6 ਸਬਕ ਉਸ ਰਾਣੀ ਤੋਂ ਜਿਸ ਨੇ ਤਾਕਤਵਰ ਸਮਰਾਜ ਨਾਲ ਟੱਕਰ ਲਈ

ਕਰੀਬ 2000 ਸਾਲ ਪਹਿਲਾਂ ਬੁਡੀਕਾ ਨਾਂ ਦੀ ਰਾਣੀ ਹੋਈ ਸੀ ਜਿਸ ਨੇ ਉਸ ਵੇਲੇ ਦੇ ਰੋਮਨ ਸਮਰਾਜ ਖਿਲਾਫ਼ ਵੱਡੀ ਬਗਾਵਤ ਦੀ ਅਗਵਾਈ ਕੀਤੀ ਸੀ।

ਬਗਾਵਤ ਇੰਨੀ ਜ਼ਬਰਦਸਤ ਸੀ ਕਿ ਉਸ ਨੇ ਹਮਲਾਵਰ ਤੇ ਤਾਕਤਵਰ ਰੋਮਨ ਫੌਜਾਂ ਨੂੰ ਤਕਰੀਬਨ ਮਾਤ ਦੇ ਦਿੱਤੀ ਸੀ।

ਬੁਡੀਕਾ ਨੂੰ ਸਨਮਾਨਿਤ ਤੇ ਵਿਵਾਦਿਤ ਅਕਸ ਲਈ ਜਾਣਿਆ ਜਾਂਦਾ ਹੈ। ਕੋਈ ਉਨ੍ਹਾਂ ਨੂੰ ਉਸ ਵੇਲੇ ਦੀ ਨਾਰੀਵਾਦੀ ਕਹਿੰਦਾ ਹੈ, ਕੋਈ ਆਜ਼ਾਦੀ ਲਈ ਲੜਨ ਵਾਲੀ ਕਾਰਕੁਨ ਅਤੇ ਕੋਈ ਯੋਧਾ ਜਾਂ ਅਤਿਵਾਦੀ ਕਹਿੰਦਾ ਹੈ।

ਖੈਰ ਬੁਡੀਕਾ ਦੀ ਕੋਈ ਵੀ ਕਹਾਣੀ ਰਹੀ ਹੋਵੇ ਪਰ ਉਹ ਇੱਕ ਤਾਕਤਵਰ ਆਗੂ ਸੀ ਜਿਸ ਨੂੰ ਵੱਖ-ਵੱਖ ਕਬੀਲਿਆਂ ਤੋਂ ਆਈਆਂ ਫੌਜਾਂ ਦੀ ਕਾਮਯਾਬ ਅਗਵਾਈ ਕਰਨ ਦਾ ਹੁਨਰ ਸੀ।

ਅਸੀਂ ਤੁਹਾਨੂੰ ਦੱਸਾਂਗੇ ਕਿ ਆਖਿਰ ਇਸ ਲੜਾਕੂ ਰਾਣੀ ਤੋਂ ਮੌਜੂਦਾ ਵੇਲੇ ਕੀ-ਕੀ ਸਿੱਖਣ ਦੀ ਲੋੜ ਹੈ।

1. ਪੁਸ਼ਾਕ ਦਾ ਅਹਿਮ ਰੋਲ

ਕਿਸੇ ਵੀ ਚੰਗੇ ਕੰਮ ਲਈ ਚੰਗੀ ਪੁਸ਼ਾਕ ਪਹਿਨਣੀ ਬਹੁਤ ਜ਼ਰੂਰੀ ਹੈ। ਬੁਡੀਕਾ ਇਸ ਤੱਥ ਨੂੰ ਚੰਗੇ ਤਰੀਕੇ ਨਾਲ ਜਾਣਦੀ ਸੀ।

ਬੂਡੀਕਾ ਨੂੰ ਜ਼ਿਆਦਾਤਰ ਇੱਕ ਤਾਕਤਵਰ ਔਰਤ ਵਜੋਂ ਚਿੱਤਰਾਂ ਤੇ ਮੂਰਤੀਆਂ ਵਿੱਚ ਦਰਸ਼ਾਇਆ ਜਾਂਦਾ ਹੈ ਜੋ ਇੱਕ ਰੱਥ 'ਤੇ ਸਵਾਰ ਹੈ ਅਤੇ ਉਸ ਕੋਲ ਲਿਸ਼ਕਦਾ ਹੋਇਆ ਭਾਲਾ ਹੈ।

ਉਸਦੇ ਲੰਬੇ ਵਾਲ ਵੀ ਤਸਵੀਰਾਂ ਵਿੱਚ ਦਿਖਾਏ ਜਾਂਦੇ ਹਨ। ਅਸੀਂ ਨਹੀਂ ਜਾਣਦੇ ਕਿ ਰਾਣੀ ਬੂਡੀਕਾ ਕਿਵੇਂ ਦਿਖਦੀ ਹੋਵੇਗੀ।

ਰੋਮਨ ਇਤਿਹਾਸਤਕਾਰ ਕੈਸੀਅਸ ਡੀਓ ਨੇ ਰਾਣੀ ਬੂਡੀਕਾ ਦੀ ਮੌਤ ਤੋਂ ਬਾਅਦ ਉਸ ਦੇ ਬਾਰੇ ਵਿੱਚ ਲਿਖਿਆ।

ਉਸ ਦੇ ਅਨੁਸਾਰ, "ਉਸ ਦਾ ਕੱਦ ਕਾਫੀ ਉੱਚਾ ਸੀ। ਦੇਖਣ ਵਿੱਚ ਉਹ ਕਾਫੀ ਰੌਬੀਲੀ ਸੀ। ਸੰਘਣੇ ਵਾਲ ਉਸ ਦੇ ਕੁੱਲ੍ਹੇ ਤੱਕ ਜਾਂਦੇ ਸੀ। ਗਲੇ ਵਿੱਚ ਉਹ ਸੋਨੇ ਦਾ ਵੱਡਾ ਹਾਰ ਪਹਿਨਦੀ ਸੀ।

ਉਸ ਦੇ ਕੱਪੜੇ ਵੱਖ - ਵੱਖ ਰੰਗਾ ਦੇ ਹੁੰਦੇ ਸਨ। ਇਸ ਵਿੱਚ ਕੋਈ ਸ਼ੱਕ ਨਹੀਂ ਰੌਬਦਾਰ ਤਰੀਕੇ ਨਾਲ ਕੱਪੜੇ ਪਹਿਨਣ ਦੀ ਉਸ ਵੇਲੇ ਬੂਡੀਕਾ ਨੇ ਹੀ ਸ਼ੁਰੂਆਤ ਕੀਤੀ ਸੀ।

2. ਦਮਦਾਰ ਨਾਮ

ਬੂਡੀਕਾ ਨਾਂ ਪੁਰਾਤਾਨ ਭਾਸ਼ਾ ਬ੍ਰੀਥੋਨਿਕ ਸ਼ਬਦ ਬਾਊਡ ਤੋਂ ਆਇਆ ਹੈ ਜਿਸ ਦਾ ਮਤਲਬ ਉਹ ਵਿਅਕਤੀ ਜੋ ਜਿੱਤ ਲੈ ਕੇ ਆਉਂਦਾ ਹੈ। ਬੂਡੀਕਾ ਔਰਤਾਂ ਲਈ ਵਰਤਿਆ ਜਾਂਦਾ ਹੈ।

ਸਾਨੂੰ ਇਹ ਯਕੀਨ ਤਾਂ ਹੈ ਕਿ ਰਾਣੀ ਨੂੰ ਇਹ ਨਾਂ ਜਨਮ ਵੇਲੇ ਤਾਂ ਨਹੀਂ ਦਿੱਤਾ ਹੋਵੇਗਾ ਅਤੇ ਬਾਅਦ ਵਿੱਚ ਹੀ ਉਸ ਨੇ ਇਹ ਨਾਂ ਧਾਰਨ ਕੀਤਾ ਹੋਵੇਗਾ। ਭਾਵੇਂ ਮਿਲੀ ਹਾਰ ਕਾਰਨ ਰਾਣੀ ਆਪਣੇ ਨਾਂ ਅਨੁਸਾਰ ਜਿੱਤ ਦਾ ਸਿਲਸਿਲਾ ਕਾਇਮ ਨਹੀਂ ਰੱਖ ਸਕੀ।

3. ਕਦੇ ਵੀ ਕਿਸੇ ਨੂੰ ਘੱਟ ਨਹੀਂ ਮੰਨੋ

ਬੂਡੀਕਾ ਦਾ ਪਤੀ ਪ੍ਰੈਸੁਟਗਸ ਪੂਰਬੀ ਐਨਜੀਲੀਆ ਦੇ ਈਕਨੀ ਕਬੀਲੇ 'ਤੇ ਰਾਜ ਕਰਦਾ ਸੀ। ਉਹ ਰੋਮਨ ਸਮਰਾਜ ਲਈ ਨਰਮਦਿਲ ਸੀ। ਉਸ ਨੇ ਉਨ੍ਹਾਂ ਨੂੰ ਆਪਣੇ ਲੋਕਾਂ 'ਤੇ ਰਾਜ ਕਰਨ ਦਿੱਤਾ।

ਪ੍ਰੈਸੁਟਗਸ ਦੀ ਮੌਤ ਤੋਂ ਬਾਅਦ ਰੋਮਨ ਸਮਰਾਜ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਈ ਜ਼ਮੀਨਾਂ 'ਤੇ ਕਬਜ਼ਾ ਕਰ ਲਿਆ।

ਜਦੋਂ ਬੂਡੀਕਾ ਨੇ ਟੈਕਸ ਦੇਣ ਤੋਂ ਮਨਾ ਕਰ ਦਿੱਤਾ ਤਾਂ ਰੋਮਨ ਰਾਜਿਆਂ ਨੂੰ ਉਸ ਨੂੰ ਜਨਤਕ ਤੌਰ 'ਤੇ ਤਸ਼ੱਦਦ ਦਿੱਤੇ ਅਤੇ ਉਸ ਦੀਆਂ ਧੀਆਂ ਦਾ ਬਲਾਤਕਾਰ ਕੀਤਾ।

ਪਰ ਉਨ੍ਹਾਂ ਨੇ ਰਾਣੀ ਬੂਡੀਕਾ ਨੂੰ ਘੱਟ ਸਮਝਣ ਦੀ ਗਲਤੀ ਕੀਤੀ। ਰਾਣੀ ਨੇ ਮੁਕਾਬਲਾ ਕਰਨ ਦਾ ਫੈਸਲਾ ਕੀਤਾ।

ਰਾਣੀ ਬੂਡੀਕਾ ਨੇ ਆਪਣੇ ਅਤੇ ਹੋਰ ਕਬੀਲਿਆਂ ਤੋਂ ਲੋਕਾਂ ਨੂੰ ਇਕੱਠਾ ਕੀਤਾ ਅਤੇ ਫੌਜ ਤਿਆਰ ਕੀਤੀ।

ਰਾਣੀ ਦੀਆਂ ਫੌਜਾਂ ਨੇ ਰੋਮਨ ਨਿੰਨਥ ਲੀਜਨ ਨੂੰ ਹਰਾ ਦਿੱਤਾ, ਰੋਮਨ ਬ੍ਰਿਟੇਨ ਦੀ ਰਾਜਧਾਨੀ ਨੂੰ ਤਬਾਹ ਕਰ ਦਿੱਤਾ। ਇਨ੍ਹਾਂ ਫੌਜਾਂ ਨੇ ਲੰਡਨ ਤੇ ਸੈਂਟ ਐੱਲਬੈਂਸ 'ਤੇ ਕਬਜ਼ਾ ਕਰ ਲਿਆ ਸੀ।

4. ਵੱਡੀ ਫੌਜ ਤੋਂ ਬਿਹਤਰ ਫੌਜ ਦੀ ਟਰੇਨਿੰਗ

ਕਿਹਾ ਜਾਂਦਾ ਹੈ ਕਿ ਹਮੇਸ਼ਾ ਤਿਆਰ ਰਹੋ। ਲੰਡਨ ਅਤੇ ਸੈਂਟ ਐਲਬੈਂਸ ਗੁਆਉਣ ਤੋਂ ਬਾਅਦ ਰੋਮ ਦੇ ਗਵਰਨਰ ਨੇ ਆਪਣੀ ਫੌਜਾਂ ਨੂੰ ਬੂਡੀਕਾ ਦੀ ਫੌਜ ਦਾ ਮੁਕਾਬਲਾ ਕਰਨ ਲਈ ਭੇਜਿਆ।

ਭਾਵੇਂ ਰਾਣੀ ਬੂਡੀਕਾ ਕੋਲ ਇੱਕ ਵੱਡੀ ਫੌਜ ਸੀ ਪਰ ਉਸ ਦੇ ਫੌਜੀਆਂ ਦਾ ਵਧੀਆ ਟਰੇਨਿੰਗ ਅਤੇ ਜੰਗ ਦੇ ਤਜ਼ਰਬੇ ਨਾਲ ਲੈਸ ਰੋਮਨ ਫੌਜੀਆਂ ਨਾਲ ਕੋਈ ਮੁਕਾਬਲਾ ਨਹੀਂ ਸੀ।

ਰੋਮਨ ਫੌਜ ਤੋਂ 10 ਗੁਣਾ ਫੌਜ ਹੋਣ ਦੇ ਬਾਵਜੂਦ ਬੂਡੀਕਾ ਨੂੰ ਰੋਮ ਦੀ ਫੌਜ ਨੇ ਹਰਾ ਦਿੱਤਾ।

5. ਵੱਖਰੀ ਸ਼ਖਸ਼ੀਅਤ

ਬੂਡੀਕਾ ਦੀ ਬਗਾਵਤ ਇਸ ਲਈ ਨਹੀਂ ਜਾਣਿਆ ਜਾਂਦਾ ਕਿਉਂਕਿ ਉਸ ਨੇ ਰੋਮਨ ਹਮਲੇ ਦਾ ਮੁਕਾਬਲਾ ਕੀਤਾ ਸੀ ਸਗੋਂ ਇਤਿਹਾਸ ਵਿੱਚ ਉਸ ਦੀ ਬਗਾਵਤ ਨੂੰ ਇਸ ਲਈ ਜਾਣਿਆ ਜਾਂਦਾ ਸੀ ਕਿਉਂਕਿ ਉਹ ਇੱਕ ਔਰਤ ਸੀ।

ਡਾ. ਜੈਨ ਵੈਬਸਟਰ ਅਨੁਸਾਰ, "ਔਰਤ ਆਗੂਆਂ ਨੇ ਰੋਮਨ ਸੰਵੇਦਨਸ਼ੀਲਤਾਵਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਨ੍ਹਾਂ ਨੂੰ ਇਸ ਬਗਾਵਤ ਦੀ ਉਮੀਦ ਨਹੀਂ ਸੀ।''

ਇਹੀ ਕਾਰਨ ਹੈ ਕਿ ਅਸੀਂ ਰੋਮਨ ਸਮਰਾਜ ਵੇਲੇ ਹੋਈਆਂ ਹੋਰ ਅਹਿਮ ਘਟਨਾਵਾਂ ਤੋਂ ਵੱਧ ਇਸ ਘਟਨਾ ਬਾਰੇ ਜਾਣਦੇ ਹਾਂ।

ਮਿਰਾਂਡਾ ਐਲਡ ਹਾਊਸ ਅਨੁਸਾਰ ਬੂਡੀਕਾ ਇੱਕ ਪ੍ਰੇਰਨਾ ਦੇਣ ਵਾਲੇ ਸ਼ਖਸ਼ੀਅਤ ਹੈ। ਉਹ ਉਨ੍ਹਾਂ ਕੁਝ ਔਰਤਾਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੇ ਰੋਮਨ ਸਮਰਾਜ ਦਾ ਮੁਕਾਬਲਾ ਕੀਤਾ ਸੀ।

ਅਸਲ ਵਿੱਚ ਬੂਡੀਕਾ ਹੀ ਅਜਿਹੀ ਔਰਤ ਹੈ ਜਿਸ ਨੇ ਬਰਤਾਨੀਆ ਦੀਆਂ ਸਾਂਝੀਆਂ ਫੌਜਾਂ ਦੀ ਅਗਵਾਈ ਕੀਤੀ ਸੀ।

ਬੂਡੀਕਾ ਬਾਰੇ ਰਿਕਾਰਡ ਕਾਫੀ ਘੱਟ ਹਨ ਅਤੇ ਉਨ੍ਹਾਂ ਵਿੱਚ ਕਾਫੀ ਵਿਰੋਧਾਭਾਸ ਹੈ ਪਰ ਫਿਰ ਵੀ ਉਹ ਔਰਤ ਹੋਣ ਕਰਕੇ ਸਾਹਿਤ ਦੀ ਇੱਕ ਅਹਿਮ ਸ਼ਖਸ਼ੀਅਤ ਹੈ ਅਤੇ ਬਗਾਵਤ ਦਾ ਇੱਕ ਚੰਗਾ ਉਦਾਹਰਨ ਹੈ।

6. ਆਦਰਸ਼ ਹੋਣਾ ਜ਼ਰੂਰੀ

16ਵੀਂ ਸ਼ਤਾਬਦੀ ਦੌਰਾਨ ਲੋਕ ਪੁਰਾਤਨ ਕਹਾਣੀਆਂ ਲਿਖਣ ਵਾਲਿਆਂ ਵਿੱਚ ਦਿਲਚਸਪੀ ਲੈਣ ਲੱਗੇ ਸਨ। ਟੈਕੀਟਸ ਨੇ ਬੂਡੀਕਾ ਦੀ ਬਗਾਵਤ ਦਾ ਚਿੱਤਰਨ ਕੀਤਾ ਸੀ।

ਮਰਦਾਂ ਦੀ ਦੁਨੀਆਂ ਵਿੱਚ ਇੱਕ ਹੋਰ ਅਹਿਮ ਤੇ ਤਾਕਤਵਰ ਔਰਤ ਰਾਣੀ ਐਲਜ਼ੈਬੈਥ ਵਨ ਨੇ ਬੂਡੀਕਾ ਦੀ ਕਹਾਣੀ ਤੋਂ ਪ੍ਰੇਰਨ ਲਈ ਸੀ। ਵਿਕਟੋਰੀਅਨਜ਼ ਨੇ ਬੂਡੀਕਾ ਨੂੰ ਬਸਤੀਵਾਦ ਦੀ ਪ੍ਰੇਰਨਾ ਬਣਾਇਆ।

ਪ੍ਰੋਫੈਸਰ ਰਿਚਰਡ ਹਿੰਗਲੀ ਅਨੁਸਾਰ, ਅਸੀਂ ਬੂਡੀਕਾ ਬਾਰੇ ਕਾਫੀ ਘੱਟ ਜਾਣਦੇ ਹਾਂ ਇਸ ਲਈ ਕਿਸੇ ਵੀ ਖੇਤਰ ਨਾਲ ਜੁੜਿਆ ਵਿਅਕਤੀ ਬੂਡੀਕਾ ਤੋਂ ਪ੍ਰੇਰਨਾ ਲੈ ਸਕਦਾ ਹੈ।

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)