You’re viewing a text-only version of this website that uses less data. View the main version of the website including all images and videos.
ਵਰਲਡ ਕੱਪ 2018: ਈਰਾਨੀ ਔਰਤਾਂ ਨੂੰ ਸਟੇਡੀਅਮ 'ਚ ਮੈਚ ਦੇਖਣ ਦੀ ਮਿਲੀ ਇਜਾਜ਼ਤ
- ਲੇਖਕ, ਜੌਰਜੀਨਾ ਰਨਾਰਡ ਅਤੇ ਬੀਬੀਸੀ ਮੋਨੀਟਰਿੰਗ
- ਰੋਲ, ਬੀਬੀਸੀ ਨਿਊਜ਼
ਆਖ਼ਰਕਾਰ ਈਰਾਨ ਦੀਆਂ ਔਰਤਾਂ ਨੂੰ ਬੁੱਧਵਾਰ ਫੁੱਟਬਾਲ ਸਟੇਡੀਅਮ ਵਿੱਚ ਜਾਣ ਦੀ ਇਜਾਜ਼ਤ ਮਿਲ ਗਈ ਅਤੇ ਉਨ੍ਹਾਂ ਦਾ ਸਾਲਾਂ ਪੁਰਾਣਾ ਮੈਚ ਦੇਖਣ ਦਾ ਸੁਪਨਾ ਪੂਰਾ ਹੋ ਗਿਆ।
ਇਸ ਤੋਂ ਪਹਿਲਾਂ ਮਹਿਲਾਵਾਂ ਨੇ ਆਖ਼ਰੀ ਵਾਰ 1979 ਵਿੱਚ ਸਟੇਡੀਅਮ 'ਚ ਫੁੱਟਬਾਲ ਮੈਚ ਦੇਖਿਆ ਸੀ। ਬੁੱਧਵਾਰ ਨੂੰ ਮਹਿਲਾ ਦਰਸ਼ਕ ਤਹਿਰਾਨ ਦੇ ਆਜ਼ਾਦੀ ਸਟੇਡੀਅਮ 'ਚ ਦਾਖ਼ਲ ਹੋਏ ਤੇ ਵਰਲਡ ਕੱਪ 2018 ਲਈ ਖੇਡ ਰਹੀ ਸਪੇਨ ਦੀ ਟੀਮ ਦਾ ਮੈਚ ਦੇਖਿਆ।
ਆਜ਼ਾਦੀ ਸਟੇਡੀਅਮ ਦਾ ਕਹਿਣਾ ਹੈ ਕਿ ਸੋਮਾਵਰ ਨੂੰ ਈਰਾਨ ਦਾ ਅਗਲਾ ਮੈਚ ਪੁਰਤਗਾਲ ਖ਼ਿਲਾਫ਼ ਹੈ। ਉਮੀਦ ਹੈ ਕਿ ਉਸ ਦੌਰਾਨ ਵੀ ਮਹਿਲਾਵਾਂ ਨੂੰ ਕੋਈ ਦਿੱਕਤ ਨਾ ਆਵੇ।
ਸਟੇਡੀਅਮ ਦੇ ਅੰਦਰ ਔਰਤਾਂ ਵੱਲੋਂ ਸੈਲਫੀਆਂ ਲੈ ਕੇ ਸੋਸ਼ਲ ਮੀਡੀਆ 'ਤੇ ਪਾਈਆਂ ਗਈਆਂ ਅਤੇ ਈਰਾਨ ਦੀ ਫੁੱਟਬਾਲ ਟੀਮ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਮਹਿਲਾ ਦੀ ਫੋਟੋ ਸ਼ੇਅਰ ਕੀਤੀ ਗਈ ਜਿਹੜੀ ਕੌਮੀ ਝੰਡੇ ਨਾਲ ਖੜ੍ਹੀ ਹੈ।
ਮਈ ਵਿੱਚ ਵੀ ਪੰਜ ਔਰਤਾਂ ਆਜ਼ਾਦੀ ਸਟੇਡੀਅਮ ਦੇ ਅੰਦਰ ਸਨ ਪਰ ਉਨ੍ਹਾਂ ਨੇ ਮਰਦਾਂ ਦਾ ਭੇਸ ਧਾਰਿਆ ਹੋਇਆ ਸੀ ਜਿਸ ਕਾਰਨ ਉਨ੍ਹਾਂ ਦੇ ਦਾੜ੍ਹੀ ਰੱਖੀ ਹੋਈ ਸੀ ਤੇ ਨਕਲੀ ਬਾਲ ਲਾਏ ਹੋਏ ਸਨ।
ਹਾਲਾਂਕਿ ਇਸ ਰੂੜ੍ਹੀਵਾਦੀ ਦੇਸ 'ਚ ਮਹਿਲਾਵਾਂ ਦੇ ਖੇਡ ਮੈਦਾਨਾਂ ਅੰਦਰ ਦਾਖ਼ਲ ਹੋਣ 'ਤੇ ਕੋਈ ਅਧਿਕਾਰਕ ਪਾਬੰਦੀ ਨਹੀਂ ਹੈ।
ਮੈਚਾਂ ਵਿੱਚ ਸ਼ਾਮਲ ਹੋਣ ਦੀ ਸਜ਼ਾ
ਧਾਰਮਿਕ ਸੰਸਥਾਵਾਂ ਨੇ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਢਿੱਲ ਦੇਣ ਤੋਂ ਇਨਕਾਰ ਕੀਤਾ ਹੈ ਅਤੇ ਪੁਲਿਸ ਵੀ ਉਨ੍ਹਾਂ ਨੂੰ ਦਾਖ਼ਲ ਹੋਣ ਤੋਂ ਰੋਕਦੀ ਹੈ।
