You’re viewing a text-only version of this website that uses less data. View the main version of the website including all images and videos.
ਕੀ ਮੋਬਾਈਲ 'ਤੇ ਗੇਮ ਖੇਡਣਾ ਬਿਮਾਰੀ ਹੈ?
- ਲੇਖਕ, ਸਰੋਜ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਸਾਢੇ 4 ਸਾਲ ਦੀ ਸਨਾਇਆ (ਬਦਲਿਆ ਹੋਇਆ ਨਾਮ) ਸਵੇਰੇ ਬੁਰਸ਼ ਕਰਨ ਤੋਂ ਲੈ ਕੇ ਨਾਸ਼ਤਾ ਕਰਨ ਅਤੇ ਪਲੇਅ ਸਕੂਲ ਜਾਣ ਤੱਕ ਹਰ ਕੰਮ ਮੋਬਾਈਲ 'ਤੇ ਕਾਰਟੂਨ ਦੇਖਦੇ ਹੋਏ ਕਰਦੀ ਹੈ।
ਜਦੋਂ ਹੱਥ ਵਿੱਚ ਬੁਰਸ਼ ਜਾਂ ਖਾਣ ਲਈ ਕੋਈ ਚੀਜ਼ ਨਹੀਂ ਹੁੰਦੀ ਤਾਂ ਸਨਾਇਆ ਮੋਬਾਈਲ 'ਤੇ 'ਐਂਗਰੀ ਬਰਡ' ਗੇਮ ਖੇਡਣ ਲਗਦੀ ਹੈ।
ਗੇਮ ਦਾ ਸ਼ਾਰਟਕੱਟ ਮੋਬਾਈਲ ਸਕ੍ਰੀਨ 'ਤੇ ਨਹੀਂ ਹੈ, ਪਰ ਯੂ-ਟਿਊਬ 'ਤੇ ਵਾਇਸ ਸਰਚ ਨਾਲ ਸਨਾਇਆ ਨੂੰ ਐਂਗਰੀ ਬਰਡ ਲੱਭਣ ਵਿੱਚ ਬਿਲਕੁਲ ਵੀ ਸਮਾਂ ਨਹੀਂ ਲਗਦਾ।
ਉਸਦੇ ਹੱਥਾਂ ਦੇ ਸਾਈਜ਼ ਤੋਂ ਵੱਡੇ ਮੋਬਾਈਲ 'ਤੇ ਉਸ ਦੀਆਂ ਉਂਗਲੀਆਂ ਐਨੀ ਤੇਜ਼ੀ ਨਾਲ ਦੌੜਦੀਆਂ ਹਨ ਜਿੰਨੀਆਂ ਵੱਡਿਆਂ ਦੀਆਂ ਨਹੀਂ ਦੌੜਦੀਆਂ।
ਉਸ ਦੇ ਮਾਤਾ-ਪਿਤਾ ਉਸਦੀ ਸਪੀਡ ਦੇਖ ਕੇ ਪਹਿਲਾਂ ਤਾਂ ਹੈਰਾਨ ਹੁੰਦੇ ਸਨ, ਪਰ ਹੁਣ ਅਫਸੋਸ ਕਰਦੇ ਹਨ।
ਸਨਾਇਆ ਦੇ ਮਾਤਾ-ਪਿਤਾ ਮਲਟੀ-ਨੈਸ਼ਨਲ ਕੰਪਨੀ ਵਿੱਚ ਕੰਮ ਕਰਦੇ ਹਨ।
ਉਹ ਅਕਸਰ ਘਰ ਵਿੱਚ ਦਫ਼ਤਰ ਦਾ ਕੰਮ ਕਰਦੇ ਹੋਏ ਆਪਣਾ ਮੋਬਾਈਲ ਸਨਾਇਆ ਨੂੰ ਦੇ ਦਿੰਦੇ ਸਨ ਤਾਂ ਜੋ ਸਨਾਇਆ ਉਨ੍ਹਾਂ ਦੇ ਕੰਮ ਵਿੱਚ ਦਖ਼ਲ ਨਾ ਦੇਵੇ।
ਪਰ ਉਨ੍ਹਾਂ ਦੀ ਇਹ ਆਦਤ ਅੱਗੇ ਜਾ ਕੇ ਸਨਾਇਆ ਲਈ ਐਨੀ ਵੱਡੀ ਦਿੱਕਤ ਬਣ ਜਾਵੇਗੀ, ਉਨ੍ਹਾਂ ਨੇ ਸੋਚਿਆ ਵੀ ਨਹੀਂ ਸੀ।
ਹੁਣ ਸਨਾਇਆ ਨੂੰ ਮੋਬਾਈਲ ਦੀ ਐਨੀ ਆਦਤ ਪੈ ਗਈ ਹੈ ਕਿ ਉਸ ਤੋਂ ਮੋਬਾਈਲ ਖੋਹਣ 'ਤੇ ਉਹ ਜ਼ਮੀਨ 'ਤੇ ਲੰਮੇ ਪੈ ਜਾਂਦੀ ਹੈ ਅਤੇ ਮਾਤਾ-ਪਿਤਾ ਦੀ ਕੋਈ ਵੀ ਗੱਲ ਮੰਨਣ ਤੋਂ ਨਾਂਹ ਕਰ ਦਿੰਦੀ ਹੈ। ਐਨੀ ਜ਼ਿੱਦ ਕਰਦੀ ਹੈ ਕਿ ਮਾਤਾ-ਪਿਤਾ ਨੂੰ ਹਾਰ ਮੰਨਣੀ ਪੈਂਦੀ ਹੈ।
ਮੋਬਾਈਲ 'ਤੇ ਸਨਾਇਆ ਐਨੀ ਨਿਰਭਰ ਹੋ ਗਈ ਹੈ ਕਿ ਨਾ ਤਾਂ ਉਹ ਪਲੇਅ ਸਕੂਲ ਵਿੱਚ ਆਪਣੇ ਦੋਸਤ ਬਣਾ ਸਕੀ ਤੇ ਨਾ ਹੀ ਪਾਰਕ ਵਿੱਚ ਖੇਡਣ ਜਾਂਦੀ ਹੈ। ਦਿਨ ਭਰ ਕਮਰੇ ਵਿੱਚ ਬੰਦ ਅਤੇ ਮੋਬਾਈਲ ਨਾਲ ਚਿਪਕੀ ਹੋਈ ਰਹਿੰਦੀ ਹੈ।
ਫ਼ਿਲਹਾਲ ਸਨਾਇਆ ਦਾ ਪਲੇਅ ਥੈਰੇਪੀ ਤੋਂ ਇਲਾਜ ਚੱਲ ਰਿਹਾ ਹੈ। ਪਿਛਲੇ ਦੋ ਮਹੀਨੇ ਵਿੱਚ ਉਸਦੀ ਆਦਤ 'ਚ ਥੋੜ੍ਹਾ ਸੁਧਾਰ ਹੋਇਆ ਹੈ।
ਗੇਮਿੰਗ ਅਡਿਕਸ਼ਨ ਇੱਕ 'ਬਿਮਾਰੀ'
ਦੇਸ ਅਤੇ ਦੁਨੀਆਂ ਵਿੱਚ ਮੋਬਾਈਲ ਅਤੇ ਵੀਡੀਓ ਗੇਮ ਵਿੱਚ ਲੋਕਾਂ ਦੀ ਵਧਦੀ ਨਿਰਭਰਤਾ ਅਤੇ ਦਿਲਚਸਪੀ ਨੂੰ ਦੇਖਦੇ ਹੋਏ, ਵਿਸ਼ਵ ਸਿਹਤ ਸੰਗਠਨ ਨੇ ਗੇਮਿੰਗ ਅਡਿਕਸ਼ਨ ਨੂੰ ਇੱਕ ਤਰ੍ਹਾਂ ਦਾ ਡਿਸਆਰਡਰ ਦੱਸਦੇ ਹੋਏ ਇਸ ਨੂੰ ਦਿਮਾਗੀ ਬਿਮਾਰੀ ਦੀ ਸ਼੍ਰੇਣੀ ਵਿੱਚ ਰੱਖਿਆ ਹੈ।
ਵਿਸ਼ਵ ਸਿਹਤ ਸੰਗਠਨ ਨੇ ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ਼ ਡਿਸੀਜ਼ (ICD - 11) ਨੇ 27 ਸਾਲ ਬਾਅਦ ਆਪਣਾ ਇਹ ਮੈਨੂਅਲ ਇਸ ਸਾਲ ਅਪਡੇਟ ਕੀਤਾ ਹੈ।
ਪਰ ਅਜਿਹਾ ਨਹੀਂ ਹੈ ਕਿ ਗੇਮ ਖੇਡਣ ਦੀ ਆਦਤ ਸਿਰਫ਼ ਬੱਚਿਆਂ ਵਿੱਚ ਹੁੰਦੀ ਹੈ।
ਸਨਾਇਆ ਦਾ ਇਲਾਜ ਕਰ ਰਹੀ ਡਾਕਟਰ ਜਯੰਤੀ ਦੱਤਾ ਮੁਤਾਬਕ, ਵੱਡਿਆਂ ਵਿੱਚ ਵੀ ਇਹ ਬਿਮਾਰੀ ਦੇਖਣ ਨੂੰ ਮਿਲਦੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਦਫ਼ਤਰਾਂ ਵਿੱਚ ਵੀ ਐਂਗਰੀ ਬਰਡ, ਟੈਂਪਲ ਰਨ, ਕੈਂਡੀ ਕ੍ਰਸ਼, ਕੌਂਟਰਾ ਵਰਗੀਆਂ ਮੋਬਾਈਲ ਗੇਮਜ਼ ਦੇ ਦੀਵਾਨੇ ਮਿਲ ਜਾਣਗੇ।
ਡਾਕਟਰ ਜਯੰਤੀ ਦੱਤਾ ਇੱਕ ਮਨੋਵਿਗਿਆਨੀ ਹੈ। ਉਨ੍ਹਾਂ ਮੁਤਾਬਕ, ਅਕਸਰ ਸਮਾਂ ਬਤੀਤ ਕਰਨ ਲਈ ਲੋਕ ਗੇਮਜ਼ ਖੇਡਣਾ ਸ਼ੁਰੂ ਕਰ ਦਿੰਦੇ ਹਨ।
ਪਰ ਕਦੋਂ ਇਹ ਆਦਤ ਵਿੱਚ ਬਦਲ ਜਾਂਦਾ ਹੈ ਅਤੇ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਜਾਂਦਾ ਹੈ, ਇਸਦਾ ਅੰਦਾਜ਼ਾ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਨਹੀਂ ਲਗਦਾ।
ਗੇਮਿੰਗ ਡਿਸਆਰਡਰ ਕੀ ਹੈ?
ਗੇਮ ਖੇਡਣ ਦੀ ਵੱਖਰੀ ਤਰ੍ਹਾਂ ਦੀ ਆਦਤ ਹੁੰਦੀ ਹੈ। ਇਹ ਗੇਮ ਡਿਜੀਟਲ ਗੇਮ ਵੀ ਹੋ ਸਕਦੀ ਹੈ ਜਾਂ ਫਿਰ ਵੀਡੀਓ ਗੇਮ ਵੀ।
ਡਬਲਿਊਐਚਓ ਮੁਤਾਬਿਕ ਇਸ ਬਿਮਾਰੀ ਦੇ ਸ਼ਿਕਾਰ ਲੋਕ ਨਿੱਜੀ ਜ਼ਿੰਦਗੀ ਵਿੱਚ ਆਪਸੀ ਰਿਸ਼ਤਿਆਂ ਨਾਲ ਵੱਧ ਅਹਿਮੀਅਤ ਗੇਮ ਖੇਡਣ ਨੂੰ ਦਿੰਦੇ ਹਨ ਜਿਸ ਕਾਰਨ ਰੋਜ਼ਾਨਾ ਦੇ ਕੰਮ-ਕਾਜ 'ਤੇ ਅਸਰ ਪੈਂਦਾ ਹੈ।
ਜੇਕਰ ਕਿਸੇ ਵੀ ਆਦਮੀ ਨੂੰ ਇਸਦੀ ਆਦਤ ਹੈ ਤਾਂ ਉਸ ਨੂੰ ਬਿਮਾਰੀ ਕਰਾਰ ਨਹੀਂ ਦਿੱਤਾ ਜਾ ਸਕਦਾ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਉਸ ਸ਼ਖ਼ਸ ਦੇ ਸਾਲ ਭਰ ਦੇ ਗੇਮਿੰਗ ਪੈਟਰਨ ਨੂੰ ਦੇਖਣ ਦੀ ਲੋੜ ਹੁੰਦੀ ਹੈ। ਜੇਕਰ ਉਸਦੀ ਗੇਮ ਖੇਡਣ ਦੀ ਆਦਤ ਨਾਲ ਉਸਦੀ ਨਿੱਜੀ ਜ਼ਿੰਦਗੀ ਵਿੱਚ, ਪਰਿਵਾਰਕ ਜਾਂ ਸਮਾਜਿਕ ਜ਼ਿੰਦਗੀ 'ਤੇ, ਪੜ੍ਹਾਈ 'ਤੇ ਜਾਂ ਨੌਕਰੀ 'ਤੇ ਮਾੜਾ ਅਸਰ ਪੈਂਦਾ ਵਿਖਾਈ ਦਿੰਦਾ ਹੈ, ਤਾਂ ਉਸ ਨੂੰ 'ਗੇਮਿੰਗ ਅਡਿਕਟ' ਜਾਂ ਬਿਮਾਰੀ ਦਾ ਸ਼ਿਕਾਰ ਮੰਨਿਆ ਜਾ ਸਕਦਾ ਹੈ।
ਦਿੱਲੀ ਦੇ ਏਮਜ਼ ਵਿੱਚ ਬਿਹੇਵੀਅਰਲ ਅਡਿਕਸ਼ਨ ਸੈਂਟਰ ਹੈ। 2016 ਵਿੱਚ ਇਸਦੀ ਸ਼ੁਰੂਆਤ ਹੋਈ ਸੀ। ਸੈਂਟਰ ਦੇ ਡਾਕਟਰ ਯਤਨ ਪਾਲ ਸਿੰਘ ਬਲਹਾਰਾ ਮੁਤਾਬਕ ਪਿਛਲੇ ਦੋ ਸਾਲ 'ਚ ਦੇਸ ਭਰ ਵਿੱਚ ਮਰੀਜ਼ਾਂ ਦੀ ਗਿਣਤੀ ਬਹੁਤ ਵਧੀ ਹੈ।
ਉਨ੍ਹਾਂ ਮੁਤਾਬਕ ਕਿਸੇ ਵੀ ਗੇਮਿੰਗ ਅਡਿਕਸ਼ਨ ਦੇ ਮਰੀਜ਼ ਵਿੱਚ ਕੁੱਲ ਪੰਜ ਗੱਲਾਂ ਦੇਖਣ ਦੀ ਲੋੜ ਹੁੰਦੀ ਹੈ।
ਕੀ ਹਰ ਗੇਮ ਖੇਡਣ ਵਾਲਾ ਬਿਮਾਰ ਹੈ?
ਡਬਲਿਊਐਚਓ ਵੱਲੋਂ ਜਾਰੀ ਰਿਪੋਰਟ ਮੁਤਾਬਕ ਮੋਬਾਈਲ ਜਾਂ ਫਿਰ ਵੀਡੀਓ ਗੇਮ ਖੇਡਣ ਵਾਲੇ ਬਹੁਤ ਘੱਟ ਲੋਕਾਂ ਵਿੱਚ ਇਹ ਬਿਮਾਰੀ ਦਾ ਰੂਪ ਧਾਰਨ ਕਰਦੀ ਹੈ।
ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਦਿਨ ਵਿੱਚ ਕਿੰਨੇ ਘੰਟੇ ਮੋਬਾਈਲ 'ਤੇ ਗੇਮ ਖੇਡਦੇ ਹੋ।
ਜੇਕਰ ਤੁਸੀਂ ਆਪਣਾ ਬਾਕੀ ਕੰਮ ਨਿਪਟਾਉਂਦੇ ਹੋਏ ਮੋਬਾਈਲ 'ਤੇ ਗੇਮ ਖੇਡਣ ਦਾ ਸਮਾਂ ਕੱਢਦੇ ਹੋ ਤਾਂ ਉਨ੍ਹਾਂ ਲੋਕਾਂ ਲਈ ਇਹ ਬਿਮਾਰੀ ਨਹੀਂ ਹੈ।
ਕਿੰਨੇ ਘੰਟੇ ਗੇਮ ਖੇਡਣ ਵਾਲਾ ਬਿਮਾਰ ਹੁੰਦਾ ਹੈ?
ਇਸ ਸਵਾਲ ਦੇ ਜਵਾਬ ਵਿੱਚ ਡਾਕਟਰ ਬਲਹਾਰਾ ਕਹਿੰਦੇ ਹਨ ਕਿ 'ਅਜਿਹਾ ਕੋਈ ਫਾਰਮੂਲਾ ਨਹੀਂ ਹੈ। ਦਿਨ ਵਿੱਚ ਚਾਰ ਘੰਟੇ ਗੇਮ ਖੇਡਣ ਵਾਲਾ ਵੀ ਬਿਮਾਰ ਹੋ ਸਕਦਾ ਹੈ ਅਤੇ ਦਿਨ ਵਿੱਚ 12 ਘੰਟੇ ਮੋਬਾਈਲ 'ਤੇ ਕੰਮ ਕਰਨ ਵਾਲਾ ਠੀਕ ਹੋ ਸਕਦਾ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਕੋਲ ਇੱਕ ਕੇਸ ਹੈ ਜਿਸ ਵਿੱਚ ਬੱਚਾ ਦਿਨ 'ਚ 4 ਘੰਟੇ ਹੀ ਗੇਮਿੰਗ ਕਰਦਾ ਹੈ। ਪਰ ਉਹ ਬਿਮਾਰ ਹੈ।
ਬੱਚੇ ਬਾਰੇ ਦੱਸਦੇ ਹੋਏ ਡਾ. ਸਿੰਘ ਕਹਿੰਦੇ ਹਨ, "24 ਘੰਟੇ ਵਿੱਚੋਂ 4 ਘੰਟੇ ਗੇਮ 'ਤੇ ਬਤੀਤ ਕਰਨਾ ਜ਼ਿਆਦਾ ਨਹੀਂ ਹੈ। ਪਰ ਉਹ ਬੱਚਾ ਬਿਮਾਰ ਇਸ ਲਈ ਹੈ ਕਿਉਂਕਿ ਉਹ 7 ਘੰਟੇ ਸਕੂਲ ਵਿੱਚ ਬਿਤਾਉਂਦਾ ਸੀ, ਫਿਰ ਟਿਊਸ਼ਨ ਜਾਂਦਾ ਸੀ।"
"ਵਾਪਿਸ ਆਉਣ ਤੋਂ ਬਾਅਦ ਨਾ ਤਾਂ ਉਹ ਮਾਤਾ-ਪਿਤਾ ਨਾਲ ਗੱਲ ਕਰਦਾ ਸੀ ਤੇ ਨਾ ਹੀ ਪੜ੍ਹਾਈ। ਖਾਣਾ ਅਤੇ ਸੌਣਾ ਦੋਵੇਂ ਹੀ ਉਸ ਨੇ ਛੱਡ ਦਿੱਤਾ ਸੀ। ਇਸ ਲਈ ਉਸਦੀ ਇਸ ਆਦਤ ਨੂੰ ਛੁਡਾਉਣਾ ਵੱਧ ਮੁਸ਼ਕਿਲ ਸੀ।"
ਡਾ. ਬਲਹਾਰਾ ਅੱਗੇ ਦੱਸਦੇ ਹਨ, "ਇੱਕ ਦੂਜਾ ਆਦਮੀ ਜਿਹੜਾ ਗੇਮ ਬਣਾਉਂਦਾ ਹੈ ਜਾਂ ਉਸਦੀ ਟੈਸਟਿੰਗ ਕਰਦਾ ਹੈ ਅਤੇ ਦਿਨ ਵਿੱਚ 12 ਘੰਟੇ ਗੇਮ ਖੇਡਦਾ ਹੈ, ਉਹ ਬਿਮਾਰ ਨਹੀਂ ਕਹਾਵੇਗਾ। ਅਜਿਹਾ ਇਸ ਲਈ ਹੈ ਕਿਉਂਕਿ ਉਸਦਾ ਇਹ ਪੇਸ਼ਾ ਹੈ ਅਤੇ ਉਸਦਾ ਖ਼ੁਦ 'ਤੇ ਕਾਬੂ ਹੈ।"
ਗੇਮਿੰਗ ਅਡਿਕਸ਼ਨ ਦਾ ਇਲਾਜ
ਇਹ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਮਨੋਵਿਗਿਆਨੀ ਅਤੇ ਮਨੋ ਰੋਗ ਮਾਹਿਰ ਦੋਵਾਂ ਦੀ ਮਦਦ ਲੈਣੀ ਪੈਂਦੀ ਹੈ। ਕਈ ਜਾਣਕਾਰ ਮੰਨਦੇ ਹਨ ਕਿ ਦੋਵੇਂ ਇੱਕੋਂ ਸਮੇਂ ਇਲਾਜ ਕਰਨ ਤਾਂ ਮਰੀਜ਼ ਵਿੱਚ ਫ਼ਰਕ ਜਲਦੀ ਵੇਖਣ ਨੂੰ ਮਿਲਦਾ ਹੈ।
ਪਰ ਮਨੋਵਿਗਿਆਨੀ ਜਯੰਤੀ ਇਸ ਨਾਲ ਸਹਿਮਤ ਨਹੀਂ। ਉਨ੍ਹਾਂ ਮੁਤਾਬਕ ਕਈ ਮਾਮਲਿਆਂ ਵਿੱਚ ਸਾਈਕੋ ਥੈਰੇਪੀ ਹੀ ਕਾਰਗਰ ਹੁੰਦੀ ਹੈ, ਕਈ ਮਾਮਲਿਆਂ 'ਚ ਕੌਗਨੀਟਿਵ ਥੈਰੇਪੀ ਦੀ ਵਰਤੋਂ ਕੀਤੀ ਜਾਂਦੀ ਹੈ। ਬੱਚਿਆਂ ਵਿੱਚ ਪਲੇਅ ਥੈਰੇਪੀ ਨਾਲ ਕੰਮ ਚੱਲ ਸਕਦਾ ਹੈ। ਇਹ ਸਭ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਮਰੀਜ਼ ਵਿੱਚ ਅਡਿਕਸ਼ਨ ਕਿਸ ਤਰ੍ਹਾਂ ਦਾ ਪੱਧਰ ਹੈ।
ਡਾਕਟਰ ਬਲਹਾਰਾ ਮੁਤਾਬਕ ਇਨ੍ਹੀਂ ਦਿਨੀਂ ਤਿੰਨ ਤਰ੍ਹਾਂ ਦੇ ਅਡਿਕਸ਼ਨ ਵੱਧ ਪ੍ਰਚਲਿਤ ਹਨ- ਗੇਮਿੰਗ, ਇੰਟਰਨੈੱਟ ਅਤੇ ਗੈਂਬਲਿੰਗ।
ਦਿੱਲੀ ਦੇ ਏਮਜ਼ ਵਿੱਚ ਚੱਲਣ ਵਾਲੇ ਬਿਹੇਵੀਅਰਲ ਕਲੀਨਿਕ 'ਚ ਤਿੰਨਾਂ ਤਰ੍ਹਾਂ ਦੇ ਅਡਿਕਸ਼ਨ ਦਾ ਇਲਾਜ ਹੁੰਦਾ ਹੈ। ਇਹ ਕਲੀਨਿਕ ਹਰ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਚਲਦਾ ਹੈ।
