ਜੈਪਾਲ ਭੁੱਲਰ ਖੇਡ ਮੈਦਾਨ ਤੋਂ ਕਿਵੇਂ ਪਹੁੰਚਿਆਂ ਅਪਰਾਧ ਦੀ ਦੁਨੀਆ 'ਚ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਫ਼ਿਰੋਜ਼ਪੁਰ ਤੋਂ ਕਰੀਬ 1900 ਕਿੱਲੋ ਮੀਟਰ ਦੂਰ ਕੋਲਕਾਤਾ ਦੇ ਨਿਊਟਨ ਨਗਰ ਵਿੱਚ ਸਥਾਨਕ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਜੈਪਾਲ ਭੁੱਲਰ ਅਤੇ ਉਸ ਦੇ ਸਾਥੀ ਜਸਪ੍ਰੀਤ ਜੱਸੀ ਦੀ ਬੁੱਧਵਾਰ ਨੂੰ ਮੌਤ ਹੋ ਗਈ।

ਪੁਲਿਸ ਦਾ ਦਾਅਵਾ ਹੈ ਕਿ ਭੁੱਲਰ ਅਤੇ ਜੱਸੀ ਇੱਥੇ ਕਿਰਾਏ ਦੇ ਫਲੈਟ ਵਿੱਚ ਰਹਿ ਰਹੇ ਸਨ। 39 ਸਾਲ ਦੇ ਜੈਪਾਲ ਭੁੱਲਰ ਦਾ ਸਬੰਧ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਹੈ ਅਤੇ ਉਹ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਭੁਪਿੰਦਰ ਭੁੱਲਰ ਦਾ ਪੁੱਤਰ ਸੀ।

ਜੈਪਾਲ ਭੁੱਲਰ ਪੁਲਿਸ ਨੂੰ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ ਪਰ ਪਿਛਲੇ ਦਿਨੀਂ ਉਹ ਉਸ ਸਮੇਂ ਜ਼ਿਆਦਾ ਚਰਚਾ ਵਿੱਚ ਆਇਆ ਜਦੋਂ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੰਜਾਬ ਪੁਲਿਸ ਦੇ ਦੋ ਸਹਾਇਕ ਸਬ ਇੰਸਪੈਕਟਰ ਭਗਵਾਨ ਸਿੰਘ ਦਲਵਿੰਦਰਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਉਸ ਸਮੇਂ ਤੋਂ ਪੰਜਾਬ ਪੁਲਿਸ ਉਸ ਦਾ ਪਿੱਛਾ ਕਰ ਰਹੀ ਸੀ। ਭੁੱਲਰ ਉੱਤੇ 10 ਲੱਖ ਰੁਪਏ ਅਤੇ ਜੱਸੀ ਉੱਤੇ ਪੰਜ ਲੱਖ ਰੁਪਏ ਦਾ ਇਨਾਮ ਸੀ।

ਇਹ ਵੀ ਪੜ੍ਹੋ-

ਖੇਡ ਦੇ ਮੈਦਾਨ ਤੋਂ ਜੁਰਮ ਦੀ ਦੁਨੀਆਂ ਤੱਕ

ਜੈਪਾਲ ਭੁੱਲਰ ਕਿਸੇ ਸਮੇਂ ਖੇਡ ਦੀ ਦੁਨੀਆ ਵਿੱਚ ਚਮਕਦਾ ਸਿਤਾਰਾ ਸੀ। ਹੈਮਰ ਥਰੋ ਅਤੇ ਸ਼ੌਟਪੁੱਟ ਦੀ ਖੇਡ ਵਿੱਚ ਜੈਪਾਲ ਭੁੱਲਰ ਆਪਣਾ ਕੈਰੀਅਰ ਬਣਾਉਣਾ ਚਾਹੁੰਦਾ ਸੀ ਜਿਸ ਦੇ ਲਈ ਉਹ ਮਿਹਨਤ ਵੀ ਕਰ ਰਿਹਾ ਸੀ।

