ਮੁੰਬਈ ਦੇ ਆਰੇ ਕਾਲੋਨੀ 'ਚ ਰੁੱਖ ਕੱਟੇ ਜਾਣ ਦਾ ਵਿਰੋਧ ਜਾਰੀ, 50 ਤੋਂ ਵੱਧ ਗ੍ਰਿਫ਼ਤਾਰ : 5 ਅਹਿਮ ਖ਼ਬਰਾਂ

ਬੰਬੇ ਹਾਈ ਕੋਰਟ ਵਿੱਚ ਮੁੰਬਈ ਦੇ ਆਰੇ ਕਾਲੋਨੀ ਦੇ ਰੁੱਖ਼ਾਂ ਦੀ ਕਟਾਈ ਦੇ ਖ਼ਿਲਾਫ਼ ਸਾਰੀਆਂ ਪਟੀਸ਼ਨਾਂ ਖਾਰਜ ਹੋਣ ਤੋਂ ਬਾਅਦ ਮੁੰਬਈ ਮੈਟਰੋ ਕਾਰਪੋਰੇਸ਼ਨ ਨੇ ਸ਼ੁੱਕਰਵਾਰ ਰਾਤ ਤੋਂ ਹੀ ਇੱਥੇ ਰੁੱਖਾਂ ਦੀ ਕਟਾਈ ਸ਼ੁਰੂ ਕਰ ਦਿੱਤੀ ਸੀ।

ਇਸ ਇਲਾਕੇ ਵਿੱਚ ਰੁੱਖਾਂ ਦੀ ਕਟਾਈ ਨੂੰ ਲੈ ਕੇ ਪਹਿਲਾਂ ਤੋਂ ਚੱਲ ਰਹੇ ਵਿਰੋਧ-ਪ੍ਰਦਰਸ਼ਨ ਸ਼ੁੱਕਰਵਾਰ ਤੋਂ ਸ਼ੁਰੂ ਹੋਈ ਕਟਾਈ ਤੋਂ ਬਾਅਦ ਹੋਰ ਵੱਡੇ ਹੋ ਗਏ ਹਨ।

ਸ਼ਨਿੱਚਰਵਾਰ ਨੂੰ ਇੱਥੇ ਵੱਡੀ ਗਿਣਤੀ ਵਿੱਚ ਵਾਤਾਵਰਨ ਪ੍ਰੇਮੀਆਂ ਨੇ ਵਿਰੋਧ-ਪ੍ਰਦਰਸ਼ਨ ਕੀਤਾ।

ਇਸ ਦੌਰਾਨ ਪੂਰੇ ਇਲਾਕੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਅਤੇ ਵਿਰੋਧ ਕਰ ਰਹੇ 50 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਅਤੇ ਹੋਰ ਕਈ ਲੋਕ ਹਿਰਾਸਤ 'ਚ ਲਏ ਗਏ ਹਨ।

ਮੁੰਬਈ ਮੈਟਰੋ ਪ੍ਰਾਜੈਕਟ ਲਈ ਆਰੇ ਕਾਲੋਨੀ ਨੇ ਜੰਗਲ ਵੱਢੇ ਜਾ ਰਹੇ ਹਨ। ਇਸ ਇਲਾਕੇ ਵਿੱਚ ਮੈਟਰੋ ਲਈ ਕਾਰ ਸ਼ੈੱਡ ਬਣਾਇਆ ਜਾਵੇਗਾ ਜਿਸ ਲਈ ਤਕਰੀਬਨ 2,185 ਦਰੱਖਤ ਵੱਢੇ ਜਾਣੇ ਹਨ।

ਇਹ ਵੀ ਪੜ੍ਹੋ-

ਬੇਅਦਬੀ ਕਾਂਡ: ਸੀਬੀਆਈ ਕਲੋਜ਼ਰ ਰਿਪੋਰਟ ਦੀ ਕਾਪੀ ਦੇਣ ਦੇ ਹੁਕਮ

ਸੀਬੀਆਈ ਅਦਾਲਤ ਨੇ ਸ਼ਨਿੱਚਰਵਾਰ ਨੂੰ ਬਰਗਾੜੀ ਬੇਅਦਬੀ ਕੇਸਾਂ ਵਿੱਚ ਕੈਪਟਨ ਸਰਕਾਰ ਦੀ ਰਿਵੀਜ਼ਨ ਪਟੀਸ਼ਨ ਨੂੰ ਮਨਜ਼ੂਰ ਕਰਦਿਆਂ ਕਲੋਜ਼ਰ ਰਿਪੋਰਟ ਦੀ ਤਸਦੀਕਸ਼ੁਦਾ ਕਾਪੀ ਦੇਣ ਅਤੇ ਹੋਰ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਉਣ ਲਈ ਕਿਹਾ।

