4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ

ਚੀਨ ਦੇ ਇੱਕ ਪਿੰਡ ਵਿੱਚ ਇੱਕ ਵਿਅਕਤੀ ਦਾ ਆਪਣੀ ਮਾਂ ਨਾਲ ਤੀਹ ਸਾਲ ਬਾਅਦ ਮੇਲ ਸੰਭਵ ਹੋ ਸਕਿਆ ਹੈ।

ਉਸ ਵਿਅਕਤੀ ਨੂੰ ਤੀਹ ਸਾਲ ਪਹਿਲਾਂ ਉਸਦੇ ਬਚਪਨ ਵਿੱਚ ਹੀ ਉਸਦੇ ਪਿੰਡ ਵਿੱਚੋਂ ਅਗਵਾ ਕਰ ਲਿਆ ਗਿਆ ਸੀ।

ਵਿਅਕਤੀ ਅਤੇ ਮਾਂ ਦੇ ਇਸ ਮੇਲ ਵਿੱਚ ਅਹਿਮ ਭੂਮਿਕਾ ਉਸ ਨਕਸ਼ੇ ਦੀ ਹੈ, ਜੋ ਉਸ ਵਿਅਕਤੀ ਨੇ ਆਪਣੇ ਪਿੰਡ ਨਾਲ ਜੁੜੀਆਂ ਯਾਦਾਂ ਦੇ ਅਧਾਰ 'ਤੇ ਤਿਆਰ ਕੀਤਾ।

ਸ਼ਾਇਦ ਇਸ ਵਿਅਕਤੀ ਨੂੰ ਇਸ ਅਰਸੇ ਦੌਰਾਨ ਕਦੇ ਆਪਣੇ ਪਿੰਡ ਦੀਆਂ ਗਲੀਆਂ ਦਰਵਾਜ਼ੇ ਭੁੱਲੇ ਹੀ ਨਹੀਂ ਅਤੇ ਉਸ ਨੂੰ ਉਨ੍ਹਾਂ ਦੀ ਯਾਦ ਇੰਨੀ ਆਉਂਦੀ ਹੋਵੇਗੀ ਕਿ ਉਹ ਤੀਹ ਸਾਲ ਬਾਅਦ ਵੀ ਉਨ੍ਹਾਂ ਦਾ ਨਕਸ਼ਾ ਬਣਾ ਸਕਿਆ।

ਲੀ ਜਿਗਵੇਇ ਮਹਿਜ਼ ਚਾਰ ਸਾਲਾਂ ਦੇ ਸਨ ਜਦੋਂ ਉਨ੍ਹਾਂ ਨੂੰ ਫ਼ੁਸਲਾ ਕੇ ਘਰ ਦੇ ਬਾਹਰੋਂ ਅਗਵਾ ਕਰ ਲਿਆ ਗਿਆ। ਫਿਰ ਉਨ੍ਹਾਂ ਨੂੰ ਬੱਚਾ ਤਸਕਰੀ ਵਾਲਿਆਂ ਨੂੰ ਵੇਚ ਦਿੱਤਾ ਗਿਆ।

ਪਿਛਲੇ ਸਾਲ (2021 ਵਿੱਚ) ਉਨ੍ਹਾਂ ਨੇ ਇੱਕ ਵੀਡੀਓ ਐਪਲੀਕੇਸ਼ਨ ਡੋਇਨ ਉੱਪਰ ਹੱਥ ਨਾਲ ਬਣਾਇਆ ਇੱਕ ਨਕਸ਼ਾ ਸਾਂਝਾ ਕੀਤਾ। ਪੁਲਿਸ ਨੇ ਉਸ ਨਕਸ਼ੇ ਦਾ ਮਿਲਾਨ ਇੱਕ ਪਿੰਡ ਅਤੇ ਉਸ ਔਰਤ ਨਾਲ ਕੀਤਾ ਜਿਸ ਦਾ ਬੱਚਾ ਲਾਪਤਾ ਸੀ।

ਡੀਐਨਏ ਟੈਸਟ ਤੋਂ ਬਾਅਦ ਸ਼ਨਿੱਚਰਵਾਰ ਨੂੰ ਮਾਂ-ਪੁੱਤਰ ਨੂੰ ਮਿਲਾ ਦਿੱਤਾ ਗਿਆ।

ਇਹ ਵੀ ਪੜ੍ਹੋ:

ਇਸ ਭਾਵੁਕ ਮਿਲਾਪ ਦੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੀ ਨੇ ਬੜੇ ਹੀ ਧਿਆਨ ਨਾਲ ਉਸ ਔਰਤ ਦਾ ਕੋਰੋਨਾਵਾਇਰਸ ਤੋਂ ਬਚਾਅ ਲਈ ਲਗਾਇਆ ਮਾਸਕ ਚਿਹਰੇ ਤੋਂ ਉਤਾਰਿਆ ਅਤੇ ਫਿਰ ਉਸ ਔਰਤ ਦੇ ਗਲ ਲੱਗ ਕੇ ਧਾਹਾਂ ਮਾਰ ਕੇ ਰੋਣ ਲੱਗ ਪਏ।

"ਤੇਤੀ ਸਾਲਾਂ ਦੀ ਉਡੀਕ ਅਤੇ ਫਿਰ ਉਡੀਕ ਦੀਆਂ ਅਣਗਿਣਤ ਰਾਤਾਂ ਤੋਂ ਬਾਅਦ ਆਖ਼ਰ ਚੇਤੇ ਤੋਂ ਬਣਾਏ ਇੱਕ ਨਕਸ਼ੇ ਕਾਰਨ ਇਹ ਪਲ ਆਇਆ ਹੈ।"

ਲੀ ਨੇ ਆਪਣੀ ਮਾਂ ਨਾਲ ਹੋਣ ਵਾਲੇ ਸੰਭਾਵੀ ਮਿਲਾਪ ਤੋਂ ਪਹਿਲਾਂ ਆਪਣੀ ਪ੍ਰੋਫ਼ਾਈਲ ਉੱਪਰ ਲਿਖਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਵਿੱਚ ਮਦਦਗਾਰ ਸਾਰੇ ਲੋਕਾਂ ਦਾ ਧੰਨਵਾਦ ਕੀਤਾ।

ਉਨ੍ਹਾਂ ਨੇ ਲਿਖਿਆ,"ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਮੇਰੇ ਪਰਿਵਾਰ ਨਾਲ ਮਿਲਾਉਣ ਵਿੱਚ ਮਦਦ ਕੀਤੀ ਹੈ, ਧੰਨਵਾਦ।"

ਲੀ ਨੂੰ ਯੁਨਾਨ ਸੂਬੇ ਦੇ ਦੱਖਣ-ਪੱਛਮੀ ਸ਼ਹਿਰ ਜ਼ਟੌਂਗ ਦੇ ਨੇੜਿਓਂ ਅਗਵਾ ਕਰਕੇ 18000 ਕਿੱਲੋਮੀਟਰ ਦੂਰ ਇੱਕ ਪਰਿਵਾਰ ਕੋਲ ਵੇਚ ਦਿੱਤਾ ਗਿਆ ਸੀ।

ਮਾਂ ਨਾਲ ਮਿਲਾਪ ਦਾ ਪਲ ਕਿਵੇਂ ਆਇਆ

ਲੀ ਹੁਣ ਦੱਖਣੀ ਚੀਨ ਦੇ ਗੁਆਂਡੋਂਗ ਸੂਬੇ ਵਿੱਚ ਰਹਿੰਦੇ ਹਨ। ਜਿਹੜੇ ਮਾਪਿਆਂ ਨੇ ਲੀ ਨੂੰ ਖ਼ਰੀਦਿਆ/ ਗੋਦ ਲਿਆ ਸੀ ਉਨ੍ਹਾਂ ਤੋਂ ਉਹ ਅਕਸਰ ਡੀਐਨਏ ਟੈਸਟ ਕਰਵਾਉਣ ਦੀ ਮੰਗ ਕਰਦੇ ਸਨ ਪਰ ਕਦੇ ਸਫ਼ਲਤਾ ਨਹੀਂ ਮਿਲੀ। ਆਖ਼ਰ ਲੀ ਨੇ ਇੰਟਕਰਨੈਟ ਦੀ ਮਦਦ ਲੈਣ ਦਾ ਫ਼ੈਸਲਾ ਲਿਆ।

ਉਨ੍ਹਾਂ ਨੇ ਇੱਕ ਵੀਡੀਓ ਅਪੀਲ ਕੀਤੀ, "ਮੈਂ ਇੱਕ ਬੱਚਾ ਹਾਂ, ਜੋ ਆਪਣਾ ਘਰ ਤਲਾਸ਼ ਰਿਹਾ ਹੈ। ਮੈਨੂੰ ਇੱਕ ਗੰਜੇ ਗੁਆਂਢੀ ਦੁਆਰਾ 1989 ਦੇ ਆਸਪਾਸ ਹੈਨਾਨ ਲੈ ਆਂਦਾ ਗਿਆ ਸੀ, ਜਦੋਂ ਮੈਂ ਕੋਈ ਚਾਰ ਸਾਲ ਦਾ ਸੀ।"

ਲੀ ਦੀ ਇਹ ਵੀਡੀਓ ਹਜ਼ਾਰਾਂ ਵਾਰ ਸਾਂਝੀ ਕੀਤੀ ਗਈ।

ਉਨ੍ਹਾਂ ਨੇ ਅੱਗੇ ਕਿਹਾ,"ਇਹ ਮੇਰੇ ਮੁਹੱਲੇ ਦਾ ਨਕਸ਼ਾ ਹੈ, ਜੋਂ ਮੈਂ ਆਪਣੇ ਚੇਤੇ ਤੋਂ ਬਣਾਇਆ ਹੈ।"

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਿੰਡ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇੱਕ ਇਮਾਰਤ ਬਾਰੇ ਦੱਸਿਆ ਜੋ ਉਨ੍ਹਾਂ ਨੂੰ ਲਗਦਾ ਸੀ ਕਿ ਸ਼ਾਇਦ ਸਕੂਲ ਹੁੰਦਾ ਸੀ।

