You’re viewing a text-only version of this website that uses less data. View the main version of the website including all images and videos.
24 ਸਾਲ ਬਾਅਦ ਪਿਓ ਨੂੰ ਮਿਲਿਆ ਪੁੱਤਰ - ਪਿਓ ਨੇ ਭੀਖ ਮੰਗੀ, ਹੱਡੀਆਂ ਟੁੱਟੀਆਂ ਤੇ ਆਖ਼ਿਰਕਾਰ...
ਚੀਨ ਦੇ ਇੱਕ ਵਿਅਕਤੀ ਦਾ ਆਪਣੇ ਪੁੱਤਰ ਨਾਲ 24 ਸਾਲਾਂ ਬਾਅਦ ਮੇਲ ਹੋਇਆ ਹੈ।
ਇਹ ਵਿਅਕਤੀ ਆਪਣੇ ਪੁੱਤਰ ਦੀ ਭਾਲ ਵਿੱਚ ਪੂਰੇ ਚੀਨ 'ਚ ਮੋਟਰਸਾਈਕਲ ਉੱਤੇ 5 ਲੱਖ ਕਿਲੋਮੀਟਰ ਤੋਂ ਵੀ ਜ਼ਿਆਦਾ ਸਫ਼ਰ ਤੈਅ ਕਰ ਚੁੱਕਿਆ ਹੈ।
ਚੀਨ ਦੇ ਸ਼ਾਨਡੋਂਗ ਸੂਬੇ ਵਿੱਚ ਗੁਓ ਗੈਂਗਟਾਂਗ ਦੇ ਪੁੱਤਰ ਨੂੰ ਉਨ੍ਹਾਂ ਦੇ ਘਰ ਅੱਗੋਂ ਹੀ 2 ਸਾਲ ਦੀ ਉਮਰ ਵਿੱਚ ਮਨੁੱਖੀ ਤਸਕਰਾਂ ਵੱਲੋਂ ਅਗਵਾ ਕਰ ਲਿਆ ਗਿਆ ਸੀ।
ਗੁਓ ਦੇ ਪੁੱਤਰ ਦੇ ਗਾਇਬ ਹੋਣ ਤੋਂ ਕਈ ਸਾਲਾਂ ਬਾਅਦ 2015 ਵਿੱਚ ਇਸ ਕੇਸ ਤੋਂ ਪ੍ਰੇਰਿਤ ਹੋ ਕੇ ਇੱਕ ਫ਼ਿਲਮ ਵੀ ਬਣੀ ਜਿਸ ਵਿੱਚ ਹਾਂਗਕਾਂਗ ਦੇ ਸੁਪਰਸਟਾਰ ਐਂਡੀ ਲਾਉ ਅਦਾਕਾਰ ਸਨ।
ਬੱਚਿਆਂ ਨੂੰ ਅਗਵਾ ਕਰਨਾ ਚੀਨ ਦੀ ਇੱਕ ਵੱਡੀ ਸਮੱਸਿਆ ਹੈ, ਹਰ ਸਾਲ ਇੱਥੇ ਹਜ਼ਾਰਾਂ ਬੱਚਿਆਂ ਨੂੰ ਅਗਵਾ ਕਰ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ :
ਚੀਨ ਦੇ ਪਬਲਿਕ ਸਿਕਿਓਰਿਟੀ ਮੰਤਰਾਲੇ ਮੁਤਾਬਕ ਗੁਓ ਦੇ ਪੁੱਤਰ ਦੀ ਪਛਾਣ ਲਈ ਡੀਐਨਏ ਦੀ ਮਦਦ ਨਾਲ ਪੁਲਿਸ ਕਾਮਯਾਬ ਹੋਈ ਸੀ।
ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ ਬਾਅਦ ਵਿੱਚ ਦੋ ਸ਼ੱਕੀਆਂ ਨੂੰ ਟ੍ਰੈਕ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਚਾਈਨਾ ਨਿਊਜ਼ ਦੀ ਰਿਪੋਰਟ ਮੁਤਾਬਕ ਦੋਵੇਂ ਸ਼ੱਕੀ ਇੱਕ-ਦੂਜੇ ਨੂੰ ਡੇਟ ਕਰ ਰਹੇ ਸਨ ਅਤੇ ਬੱਚੇ ਨੂੰ ਅਗਵਾ ਕਰਨ ਦੀ ਯੋਜਨਾ ਇਸ ਇਰਾਦੇ ਨਾਲ ਬਣਾਈ ਗਈ ਕਿ ਇਸ ਨੂੰ ਵੇਚ ਕੇ ਪੈਸੇ ਕਮਾਉਣਗੇ।
ਜਦੋਂ ਗੁਓ ਗੈਂਗਟਾਂਗ ਦਾ ਪੁੱਤਰ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਤਾਂ ਟਾਂਗ ਸਰਮੇਨ ਵਾਲੀ ਸ਼ੱਕੀ ਮਹਿਲਾ ਅਗਵਾਕਾਰ ਨੇ ਬੱਚੇ ਨੂੰ ਫੜ੍ਹ ਲਿਆ ਅਤੇ ਬੱਸ ਸਟੇਸ਼ਨ ਲੈ ਗਈ, ਜਿੱਥੇ ਉਸ ਦਾ ਸਾਥੀ ਹੂ ਇੰਤਜ਼ਾਰ ਕਰ ਰਿਹਾ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਤੋਂ ਬਾਅਦ ਇਸ ਜੋੜੇ ਨੇ ਇੰਟਰਸਿਟੀ ਕੋਚ ਉੱਤੇ ਸਫ਼ਰ ਕਰਦਿਆਂ ਗੁਆਂਢੀ ਸੂਬੇ ਹੇਨਾਨ ਦਾ ਰੁਖ ਕੀਤਾ ਅਤੇ ਬੱਚੇ ਨੂੰ ਉੱਥੇ ਵੇਚ ਦਿੱਤਾ।
ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਗੁਓ ਦਾ ਬੇਟਾ ਅਜੇ ਵੀ ਹੇਨਾਨ ਵਿੱਚ ਹੀ ਰਹਿੰਦਾ ਹੈ।
ਗੁਓ ਨੇ ਪੱਤਰਕਾਰਾਂ ਨੂੰ ਦੱਸਿਆ, ''ਹੁਣ ਬੱਚਾ ਮਿਲ ਗਿਆ ਹੈ, ਸਭ ਕੁਝ ਹੁਣ ਤੋਂ ਖ਼ੁਸ਼ਹਾਲ ਹੋਵੇਗਾ।''
1997 ਵਿੱਚ ਗੁਓ ਦੇ ਪੁੱਤਰ ਦੇ ਅਗਵਾ ਹੋਣ ਤੋਂ ਬਾਅਦ, ਗੁਓ ਨੇ ਚੀਨ ਦੇ 20 ਤੋਂ ਵੱਧ ਸੂਬਿਆਂ ਵਿੱਚ ਬੱਚੇ ਦੀ ਭਾਲ ਵਿੱਚ ਮੋਟਰਸਾਈਕਲ ਉੱਤੇ ਸਫ਼ਰ ਕੀਤਾ।
ਬੱਚੇ ਨੂੰ ਲੱਭਣ ਦੇ ਇਸ ਸਿਲਸਿਲੇ ਦੌਰਾਨ ਟ੍ਰੈਫ਼ਿਕ ਦੁਰਘਟਨਾ ਵਿੱਚ ਗੁਓ ਦੀਆਂ ਕਈ ਹੱਡੀਆਂ ਵੀ ਟੁੱਟੀਆਂ ਅਤੇ ਉਨ੍ਹਾਂ ਇਸ ਦੌਰਾਨ ਹਾਈਵੇਅ ਉੱਤੇ ਡਕੈਤੀ ਦਾ ਵੀ ਸਾਹਮਣਾ ਕੀਤਾ।