ਬੇਅਦਬੀ ਮਾਮਲਿਆਂ ਸਬੰਧੀ ਸੀਬੀਆਈ ਦੀ ਕਲੋਜ਼ਰ ਰਿਪੋਰਟ ਅਤੇ ਪੰਜਾਬ ਸਰਕਾਰ ਵੱਲੋਂ ਦਾਇਰ ਰਿਵੀਜ਼ਨ ਪਟੀਸ਼ਨ ਅਤੇ ਪੰਜਾਬ ਸਰਕਾਰ ਦੀ ਸੁਣਵਾਈ ਮੁਹਾਲੀ ਸਥਿਤ ਸੀਬੀਆਈ ਦੇ ਵਿਸ਼ੇਸ਼ ਜੱਜ ਐੱਨਐੱਸ ਗਿੱਲ ਦੀ ਅਦਾਲਤ ਵਿੱਚ ਹੋਈ।

ਉਸ ਦੌਰਾਨ ਅਦਾਲਤ ਨੇ ਦੋਵਾਂ ਧਿਰਾਂ ਦੇ ਜੱਜਾਂ ਨੂੰ ਆਪਣਾ ਪੱਖ ਰੱਖਣ ਲਈ ਖੁੱਲ੍ਹਾ ਸਮਾਂ ਦਿੱਤਾ ਸੀ।

ਅਦਾਲਤ ਨੇ ਕਿਹਾ ਕਿ 'ਪੰਜਾਬ ਸਿਵਲ ਤੇ ਕ੍ਰਿਮੀਨਲ ਕੋਰਟਸ ਪ੍ਰੈਪਰੇਸ਼ਨ ਐਂਡ ਸਪਲਾਈ ਆਫ਼ ਕੌਪੀਜ਼ ਆਫ਼ ਰਿਕਾਰਡ ਰੂਲਜ਼, 1965' ਦੀਆਂ ਸਬੰਧਤ ਧਾਰਾਵਾਂ ਤਹਿਤ ਫੌਜਦਾਰੀ ਕੇਸ ਦੀ ਧਿਰ ਚਲਾਨ ਦੀ ਕਾਪੀ ਹਾਸਲ ਕਰਨ ਦੀ ਹੱਕਦਾਰ ਹੈ ਅਤੇ ਜੇ ਅਦਾਲਤ ਦੀ ਤਸੱਲੀ ਕਰਵਾਉਂਦੇ ਢੁਕਵੇਂ ਤਰਕ ਮੌਜੂਦ ਹਨ ਤਾਂ ਫੌਜਦਾਰੀ ਕੇਸ ਵਿੱਚ ਕੋਈ 'ਅਜਨਬੀ' ਵਿਅਕਤੀ ਵੀ ਚਲਾਨ ਦੀ ਕਾਪੀ ਹਾਸਲ ਕਰ ਸਕਦਾ ਹੈ।

ਤਰਨ ਤਾਰਨ ਧਮਾਕਾ ਮਾਮਲੇ 'ਚ ਜਾਂਚ ਕਿੱਥੇ ਪਹੁੰਚੀ

ਤਰਨ ਤਾਰਨ ਵਿੱਚ ਹੋਏ ਧਮਾਕੇ ਦੇ ਮਾਮਲੇ ਵਿੱਚ ਐਨਆਈਏ ਨੇ ਮੁੱਖ ਮੁਲਜ਼ਮ ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦਰਅਸਲ 4 ਸਤੰਬਰ ਨੂੰ ਪਿੰਡ ਪੰਡੋਰੀ ਗੋਲਾ ਵਿੱਚ ਰਾਤ ਅੱਠ ਵਜੇ ਧਮਾਕਾ ਹੋਇਆ ਸੀ। ਗੁਰਜੰਟ ਸਿੰਘ ਆਪਣੇ ਸਾਥੀਆਂ ਨਾਲ ਪਿੰਡ ਪੰਡੋਰੀ ਦੇ ਇੱਕ ਖਾਲੀ ਪਲਾਟ ਵਿੱਚ ਦੱਬੀ ਹੋਈ ਧਮਾਕਾਖੇਜ਼ ਸਮਗੱਰੀ ਕੱਢ ਰਿਹਾ ਸੀ ਪਰ ਉਸੇ ਵੇਲੇ ਧਮਾਕਾ ਹੋ ਗਿਆ।

ਉਸ ਦੇ ਦੋ ਸਾਥੀਆਂ, ਵਿਕਰਮ ਤੇ ਹਰਪ੍ਰੀਤ ਸਿੰਘ, ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਪਰ ਬਛੇਰੇ ਪਿੰਡ ਦਾ ਰਹਿਣ ਵਾਲਾ ਗੁਰਜੰਟ ਸਿੰਘ ਇਸ ਹਾਦਸੇ ਵਿੱਚ ਜ਼ਖਮੀ ਹੋ ਗਿਆ।