ਬਾਂਸ ਦਾ ਇੱਕ ਛੋਟਾ ਜੰਗਲ ਅਤੇ ਇੱਕ ਛੋਟਾ ਤਲਾਅ ਜਾਂ ਛੱਪੜ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਚੀਨ ਵਿੱਚ ਬੱਚੇ ਚੁੱਕੇ ਜਾਣਾ ਕੋਈ ਅਸਧਾਰਨ ਗੱਲ ਨਹੀਂ ਹੈ। ਚੀਨ ਇੱਕ ਅਜਿਹਾ ਸਮਾਜ ਹੈ ਜਿੱਥੇ ਪੁੱਤਰ ਹੋਣ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ।

ਹਾਰ ਸਾਲ ਬਹੁਤ ਵੱਡੀ ਗਿਣਤੀ ਵਿੱਚ ਛੋਟੇ ਬੱਚਿਆਂ ਨੂੰ ਚੁੱਕ ਕੇ ਉਨ੍ਹਾਂ ਪਰਿਵਾਰਾਂ ਨੂੰ ਵੇਚ ਦਿੱਤਾ ਜਾਂਦਾ ਹੈ, ਜਿਨ੍ਹਾਂ ਵਿੱਚ ਕੋਈ ਪੁੱਤਰ ਨਾ ਹੋਵੇ।

ਸਾਲ 2015 ਵਿੱਚ ਅਨੁਮਾਨ ਲਗਾਇਆ ਗਿਆ ਸੀ ਕਿ ਹਰ ਸਾਲ 20,000 ਬੱਚਿਆਂ ਨੂੰ ਅਗਵਾ ਕੀਤਾ ਜਾਂਦਾ ਹੈ।

ਸਾਲ 2021 ਵਿੱਚ ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਸਾਹਮਣੇ ਆਈਆਂ ਸਨ, ਜਦੋਂ ਨੌਜਵਾਨ ਮਰਦਾਂ ਨੂੰ ਬਹੁਤ ਲੰਬੇ ਅਰਸੇ ਬਾਅਦ ਉਨ੍ਹਾਂ ਦੇ ਜਨਮ ਦੇਣ ਵਾਲੇ ਮਾਪਿਆਂ ਨਾਲ ਮਿਲਿਆ ਗਿਆ ਸੀ।

24 ਸਾਲ ਬਾਅਦ ਹੋਇਆ ਸੀ ਇੱਕ ਪਿਓ-ਪੁੱਤਰ ਦਾ ਮੇਲ

ਪਿਛਲੀ ਜੁਲਾਈ ਵਿੱਚ ਗੋਓ, ਗੈਂਗਟਾਂਗ ਨੂੰ ਆਪਣੇ ਪੁੱਤਰ ਨਾਲ 24 ਸਾਲਾਂ ਬਾਅਦ ਮੁੜ ਮਿਲਾਇਆ ਗਿਆ ਸੀ। ਉਨ੍ਹਾਂ ਦੇ ਪੁੱਤਰ ਨੂੰ ਸ਼ੈਂਡੌਂਗ ਸੂਬੇ ਤੋਂ ਅਗਵਾ ਕਰ ਲਿਆ ਗਿਆ ਸੀ।

ਚੀਨ ਦੇ ਸ਼ਾਨਡੋਂਗ ਸੂਬੇ ਵਿੱਚ ਗੁਓ ਗੈਂਗਟਾਂਗ ਦੇ ਪੁੱਤਰ ਨੂੰ ਉਨ੍ਹਾਂ ਦੇ ਘਰ ਅੱਗੋਂ ਹੀ 2 ਸਾਲ ਦੀ ਉਮਰ ਵਿੱਚ ਮਨੁੱਖੀ ਤਸਕਰਾਂ ਵੱਲੋਂ ਅਗਵਾ ਕਰ ਲਿਆ ਗਿਆ ਸੀ।

ਗੁਓ ਦੇ ਪੁੱਤਰ ਦੇ ਗਾਇਬ ਹੋਣ ਤੋਂ ਕਈ ਸਾਲਾਂ ਬਾਅਦ 2015 ਵਿੱਚ ਇਸ ਕੇਸ ਤੋਂ ਪ੍ਰੇਰਿਤ ਹੋ ਕੇ ਇੱਕ ਫ਼ਿਲਮ ਵੀ ਬਣੀ ਜਿਸ ਵਿੱਚ ਹਾਂਗਕਾਂਗ ਦੇ ਸੁਪਰਸਟਾਰ ਐਂਡੀ ਲਾਉ ਅਦਾਕਾਰ ਸਨ।

ਚੀਨ ਦੇ ਪਬਲਿਕ ਸਿਕਿਓਰਿਟੀ ਮੰਤਰਾਲੇ ਮੁਤਾਬਕ ਗੁਓ ਦੇ ਪੁੱਤਰ ਦੀ ਪਛਾਣ ਲਈ ਡੀਐਨਏ ਦੀ ਮਦਦ ਨਾਲ ਪੁਲਿਸ ਕਾਮਯਾਬ ਹੋਈ ਸੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)