ਇਸ ਪੂਰੇ ਸਮੇਂ ਦੌਰਾਨ 10 ਮੋਟਰਸਾਈਕਲ ਵੀ ਨੁਕਸਾਨੇ ਗਏ।
ਆਪਣੇ ਪੁੱਤਰ ਦੀ ਤਸਵੀਰ ਨਾਲ ਗੁਓ ਬੈਨਰ ਲੈ ਕੇ ਘੁੰਮਦੇ ਰਹੇ। ਇਸ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਜਮਾਂਪੂੰਜੀ ਪੁੱਤਰ ਨੂੰ ਲੱਭਣ ਦੇ ਮਿਸ਼ਨ ਉੱਤੇ ਹੀ ਲਗਾ ਦਿੱਤੀ। ਇੱਥੋਂ ਤੱਕ ਉਹ ਪੁਲਾਂ ਹੇਠਾਂ ਵੀ ਸੁੱਤੇ ਅਤੇ ਪੈਸੇ ਖ਼ਤਮ ਹੋਣ ਦੀ ਹਾਲਤ ਵਿੱਚ ਭੀਖ ਤੱਕ ਮੰਗੀ।
ਪੁੱਤਰ ਦੀ ਭਾਲ ਦੌਰਾਨ ਗੁਓ ਚੀਨ ਦੀ ਮਿਸਿੰਗ ਪਰਸਨਜ਼ ਆਰਗੇਨਾਈਜ਼ੇਸ਼ਨ ਦੇ ਅਹਿਮ ਮੈਂਬਰ ਵੀ ਬਣੇ ਅਤੇ ਘੱਟੋ-ਘੱਟ ਸੱਤ ਮਾਪਿਆਂ ਨੂੰ ਬੱਚਿਆਂ ਨਾਲ ਮਿਲਾਉਣ ਵਿੱਚ ਮਦਦਗਾਰ ਬਣੇ।
ਜਿਵੇਂ ਹੀ ਇਹ ਖ਼ਬਰ ਮਿਲੀ ਕਿ ਗੁਓ ਦੇ ਪੁੱਤਰ ਨੂੰ ਲੱਭ ਲਿਆ ਗਿਆ ਹੈ ਤਾਂ ਚੀਨੀ ਸੋਸ਼ਲ ਮੀਡੀਆ ਉੱਤੇ ਗੁਓ ਦਗੇ ਸਮਰਥਨ ਵਿੱਚ ਸੁਨੇਹੇ ਆਉਣ ਲੱਗੇ।
ਮਾਈਕ੍ਰੋ ਬਲੌਗਿੰਗ ਸਾਈਟ ਵੀਬੋ ਉੱਤੇ ਇੱਕ ਸ਼ਖ਼ਸ ਨੇ ਲਿਖਿਆ, ''ਕਈ ਮਾਪਿਆਂ ਨੇ ਉਮੀਦ ਪਹਿਲਾਂ ਹੀ ਛੱਡ ਦਿੱਤੀ ਹੋਵੇਗੀ। ਗੁਓ ਬਹੁਤ ਵਿਲੱਖਣ ਹਨ ਤੇ ਮੈਂ ਉਨ੍ਹਾਂ ਲਈ ਖ਼ੁਸ਼ ਹਾਂ।''
ਚੀਨ ਵਿੱਚ ਕਿਡਨੈਪਿੰਗ ਅਤੇ ਬੱਚਿਆਂ ਦੀ ਤਸਕੀ ਦਹਾਕਿਆਂ ਤੋਂ ਇੱਕ ਸਮੱਸਿਆ ਹੈ।
2015 ਵਿੱਚ ਇਹ ਅੰਦਾਜ਼ਾ ਲਗਾਇਆ ਗਿਆ ਚੀਨ ਵਿੱਚ ਹਰ ਸਾਲ ਲਗਭਗ 20 ਹਜ਼ਾਰ ਬੱਚੇ ਅਗਵਾ ਕੀਤੇ ਗਏ। ਬਹੁਤਿਆਂ ਨੂੰ ਗੋਦ ਲੈਣ ਲਈ (ਚੀਨ ਅਤੇ ਚੀਨ ਤੋਂ ਬਾਹਰ) ਵੇਚ ਦਿੱਤਾ ਗਿਆ।
ਇਹ ਵੀ ਪੜ੍ਹੋ: