ਪਰਾਲੀ-ਪ੍ਰਦੂਸ਼ਣ: ਦਿੱਲੀ ਦਾ ਬੁਰਾ ਹਾਲ, ਪੰਜਾਬ ਦੇ ਪਿੰਡਾਂ ਦਾ ਨਹੀਂ ਕੋਈ ਹਿਸਾਬ — 5 ਅਹਿਮ ਖ਼ਬਰਾਂ

ਹਵਾ ਪ੍ਰਦੂਸ਼ਣ ਦੇ ਮਾਮਲੇ 'ਚ ਦਿੱਲੀ ਲਈ ਸੋਮਵਾਰ ਇਸ ਸਾਲ ਦਾ ਹੁਣ ਤਕ ਦਾ ਸਭ ਤੋਂ ਮਾੜਾ ਦਿਨ ਰਿਹਾ।

ਇਸ ਲਈ ਪੰਜਾਬ-ਹਰਿਆਣਾ 'ਚ ਝੋਨੇ ਦੀ ਪਰਾਲੀ ਨੂੰ ਲਗਾਈ ਜਾਂਦੀ ਅੱਗ ਨੂੰ ਜਿੰਮੇਵਾਰ ਮੰਨਿਆ ਜਾ ਰਿਹਾ ਹੈ।

ਦਿ ਟ੍ਰਿਬਿਊਨ ਦੀ ਖ਼ਾਸ ਰਿਪੋਰਟ ਮੁਤਾਬਕ ਪੰਜਾਬ ਦੇ ਪਿੰਡਾਂ 'ਚ — ਜਿੱਥੇ ਪਰਾਲੀ ਅਸਲ 'ਚ ਸਾੜੀ ਜਾਂਦੀ ਹੈ — ਏਅਰ ਕੁਆਲਿਟੀ ਇੰਡੈਕਸ (ਏ.ਕਯੂ.ਆਈ.) ਨਾਪਣ ਦਾ ਕੋਈ ਸਾਧਨ ਹੀ ਨਹੀਂ ਹੈ। ਪੰਜਾਬ 'ਚ ਕੇਵਲ 6 ਸ਼ਹਿਰਾਂ 'ਚ ਹੀ ਇਹ ਇੰਡੈਕਸ ਮਾਪਿਆ ਜਾਂਦਾ ਹੈ।

ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਏ.ਕਯੂ.ਆਈ. ਨੂੰ ਮਾਪਣ ਲਈ ਕੁਝ ਕੇਂਦਰ ਸਥਾਪਤ ਕਰਨ ਦੀ ਲੋੜ ਤਾਂ ਹੈ ਪਰ ਇਹ ਸਾਲ 'ਚ ਸਿਰਫ ਦੋ ਮਹੀਨੇ ਹੀ ਕੰਮ ਆਉਣਗੇ।

ਇਹ ਵੀ ਪੜ੍ਹੋ

ਖਹਿਰਾ ਨੇ ਖਿੱਚੀ ਇੱਕ ਹੋਰ ਮਾਰਚ ਦੀ ਤਿਆਰੀ, ਹੋਰਾਂ ਨੂੰ ਸ਼ਾਮਲ ਕਰਨ ਦੀ ਉਮੀਦ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਕਾਰਵਾਈ ਦੀ ਮੰਗ ਨੂੰ ਲੈ ਕੇ ਅਕਤੂਬਰ 'ਚ ਬਰਗਾੜੀ ਵਿਖੇ ਕੱਢੇ ਰੋਸ ਮਾਰਚ ਦੀ ਸਫ਼ਲਤਾ ਤੋਂ ਬਾਅਦ, ਹੁਣ ਆਮ ਆਦਮੀ ਪਾਰਟੀ ਦੇ ਬਾਗੀ ਦਸੰਬਰ 'ਚ ਇੱਕ ਹੋਰ 'ਇਨਸਾਫ ਮਾਰਚ' ਦੀ ਤਿਆਰੀ ਕਰ ਰਹੇ ਹਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪਾਰਟੀ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਅੱਠ ਦਿਨਾਂ ਦਾ ਇਹ ਮਾਰਚ ਤਲਵੰਡੀ ਸਾਬੋ ਤੋਂ ਪਟਿਆਲਾ ਤੱਕ ਹੋਵੇਗਾ।

ਇਸ ਦਾ ਮੁੱਦਾ ਕੇਵਲ ਬੇਅਦਬੀ ਦੇ ਮੁਜਰਿਮਾਂ 'ਤੇ ਕਾਰਵਾਈ ਹੀ ਨਹੀਂ ਹੋਵੇਗਾ, ਸਗੋਂ ਪੰਜਾਬ ਦੇ ਹੋਰ ਮਸਲਿਆਂ ਉੱਤੇ ਵੀ ਸੂਬੇ ਦੀ ਕਾਂਗਰਸ ਸਰਕਾਰ ਨੂੰ ਘੇਰਿਆ ਜਾਵੇਗਾ।

