ਇਰਾਨ ਨੂੰ ਇਸ ਕੁੜੀ ਅੱਗੇ ਝੁਕਦਿਆਂ ਔਰਤਾਂ ਨੂੰ ਦੇਣਾ ਪਿਆ ਇਹ ਹੱਕ

ਸਹਿਰ ਨੂੰ ਇਰਾਨ ਦਾ ਕਾਨੂੰਨ ਪਤਾ ਸੀ ਕਿ ਖੇਡ ਦੇ ਮੈਦਾਨ ਵਿੱਚ ਔਰਤਾਂ ਦਾ ਜਾਣਾ ਮਨ੍ਹਾਂ ਹੈ ਪਰ ਸਹਿਰ ਫੁੱਟਬਾਲ ਦਾ ਮੈਚ ਦੇਖਣਾ ਚਾਹੁੰਦੀ ਸੀ।

ਸਹਿਰ ਦੀ ਇਹ ਮਾਮੂਲੀ ਜਿਹੀ ਤਮੰਨਾ ਸੀ, ਜਿਸ ਨੂੰ ਦੁਨੀਆਂ ਦੀਆਂ ਕੋਰੜਾਂ ਔਰਤਾਂ ਬਹੁਤ ਆਸਾਨੀ ਨਾਲ ਪੂਰਾ ਕਰ ਲੈਂਦੀਆਂ ਹਨ।

ਇਸੇ ਸਾਲ ਮਾਰਚ ਵਿੱਚ ਸਹਿਰ ਦੀ ਪਸੰਦੀਦਾ ਟੀਮ ਮੈਦਾਨ ਵਿੱਚ ਉਤਰੀ ਅਤੇ ਅਜਿਹੇ ਵਿੱਚ ਉਨ੍ਹਾਂ ਨੇ ਮਰਦਾਂ ਵਾਲੇ ਕੱਪੜੇ ਪਹਿਨੇ, ਬਲੂ ਵਿਗ ਲਗਾਇਆ ਅਤੇ ਲੰਬਾ ਓਵਰਕੋਟ ਪਾ ਲਿਆ।

ਇਸ ਤੋਂ ਬਾਅਦ ਉਹ ਤਹਿਰਾਨ ਆਜ਼ਾਦ ਸਟੇਡੀਅਮ ਵੱਲ ਵੱਧ ਰਹੀ ਸੀ। ਪਰ ਉਹ ਕਦੇ ਸਟੇਡੀਅਮ ਅੰਦਰ ਨਹੀਂ ਜਾ ਸਕੀ ਕਿਉਂਕਿ ਰਸਤੇ ਵਿੱਚ ਹੀ ਸੁਰੱਖਿਆ ਬਲਾਂ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਇਸੇ ਜ਼ੁਰਮ ਕਰਕੇ ਸਹਿਰ ਨੂੰ ਅਦਾਲਤ ਨੇ ਸੰਮਨ ਭੇਜਿਆ ਅਤੇ ਉਨ੍ਹਾਂ ਨੇ ਅਦਾਲਤ ਹਾਊਸ ਦੇ ਬਾਹਰ ਖ਼ੁਦਕੁਸ਼ੀ ਕਰ ਲਈ।

ਦੋ ਹਫ਼ਤਿਆਂ ਬਾਅਦ ਉਨ੍ਹਾਂ ਨੇ ਤਹਿਰਾਨ ਦੇ ਹਸਪਤਾਲ ਵਿੱਚ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ-

ਸਹਿਰ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਜ਼ੋਰਦਾਰ ਮੁਹਿੰਮ ਚੱਲਣ ਲੱਗੀ। ਇਰਾਨ 'ਤੇ ਦਬਾਅ ਵਧਣ ਲੱਗਾ ਕਿ ਉਹ ਸਟੇਡੀਅਮ ਵਿੱਚ ਔਰਤਾਂ ਦੇ ਆਉਣ 'ਤੇ ਲੱਗੀ ਦੀ ਪਾਬੰਦੀ ਨੂੰ ਖ਼ਤਮ ਕਰੇ।