ਡਾਕਟਰ ਹਰ ਹਫ਼ਤੇ ਤਕਰੀਬਨ ਪੰਜ ਤੋਂ ਸੱਤ ਮਰੀਜ਼ਾਂ ਨੂੰ ਦੇਖਦੇ ਹਨ ਅਤੇ ਮਹੀਨੇ ਵਿੱਚ ਅਜਿਹੇ ਤਕਰੀਬਨ 30 ਮਰੀਜ਼ ਸੈਂਟਰ 'ਤੇ ਇਲਾਜ ਲਈ ਆਉਂਦੇ ਹਨ।
ਮਰੀਜ਼ਾਂ ਵਿੱਚ ਵਧੇਰੇ ਮੁੰਡੇ ਜਾਂ ਪੁਰਸ਼ ਹੁੰਦੇ ਹਨ। ਪਰ ਅਜਿਹਾ ਨਹੀਂ ਹੈ ਕਿ ਮੁੰਡਿਆ ਵਿੱਚ ਇਹ ਅਡਿਕਸ਼ਨ ਨਹੀਂ ਹੈ।
ਅੱਜ-ਕੱਲ੍ਹ ਕੁੜੀਆਂ ਅਤੇ ਔਰਤਾਂ ਵਿੱਚ ਵੀ ਇਸਦੀ ਗਿਣਤੀ ਵਧਦੀ ਜਾ ਰਹੀ ਹੈ।
ਉਨ੍ਹਾਂ ਮੁਤਾਬਕ, "ਕਦੇ ਥੈਰੇਪੀ ਤੋਂ ਕੰਮ ਚੱਲ ਜਾਂਦਾ ਹੈ ਤਾਂ ਕਦੇ ਦਵਾਈਆਂ ਤੋਂ ਅਤੇ ਕਦੇ ਦੋਵੇਂ ਇਲਾਜ ਇਕੱਠੇ ਦੇਣੇ ਪੈਂਦੇ ਹਨ।"
ਆਮ ਤੌਰ 'ਤੇ ਥੈਰੇਪੀ ਲਈ ਮਨੋਵਿਗਿਆਨੀ ਕੋਲ ਜਾਣਾ ਪੈਂਦਾ ਹੈ ਅਤੇ ਦਵਾਈਆਂ ਵਾਲੇ ਇਲਾਜ ਲਈ ਮਨੋ ਰੋਗੀ ਮਾਹਿਰ ਕੋਲ।
ਡਬਲਿਊਐਚਓ ਦੇ ਅੰਕੜਿਆਂ ਮੁਤਾਬਕ ਇਸ ਬਿਮਾਰੀ ਦੇ ਸ਼ਿਕਾਰ 10 ਵਿੱਚੋਂ ਇੱਕ ਮਰੀਜ਼ ਨੂੰ ਹਸਪਤਾਲ ਰਹਿ ਕੇ ਇਲਾਜ ਕਰਵਾਉਣ ਦੀ ਲੋੜ ਪੈ ਸਕਦੀ ਹੈ।
ਆਮ ਤੌਰ 'ਤੇ 6 ਤੋਂ 8 ਹਫ਼ਤਿਆਂ ਵਿੱਚ ਗੇਮਿੰਗ ਦੀ ਇਹ ਆਦਤ ਛੁੱਟ ਸਕਦੀ ਹੈ।
ਡਾਕਟਰ ਬਲਹਾਰਾ ਮੁਤਾਬਕ ਗੇਮਿੰਗ ਦੀ ਆਦਤ ਨਾ ਪੈਣ ਦੇਣਾ ਹੀ ਇਸ ਤੋਂ ਬਚਣ ਦਾ ਸਟੀਕ ਤਰੀਕਾ ਹੈ।
ਗੇਮਿੰਗ ਅਡਿਕਸ਼ਨ ਤੋਂ ਬਾਅਦ ਇਲਾਜ ਕਰਵਾਉਣਾ ਵਧੇਰੇ ਅਸਰਦਾਰ ਨਹੀਂ ਹੈ।
ਤਾਂ ਅਗਲੀ ਵਾਰ ਬੱਚਿਆਂ ਨੂੰ ਮੋਬਾਈਲ ਦੇਣ ਤੋਂ ਪਹਿਲਾਂ ਜਾਂ ਆਪਣੇ ਫ਼ੋਨ 'ਤੇ ਵੀ ਗੇਮ ਖੇਡਣ ਤੋਂ ਪਹਿਲਾਂ ਇੱਕ ਵਾਰ ਸੋਚੋ ਜ਼ਰੂਰ।