ਬਾਗੀ ਧਿਰ ਦੀ ਇੱਕ ਮੀਟਿੰਗ ਤੋਂ ਬਾਅਦ ਦਿੱਤੇ ਬਿਆਨ 'ਚ ਖਹਿਰਾ ਨੇ ਇਹ ਵੀ ਕਿਹਾ ਕਿ ਉਹ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ, ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾ, ਕਿਸਾਨ ਯੂਨੀਅਨ ਅਤੇ ਬਹੁਜਨ ਸਮਾਜ ਪਾਰਟੀ ਸਮੇਤ ਹੋਰਾਂ ਨੂੰ ਵੀ ਇਸ ਮੁਜ਼ਾਹਰੇ 'ਚ ਸ਼ਾਮਲ ਕਰਨ ਦੇ ਯਤਨ ਕਰਨਗੇ।

ਭਾਰਤ ਦੀ ਐਟਮੀ ਤਿਕੜੀ ਪੂਰੀ

ਭਾਰਤ ਦੀ ਪਹਿਲੀ ਸਵਦੇਸ਼ੀ ਪਰਮਾਣੂ ਪਣਡੁੱਬੀ, ਆਈਐੱਨਐੱਸ ਅਰਿਹੰਤ, ਨੇ ਪਹਿਲੀ ਗਸ਼ਤ ਸਫਲ ਢੰਗ ਨਾਲ ਪੂਰੀ ਕਰ ਲਈ ਹੈ। ਦਿ ਇੰਡੀਅਨ ਐਕਸਪ੍ਰੈੱਸ ਦਿ ਖ਼ਬਰ ਮੁਤਾਬਕ ਇਸ ਨਾਲ ਹੀ ਭਾਰਤ ਹੁਣ ਖ਼ੁਦ ਹਵਾਈ, ਜ਼ਮੀਨੀ ਤੇ ਸਮੁੰਦਰੀ, ਤਿੰਨਾਂ ਤਰੀਕਿਆਂ ਨਾਲ ਐਟਮੀ ਹਥਿਆਰ ਵਰਤ ਸਕਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਮੁਲਕ ਦੀ ਸੁਰੱਖਿਆ ਲਈ ਬਹੁਤ ਵੱਡਾ ਕਦਮ ਹੈ।

ਪੰਜਾਬੀ ਟ੍ਰਿਬਿਊਨ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ ਅਤੇ ਸ਼ਾਂਤੀ ਦੇ ਦੁਸ਼ਮਣਾਂ ਲਈ ਖੁੱਲ੍ਹੀ ਚਿਤਾਵਨੀ ਹੈ।

ਇਹ ਵੀ ਪੜ੍ਹੋ

ਉਨ੍ਹਾਂ ਕਿਹਾ ਕਿ ਭਾਰਤ ਦੀ ਨਵੀਂ ਸਮਰੱਥਾ ਉਨ੍ਹਾਂ ਲੋਕਾਂ ਨੂੰ ਜਵਾਬ ਹੈ ਜੋ ਭਾਰਤ ਨੂੰ ਪਰਮਾਣੂ ਹਮਲੇ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਕਰਦੇ ਹਨ।

ਅਮਰੀਕੀ ਚੋਣਾਂ 'ਚ ਭਾਰਤੀ ਮੂਲ ਦੇ 100 ਉਮੀਦਵਾਰਾਂ ਵਿੱਚੋਂ 12 'ਤਕੜੇ'

ਅਮਰੀਕਾ 'ਚ 6 ਨਵੰਬਰ, ਮੰਗਲਵਾਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ 'ਚ ਕਰੀਬ 100 ਭਾਰਤੀ ਮੂਲ ਦੇ ਉਮੀਦਵਾਰ ਮੈਦਾਨ 'ਚ ਹਨ।

32 ਕਰੋੜ ਦੇ ਮੁਲਕ ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਮਾਤਰ 1 ਫ਼ੀਸਦੀ ਹੈ, ਫਿਰ ਵੀ ਖ਼ਬਰਾਂ ਮੁਤਾਬਕ ਇਨ੍ਹਾਂ ਉਮੀਦਵਾਰਾਂ ਵਿੱਚੋਂ 12 ਜਿੱਤ ਸਕਦੇ ਹਨ।

ਖਬਰ ਏਜੰਸੀ ਪੀਟੀਆਈ ਦੀ ਕਈ ਅਖਬਾਰਾਂ 'ਚ ਛਪੀ ਖ਼ਬਰ ਮੁਤਾਬਕ ਭਾਰਤ 'ਚ ਅਮਰੀਕਾ ਦੇ ਰਾਜਦੂਤ ਰਹੇ ਰਿਚਰਡ ਵਰਮਾ ਨੇ ਇਸ ਨੂੰ ਇੱਕ "ਸ਼ਾਨਦਾਰ" ਮੌਕਾ ਆਖਿਆ ਹੈ।