ਇਸ ਤੋਂ ਪਹਿਲਾਂ ਮੈਚਾਂ ਵਿੱਚ ਸ਼ਾਮਲ ਹੋਣ ਲਈ ਔਰਤਾਂ ਨੂੰ ਸਜ਼ਾ ਵੀ ਦਿੱਤੀ ਗਈ ਸੀ। ਮਾਰਚ ਵਿੱਚ 35 ਔਰਤਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਜਿਹੜੀਆਂ ਫੁੱਟਬਾਲ ਮੈਚ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਹੀਆਂ ਸਨ।
ਇਸ ਐਲਾਨ ਤੋਂ ਬਾਅਦ ਬੁੱਧਵਾਰ ਨੂੰ ਔਰਤਾਂ ਅਤੇ ਪਰਿਵਾਰਾਂ ਨੇ ਈਰਾਨ-ਸਪੇਨ ਵਿਚਾਲਾ ਮੁਕਾਬਲਾ ਦੇਖਿਆ। ਔਰਤਾਂ ਆਜ਼ਾਦੀ ਸਟੇਡੀਅਮ ਬਾਹਰ ਟਿਕਟਾਂ ਸਮੇਤ ਲਾਈਨਾਂ ਵਿੱਚ ਖੜ੍ਹੀਆਂ ਸਨ।
ਪਰ ਸੁਰੱਖਿਆ ਬਲਾਂ ਨੇ ਰਸਤੇ ਨੂੰ ਰੋਕ ਰੱਖਿਆ ਸੀ ਅਤੇ ਦਾਅਵਾ ਕਰ ਰਹੇ ਸਨ ਕਿ ਬੁਨਿਆਦੀ ਢਾਂਚੇ 'ਚ ਦਿੱਕਤ ਕਾਰਨ ਪਲਾਨ ਰੱਦ ਕੀਤਾ ਗਿਆ ਹੈ।
ਦਰਸ਼ਕਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਟੇਡੀਅਮ ਦੇ ਬਾਹਰ ਹੀ ਬੈਠ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲਦੀ ਉਹ ਨਹੀਂ ਹਟਣਗੇ।
ਇੱਕ ਘੰਟੇ ਦੇ ਅੰਦਰ ਸੋਸ਼ਲ ਮੀਡੀਆ 'ਤੇ #Azadi_cancellation ਨਾਲ ਪ੍ਰਦਰਸ਼ਨ ਦੀਆਂ 2000 ਪੋਸਟਾਂ ਪਾਈਆਂ ਗਈਆਂ।
ਗ੍ਰਹਿ ਮੰਤਰੀ ਅਬਦੋਲਰੇਜ਼ਾ ਰਹਿਮਾਨੀ-ਫਜ਼ਲੀ ਦੇ ਖ਼ਾਸ ਹੁਕਮਾਂ ਤੋਂ ਬਾਅਦ ਦਰਸ਼ਕਾਂ ਨੂੰ ਕਿੱਕ-ਆਫ਼ ਤੋਂ ਇੱਕ ਘੰਟਾ ਪਹਿਲਾਂ ਛੱਡ ਦਿੱਤਾ ਗਿਆ।
ਈਰਾਨ ਦੀ ਸਾਂਸਦ ਤੇਈਬੀਹ ਸੀਆਵਾਸ਼ੀ ਨੇ ਟਵਿੱਟਰ 'ਤੇ ਸਟੇਡੀਅਮ ਦੇ ਅੰਦਰ ਦੀ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ ਔਰਤਾਂ ਅਤੇ ਮਰਦਾਂ ਨੂੰ ਇਕੱਠੇ ਮੈਚ ਦੇਖਣ ਦੀ ਇਜਾਜ਼ਤ ਮਿਲਣ ਨਾਲ ਉਹ ਬਹੁਤ ਖੁਸ਼ ਹਨ।
ਸਪੇਨ ਦੀ ਟੀਮ ਦੇ ਕੈਪਟਨ ਸਰਜੀਓ ਰਾਮੋਸ ਨੇ ਜਿੱਤ ਦੀ ਫੋਟੋ ਸ਼ੇਅਰ ਕਰਦੇ ਹੋਏ ਟਵਿੱਟਰ 'ਤੇ ਲਿਖਿਆ ਇਹ ਜਿੱਤ ਈਰਾਨ ਦੀਆਂ ਔਰਤਾਂ ਨਾਲ ਸਬੰਧ ਰੱਖਦੀ ਹੈ।
ਰੂਸ ਵਿੱਚ ਈਰਾਨੀ ਔਰਤਾਂ ਪਹਿਲੀ ਵਾਰ ਸਟੇਡੀਅਮ ਅੰਦਰ ਜਾ ਕੇ ਮੈਚ ਦੇਖਣ ਦੀ ਖੁਸ਼ੀ ਮਨਾ ਰਹੀਆਂ ਹਨ।
ਔਰਤਾਂ ਅਗਲੇ ਹਫ਼ਤੇ ਹੋਣ ਵਾਲੇ ਮੁਕਾਬਲੇ ਨੂੰ ਦੇਖਣ ਲਈ ਇਜਾਜ਼ਤ ਮਿਲਣ ਦੀ ਉਮੀਦ ਵੀ ਜਤਾ ਰਹੀਆਂ ਹਨ।