ਗੁਰਸ਼ਾਦ ਸਿੰਘ ਉਰਫ਼ ਸ਼ੇਰਾ ਖੁੱਬਣ ਅਤੇ ਜੈਪਾਲ ਦੋਵੇਂ ਹੀ ਇੱਕੋ ਖੇਡ ਕਰਦੇ ਸਨ ਅਤੇ ਇਸ ਲਈ ਦੋਵਾਂ ਨੇ ਜਿੰਮ ਵੀ ਇੱਕ ਹੀ ਜੁਆਇਨ ਕੀਤਾ ਹੋਇਆ ਸੀ।

ਜੈਪਾਲ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਨੇ ਕੁਝ ਸਮਾਂ ਪਹਿਲਾਂ ਇੱਕ ਟੀਵੀ ਇੰਟਰਵਿਊ ਦੌਰਾਨ ਦੱਸਿਆ ਕਿ ਜਿੰਮ ਦੇ ਵਿੱਚ ਹੀ ਜੈਪਾਲ ਦਾ ਮੇਲ ਕੁਝ ਅਜਿਹੇ ਮੁੰਡਿਆਂ ਨਾਲ ਹੋਇਆ ਜਿੰਨਾ ਦਾ ਸਬੰਧ ਜੁਰਮ ਦੀ ਦੁਨੀਆ ਨਾਲ ਸੀ।

ਜੈਪਾਲ ਉੱਤੇ ਪਹਿਲਾਂ ਕੇਸ ਲੁਧਿਆਣਾ ਵਿਖੇ ਕਿਸੇ ਪ੍ਰਾਪਰਟੀ ਵਿਵਾਦ ਨੂੰ ਲੈ ਕੇ ਹੋਇਆ ਸੀ। ਇਸ ਮਾਮਲੇ ਨੂੰ ਲੈ ਕੇ ਜੈਪਾਲ ਜੇਲ੍ਹ ਵਿੱਚ ਰਿਹਾ ਅਤੇ ਕੁਝ ਸਮੇਂ ਬਾਅਦ ਜ਼ਮਾਨਤ ਉੱਤੇ ਘਰ ਆ ਗਿਆ।

ਪਰਿਵਾਰ ਦੀ ਕੋਸ਼ਿਸ਼ਾਂ ਦੇ ਬਾਵਜੂਦ ਜੈਪਾਲ ਆਪਣੇ ਆਪ ਨੂੰ ਜ਼ਿਆਦਾ ਦੇਰ ਜੁਰਮ ਤੋਂ ਦੂਰ ਨਾ ਰੱਖ ਸਕਿਆ ਅਤੇ ਹੌਲੀ-ਹੌਲੀ ਫਿਰ ਤੋਂ ਉਹ ਅਪਰਾਧਿਕ ਗਤੀਵਿਧੀਆਂ ਵਿੱਚ ਸਰਗਰਮ ਹੋ ਗਿਆ।

ਜੈਪਾਲ ਦੇ ਪਿਤਾ ਮੁਤਾਬਕ ਇੱਕ ਮਾਮਲੇ ਵਿੱਚ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਬੰਦ ਜੈਪਾਲ ਅਤੇ ਸ਼ੇਰੇ ਦੀ ਮੁਲਾਕਾਤ ਉੱਥੇ ਪਹਿਲਾਂ ਤੋਂ ਬੰਦ ਜਸਵਿੰਦਰ ਸਿੰਘ ਰੋਕੀ ਨਾਲ ਹੋਈ।

ਰੋਕੀ ਦਾ ਸਬੰਧ ਫ਼ਾਜ਼ਿਲਕਾ ਨਾਲ ਸੀ ਅਤੇ ਜੈਪਾਲ ਤੇ ਸ਼ੇਰੇ ਦਾ ਫ਼ਿਰੋਜ਼ਪੁਰ ਨਾਲ ਇਸ ਕਰ ਕੇ ਤਿੰਨਾਂ ਦੀ ਦੋਸਤੀ ਗੂੜੀ ਹੋ ਗਈ।

ਹਾਲਾਂਕਿ ਪਰਿਵਾਰ ਨੇ ਜੈਪਾਲ ਨੂੰ ਜੁਰਮ ਦੀ ਦੁਨੀਆ ਤੋਂ ਵਾਪਸ ਲਿਆਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਇਸ ਵਿੱਚੋਂ ਬਾਹਰ ਨਹੀਂ ਨਿਕਲ ਪਾਇਆ।

ਵਿੱਕੀ ਗੌਂਡਰ, ਜੈਪਾਲ ਭੁੱਲਰ ਅਤੇ ਸ਼ੇਰਾ ਖੁੱਬਣ ਤਿੰਨੇ ਜੁਰਮ ਦੀ ਦੁਨੀਆ ਵਿੱਚ ਹੌਲੀ-ਹੌਲੀ ਵੱਡੇ ਨਾਮ ਬਣਦੇ ਗਏ।

ਇਨ੍ਹਾਂ ਤਿੰਨਾਂ ਦਾ ਸਬੰਧ ਖੇਡ ਦੀ ਦੁਨੀਆ ਨਾਲ ਰਿਹਾ ਹੈ। ਪਰ ਖੇਡ ਦੇ ਮੈਦਾਨ ਦੀ ਥਾਂ ਇਹ ਕ੍ਰਾਈਮ ਦੀ ਦੁਨੀਆ ਵਿੱਚ ਜ਼ਿਆਦਾ ਸਰਗਰਮ ਹੋਏ ਗਏ।

ਪਹਿਲਾਂ ਸ਼ੇਰਾ ਖੁੱਬਣ ਤੇ ਫਿਰ ਵਿੱਕੀ ਗੌਂਡਰ ਤੋਂ ਬਾਅਦ ਆਖ਼ਰਕਾਰ ਜੈਪਾਲ ਭੁੱਲਰ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ।

ਜੈਪਾਲ ਭੁੱਲਰ ਦੀ ਹਿਸਟਰੀ ਸ਼ੀਟ

ਪੰਜਾਬ ਪੁਲਿਸ ਮੁਤਾਬਕ ਜੈਪਾਲ, ਸਾਲ 2014 ਤੋਂ ਫਰਾਰ ਸੀ ਅਤੇ ਇਨ੍ਹਾਂ ਸਾਰੇ ਸਾਲਾਂ ਦੌਰਾਨ ਉਸ ਨੇ ਕਈ ਜੁਰਮ ਕੀਤੇ ਅਤੇ ਉਹ 25 ਤੋਂ ਵੱਧ ਸਨਸਨੀਖੇਜ਼ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ।

ਪੁਲਿਸ ਮੁਤਾਬਕ ਜਦੋਂ ਸ਼ੇਰਾ ਖੁੱਬਣ ਨਾਮਕ ਨੌਜਵਾਨ, ਜਿਸ ਬਾਰੇ ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਉਹ ਆਪਰਧਿਕ ਗਤੀਵਿਧੀਆਂ ਵਿੱਚ ਸ਼ਾਮਲ ਸੀ, 2012 ਵਿੱਚ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ।

ਇਹ ਵੀ ਪੜ੍ਹੋ-

ਸ਼ੇਰਾ ਖੁੱਬਣ ਅਤੇ ਜੈਪਾਲ ਦੋਵੇਂ ਦੋਸਤ ਸਨ। ਸ਼ੇਰੇ ਦੇ ਮਾਰੇ ਜਾਣ ਬਾਰੇ ਜੈਪਾਲ ਨੂੰ ਸ਼ੱਕ ਸੀ ਕਿ ਰੌਕੀ ਫਾਜ਼ਿਲਕਾ ਨੇ ਸ਼ੇਰੇ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ।

30 ਅਪ੍ਰੈਲ 2016 ਵਿੱਚ ਜੈਪਾਲ ਨੇ ਸੋਲਨ ਨੇੜੇ ਜਸਵਿੰਦਰ ਸਿੰਘ ਉਰਫ਼ ਰੌਕੀ ਫਾਜ਼ਿਲਕਾ ਦਾ ਕਤਲ ਕਰ ਦਿੱਤਾ।

ਜੈਪਾਲ ਨੇ ਬਕਾਇਦਾ ਫੇਸਬੁੱਕ ਉੱਤੇ ਰੋਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਅਤੇ ਇਸ ਨੂੰ ਸ਼ੇਰੇ ਦਾ ਬਦਲਾ ਕਰਾਰ ਦਿੱਤਾ।

ਪੁਲਿਸ ਮੁਤਾਬਕ 2017 ਵਿੱਚ ਜੈਪਾਲ ਨੇ ਚਿਤਕਾਰਾ ਯੂਨੀਵਰਸਿਟੀ ਨੇੜੇ ਪਟਿਆਲਾ ਹਾਈਵੇ ਉੱਤੇ ਇੱਕ ਨਕਦੀ ਲਿਜਾ ਰਹੀ ਵੈਨ ਵਿੱਚੋਂ 1.3 ਕਰੋੜ ਰੁਪਏ ਅਤੇ ਰੋਪੜ ਵਿੱਚ ਏ.ਟੀ.ਐੱਮ ਲੋਡਿੰਗ ਵੈਨ ਵਿਚੋਂ 35 ਲੱਖ ਰੁਪਏ ਲੁੱਟੇ।

ਇਸ ਤੋਂ ਬਾਆਦ 15 ਮਈ ਨੂੰ ਜੈਪਾਲ ਅਤੇ ਉਸ ਦੇ ਸਾਥੀਆਂ ਨੇ ਜਗਰਾਓਂ ਵਿੱਚ ਪੰਜਾਬ ਪੁਲਿਸ ਦੇ ਦੋ ਏਐਸਆਈਜ਼ ਨੂੰ ਗੋਲੀ ਮਾਰ ਦਿੱਤੀ।

ਜੈਪਾਲ ਦੇ ਨਾਲ ਮਾਰਿਆ ਗਿਆ ਜਸਪ੍ਰੀਤ ਸਿੰਘ ਉਰਫ਼ ਜੱਸੀ ਦਾ ਸਬੰਧ ਪੰਜਾਬ ਦੇ ਖਰੜ ਇਲਾਕੇ ਨਾਲ ਹੈ।

ਪੁਲਿਸ ਮੁਤਾਬਕ ਜਗਰਾਓਂ ਵਿਖੇ ਪੁਲਿਸ ਕਰਮੀਆਂ ਦੀ ਹੱਤਿਆ ਸਮੇਤ ਘਟੋਂ-ਘੱਟ ਚਾਰ ਅਪਰਾਧਿਕ ਮਾਮਲਿਆਂ ਵਿੱਚ ਜੱਸੀ ਸ਼ਾਮਲ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

'ਖਿਡਾਰੀਆਂ ਦਾ ਅਪਰਾਧ ਦੀ ਦੁਨੀਆ ਵਿੱਚ ਜਾਣਾ ਚਿੰਤਾਜਨਕ'

ਬਾਸਕਟਬਾਲ ਦੇ ਸਾਬਕਾ ਕੌਮਾਂਤਰੀ ਖਿਡਾਰੀ ਸੱਜਣ ਸਿੰਘ ਚੀਮਾ ਨੇ ਖਿਡਾਰੀਆਂ ਦਾ ਅਪਰਾਧ ਦੀ ਦੁਨੀਆ ਵਿੱਚ ਜਾਣਾ ਚਿੰਤਾਜਨਕ ਦੱਸਿਆ।

ਬੀਬੀਸੀ ਨਾਲ ਫ਼ੋਨ ਉੱਤੇ ਗੱਲਬਾਤ ਕਰਦਿਆਂ ਸੱਜਣ ਸਿੰਘ ਚੀਮਾ ