ਜਬਰਨ ਜੈ ਸ਼੍ਰੀਰਾਮ ਦੇ ‘ਨਾਅਰੇ ਲਗਾਉਣ ਨੂੰ ਕਿਹਾ’, ਚਾਹ ਵਾਲੇ ਤੇ ਫੌਜੀ ਨੇ ਬਚਾਇਆ

    • ਲੇਖਕ, ਨਾਰਾਇਣ ਬਾਰੇਠ
    • ਰੋਲ, ਸੀਨੀਅਰ ਪੱਤਰਕਾਰ, ਬੀਬੀਸੀ

"ਉਹ ਦੋ ਲੋਕ ਸਨ। ਦੋਵੇਂ ਸ਼ਰਾਬ ਦੇ ਨਸ਼ੇ ਵਿੱਚ ਸਨ। ਉਨ੍ਹਾਂ ਨੇ ਸਾਨੂੰ ਗਾਲ੍ਹਾਂ ਕੱਢੀਆਂ, ਬੇਇੱਜ਼ਤੀ ਕੀਤੀ ਅਤੇ ਵਾਰੀ-ਵਾਰੀ ਜੈ ਸ਼੍ਰੀ ਰਾਮ ਬੋਲਣ ਲਈ ਕਹਿੰਦੇ ਰਹੇ, ਸਾਨੂੰ ਦੇਸ ਦਾ ਗੱਦਾਰ ਕਿਹਾ ਗਿਆ ਹੈ। ਸਾਡੇ ਨਾਲ ਇੱਕ ਮਹਿਲਾ ਮੈਂਬਰ ਵੀ ਸੀ, ਉਹ ਉਨ੍ਹਾਂ ਪ੍ਰਤੀ ਅਸ਼ਲੀਲ ਇਸ਼ਾਰੇ ਕਰਦੇ ਰਹੇ।" ਇਹ ਕਹਿ ਕੇ ਕਿ ਹਰਿਆਣਾ ਦੇ ਨੂੰਹ ਦੇ ਰਈਸ ਖ਼ਾਨ ਭਾਵੁਕ ਹੋ ਗਏ।

ਰਾਜਸਥਾਨ ਦੇ ਅਲਵਰ ਦੇ ਕੇਂਦਰੀ ਬੱਸ ਅੱਡੇ 'ਤੇ ਸ਼ਨੀਵਾਰ ਰਾਤ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਵੰਸ਼ ਭਾਰਦਵਾਜ ਅਤੇ ਸੁਰੇਂਦਰ ਭਾਟੀਆ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਦੋਨੋਂ ਲੋਕਾਂ ਦਾ ਕਿਸੇ ਸੰਗਠਨ ਨਾਲ ਕੋਈ ਸਬੰਧ ਨਹੀਂ ਹੈ ਪਰ ਵੰਸ਼ ਭਾਰਦਵਾਜ ਖਿਲਾਫ਼ ਅਪਰਾਧਕ ਮਾਮਲਿਆਂ ਦਾ ਇਤਿਹਾਸ ਰਿਹਾ ਹੈ। ਇਨ੍ਹਾਂ ਦੋਹਾਂ ਨੂੰ ਐਤਵਾਰ ਦੇ ਦਿਨ ਨਿਆਂਇਕ ਅਧਿਕਾਰੀ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ਜਿੱਥੋਂ ਉਨ੍ਹਾਂ ਨੂੰ 18 ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਅਲਵਰ ਵਿੱਚ ਇਹ ਘਟਨਾ ਉਸ ਵੇਲੇ ਹੋਈ ਹੈ ਜਦੋਂ ਰਈਸ ਖਾਨ ਆਪਣੇ ਘਰ ਪਰਿਵਾਰ ਦੀ ਇੱਕ ਮਹਿਲਾ ਮੈਂਬਰ ਅਤੇ ਇੱਕ ਬੱਚੇ ਦੇ ਨਾਲ ਨੂੰਹ ਜਾਣ ਲਈ ਬੱਸ ਅੱਡੇ ਪਹੁੰਚੇ।

ਉਹ ਬੱਸ ਦੀ ਉਡੀਕ ਕਰ ਰਹੇ ਸੀ। ਉਦੋਂ ਦੋ ਲੋਕ ਆਏ ਅਤੇ ਉਨ੍ਹਾਂ ਨਾਲ ਬਦਸਲੂਕੀ ਕਰਨ ਲੱਗੇ।

ਰਈਸ ਕਹਿੰਦੇ ਹਨ, "ਉਹ ਨਸ਼ੇ ਵਿੱਚ ਸਨ। ਉਨ੍ਹਾਂ ਨੇ ਸਾਨੂੰ ਜੈ ਸ਼੍ਰੀਰਾਮ ਬੋਲਣ ਲਈ ਕਿਹਾ। ਅਸੀਂ ਸਿਰ ਝੁਕਾ ਕੇ ਸੁਣਦੇ ਰਹੇ। ਜਦੋਂ ਅਸੀਂ ਨਹੀਂ ਬੋਲੇ ਤਾਂ ਕਿਹਾ ਕਿ ਤੁਸੀਂ ਦੇਸ ਦੇ ਗੱਦਾਰ ਹੋ। ਭੱਦੀਆਂ ਗਾਲ੍ਹਾਂ ਕੱਢੀਆਂ। ਹੱਦ ਤਾਂ ਉਦੋਂ ਹੋ ਗਈ ਜਦੋਂ ਉਹ ਅਰਧ ਨਗਨ ਹੋ ਕੇ ਸਾਡੇ ਪਰਿਵਾਰ ਦੀਆਂ ਔਰਤਾਂ ਦੇ ਸਾਹਮਣੇ ਅਸ਼ਲੀਲ ਇਸ਼ਾਰੇ ਕਰਨ ਲੱਗੇ।"

ਹੱਕ 'ਚ ਬੋਲਿਆ ਚਾਹ ਵਾਲਾ ਤੇ ਫ਼ੌਜੀ

ਰਈਸ ਖ਼ਾਨ ਕਹਿੰਦੇ ਹਨ, "ਉਸ ਵੇਲੇ ਕਾਫ਼ੀ ਭੀੜ ਸੀ ਪਰ ਕੋਈ ਵਿੱਚ ਨਹੀਂ ਬੋਲਿਆ। ਇੱਕ ਚਾਹ ਵਾਲੇ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਅਸੀਂ ਮਿੰਨਤਾਂ ਕਰਦੇ ਰਹੇ। ਸਾਡੀ ਇੱਜ਼ਤ ਦੀਆਂ ਧੱਜੀਆਂ ਉਡਦੀਆਂ ਰਹੀਆਂ।”

“ਫਿਰ ਇੱਕ ਵਿਅਕਤੀ ਆਇਆ ਜੋ ਫੌਜ ਤੋਂ ਸੀ। ਉਸ ਨੇ ਦੋਹਾਂ ਨੂੰ ਰੋਕਿਆ ਅਤੇ ਉੱਥੇ ਤਮਾਸ਼ਾ ਬਣੀ ਭੀੜ ਨੂੰ ਵੀ ਕਿਹਾ 'ਤੁਸੀਂ ਬੁਜ਼ਦਿਲ ਹੋ। ਇਹ ਚਾਹ ਵਾਲਾ ਬੋਲ ਰਿਹਾ ਹੈ, ਤੁਸੀਂ ਲੋਕ ਇਸ ਨਾਇਨਸਾਫ਼ੀ 'ਤੇ ਚੁੱਪ ਹੋ। ਸ਼ਰਮਨਾਕ ਹੈ।"

ਇਹ ਵੀ ਪੜ੍ਹੋ:

ਰਈਸ ਖਾਨ ਕਹਿੰਦੇ ਹਨ, "ਉਹ ਫਰਿਸ਼ਤੇ ਦੀ ਤਰ੍ਹਾਂ ਆਇਆ ਅਤੇ ਸਾਨੂੰ ਕਹਿਣ ਲੱਗਾ "ਮੈਂ ਫੌਜ ਵਿੱਚ ਹਾਂ। ਮੈਂ ਵੀ ਹਿੰਦੂ ਹਾਂ, ਜੋ ਕੁਝ ਹੋਇਆ ਹੈ, ਮੈਂ ਉਸ ਲਈ ਮਾਫ਼ੀ ਮੰਗਦਾ ਹਾਂ। ਅਜਿਹੇ ਲੋਕਾਂ ਕਾਰਨ ਹੀ ਭਾਰਤ ਬਦਨਾਮ ਹੁੰਦਾ ਹੈ।"

ਰਈਸ ਖ਼ਾਨ ਨੇ ਬੀਬੀਸੀ ਨੂੰ ਕਿਹਾ, "ਫੌਜ ਦੇ ਉਸ ਵਿਅਕਤੀ ਨੇ ਉਨ੍ਹਾਂ ਦੋਹਾਂ ਨੂੰ ਕਾਬੂ ਕੀਤਾ ਅਤੇ ਫਿਰ ਪੁਲਿਸ ਨੂੰ ਖ਼ਬਰ ਦਿੱਤੀ ਗਈ। ਪੁਲਿਸ ਨੇ ਉਨ੍ਹਾਂ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਸੀਂ ਕਾਰਵਾਈ ਨਹੀਂ ਕਰਨਾ ਚਾਹੁੰਦੇ ਸਨ ਕਿਉਂਕਿ ਪਹਿਲਾਂ ਰਕਬਰ ਮਾਰਿਆ ਜਾ ਚੁੱਕਿਆ ਹੈ ਹੋਰ ਵੀ ਮਾਰੇ ਗਏ ਹਨ।”

“ਦੋ ਦਿਨ ਮੀਡੀਆ ਵਿੱਚ ਹੱਲਾ ਹੁੰਦਾ ਹੈ ਅੇਤ ਫ਼ਿਰ ਗੱਲ ਖ਼ਤਮ ਪਰ ਪੁਲਿਸ ਦਾ ਰਵੱਈਆ ਕਾਫ਼ੀ ਚੰਗਾ ਸੀ। ਸਾਨੂੰ ਪੁਲਿਸ ਨੇ ਤਸੱਲੀ ਦਿੱਤੀ ਅਤੇ ਮਦਦ ਦਾ ਭਰੋਸਾ ਦਿਵਾਇਆ ਹੈ।"

ਅਲਵਰ ਮਹਿਲਾ ਥਾਣੇ ਦੀ ਥਾਣਾ ਮੁਖੀ ਚੌਥ ਮਲ ਵਰਮਾ ਨੇ ਬੀਬੀਸੀ ਨੂੰ ਦੱਸਿਆ ਕਿ ਦੋਹਾਂ ਦੇ ਖਿਲਾਫ਼ ਆਈਪੀਸੀ ਦੀ ਧਾਰਾ 386 ਯਾਨਿ ਮੌਤ ਜਾਂ ਗੰਭੀਰ ਹਮਲੇ ਦਾ ਡਰ ਪੈਦਾ ਕਰਕੇ ਵਸੂਲੀ ਕਰਨਾ ਅਤੇ ਧਾਰਾ 295 ਦੇ ਤਹਿਤ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਬਣਾਇਆ ਗਿਆ ਹੈ।

ਇਨ੍ਹਾਂ ਧਾਰਾਵਾਂ ਵਿੱਚ ਜੁਰਮ ਸਾਬਿਤ ਹੋਣ 'ਤੇ ਦਸ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਇਲਾਵਾ ਔਰਤਾਂ ਦੀ ਨਿੱਜਤਾ ਨੂੰ ਠੇਸ ਪਹੁੰਚਣ ਤੇ ਕੁੱਟਮਾਰ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ।

ਰਈਸ ਖਾਨ ਦੇ ਸਵਾਲ

ਨੂੰਹ ਦੇ ਰਈਸ ਖ਼ਾਨ ਆਪਣੇ ਪਰਿਵਾਰ ਦੇ ਨਾਲ ਇੱਕ ਵਿਆਹ ਸਮਾਗਮ ਵਿੱਚ ਸ਼ਮੂਲੀਅਤ ਕਰਨ ਆਏ ਸਨ। ਉਹ ਕਹਿੰਦੇ ਹਨ ਕਿ ਇਸ ਘਟਨਾ ਨਾਲ ਵਿਆਹ ਦੀਆਂ ਖੁਸ਼ੀਆਂ ਖ਼ਤਮ ਹੋ ਗਈਆਂ।

ਦਸਵੀਂ ਪਾਸ 24 ਸਾਲ ਦੇ ਰਈਸ ਖਾਨ ਕਹਿੰਦੇ ਹਨ, "ਮੈਂ ਜਿੰਨਾ ਵੀ ਸਮਝਦਾ ਹਾਂ, ਭਗਵਾਨ ਰਾਮ ਦੁਨੀਆਂ ਵਿੱਚ ਚੰਗਿਆਈ ਦਾ ਸੁਨੇਹਾ ਲੈ ਕੇ ਆਏ ਸਨ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਕਦੇ ਕੋਈ ਭਗਵਾਨ ਅਜਿਹਾ ਮਾੜਾ ਸਲੂਕ ਕਰਨ ਲਈ ਕਹਿੰਦੇ ਹਨ।”

“ਮੈਨੂੰ ਬਹੁਤ ਦੁੱਖ ਹੋਇਆ ਜਦੋਂ ਲੋਕ ਇਹ ਸਭ ਦੇਖਦੇ ਰਹੇ ਅਤੇ ਬਚਾਅ ਵਿੱਚ ਅੱਗੇ ਨਹੀਂ ਆਏ। ਪਰ ਮੈਂ ਫ਼ੌਜ ਦੇ ਉਸ ਵਿਅਕਤੀ ਅਤੇ ਚਾਹ ਵਾਲੇ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੁਸ਼ਕਿਲ ਦੀ ਘੜੀ ਵਿੱਚ ਆਪਣਾ ਫ਼ਰਜ਼ ਨਿਭਾਇਆ ਅਤੇ ਮਦਦ ਕੀਤੀ। ਅਫ਼ਸੋਸ ਹੈ ਕਿ ਮੈਂ ਉਨ੍ਹਾਂ ਮਦਦਗਾਰਾਂ ਦਾ ਨਾਮ ਵੀ ਨਹੀਂ ਪੁੱਛ ਸਕਿਆ।"

ਰਈਸ ਖ਼ਾਨ ਨੇ ਦੱਸਿਆ, “ਉਨ੍ਹਾਂ ਦੇ ਪਰਿਵਾਰ ਦੀ ਔਰਤ ਨੇ ਜਦੋਂ ਉਨ੍ਹਾਂ ਦੋਹਾਂ ਨੂੰ ਮਨੁੱਖਤਾ ਦਾ ਵਾਸਤਾ ਦਿੱਤਾ ਅਤੇ ਅਜਿਹਾ ਨਾ ਕਰਨ ਲਈ ਕਿਹਾ ਉਦੋਂ ਉਨ੍ਹਾਂ ਵਿੱਚ ਇੱਕ ਵਿਅਕਤੀ ਅਰਧ ਨਗਨ ਹੋ ਕੇ ਸਾਹਮਣੇ ਆ ਗਿਆ ਅਤੇ ਗੰਦੇ ਇਸ਼ਾਰੇ ਕਰਨ ਲੱਗਾ।”

“ਮੈਨੂੰ ਲੱਗਿਆ ਕਿ ਜੇ ਮੈਂ ਵਿਰੋਧ ਕੀਤਾ ਤਾਂ ਭੀੜ ਸਾਡੇ ਉੱਪਰ ਟੁੱਟ ਪਏਗੀ। ਪਰ ਉਦੋਂ ਹੀ ਉਹ ਫ਼ੌਜ ਦਾ ਵਿਅਕਤੀ ਬਚਾਅ ਵਿੱਚ ਆ ਖੜ੍ਹਾ ਹੋਇਆ ਅਤੇ ਦੋਹਾਂ ਨੂੰ ਫਟਕਾਰ ਲਾਈ।”

ਰਈਸ ਕਹਿੰਦੇ ਹਨ ਕਿ ਦੇਸ ਦੇ ਆਗੂ ਕਹਿੰਦੇ ਹਨ, "ਬੇਟੀ ਬਚਾਓ ਪਰ ਕੀ ਇਸ ਤਰ੍ਹਾਂ ਬੇਟੀ ਬਚੇਗੀ?"

ਰਈਸ ਖ਼ਾਨ ਨੂੰ ਇਹ ਸਮਝ ਨਹੀਂ ਆ ਰਿਹਾ ਹੈ ਕਿ ਅਖ਼ੀਰ ਅਚਾਨਕ ਕੀ ਹੋ ਗਿਆ ਹੈ ਕਿ ਸਾਡੇ ਤੋਂ ਸਾਡੇ ਦੇਸ ਬਾਰੇ ਸਵਾਲ ਪੁੱਛੇ ਜਾਣ ਲੱਗੇ ਹਨ।