ਗੁਰਜੰਟ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਠੀਕ ਹੁੰਦਿਆਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੂੰ ਮੋਹਾਲੀ ਦੀ ਵਿਸ਼ੇਸ਼ ਐਨਆਈਏ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਉਸ ਨੂੰ 11 ਅਕਤੂਬਰ ਤੱਕ ਐਨਆਈਏ ਰਿਮਾਂਡ 'ਤੇ ਭੇਜ ਦਿੱਤਾ ਹੈ।

ਇਸ ਇਸ ਮਾਮਲੇ ਵਿੱਚ ਪੁਲਿਸ ਪਹਿਲਾਂ ਹੀ 7 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਵਿਸਥਾਰ 'ਚ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਫਾਰੂਕ, ਉਮਰ ਨਾਲ ਮਿਲਣ ਦੀ ਇਜਾਜ਼ਤ, ਪਾਰਟੀ ਦੇ 15 ਨੇਤਾ ਕਰਨਗੇ ਮੁਲਾਕਾਤ

ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਨੈਸ਼ਨਲ ਕਾਨਫਰੰਸ ਦੇ ਇੱਕ 15 ਮੈਂਬਰੀ ਵਫ਼ਦ ਨੂੰ ਉਨ੍ਹਾਂ ਨੇ ਸੀਨੀਅਰ ਨੇਤਾ ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਨਾਲ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ।

5 ਅਗਸਤ ਨੂੰ ਧਾਰਾ 370 ਨੂੰ ਹਟਾਉਣ ਤੋਂ ਬਾਅਦ ਤੋਂ ਪਾਰਟੀ ਦੇ ਦੋਵੇਂ ਮੋਹਰੀ ਨੇਤਾ ਨਜ਼ਰਬੰਦ ਹਨ।

ਪਾਰਟੀ ਦੇ ਬੁਲਾਰੇ ਨੇ ਮਦਨ ਮੰਟੂ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਸਵੇਰੇ ਇਹ ਵਫ਼ਦ ਮੁਲਾਕਾਤ ਲਈ ਨਿਕਲ ਜਾਵੇਗਾ।

ਇਰਾਕ ਪ੍ਰਦਰਸ਼ਨ 'ਚ ਕਰੀਬ 100 ਲੋਕਾਂ ਦੀ ਮੌਤ

ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਬੀਤੇ ਪੰਜ ਦਿਨਾਂ ਤੋਂ ਸਰਕਾਰ ਵਿਰੋਧੀ ਮੁਜ਼ਾਹਰੇ ਚੱਲ ਰਹੇ ਹਨ। ਇਨ੍ਹਾਂ ਮੁਜ਼ਾਹਰਿਆਂ ਵਿੱਚ ਹਾਲੇ ਤੱਕ ਘੱਟੋ-ਘੱਟ 100 ਲੋਕਾਂ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਬੇਮਤਲਬ ਲੋਕਾਂ ਦੀਆਂ ਜਾਨਾਂ ਜਾਣੀਆਂ ਰੁੱਕਣੀਆਂ ਚਾਹੀਦੀਆਂ ਹਨ।

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਦੇਸ ਵਿੱਚ ਵੱਧਦੀ ਬੇਰੁਜ਼ਗਾਰੀ, ਖਰਾਬ ਜਨਤਕ ਸੇਵਾਵਾਂ ਤੇ ਵੱਧਦੇ ਭ੍ਰਿਸ਼ਟਾਚਾਰ ਕਾਰਨ ਗੁੱਸੇ ਵਿੱਚ ਹਨ।

ਇਹ ਸਾਲ 2017 ਵਿੱਚ ਇਰਾਕ ਵਿੱਚੋਂ ਕਥਿਤ ਇਸਲਾਮਿਕ ਸਟੇਟ ਦੇ ਖ਼ਾਤਮੇ ਮਗਰੋਂ ਸਭ ਤੋਂ ਵੱਡੀ ਘਟਨਾ ਹੈ।

ਇਰਾਕ ਮਿਸ਼ਨ ਲਈ ਯੂਐੱਨ ਦੇ ਮੁਖੀ ਜੈਨਿਨ ਹੈਨਿਸ ਪਲਾਸਕਾਰਡ ਦਾ ਕਹਿਣਾ ਹੈ ਕਿ ਜਿਨ੍ਹਾਂ ਕਰਕੇ ਇਹ ਜਾਨਾਂ ਗਈਆਂ ਹਨ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)