ਇਸ ਮੁਹਿੰਮ ਵਿੱਚ ਇਰਾਨ ਦੀਆਂ ਵੀ ਕਈ ਔਰਤਾਂ ਸ਼ਾਮਿਲ ਹੋਈਆਂ। ਸੋਸ਼ਲ ਮੀਡੀਆ 'ਤੇ ਆਮ ਇਰਾਨੀ ਵੀ ਸਰਕਾਰ ਦੇ ਖ਼ਿਲਾਫ਼ ਖੜ੍ਹੇ ਹੋਣ ਲੱਗੇ।

ਹੁਣ ਇਰਾਨ ਨੇ ਵਾਅਦਾ ਕੀਤਾ ਹੈ ਕਿ ਉਹ ਕੰਬੋਡੀਆ ਨਾਲ ਹੋਣ ਵਾਲੇ ਫੁੱਟਬਾਲ ਮੈਚ ਵਿੱਚ ਘੱਟੋ-ਘੱਟ 3500 ਔਰਤਾਂ ਨੂੰ ਸਟੇਡੀਅਮ ਵਿੱਚ ਮੈਚ ਦੇਖਣ ਦੀ ਆਗਿਆ ਦੇਵੇਗਾ।

ਇਰਾਨ ਦੀ ਸਰਕਾਰੀ ਨਿਊਜ਼ ਏਜੰਸੀ ਇਰਨਾ ਨੇ 4 ਅਕਤੂਬਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਰਾਨੀ ਫੁੱਟਬਾਲ ਫੈਡਰੇਸ਼ਨ ਨੇ ਫੀਫਾ ਨਾਲ ਵਾਅਦਾ ਕੀਤਾ ਹੈ ਕਿ 10 ਅਕਤੂਬਰ ਨੂੰ ਤਹਿਰਾਨ ਆਜ਼ਾਦ ਸਟੇਡੀਅਮ ਵਿੱਚ ਹੋਣ ਵਾਲੇ ਫੁੱਟਬਾਲ ਮੈਚ ਵਿੱਚ ਇਰਾਨੀ ਔਰਤਾਂ ਨੂੰ ਆਉਣ ਦੀ ਆਗਿਆ ਦਿੱਤੀ ਜਾਵੇਗੀ।

ਦੇਖਦਿਆਂ-ਦੇਖਦਿਆਂ ਵਿਕ ਗਏ ਟਿਕਟ

ਔਰਤਾਂ ਨੂੰ ਟਿਕਟ ਦੇਣ ਲਈ ਸ਼ੁਰੂ ਵਿੱਚ ਵੱਖਰੀ ਵਿਵਸਥਾ ਕੀਤੀ ਗਈ ਸੀ। ਇਰਨਾ ਸਮਾਚਾਰ ਏਜੰਸੀ ਮੁਤਾਬਕ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਸਾਰੀਆਂ ਟਿਕਟਾਂ ਵਿਕ ਗਈਆਂ ਸਨ।

2022 ਵਿੱਚ ਵਿਸ਼ਵ ਕੱਪ ਕੁਆਟਰ ਫਾਈਨਲ ਮੈਚ ਲਈ ਸਟੇਡੀਅਮ ਵਿੱਚ ਔਰਤਾਂ ਦੇ ਬੈਠਣ ਦੀ ਥਾਂ ਨੂੰ ਵਧਾਇਆ ਜਾ ਰਿਹਾ ਹੈ।

ਇਰਨਾ ਦਾ ਕਹਿਣਾ ਹੈ ਔਰਤਾਂ ਦੇ ਬੈਠਣ ਲਈ ਤਿੰਨ ਹੋਰ ਕਤਾਰਾਂ ਬਣਾਈਆਂ ਗਈਆਂ ਸਨ ਅਤੇ ਇਨ੍ਹਾਂ ਸੀਟਾਂ ਦੇ ਟਿਕਟ ਤਤਕਾਲ ਹੀ ਵਿਕ ਗਏ। ਇਸ ਦਾ ਮਤਲਬ ਇਹ ਹੋਇਆ ਹੈ ਕਿ ਘੱਟੋ-ਘੱਟ 3500 ਇਰਾਨੀ ਔਰਤਾਂ ਸਟੇਡੀਅਮ 'ਚ ਮੈਚ ਦੇਖਣ ਆਉਣਗੀਆਂ।

