Rafale: ਭਾਰਤ ਨੂੰ ਮਿਲੇ ਰਫ਼ਾਲ ਜੰਗੀ ਜਹਾਜ਼ ਦੀਆਂ 10 ਖੂਬੀਆਂ

ਭਾਰਤ ਨੂੰ ਏਅਰ ਫੋਰਸ ਡੇਅ ਮੌਕੇ ਫਰਾਂਸ ਤੋਂ ਪਹਿਲਾ ਜੰਗੀ ਜਹਾਜ਼ ਰਫ਼ਾਲ ਮਿਲ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਖ਼ੁਦ ਇਸ ਨੂੰ ਲੈਣ ਫਰਾਂਸ ਪਹੁੰਚੇ।

ਭਾਰਤ ਨੂੰ ਜਹਾਜ਼ ਸੌਂਪ ਜਾਣ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਫ਼ਾਲ ਜਹਾਜ਼ ਤੇ 'ਸ਼ਸਤਰ ਪੂਜਾ' ਕੀਤੀ। ਰੱਖਿਆ ਮੰਤਰੀ ਨੇ ਜਹਾਜ਼ ਤੇ ਸਿੰਦੂਰ ਨਾਲ ਉਮ ਸ਼ਬਦ ਲਿਖਿਆ ਅਤੇ ਜਹਾਜ਼ ਤੇ ਫੁੱਲ, ਨਾਰੀਅਲ ਅਤੇ ਲੱਡੁ ਚੜ੍ਹਾਇਆ।

ਇਸਤੋਂ ਇਲਾਵਾ ਜਹਾਜ਼ ਦੇ ਚੱਕੇ ਥੱਲੇ ਦੋ ਨਿੰਬੂ ਵੀ ਰੱਖੇ ਗਏ। ਇਸਤੋਂ ਬਾਅਦ ਇਸ ਵਿੱਚ ਉਡਾਨ ਭਰੀ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫਰਾਂਸ (ਮੈਰਿਨੈਕ) ਵਿੱਚ ਕਿਹਾ, ''ਮੈਨੂੰ ਖੁਸ਼ੀ ਹੈ ਕਿ ਰਫ਼ਾਲ ਦੀ ਡਿਲੀਵਰੀ ਸਮੇਂ 'ਤੇ ਹੋ ਰਹੀ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਨਾਲ ਸਾਡੀ ਹਵਾਈ ਫੌਜ ਦੀ ਤਾਕਤ ਵਧੇਗੀ। ਮੈਨੂੰ ਦੋ ਲੋਕਤੰਤਰਾਂ ਦੇ ਵਿਚਾਲੇ ਸਾਰੇ ਖੇਤਰਾਂ ਵਿੱਚ ਅੱਗੇ ਵੀ ਸਹਿਯੋਗ ਦਾ ਇੱਛੁਕ ਹਾਂ।''

ਭਾਰਤ ਨੂੰ ਲੜਾਕੂ ਜਹਾਜ਼ ਮਿਲ ਰਹੇ ਹਨ ਉਨ੍ਹਾਂ ਨੂੰ ਫਰਾਂਸ ਦੀ ਦਸੌ ਕੰਪਨੀ ਨੇ ਬਣਾਇਆ ਹੈ ਅਤੇ ਇਸਦੀ ਖ਼ਰੀਦ ਨੂੰ ਲੈ ਕੇ ਕਈ ਵਿਵਾਦ ਵੀ ਹੋਏ ਸਨ।

ਇਹ ਵੀ ਪੜ੍ਹੋ-

ਕਦੋਂ ਹੋਇਆ ਸੀ ਸਮਝੌਤਾ?

ਸਾਲ 2010 ਵਿੱਚ ਤਤਕਾਲੀ ਯੂਪੀਏ ਸਰਕਾਰ ਨੇ ਖ਼ਰੀਦ ਦੀ ਪ੍ਰਕਿਰਿਆ ਫਰਾਂਸ ਤੋਂ ਸ਼ੁਰੂ ਕੀਤੀ। 2012 ਤੋਂ 2015 ਤੱਕ ਦੋਹਾਂ ਵਿਚਾਲੇ ਗੱਲਬਾਚ ਚਲਦੀ ਰਹੀ। 2014 ਵਿੱਚ ਯੂਪੀਏ ਦੀ ਥਾਂ ਮੋਦੀ ਸਰਕਾਰ ਸੱਤਾ ਵਿੱਚ ਆਈ।

ਸਤੰਬਰ 2016 ਵਿੱਚ ਭਾਰਤ ਨੇ ਫਰਾਂਸ ਦੇ ਨਾਲ 36 ਰਫ਼ਾਲ ਜਹਾਜ਼ਾਂ ਲਈ ਤਕਰੀਬਨ 59 ਹਜ਼ਾਰ ਕਰੋੜ ਰੁਪਏ ਦੇ ਸੌਦੇ 'ਤੇ ਹਸਤਾਖਰ ਕੀਤੇ।

ਵਿਵਾਦ ਕੀ ਸੀ?

ਸਤੰਬਰ 2016 ਵਿੱਚ ਹੋਈ ਇਸ ਡੀਲ ਬਾਰੇ ਕਾਂਗਰਸ ਨੇ ਕਿਹਾ ਸੀ ਕਿ ਯੂਪੀਏ ਸਰਕਾਰ ਵੇਲੇ ਇੱਕ ਜਹਾਜ਼ ਦੀ ਕੀਮਤ 600 ਕਰੋੜ ਰੁਪਏ ਵਿੱਚ ਤੈਅ ਕੀਤੀ ਗਈ ਸੀ ਪਰ ਮੋਦੀ ਸਰਕਾਰ ਵੇਲੇ ਜਦੋਂ ਡੀਲ ਪੱਕੀ ਕੀਤੀ ਗਈ ਤਾਂ ਹਰ ਜੰਗੀ ਜਹਾਜ਼ ਦੀ ਕੀਮਤ 1600 ਤੈਅ ਕਰਨੀ ਪਏਗੀ।

ਰਫ਼ਾਲ ਦੀ ਖ਼ਰੀਦ ਵਿੱਚ ਗੜਬੜੀ ਦਾ ਇਲਜ਼ਾਮ ਲਗਾਉਂਦੇ ਹੋਏ ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੌਰੀ ਅਤੇ ਯਸ਼ਵੰਤ ਸਿਨਹਾ ਦੇ ਨਾਲ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਸੁਪਰੀਮ ਕੋਰਟ ਵਿੱਚ ਡੀਲ ਦੀ ਸਵਤੰਤਰ ਜਾਂਚ ਦੀ ਪਟੀਸ਼ਨ ਪਾਈ ਪਰ ਸੁਪਰੀਮ ਕੋਰਟ ਨੇ ਸਾਰੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ।

ਬਾਅਦ ਵਿੱਚ ਰੀਵਿਊ ਪਟੀਸ਼ਨਾਂ ਵੀ ਦਾਖਲ ਕੀਤੀਆਂ ਗਈਆਂ। ਇਨ੍ਹਾਂ ਵਿੱਚ ਕਿਹਾ ਗਿਆ ਕਿ ਕੋਰਟ ਦੇ ਫੈਸਲੇ ਵਿੱਚ ਕਈ ਤੱਥ ਅਧਾਰਿਤ ਗਲਤੀਆਂ ਹਨ। ਸੁਪਰੀਮ ਕੋਰਟ ਦਾ ਫੈਸਲਾ ਸਰਕਾਰ ਤੋਂ ਮਿਲੇ ਇੱਕ ਸੀਲਬੰਦ ਲਿਫਾਫੇ ਵਿੱਚ ਦਿੱਤੀ ਗਈ ਗਲਤ ਜਾਣਕਾਰੀ 'ਤੇ ਅਧਾਰਿਤ ਹੈ ਜਿਸ 'ਤੇ ਕਿਸੇ ਵੀ ਸ਼ਖਸ ਦਾ ਹਸਤਾਖਰ ਨਹੀਂ ਹੈ।

ਰਫ਼ਾਲ ਦੀ ਕੀਮਤ, ਉਸਦੀ ਗਿਣਤੀ ਅਤੇ ਗੜਬੜੀਆਂ ਬਾਰੇ ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਸੀ, ''ਕੋਰਟ ਦਾ ਇਹ ਕੰਮ ਨਹੀਂ ਹੈ ਕਿ ਉਹ ਤੈਅ ਕੀਤੀ ਗਈ ਰਫ਼ਾਲ ਦੀ ਕੀਮਤ ਦੀ ਤੁਲਨਾ ਕਰੇ। ਅਸੀਂ ਮਾਮਲੇ ਬਾਰੇ ਪੜ੍ਹਿਆ, ਰੱਖਿਆ ਅਧਿਕਾਰੀਆਂ ਨਾਲ ਗੱਲ੍ਹਬਾਤ ਕੀਤੀ, ਅਸੀਂ ਫੈਸਲੇ ਲੈਣ ਦੀ ਪ੍ਰਕਿਰਿਆ ਤੋਂ ਸੰਤੁਸ਼ਟ ਹਾਂ।''

ਕੋਰਟ ਇਹ ਵੀ ਕਿਹਾ ਸੀ, ''ਅਸੀਂ ਫੈਸਲੇ ਦੀ ਜਾਂਚ ਨਹੀਂ ਕਰ ਸਕਦੇ ਕਿ 126 ਰਫ਼ਾਲ ਦੀ ਥਾਂ 36 ਜਹਾਜ਼ ਕਿਉਂ ਖ਼ਰੀਦੇ ਜਾ ਰਹੇ ਹਨ। ਅਸੀਂ ਸਰਕਾਰ ਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਤੁਸੀਂ 126 ਰਫ਼ਾਲ ਖਰੀਦੋ।''

ਕਿਹੜੀਆਂ ਖੂਬੀਆਂ ਨਾਲ ਲੈਸ ਹੈ ਰਫ਼ਾਲ

  • ਰਫ਼ਾਲ ਜਹਾਜ਼ ਪਰਮਾਣੂ ਮਿਜ਼ਾਈਲ ਡਿਲੀਵਰੀ ਵਿੱਚ ਸਮਰੱਥ ਹੈ।
  • ਦੁਨੀਆਂ ਦੇ ਸਭ ਤੋਂ ਸੁਵਿਧਾਜਨਕ ਹਥਿਆਰਾਂ ਨੂੰ ਇਸਤੇਮਾਲ ਕਰਨ ਦੀ ਸਮਰੱਥਾ।
  • ਇਸ ਵਿੱਚ ਦੋ ਤਰ੍ਹਾਂ ਦੀਆਂ ਮਿਜ਼ਾਈਲਾਂ ਹਨ। ਇੱਕ ਦੀ ਰੇਂਜ ਡੇਢ ਸੌ ਕਿਲੋਮੀਟਰ ਅਤੇ ਦੂਜੀ ਦੀ ਰੇਂਜ ਕਰੀਬ ਤਿੰਨ ਸੌ ਕਿਲੋਮੀਟਰ।
  • ਪਰਮਾਣੂ ਹਥਿਆਰਾਂ ਨਾਲ ਲੈਸ ਰਫ਼ਾਲ ਹਵਾ ਤੋਂ ਹਵਾ ਵਿੱਚ 150 ਕਿੱਲੋਮੀਟਰ ਤੱਕ ਮਿਜ਼ਾਈਲ ਦਾਗ ਸਕਦਾ ਹੈ ਅਤੇ ਹਵਾ ਤੋਂ ਜ਼ਮੀਨ ਤੱਕ ਇਸਦੀ ਮਾਰ ਕਰਨ ਦੀ ਸਮਰੱਥਾ 300 ਕਿੱਲੋਮੀਟਰ ਹੈ।
  • ਰਫ਼ਾਲ ਵਰਗਾ ਜਹਾਜ਼ ਚੀਨ ਅਤੇ ਪਾਕਿਸਾਤਨ ਕੋਲ ਵੀ ਨਹੀਂ ਹੈ।
  • ਇਹ ਭਾਰਤੀ ਹਵਾਈ ਫੌਜ ਵੱਲੋਂ ਇਸਤੇਮਾਲ ਕੀਤਾ ਜਾਂਦਾ ਮਿਰਾਜ-2000 ਦਾ ਐਡਵਾਂਸ ਵਰਜਨ ਹੈ। ਭਾਰਤੀ ਏਅਰ ਫੋਰਸ ਕੋਲ 51 ਮਿਰਾਜ-2000 ਜਹਾਜ਼ ਹਨ।
  • ਦਸੌ ਏਵੀਏਸ਼ਨ ਦੇ ਮੁਤਾਬਕ ਰਫ਼ਾਲ ਦੀ ਸਪੀਡ ਮੈਕ 1.8 ਹੈ। ਯਾਨੀ ਕਰੀਬ 2020 ਕਿਲੋਮੀਟਰ ਪ੍ਰਤੀ ਘੰਟਾ।
  • ਉਂਚਾਈ 5.30 ਮੀਟਰ, ਲੰਬਾਈ 15.30 ਮੀਟਰ। ਰਫ਼ਾਲ ਵਿੱਚ ਹਵਾ ਵਿੱਚ ਹੀ ਤੇਲ ਭਰਿਆ ਜਾ ਸਕਦਾ ਹੈ।
  • ਰਫ਼ਾਲ ਲੜਾਕੂ ਜਹਾਜ਼ਾਂ ਦਾ ਇਸਤੇਮਾਲ ਹੁਣ ਤੱਕ ਅਫ਼ਗਾਨਿਸਤਾਨ, ਲੀਬੀਆ, ਮਾਲੀ, ਇਰਾਕ ਅਤੇ ਸੀਰੀਆ ਵਰਗੇ ਮੁਲਕਾਂ ਵਿੱਚ ਜਾਰੀ ਲੜਾਈਆਂ ਲਈ ਇਸਤੇਮਾਲ ਕੀਤਾ ਗਿਆ।
  • ਸਾਬਕਾ ਰੱਖਿਆ ਮੰਤਰੀ ਮੋਹਰ ਪਰੀਕਰ ਨੇ ਕਿਹਾ ਸੀ ਕਿ ਰਫ਼ਾਲ ਦਾ ਟਾਰਗੇਟ ਅਚੂਕ ਹੈ। ਰਫ਼ਾਲ ਉੱਪਰ-ਹੇਠਾਂ, ਆਸੇ-ਪਾਸੇ ਯਾਨੀ ਹਰ ਪਾਸੇ ਨਿਗਰਾਨੀ ਰੱਖਣ ਵਿੱਚ ਸਮਰੱਥ ਹੈ। ਇਸਦਾ ਮਤਲਬ ਹੈ ਕਿ ਵਿਜ਼ਿਬਿਲੀਟੀ 360 ਡਿਗਰੀ। ਪਾਇਲਟ ਨੂੰ ਬੱਸ ਬਟਨ ਦਬਾਉਣਾ ਹੈ ਅਤੇ ਕੰਪਿਊਟਰ ਆਪੇ ਆਪਣਾ ਕੰਮ ਕਰੇਗਾ।

ਕਈ ਖੂਬੀਆਂ ਨਾਲ ਲੈਸ ਜੋ ਰਫ਼ਾਲ ਫਰਾਂਸ ਤੋਂ ਖਰੀਦਿਆ ਜਾ ਰਿਹਾ ਹੈ ਉਸ ਨੂੰ ਅਧਿਕਾਰਿਤ ਰੂਪ ਵਿੱਚ ਪਰਮਾਣੂ ਹਥਿਆਰਾਂ ਨਾਲ ਲੈਸ ਨਹੀਂ ਕੀਤਾ ਜਾ ਰਿਹਾ। ਅਜਿਹਾ ਕੌਮਾਂਤਰੀ ਸੰਧੀਆਂ ਦੀ ਵਜ੍ਹਾ ਨਾਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)