ਬ੍ਰੈਸਟ ਕੈਂਸਰ ਪੀੜਤ ਔਰਤਾਂ ਲਈ ਰਾਹਤ ਦੀ ਖ਼ਬਰ

    • ਲੇਖਕ, ਜੇਮਜ਼ ਗਾਲਾਘਰ
    • ਰੋਲ, ਪੱਤਰਕਾਰ, ਬੀਬੀਸੀ ਨਿਊਜ਼

ਬ੍ਰੈਸਟ ਕੈਂਸਰ ਤੋਂ ਪੀੜਤ ਤਕਰੀਬਨ 70 ਫੀਸਦੀ ਔਰਤਾਂ ਨੂੰ ਇਲਾਜ ਕਰਵਾਉਣ ਲਈ ਹੁਣ ਕੀਮੋਥੈਰੇਪੀ ਦੀ ਲੋੜ ਨਹੀਂ ਹੋਵੇਗੀ। ਇਹ ਦਾਅਵਾ ਕੀਤਾ ਹੈ ਖੋਜਕਰਤਾਵਾਂ ਨੇ।

ਕੈਂਸਰ ਦਾ ਇਲਾਜ ਕਰਨ ਵਾਲੇ ਡਾਕਟਰਾਂ ਦਾ ਮੰਨਣਾ ਹੈ ਕਿ ਇਸ ਨਵੀਂ ਖੋਜ ਨਾਲ ਯੂਕੇ ਵਿੱਚ ਇਲਾਜ ਕਰਨ ਦਾ ਤਰੀਕਾ ਬਦਲੇਗਾ। ਸਿਰਫ਼ ਸਰਜਰੀ ਅਤੇ ਹਾਰਮੋਨ ਥੈਰੇਪੀ ਨਾਲ ਹੀ ਇਲਾਜ ਸੰਭਵ ਹੋ ਸਕਦਾ ਹੈ।

ਸਰਜਰੀ ਤੋਂ ਬਾਅਦ ਅਕਸਰ ਕੀਮੋਥੈਰੇਪੀ ਕੀਤੀ ਜਾਂਦੀ ਹੈ ਤਾਂ ਕਿ ਬ੍ਰੈਸਟ ਕੈਂਸਰ ਨਾ ਤਾਂ ਫੈਲੇ ਅਤੇ ਨਾ ਹੀ ਵਾਪਿਸ ਆਏ।

ਇਸ ਨਾਲ ਜ਼ਿੰਦਗੀਆਂ ਜ਼ਰੂਰ ਬਚ ਜਾਂਦੀਆਂ ਹਨ ਪਰ ਇਸ ਦੇ ਕਈ ਸਾਈਡ-ਇਫੈਕਟ ਵੀ ਹੁੰਦੇ ਹਨ। ਜਿਵੇਂ ਕਿ ਉਲਟੀ, ਥਕਾਵਟ, ਬਾਂਝਪਣ ਅਤੇ ਨਾੜਾਂ ਵਿੱਚ ਹਮੇਸ਼ਾਂ ਪੀੜ ਹੋਣਾ।

ਕੁਝ ਕੁ ਮਾਮਲਿਆਂ ਵਿੱਚ ਦਿਲ ਦਾ ਦੌਰਾ ਵੀ ਪੈ ਸਕਦਾ ਹੈ ਅਤੇ ਲਿਉਕੋਮੀਆ ਵੀ ਹੋ ਸਕਦਾ ਹੈ।

ਕਿਸ ਨੂੰ ਕੀਮੋਥੈਰੇਪੀ ਦੀ ਲੋੜ ਨਹੀਂ?

10, 273 ਔਰਤਾਂ 'ਤੇ ਇੱਕ ਜੈਨੇਟਿਕ ਟੈਸਟ ਰਾਹੀਂ ਇਹ ਸਰਵੇਖਣ ਕੀਤਾ ਗਿਆ ਹੈ।

ਜਿਹੜੀਆਂ ਔਰਤਾਂ ਪੈਮਾਨੇ 'ਤੇ ਘੱਟ ਆਈਆਂ ਹਨ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਕੀਮੋਥੈਰੇਪੀ ਦੀ ਲੋੜ ਨਹੀਂ ਹੈ ਜਦੋਂਕਿ ਜਿੰਨ੍ਹਾਂ ਦਾ ਹਾਈ ਸਕੋਰ ਆਇਆ ਹੈ, ਉਨ੍ਹਾਂ ਨੂੰ ਕੀਮੋਥੈਰੇਪੀ ਦੀ ਲੋੜ ਹੈ।

ਪਰ ਜ਼ਿਆਦਾਤਰ ਔਰਤਾਂ ਦੇ ਨਤੀਜੇ ਵਿਚਾਲੜੇ ਹੁੰਦੇ ਹਨ ਯਾਨਿ ਕਿ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ।

ਕੈਂਸਰ ਦੇ ਡਾਕਟਰਾਂ ਅਤੇ ਵਿਗਿਆਨੀਆਂ ਵਿਚਾਲੇ ਸ਼ਿਕਾਗੋ ਵਿੱਚ ਹੋਈ ਸਭ ਤੋਂ ਵੱਡੀ ਬੈਠਕ ਵਿੱਚ ਜੋ ਅੰਕੜੇ ਸਾਹਮਣੇ ਆਏ ਹਨ ਉਨ੍ਹਾਂ ਮੁਤਾਬਕ ਇੰਨ੍ਹਾਂ ਔਰਤਾਂ ਦੇ ਕੀਮੋਥੈਰੇਪੀ ਨਾਲ ਜਾਂ ਬਿਨਾਂ ਇਸ ਦੇ ਬਚਣ ਦੇ ਸਬੱਬ ਇੱਕੋ ਜਿਹੇ ਹੀ ਹਨ।

ਕੀਮੋਥੇਰਪੀ ਦੇ ਬਿਨਾਂ 9 ਸਾਲ ਤੱਕ 93.9% ਔਰਤਾਂ ਬਚ ਸਕੀਆਂ ਹਨ ਜਦੋਂਕਿ 93.8% ਕੀਮੋਥੈਰੇਪੀ ਨਾਲ ਬਚੀਆਂ ਹਨ।

ਖੋਜ ਦਾ ਕਿੰਨਾ ਤੇ ਕਿਸ ਨੂੰ ਫਾਇਦਾ?

ਨਿਊਯਾਰਕ ਦੇ ਐਲਬਰਟ ਆਈਂਸਟਾਈਨ ਕੈਂਸਰ ਸੈਂਟਰ ਵੱਲੋਂ ਕੀਤਾ ਸਰਵੇਖਣ ਕੈਂਸਰ ਲਈ ਇੱਕ ਅਹਿਮ ਖੋਜ ਹੈ ਕਿਉਂਕਿ ਇਸ ਨਾਲ ਪੈਸੇ ਦੀ ਬੱਚਤ ਹੋ ਸਕਦੀ ਹੈ ਅਤੇ ਇਲਾਜ ਕਰਨ ਦੇ ਤਰੀਕੇ ਵਿੱਚ ਇੱਕ ਦਮ ਬਦਲਾਅ ਆ ਸਕਦਾ ਹੈ।

ਲੰਡਨ ਦੇ ਰਾਇਲ ਮਾਰਸਡੈੱਨ ਹਸਪਤਾਲ ਦੇ ਡਾ. ਅਲਿਸਟੇਅਰ ਰਿੰਗ ਮੁਤਾਬਕ, "ਓਨਕੋਲੋਜਿਸਟ (ਕੈਂਸਰ ਦਾ ਇਲਾਜ ਕਰਨ ਵਾਲੇ ਡਾਕਟਰ) ਇਨ੍ਹਾਂ ਨਤੀਜਿਆਂ ਦੀ ਉਡੀਕ ਕਰ ਹੀ ਰਹੇ ਸਨ। ਇਸ ਦਾ ਅਸਰ ਅਗਲੇ ਦਿਨ ਤੋਂ ਹੀ ਨਜ਼ਰ ਆਏਗਾ।"

"ਬ੍ਰੈਸਟ ਕੈਂਸਰ ਨਾਲ ਪੀੜਿਤ ਔਰਤਾਂ ਦੀ ਜਿਸ ਤਰੀਕੇ ਨਾਲ ਅਸੀਂ ਦੇਖਭਾਲ ਕਰਦੇ ਹਾਂ ਉਨ੍ਹਾਂ ਲਈ ਇਹ ਇੱਕ ਵੱਡਾ ਬਦਲਾਅ ਹੈ। ਇਹ ਇੱਕ ਚੰਗੀ ਖ਼ਬਰ ਹੈ।"

ਡਾ. ਅਲਿਸਟੇਅਰ ਰਿੰਗ ਦਾ ਅੰਦਾਜ਼ਾ ਹੈ ਕਿ ਯੂਕੇ ਵਿੱਚ ਤਕਰੀਬਨ 3000 ਔਰਤਾਂ ਨੂੰ ਹਰ ਸਾਲ ਕੀਮੋਥੈਰੇਪੀ ਦੀ ਲੋੜ ਨਹੀਂ ਹੋਵੇਗੀ।

ਇਹ ਸਰਵੇਖਣ ਬ੍ਰੈਸਟ ਕੈਂਸਰ ਦੀ ਮੁੱਢਲੀ ਸਟੇਜ ਲਈ ਕੀਤਾ ਗਿਆ ਹੈ। ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਦਾ ਇਲਾਜ ਹਾਰਮੋਨ ਥੈਰੇਪੀ ਰਾਹੀਂ ਕੀਤਾ ਜਾ ਸਕਦਾ ਹੈ।

ਇਹ ਟੈਸਟ ਕੈਂਸਰ ਦੇ ਉਸ ਸੈਂਪਲ 'ਤੇ ਕੀਤਾ ਗਿਆ ਹੈ ਜੋ ਕਿ ਸਰਜਰੀ ਤੋਂ ਬਾਅਦ ਹਟਾ ਦਿੱਤਾ ਗਿਆ ਸੀ।

ਇਹ ਟੈਸਟ ਉਨ੍ਹਾਂ 21 ਜੀਨਜ਼ ਦੇ ਐਕਟਿਵਿਟੀ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ ਜੋ ਕਿ ਇਹ ਦੱਸਦੇ ਹਨ ਕਿ ਕੈਂਸਰ ਕਿੰਨਾ ਮਾਰੂ ਹੈ।

ਚੈਰਿਟੀ ਬ੍ਰੈਸਟ ਕੈਂਸਰ ਕੇਅਰ ਦੇ ਰੈਚੇਲ ਰੌਸਨ ਦਾ ਕਹਿਣਾ ਹੈ, "ਕਈ ਤਰ੍ਹਾਂ ਦੇ ਬ੍ਰੈਸਟ ਕੈਂਸਰ ਨਾਲ ਪੀੜਤ ਔਰਤਾਂ ਹਰ ਰੋਜ਼ ਇਸ ਉਲਝਣ ਵਿੱਚ ਰਹਿੰਦੀਆਂ ਹਨ ਕਿ ਉਨ੍ਹਾਂ ਨੂੰ ਇਲਾਜ ਕਰਵਾਉਣਾ ਚਾਹੀਦਾ ਹੈ ਜਾਂ ਨਹੀਂ। ਇਹ ਖੋਜ ਉਨ੍ਹਾਂ ਔਰਤਾਂ ਦੇ ਲਈ ਜ਼ਰੂਰ ਖੁਸ਼ਖਬਰੀ ਹੈ ਕਿਉਂਕਿ ਇਸ ਕਾਰਨ ਹਜ਼ਾਰਾਂ ਔਰਤਾਂ ਕੀਮੋਥੈਰੇਪੀ ਕਰਾਉਣ ਤੋਂ ਬਚ ਸਕਣਗੀਆਂ।"

ਖੋਜ ਦੇ ਇਹ ਅੰਕੜੇ ਨਿਉ ਇੰਗਲੈਂਡ ਜਰਨਲ ਆਫ਼ ਮੈਡੀਸੀਨ ਵਿੱਚ ਪਲਬਿਸ਼ ਕੀਤੇ ਗਏ ਹਨ ਅਤੇ ਅਮਰੀਕਨ ਸੋਸਾਇਟੀ ਆਫ਼ ਕਲੀਨੀਕਲ ਓਕਨੋਲੋਜੀ ਦੀ ਸਾਲਾਨਾ ਮੀਟਿੰਗ ਵਿੱਚ ਪੇਸ਼ ਕੀਤੇ ਗਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)