਰੀ ਮੈਹਿਦੀ ਨੇ ਮੁਜ਼ਾਹਰਾਕਾਰੀਆਂ ਦੀਆਂ ਮੰਗਾਂ ਵੱਲ ਧਿਆਨ ਦੇਣ ਦਾ ਵਾਅਦਾ ਕੀਤਾ ਪਰ ਕਿਹਾ ਕਿ ਇਰਾਕ ਦੀਆਂ ਮੁਸ਼ਕਿਲਾਂ ਦਾ ਕੋਈ ਚਮਤਕਾਰੀ ਹੱਲ ਨਹੀਂ ਹੈ।

ਇਰਾਕ ਦੇ ਸੀਨੀਅਰ ਸ਼ੀਆ ਆਗੂ ਅਯਾਤੁੱਲਾਹ ਅਲੀ ਅਲ ਸਿਸਤਾਨੀ ਨੇ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ 'ਤੇ ਦੁੱਖ ਜਤਾਇਆ ਤੇ ਸਰਕਾਰ ਨੂੰ ਅਪੀਲ ਕੀਤੀ ਕਿ ਪ੍ਰਦਰਸ਼ਨਕਾਰੀਆਂ ਵਲੋਂ ਬਦਲਾਅ ਦੀ ਕੀਤੀ ਜਾ ਰਹੀ ਮੰਗ ਸੁਣੀ ਜਾਵੇ।

ਉਨ੍ਹਾਂ ਕਿਹਾ, "ਸਰਕਾਰ ਨੇ ਭ੍ਰਿਸ਼ਟਾਚਾਰ ਖਿਲਾਫ਼ ਲੜਨ ਦੀ ਲੋਕਾਂ ਦੀ ਮੰਗ ਦਾ ਕੋਈ ਜਵਾਬ ਨਹੀਂ ਦਿੱਤਾ ਹੈ ਤੇ ਨਾ ਹੀ ਜ਼ਮੀਨੀ ਪੱਧਰ 'ਤੇ ਕੋਈ ਕਾਮਯਾਬੀ ਹਾਸਿਲ ਕੀਤੀ ਹੈ।"

ਇਸ ਦੌਰਾਨ ਇੱਕ ਹੋਰ ਪ੍ਰਭਾਵਸ਼ਾਲੀ ਸ਼ੀਆ ਆਗੂ ਜੋ ਕਿ ਸੰਸਦ ਦੇ ਸਭ ਤੋਂ ਵੱਡੇ ਵਿਰੋਧੀ ਧੜੇ ਦੀ ਅਗਵਾਈ ਕਰਦੇ ਹਨ - ਮੁਕਤਦਾ ਸਦਰ ਨੇ ਇਰਾਕੀ ਸਰਕਾਰ ਤੋਂ ਅਸਤੀਫਾ ਦੇਣ ਅਤੇ ਤੁਰੰਤ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ।

ਅਮਰੀਕਾ ਤੇ ਯੂਐਨ ਨੇ ਵੀ ਹਿੰਸਾ ਤੇ ਫਿਕਰ ਜਤਾਈ ਹੈ ਤੇ ਇਰਾਕੀ ਸਰਕਾਰ ਨੂੰ ਇਸ 'ਤੇ ਕਾਬੂ ਰੱਖਣ ਲਈ ਅਪੀਲ ਕੀਤੀ ਹੈ।

ਮਨੁੱਖੀ ਅਧਿਕਾਰ ਗਰੁੱਪ ਐਮਨੈਸਟੀ ਇੰਟਰਨੈਸ਼ਨਲ ਨੇ ਵੀ ਸੁਰੱਖਿਆ ਬਲਾਂ ਨੂੰ ਵੀ ਅਪੀਲ ਕੀਤੀ ਹੈ ਕਿ ਪ੍ਰਦਰਸ਼ਨਕਾਰੀਆਂ ਨਾਲ ਸ਼ਾਂਤੀ ਨਾਲ ਨਜਿੱਠਣ।

ਇਹ ਮੁਜ਼ਾਹਰੇ ਹੁਣ ਕਿਉਂ ਹੋ ਰਹੇ ਹਨ?

  • ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਤੇ ਮਾੜੀਆਂ ਜਨਤਕ ਸੇਵਾਵਾਂ ਕਾਰਨ ਨੌਜਵਾਨ ਨਾਰਾਜ਼ ਹਨ।
  • ਇਹ ਮੁਜ਼ਾਹਰੇ ਕਿਸੇ ਲੀਡਰ ਦੀ ਅਗਵਾਈ ਬਿਨਾਂ ਹੀ ਦੱਖਣ ਵਿੱਚ ਸ਼ੀਆ ਖੇਤਰਾਂ ਵਿੱਚ ਸ਼ੁਰੂ ਹੋਏ ਤੇ ਜਲਦੀ ਹੀ ਫੈਲ ਗਏ।
  • ਇਰਾਕ ਕੋਲ ਤੇਲ ਦਾ ਚੌਥਾ ਸਭ ਤੋਂ ਵੱਡਾ ਭੰਡਾਰ ਹੈ ਪਰ ਵਿਸ਼ਵ ਬੈਂਕ ਅਨੁਸਾਰ ਸਾਲ 2014 ਵਿੱਚ ਇਸਦੀ 40 ਮਿਲੀਅਨ ਆਬਾਦੀ ਦੇ 22.5% ਲੋਕ ਇੱਕ ਦਿਨ ਵਿੱਚ 1.90 ਡਾਲਰ ਤੋਂ ਵੀ ਘੱਟ 'ਤੇ ਜੀਅ ਰਹੇ ਸੀ। ਹਰੇਕ ਛੇ ਪਰਿਵਾਰਾਂ ਵਿਚੋਂ ਇੱਕ ਨੇ ਭੋਜਨ ਦੀ ਅਸੁਰੱਖਿਆ ਨੂੰ ਝੱਲਿਆ ਹੈ।
  • ਪਿਛਲੇ ਸਾਲ ਬੇਰੁਜ਼ਗਾਰੀ ਦੀ ਦਰ 7.9% ਸੀ ਪਰ ਨੌਜਵਾਨਾਂ ਵਿਚ ਇਹ ਦੁੱਗਣੀ ਸੀ। ਆਰਥਿਕ ਤੌਰ 'ਤੇ ਸਰਗਰਮ ਆਬਾਦੀ 'ਚੋਂ ਤਕਰੀਬਨ 17% ਬੇਰੁਜ਼ਗਾਰ ਹੈ।
  • ਦੇਸ ਇਸਲਾਮਿਕ ਸਟੇਟ ਵਿਰੁੱਧ ਇੱਕ ਭਿਆਨਕ ਜੰਗ ਤੋਂ ਬਾਅਦ ਮੁੜ ਸੁਰਜੀਤ ਹੋਣ ਲਈ ਵੀ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਨੇ 2014 ਵਿੱਚ ਉੱਤਰ ਅਤੇ ਪੱਛਮ ਦੇ ਵੱਡੇ ਹਿੱਸੇ ਉੱਤੇ ਕਬਜ਼ਾ ਕਰ ਲਿਆ ਸੀ।
  • ਝਗੜੇ ਵਾਲੇ ਇਲਾਕਿਆਂ ਵਿੱਚ ਹਾਲੇ ਵੀ ਸਥਿਤੀ ਜਿਉਣ ਦੇ ਲਾਇਕ ਨਹੀਂ ਹੋਈ ਹੈ ਤੇ ਸੇਵਾਵਾਂ ਨਾਕਾਫ਼ੀ ਹਨ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)