Breast cancer ਨਾਲ ਸੌਂਣ-ਜਾਗਣ ਦਾ ਇਸ ਤਰ੍ਹਾਂ ਹੈ ਸਬੰਧ

    • ਲੇਖਕ, ਜੇਮਜ਼ ਗੈਲਾਗਰ
    • ਰੋਲ, ਸਿਹਤ ਤੇ ਵਿਗਿਆਨ ਪੱਤਰਕਾਰ

ਕੀ ਤੁਸੀਂ ਤੜਕੇ ਹੀ ਉੱਠ ਬਹਿੰਦੇ ਹੋ ਜਾਂ ਦੁਪਹਿਰ ਹੋਣ ਤੱਕ ਬਿਸਤਰੇ 'ਚ ਹੀ ਪਏ ਰਹਿੰਦੇ ਹੋ? ਇਹ ਅਸੀਂ ਇੰਝ ਹੀ ਨਹੀਂ ਪੁੱਛ ਰਹੇ। ਗੱਲ ਗੰਭੀਰ ਹੈ।

ਛੇਤੀ ਉੱਠਣ ਵਾਲੀਆਂ ਔਰਤਾਂ ਨੂੰ ਬ੍ਰੈਸਟ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ — ਇਹ ਦਾਅਵਾ ਹੈ ਬ੍ਰਿਟੇਨ ਦੇ ਕੁਝ ਖੋਜਕਾਰਾਂ ਦਾ।

ਇਸ ਖੋਜ ਨੂੰ ਗਲਾਸਗੋ ਵਿਖੇ ਕੈਂਸਰ ਉੱਤੇ ਹੋਏ ਇੱਕ ਸੰਮੇਲਨ 'ਚ ਤਫ਼ਸੀਲ ਨਾਲ ਪੇਸ਼ ਕੀਤਾ ਗਿਆ।

ਇਸ ਰਾਹੀਂ ਨੀਂਦ ਦੇ ਸਮੇਂ ਦਾ ਸਿਰਫ ਕੈਂਸਰ ਨਾਲ ਹੀ ਨਹੀਂ, ਸਗੋਂ ਇਨਸਾਨਾਂ ਦੇ ਸ਼ਰੀਰ 'ਤੇ ਪੈਣ ਵਾਲੇ ਅਸਰ ਦਾ ਅਧਿਐਨ ਹੋ ਸਕੇਗਾ।

'ਬਾਡੀ ਕਲਾਕ' ਜਾਂ 'ਸ਼ਰੀਰ ਘੜੀ' ਹੁੰਦੀ ਕੀ ਹੈ?

ਤੁਹਾਡਾ ਬਾਡੀ ਕਲਾਕ ਹੀ ਇਹ ਤੈਅ ਕਰਦਾ ਹੈ ਕਿ 24 ਘੰਟੇ ਦੇ ਗੇੜ 'ਚ ਤੁਹਾਡਾ ਸ਼ਰੀਰ ਕਿਵੇਂ ਕੰਮ ਕਰੇਗਾ।

ਤੁਹਾਡੇ ਸੌਂਣ ਤੋਂ ਲੈ ਕੇ ਰੋਟੀ ਖਾਣ ਤੱਕ, ਮੂਡ ਤੋਂ ਲੈ ਕੇ ਦਿਲ ਦਾ ਦੌਰਾ ਪੈਣ ਦੀਆਂ ਸੰਭਾਵਨਾਵਾਂ ਤੱਕ, ਇਹ ਬਹੁਤ ਕੁਝ ਦੱਸਦਾ ਤੇ ਕਰਦਾ ਹੈ।

ਪਰ ਸਾਰਿਆਂ ਦੀ 'ਸ਼ਰੀਰ ਘੜੀ' ਇੱਕੋ ਟਾਈਮ ਨਹੀਂ ਦੱਸਦੀ।

'ਮੋਰਨਿੰਗ ਪੀਪਲ' ਜਾਂ 'ਸਵੇਰ ਪਸੰਦ ਇਨਸਾਨ' ਉਹ ਹੁੰਦੇ ਹਨ ਜਿਨ੍ਹਾਂ ਨੂੰ ਛੇਤੀ ਉੱਠ ਕੇ ਸੰਤੁਸ਼ਟੀ ਮਿਲਦੀ ਹੈ ਤੇ ਸ਼ਾਮ ਨੂੰ ਉਹ ਛੇਤੀ ਹੀ ਥਕਿਆ ਮਹਿਸੂਸ ਕਰਦੇ ਹਨ।