ਅਮਰੀਕਾ 'ਚ ਰਾਸ਼ਟਰਪਤੀ ਡੌਨਲਡ ਟਰੰਪ ਦੇ ਚਾਰ ਸਾਲਾਂ ਦੇ ਕਾਰਜਕਾਲ ਦੇ ਮੱਧ ਵਿੱਚ ਹੋ ਰਹੀਆਂ ਇਨ੍ਹਾਂ ਚੋਣਾਂ 'ਚ ਹਾਊਸ ਆਫ ਰਿਪ੍ਰੈਸੈਂਟੇਟਿਵਜ਼ ਦੀਆਂ ਸਾਰੀਆਂ 435 ਸੀਟਾਂ ਹੀ ਦਾਅ 'ਤੇ ਹਨ ਜਦਕਿ ਸੈਨੇਟ ਦੀਆਂ 100 'ਚੋਂ 35 ਸੀਟਾਂ 'ਤੇ ਚੋਣ ਹਨ।

ਇਹ ਵੀ ਪੜ੍ਹੋ:-

ਵਿਦੇਸ਼ੀਆਂ ਲਈ ਬ੍ਰਿਟੇਨ ਦੀ ਫੌਜ 'ਚ ਭਰਤੀ ਹੋਣਾ ਹੋਵੇਗਾ ਸੌਖਾ

ਯੂਕੇ ਸਰਕਾਰ ਭਾਰਤ ਸਮੇਤ ਰਾਸ਼ਟਰਮੰਡਲ ਮੁਲਕਾਂ ਦੇ ਨਾਗਰਿਕਾਂ ਲਈ ਫ਼ੌਜ 'ਚ ਭਰਤੀ ਲਈ ਮਾਪਦੰਡਾਂ 'ਚ ਛੋਹਟ ਦਾ ਐਲਾਨ ਕਰਨ ਵਾਲੀ ਹੈ। ਹਥਿਆਰਬੰਦ ਬਲਾਂ 'ਚ ਕਮੀ ਨੂੰ ਪੂਰਾ ਕਰਨ ਲਈ ਬ੍ਰਿਟੇਨ ਨੇ ਇਹ ਕਦਮ ਚੁੱਕਿਆ ਹੈ।

ਇਸ ਵੇਲੇ ਰਾਸ਼ਟਰਮੰਡਲ ਮੁਲਕਾਂ ਦੇ 200 ਨਾਗਰਿਕ ਹੀ ਇਸ ਸ਼ਰਤ ਨੂੰ ਪੂਰਾ ਕੀਤੇ ਬਗੈਰ ਬ੍ਰਿਟੇਨ ਦੀ ਫੌਜ ਵਿੱਚ ਕੁਝ ਨੌਕਰੀਆਂ ਲਈ ਅਰਜੀ ਦੇ ਸਕਦੇ ਹਨ।

ਬ੍ਰਿਟੇਨ 'ਚ ਇਸ ਵੇਲੇ ਤਿੰਨਾਂ ਫੌਜਾਂ ਨੂੰ ਮਿਲਾ ਕੇ 8,200 ਸੈਨਿਕਾਂ ਦੀ ਘਾਟ ਹੈ, ਜੋ ਕਿ 2010 ਤੋਂ ਬਾਅਦ ਸਭ ਤੋਂ ਮਾੜਾ ਅੰਕੜਾ ਹੈ।

ਇਹ ਵੀ ਪੜ੍ਹੋ

ਉਮੀਦ ਇਹ ਜ਼ਾਹਰ ਕੀਤੀ ਗਈ ਹੈ ਕਿ ਨਿਯਮਾਂ 'ਚ ਢਿੱਲ ਤੋਂ ਬਾਅਦ ਹਰ ਸਾਲ 1,350 ਹੋਰ ਸੈਨਿਕ ਭਰਤੀ ਹੋਣਗੇ।

ਰੱਖਿਆ ਮੰਤਰਾਲੇ ਨੇ ਸੰਸਦ ਮੂਹਰੇ ਲਿਖਤੀ ਤਜਵੀਜ਼ ਨੂੰ ਪੇਸ਼ ਕੀਤਾ ਹੈ ਜਿਸ ਰਾਹੀਂ ਜਾਣਕਾਰੀ ਦਿੱਤੀ ਗਈ ਕਿ ਥਲ, ਜਲ ਜਾਂ ਹਵਾਈ ਸੈਨਾ 'ਚ ਭਰਤੀ ਹੋਣ ਲਈ ਇੰਗਲੈਂਡ 'ਚ ਘੱਟੋਘੱਟ ਪੰਜ ਸਾਲ ਰਹਿਣ ਦੀ ਮੌਜੂਦਾ ਸ਼ਰਤ ਨੂੰ ਹਟਾਇਆ ਜਾਵੇ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)