ਸਮਾਚਾਰ ਏਜੰਸੀ ਰਾਇਟਰਸ ਨੇ ਫੀਫਾ ਦੇ ਅਧਿਕਾਰੀਆਂ ਦੇ ਬਿਆਨ ਦਾ ਹਵਾਲਾ ਦਿੰਦਿਆਂ ਹੋਇਆ ਦੱਸਿਆ ਹੈ ਕਿ ਕੁੱਲ 4600 ਟਿਕਟ ਔਰਤਾਂ ਲਈ ਉਪਲਬਧ ਕਰਾਈਆਂ ਜਾਣਗੀਆਂ ਅਤੇ ਆਸ ਸੀ ਕਿ ਮੰਗ ਇਸ ਤੋਂ ਕਿਤੇ ਜ਼ਿਆਦਾ ਹੋਣਗੀਆਂ।

ਸਟੇਡੀਅਮ ਦੀ ਸਮਰੱਥਾ ਇੱਕ ਲੱਖ ਦਰਸ਼ਕਾਂ ਦੀ ਹੈ। ਫੀਫਾ ਦਾ ਕਹਿਣਾ ਹੈ ਕਿ ਉਹ ਆਪਣੇ ਸੁਪਰਵਾਈਜ਼ਰਾਂ ਨੂੰ ਤਹਿਰਾਨ ਭੇਜੇਗਾ ਅਤੇ ਉਸ ਗੱਲ ਨੂੰ ਨਿਸ਼ਚਿਤ ਕਰੇਗਾ ਕਿ ਔਰਤਾਂ ਮੈਚ ਦੇਖ ਰਹੀਆਂ ਹਨ ਜਾਂ ਨਹੀਂ।

'ਦਿ ਬਲੂ ਗਰਲ'

ਇਰਾਨ ਦੀ 29 ਸਾਲ ਦੀ ਫੁੱਟਬਾਲ ਪ੍ਰਸ਼ੰਸਕ ਸਹਿਰ ਖੋਡਯਾਰੀ ਨੇ ਖ਼ੁਦਕੁਸ਼ੀ ਕਰ ਲਈ ਸੀ। ਸਹਿਰ ਨੂੰ ਸਟੇਡੀਅਮ ਵਿੱਚ ਵੜਨ ਤੋਂ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਸਹਿਰ ਦੀ ਮੌਤ ਤੋਂ ਬਾਅਦ ਤੋਂ ਹੀ ਇਰਾਨ 'ਤੇ ਕੌਮਾਂਤਰੀ ਦਬਾਅ ਸੀ ਕਿ ਉਹ ਔਰਤਾਂ ਸਟੇਡੀਅਮ ਵਿੱਚ ਆ ਕੇ ਮੈਚ ਦੇਖਣ ਦੀ ਆਗਿਆ ਦੇਵੇ।

ਸਹਿਰ ਨੂੰ ਲੋਕ ਪਿਆਰ ਨਾਲ 'ਦਿ ਬਲੂ ਗਰਲ' ਕਹਿਣ ਲੱਗੇ। ਉਨ੍ਹਾਂ ਦੀ ਪਸੰਦੀਦਾ ਟੀਮ ਫੁੱਟਬਾਲ ਕਲੱਬ ਸੀ ਅਤੇ ਇਸ ਦਾ ਕਲਰ ਬਲੂ ਸੀ। ਇਸ ਲਈ ਸਹਿਰ ਨੂੰ ਲੋਕ ਪਿਆਰ ਨਾਲ ਬਲੂ ਗਰਲ ਕਹਿਣ ਲੱਗੇ ਸਨ।

ਸਹਿਰ ਨੇ ਪਿਛਲੇ ਮਹੀਨੇ ਖ਼ੁਦਕੁਸ਼ੀ ਕਰ ਲਈ ਸੀ, ਜਿਸ ਵਿੱਚ ਉਹ 90 ਫੀਸਦ ਸੜ੍ਹ ਗਈ ਸੀ।

ਇਹ ਵੀ ਪੜ੍ਹੋ-

ਰੂੜੀਵਾਦੀ ਸ਼ਿਆ ਮੁਸਲਮਾਨ ਦੇਸ ਇਰਾਨ ਨੇ 1979 ਵਿੱਚ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਤੋਂ ਸਟੇਡੀਅਮ ਵਿੱਚ ਔਰਤਾਂ ਦੇ ਆਉਣ 'ਤੇ ਪਾਬੰਦੀ ਲਗਾ ਦਿੱਤੀ ਸੀ।

ਇਸਲਾਮਿਕ ਧਾਰਮਿਕ ਨੇਤਾਵਾਂ ਦਾ ਤਰਕ ਸੀ ਕਿ ਔਰਤਾਂ ਨੂੰ 'ਪੁਰਸ਼ਵਾਦੀ ਮਾਹੌਲ' ਅਤੇ 'ਅੱਧੇ-ਅਧੂਰੇ ਕੱਪੜੇ ਪਹਿਨੇ ਹੋਏ ਮਰਦਾਂ' ਨੂੰ ਦੇਖਣ ਤੋਂ ਬਚਣਾ ਚਾਹੀਦਾ ਹੈ।"

ਇਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਨੇ ਇਰਾਨੀ ਸਮਾਜ ਵਿੱਚ ਆਧੁਨਿਕ ਕਦਰਾਂ-ਕੀਮਤਾਂ ਨੂੰ ਲੈ ਕੇ ਆਉਣ ਦਾ ਵਾਅਦਾ ਕੀਤਾ ਸੀ ਪਰ ਉਹ ਇਸ ਮੋਰਚੇ 'ਤੇ ਅਸਫ਼ਲ ਰਹੇ। ਇਰਾਨ ਵਿੱਚ ਔਰਤਾਂ ਅੱਜ ਵੀ ਦੂਸਰੇ ਦਰਜੇ ਦੇ ਨਾਗਰਿਕ ਵਜੋਂ ਰਹਿਣ ਲਈ ਮਜਬੂਰ ਹਨ।

ਸੁਧਾਰਵਾਦੀ ਇਰਾਨੀ ਸੰਸਦ ਮੈਂਬਰ ਪਰਵਾਨੇਹ ਸਲਾਹਸ਼ੌਰੀ ਨੇ ਟਵੀਟ ਕੀਤਾ, "ਜਿੱਥੇ ਔਰਤਾਂ ਦੀ ਤਕਦੀਰ ਪੁਰਸ਼ ਤੈਅ ਕਰਦੇ ਹਨ ਅਤੇ ਉਨ੍ਹਾਂ ਨੂੰ ਬੁਨਿਆਦੀ ਮਨੁੱਖੀ ਅਧਿਕਾਰਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ। ਜਿੱਥੇ ਇਸ ਤਰ੍ਹਾਂ ਦੀ ਵਧੀਕੀ ਵਿੱਚ ਔਰਤਾਂ ਵੀ ਮਰਦਾਂ ਦਾ ਸਾਥ ਦਿੰਦੀਆਂ ਹਨ, ਉਥੇ ਅਸੀਂ ਸਾਰੇ ਸੜ੍ਹ ਕੇ ਮਰਨ ਵਾਲੀਆਂ ਕੁੜੀਆਂ ਲਈ ਜ਼ਿੰਮੇਵਾਰ ਹਾਂ।"

ਗ੍ਰਿਫ਼ਤਾਰੀ ਤੋਂ ਬਾਅਦ ਸੀ ਪਰੇਸ਼ਾਨ

ਇਰਾਨ ਵਿੱਚ ਸਹਿਰ ਦੀ ਮੌਤ ਤੋਂ ਬਾਅਦ ਔਰਤਾਂ ਦੇ ਅਧਿਕਾਰਾਂ ਨਾਲ ਜੁੜੇ ਕਾਰਕੁਨ ਕਾਫੀ ਸਰਗਰਮ ਹੋ ਗਏ। ਇਰਾਨ ਦੀਆਂ ਔਰਤਾਂ ਪਿਛਲੇ 8 ਦਹਾਕਿਆਂ ਤੋਂ ਬੇਸ਼ੱਕ ਪਹਿਲਵੀ ਵੰਸ਼ ਦਾ ਸ਼ਾਸਨ ਰਿਹਾ ਹੋਵੇ ਜਾਂ ਇਸਲਾਮਿਕ ਰਿਪਬਲਿਕ, ਭੇਦਭਾਵ ਵਾਲੇ ਕਾਨੂੰਨ ਨਾਲ ਪੀੜਤ ਰਹੀਆਂ ਹਨ।

ਸਹਿਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਸਮੱਸਿਆ ਸ਼ੁਰੂ ਹੋ ਗਈ ਸੀ। ਉਹ ਜ਼ਮਾਨਤ 'ਤੇ ਰਿਹਾਅ ਸੀ। ਉਨ੍ਹਾਂ 'ਤੇ ਜਨਤਕ ਮਰਿਆਦਾ ਤੋੜਨ ਅਤੇ ਸੁਰੱਖਿਆ ਬਲਾਂ ਨੂੰ ਬੇਇੱਜ਼ਤ ਕਰ ਦਾ ਇਲਜ਼ਾਮ ਤੈਅ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਹਿਜਾਬ ਨਹੀਂ ਪਹਿਨਿਆ ਸੀ।

ਸਹਿਰ ਨੂੰ ਦੋ ਸਤੰਬਰ ਨੂੰ ਕੋਰਟ ਨੇ ਸੰਮਨ ਭੇਜਿਆ ਸੀ ਅਤੇ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ 6 ਮਹੀਨੇ ਦੀ ਜੇਲ੍ਹ ਹੋ ਸਕਦੀ ਹੈ।

ਇਰਾਨ ਦੇ ਰੋਕਨਾ ਨਿਊਜ਼ ਨੂੰ ਸਹਿਰ ਦੀ ਭੈਣ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਪਰੇਸ਼ਾਨ ਸੀ ਇਸ ਲਈ ਖ਼ੁਦ ਨੂੰ ਅੱਗ ਹਵਾਲੇ ਕਰ ਦਿੱਤਾ।

ਓਪਨ ਸਟੇਡੀਅਮ ਮੂਵਮੈਂਟ ਦੇ ਪਿੱਛੇ ਇਰਾਨੀ ਔਰਤਾਂ ਖੁੱਲ੍ਹ ਕੇ ਸਾਹਮਣੇ ਆਈਆਂ। ਸਹਿਰ ਦੀ ਮੌਤ ਦੀ ਰਿਪੋਰਟ ਕੌਮਾਂਤਰੀ ਮੀਡੀਆ 'ਚ ਛਾ ਗਈ।

ਇਸ ਤੋਂ ਬਾਅਦ ਫੀਫਾ ਵੀ ਹਰਕਤ ਵਿੱਚ ਆਇਆ। ਫੀਫਾ ਦੇ ਚੇਅਰਮੈਨ ਜਿਆਨੀ ਇਨਫੈਟਿਨੀ ਨੇ ਕਿਹਾ, "ਸਾਡਾ ਰੁਖ਼ ਬਿਲਕੁਲ ਸਪੱਸ਼ਟ ਹੈ। ਔਰਤਾਂ ਨੂੰ ਸਟੇਡੀਅਮ 'ਚ ਜਾਣ ਦੀ ਆਗਿਆ ਮਿਲਣੀ ਚਾਹੀਦੀ ਹੈ।"