'ਈਵਨਿੰਗ ਪੀਪਲ' ਨੂੰ 'ਸ਼ਾਮ ਪਸੰਦ' ਆਖਿਆ ਜਾ ਸਕਦਾ ਹੈ। ਇਨ੍ਹਾਂ ਲੋਕਾਂ ਨੂੰ ਸਵੇਰੇ ਛੇਤੀ ਉੱਠਣ 'ਚ ਬੜੀ ਮੁਸ਼ਕਲ ਹੁੰਦੀ ਹੈ ਪਰ ਇਹ ਸ਼ਾਮ ਨੂੰ ਆਪਣੇ ਪੂਰੇ ਰੰਗ 'ਚ ਆ ਜਾਂਦੇ ਹਨ। ਇਹ ਰਾਤੀ ਦੇਰ ਨਾਲ ਹੀ ਸੌਂਦੇ ਹਨ।

ਕੈਂਸਰ ਨਾਲ ਕੁਨੈਕਸ਼ਨ ਕੀ ਹੈ?

ਸਵੇਰ-ਸ਼ਾਮ, ਜਾਗਣ-ਸੌਂਣ ਦਾ ਕੈਂਸਰ ਨਾਲ ਸੰਬੰਧ ਕਿਵੇਂ ਬਣਦਾ ਹੈ? ਖੋਜਕਾਰਾਂ ਨੇ ਇਸ ਲਈ ਇੱਕ ਪ੍ਰਕਿਰਿਆ ਵਰਤੀ ਹੈ।

ਉਨ੍ਹਾਂ ਨੇ ਇਨਸਾਨੀ ਡੀਐੱਨਏ ਦੇ 341 ਅਜਿਹੇ ਤੱਤਾਂ ਨੂੰ ਜਾਂਚਿਆ ਜਿਨ੍ਹਾਂ ਰਾਹੀਂ ਸਾਡੇ ਸ਼ਰੀਰ ਦੇ ਸੌਂਣ-ਜਾਗਣ ਦਾ ਸਮਾਂ ਤੈਅ ਹੁੰਦਾ ਹੈ।

ਦੋ ਵੱਖ-ਵੱਖ ਅਧਿਐਨਾਂ ਤਹਿਤ 1.8 ਲੱਖ ਅਤੇ 2.3 ਲੱਖ ਔਰਤਾਂ ਉੱਪਰ ਪ੍ਰਯੋਗ ਕੀਤੇ ਗਏ। ਨਤੀਜਾ ਇਹ ਆਇਆ ਕਿ 'ਸਵੇਰ ਪਸੰਦ' ਲੋਕਾਂ ਨੂੰ ਬ੍ਰੈਸਟ ਕੈਂਸਰ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।

ਗੱਲ ਇਸ ਲਈ ਵੀ ਪੱਕੀ ਲੱਗਦੀ ਹੈ ਕਿਉਂਕਿ ਡੀਐੱਨਏ ਦੇ ਇਹ ਤੱਤ ਜਨਮ ਤੋਂ ਹੀ ਤੈਅ ਹੁੰਦੇ ਹਨ।

ਇਹ ਵੀ ਜ਼ਰੂਰ ਪੜ੍ਹੋ

ਅਸਰ ਕਿੰਨਾ ਕੁ ਹੈ?

ਯੂਕੇ 'ਚ ਹਰ ਸੱਤ ਔਰਤਾਂ 'ਚੋਂ ਇੱਕ ਨੂੰ ਬ੍ਰੈਸਟ ਕੈਂਸਰ ਹੁੰਦਾ ਹੈ। ਭਾਰਤ ਵਿੱਚ ਵੀ ਇਹ ਕੈਂਸਰ ਦੀਆਂ ਸਭ ਤੋਂ ਵੱਧ ਮਿਲਣ ਵਾਲੀਆਂ ਕਿਸਮਾਂ ’ਚ ਸ਼ਾਮਲ ਹੈ।

ਖੋਜ ਦਾ ਦਾਇਰਾ ਛੋਟਾ ਹੀ ਸੀ — ਔਰਤ ਦੀ ਜ਼ਿੰਦਗੀ ਦੇ ਅੱਠ ਸਾਲ। ਇਸ ਵਿੱਚ ਇਹੀ ਪਤਾ ਲੱਗਾ ਕਿ ਹਰ 100 'ਸਵੇਰ ਪਸੰਦ' ਔਰਤਾਂ 'ਚੋਂ ਇੱਕ ਨੂੰ ਬ੍ਰੈਸਟ ਕੈਂਸਰ ਹੋਇਆ ਪਰ ਹਰ 100 'ਸ਼ਾਮ ਪਸੰਦ' ਔਰਤਾਂ ਵਿੱਚੋਂ ਦੋ ਨੂੰ ਬ੍ਰੈਸਟ ਕੈਂਸਰ ਹੋਇਆ।