ਭਾਰਤੀ ਹੋਣ ਦਾ ਸਬੂਤ ਕਿਉਂ ਮੰਗ ਰਹੇ ਹਨ

ਰਈਸ ਖ਼ਾਨ ਕਹਿੰਦੇ ਹਨ ਉਹ ਵੀ ਉੰਨੇ ਹੀ ਭਾਰਤੀ ਹਨ ਜਿੰਨੇ ਦੂਜੇ।

ਉਹ ਕਹਿਣ ਲੱਗੇ, "ਮੈਂ ਆਪਣੇ ਦੇਸ ਲਈ ਆਪਣੀ ਜਾਨ ਦਾ ਨਜ਼ਰਾਨਾ ਵੀ ਪੇਸ਼ ਕਰ ਸਕਦਾ ਹਾਂ। ਦੇਸ ਦੀ ਆਜ਼ਾਦੀ ਲਈ ਮੁਸਲਮਾਨਾਂ ਨੇ ਵੀ ਸਿਰ ਕਟਵਾਏ ਹਨ ਫਿਰ ਸਾਡੇ ਤੋਂ ਹਿਸਾਬ ਕਿਉਂ ਮੰਗਿਆ ਜਾ ਰਿਹਾ ਹੈ।"

ਰਈਸ ਕਹਿੰਦੇ ਹਨ, "ਉਨ੍ਹਾਂ ਲੋਕਾਂ ਨੇ ਸਾਨੂੰ ਦੇਸਧਰੋਹੀ ਕਿਹਾ। ਉਹ ਕਹਿ ਰਹੇ ਸਨ ਤੁਸੀਂ ਗੱਦਾਰ ਹੋ। ਪਰ ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਦੇਸ ਲਈ ਮਰ ਸਕਦਾ ਹਾਂ, ਜਾਨ ਦੇ ਸਕਦੇ ਹਨ ਪਰ ਉਹ ਮੁੱਕਾ ਦਿਖਾ ਕੇ ਕਹਿ ਰਿਹਾ ਸੀ ਬੋਲ ਜੈ ਸ਼੍ਰੀ ਰਾਮ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਭਗਵਾਨ ਰਾਮ ਤਾਂ ਬੁਰਾਈ ਮਿਟਾਉਣ ਆਏ ਸਨ।"

ਇਹ ਵੀ ਪੜ੍ਹੋ:

ਰਾਜਸਥਾਨ ਵਿੱਚ ਅਲਵਰ ਜ਼ਿਲ੍ਹਾ ਅਜਿਹੀਆਂ ਘਟਨਾਵਾਂ ਲਈ ਸੰਵੇਦਨਸ਼ੀਲ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2017 ਵਿੱਚ ਇੱਕ ਭੀੜ ਨੇ ਕਥਿਤ ਤੌਰ 'ਤੇ ਗਊ ਰੱਖਿਆ ਦੇ ਨਾਮ 'ਤੇ ਪਹਿਲੂ ਖ਼ਾਨ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਮੁਕੱਦਮਾ ਚੱਲਿਆ ਪਰ ਸਾਰੇ ਮੁਲਜ਼ਮ ਰਿਹਾ ਹੋ ਗਏ।

ਬੀਤੇ ਸਾਲ ਅਜਿਹੀ ਹੀ ਇੱਕ ਘਟਨਾ ਵਿੱਚ ਭੀੜ ਨੇ ਕਥਿਤ ਰੂਪ ਤੌਰ ਤੇ ਗਊ ਤਸਕਰੀ ਦਾ ਇਲਜ਼ਾਮ ਲਗਾ ਕੇ ਰਕਬਰ ਖ਼ਾਨ ਨੂੰ ਮੌਤ ਦੀ ਨੀਂਦ ਸਵਾ ਦਿੱਤਾ ਸੀ। ਸੂਬਾ ਸਰਕਾਰ ਨੇ ਦੋ ਮਹੀਨੇ ਪਹਿਲਾਂ ਹੀ ਮੌਬ ਲਿੰਚਿੰਗ ਰੋਕਣ ਲਈ ਨਵਾਂ ਕਾਨੂੰਨ ਬਣਾਇਆ ਹੈ। ਇਸ ਦੇ ਤਹਿਤ ਦੋਸ਼ੀ ਪਾਏ ਜਾਣ 'ਤੇ ਉਮਰ ਕੈਦ ਦੀ ਸਜ਼ਾ ਦੀ ਤਜਵੀਜ ਹੈ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)