ਸੀਆਈਏ ਵਿਸ਼ਵ ਫੈਕਟਬੁੱਕ ਸਟੈਟਿਟਿਕਸ ਮੁਤਾਬਕ ਇਰਾਨ ਦੀ 8 ਕਰੋੜ ਦੀ ਆਬਾਦੀ 'ਚ 60 ਫੀਸਦ ਲੋਕ 30 ਸਾਲ ਤੋਂ ਘੱਟ ਉਮਰ ਦੇ ਹਨ। ਇਰਾਨ ਵਿੱਚ ਤਕਨੀਕੀ ਤੌਰ 'ਤੇ ਫੇਸਬੁੱਕ ਅਤੇ ਟਵਿੱਟਰ ਪਾਬੰਦੀਸ਼ੁਦਾ ਹਨ ਪਰ ਵਧੇਰੇ ਨੌਜਵਾਨ ਪਾਬੰਦੀ ਦੀ ਉਲੰਘਣਾ ਕਰਕੇ ਵਰਚੂਅਲ ਪ੍ਰਾਈਵੇਟ ਨੈਟਵਰਕ ਦਾ ਇਸਤੇਮਾਲ ਕਰਦੇ ਹਨ।

ਵਾਸ਼ਿੰਗਟਨ ਬੇਸਡ ਫਰੀਡਮ ਹਾਊਸ 2018 ਦੇ ਅਧਿਐਨ ਮੁਤਾਬਕ ਇਰਾਨ ਵਿੱਚ 60 ਫੀਸਦ ਲੋਕ ਇੰਟਰਨੈੱਟ ਦੀ ਵਰਤੋਂ ਕਰਦੇ ਹਨ। ਅਜਿਹੇ ਵਿੱਚ ਇਸ ਅੰਦੋਲਨ ਨੂੰ ਸੋਸ਼ਲ ਮੀਡੀਆ ਰਾਹੀਂ ਕਾਫੀ ਫੈਲਾਇਆ ਗਿਆ।

1979 ਵਿੱਚ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਇਰਾਨ ਵਿੱਚ ਔਰਤਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ।

ਪਰ ਇਸ ਵਾਰ ਸਰਕਾਰ ਨੂੰ ਝੁਕਨਾ ਪਿਆ। ਆਇਤੁੱਲਾਹ ਰੂਹੋਅੱਲਾ ਖੁਮੈਨੀ ਦੇ ਸ਼ਾਸਨ 'ਚ ਔਰਤਾਂ ਨੂੰ ਵਾਲ ਢਕਣ ਲਈ ਮਜਬੂਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ ਤਲਾਕ ਦੀ ਅਰਜ਼ੀ ਪਾਉਣ ਦਾ ਹੱਕ ਵੀ ਵਾਪਸ ਲੈ ਲਿਆ ਗਿਆ ਸੀ।

ਤੰਗ ਕੱਪੜੇ ਪਹਿਨਣ ਨੂੰ ਲੈ ਕੇ ਵੀ ਔਰਤਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਅਤੇ ਸ਼ਰਾਬ ਅਤੇ ਸੰਗੀਤ 'ਤੇ ਵੀ ਪਾਬੰਦੀ ਲਗਾ ਦਿੱਤੀ।

ਹੁਣ ਇਥੋਂ ਦੀਆਂ ਔਰਤਾਂ ਕਹਿ ਰਹੀਆਂ ਹਨ ਕਿ ਉਨ੍ਹਾਂ ਨੂੰ ਚੁਣਨ ਦੀ ਆਜ਼ਾਦੀ ਦਿੱਤੀ ਜਾ ਵੇ ਕਿ ਉਹ ਇਸਲਾਮਿਕ ਕੋਡ ਦੇ ਹਿਸਾਬ ਨਾਲ ਕੱਪੜੇ ਪਹਿਨਣਾ ਚਾਹੁੰਦੀਆਂ ਹਨ ਜਾਂ ਨਹੀਂ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)