ਯੂਨੀਵਰਸਿਟੀ ਆਫ ਬ੍ਰਿਸਟਲ ਤੋਂ ਖੋਜਕਾਰ ਡਾ. ਰਿਬੈਕਾ ਰਿਚਮੰਡ ਮੁਤਾਬਕ, "ਇਹ ਖੋਜ ਇਸ ਲਈ ਅਹਿਮ ਹਨ ਕਿਉਂਕਿ ਨੀਂਦ 'ਚ ਬਦਲਾਅ ਲਿਆਇਆ ਜਾ ਸਕਦਾ ਹੈ। ਇਹ ਵੀ ਪਤਾ ਲੱਗਦਾ ਹੈ ਕਿ ਸਾਰੀਆਂ ਹੀ ਔਰਤਾਂ ਨੂੰ ਖ਼ਤਰਾ ਹੈ।"

ਇਹ ਵੀ ਜ਼ਰੂਰ ਪੜ੍ਹੋ

ਸਮੇਂ ਸਿਰ ਸੌਂਣ ਨਾਲ ਖ਼ਤਰਾ ਖ਼ਤਮ?

ਗੱਲ ਇੰਨੀ ਸਿੱਧੀ ਵੀ ਨਹੀਂ ਹੈ।

ਡਾ. ਰਿਚਮੰਡ ਕਹਿੰਦੇ ਹਨ ਕਿ ਔਰਤਾਂ ਨੂੰ ਸਪਸ਼ਟ ਸਲਾਹ ਦੇਣਾ ਅਜੇ ਠੀਕ ਨਹੀਂ। "ਸਾਨੂੰ ਇਹ ਵੀ ਵੇਖਣ ਦੀ ਲੋੜ ਹੈ ਕਿ ਸਵੇਰੇ ਛੇਤੀ ਉੱਠਣ ਵਾਲਿਆਂ ਨੂੰ ਖ਼ਤਰਾ ਘੱਟ ਕਿਉਂ ਹੈ? ਸਾਨੂੰ ਕੁਨੈਕਸ਼ਨ ਸਿੱਧਾ ਸਥਾਪਤ ਕਰਨਾ ਪਵੇਗਾ।"

ਉਂਝ ਵੀ ਵਿਗਿਆਨ ਖ਼ੁਦ ਨੂੰ ਕਦੇ ਵੀ 100 ਫ਼ੀਸਦ ਸਟੀਕ ਨਹੀਂ ਮੰਨਦਾ।

ਇਸ ਖੋਜ ਨੂੰ ਦੂਜੀਆਂ ਜਾਣਕਾਰੀਆਂ ਨਾਲ ਜੋੜ ਕੇ ਬਹਿਤਰ ਪੜ੍ਹਿਆ ਜਾ ਸਕਦਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਜਾਂ ਵਿਸ਼ਵ ਸਿਹਤ ਸੰਸਥਾ ਨੇ ਪਹਿਲਾਂ ਵੀ ਦੱਸਿਆ ਹੈ ਕਿ ਨੀਂਦ ਦੇ ਸਮੇਂ ਦਾ ਕੈਂਸਰ ਨਾਲ ਸੰਬੰਧ ਹੈ।

ਇਹ ਵੀ ਜ਼ਰੂਰ ਪੜ੍ਹੋ

‘ਬ੍ਰੈਸਟ ਕੈਂਸਰ ਨਾਓ’ ਨਾਂ ਦੀ ਸੰਸਥਾ ਨਾਲ ਜੁੜੇ ਡਾ. ਰਿਚਰਡ ਬਰਕਸ ਨੇ ਦੱਸਿਆ, "ਇਹ ਨਵੀਂ ਖੋਜ ਸਾਡੇ ਕੋਲ ਮੌਜੂਦ ਜਾਣਕਾਰੀ ਵਿੱਚ ਵਾਧਾ ਕਰਦੀ ਹੈ। ਬ੍ਰੈਸਟ ਕੈਂਸਰ ਤੇ ਨੀਂਦ ਦੇ ਸੰਬੰਧ ਦੀ ਹੋਰ ਪੜਚੋਲ ਦੀ ਲੋੜ ਹੈ।"

ਖੋਜ ਕਰਨ ਵਾਲੇ ਵਿਗਿਆਨੀਆਂ ਨੇ ਆਪਣੀ ਰਿਪੋਰਟ ਨੂੰ ਆਪਣੀ ਵੈੱਬਸਾਈਟ ਉੱਪਰ ਪਾਇਆ ਹੈ ਪਰ ਇਸ ਦੀ ਅਜੇ ਸਾਥੀ ਵਿਗਿਆਨੀਆਂ ਨੇ ਹਮਾਇਤ ਨਹੀਂ ਕੀਤੀ ਹੈ।

ਇਹ ਵੀਡੀਓ ਵੀ ਤੁਹਾਨੂੰ ਰੋਚਕ ਲੱਗਣਗੇ

ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER,YouTube 'ਤੇ ਜੁੜੋ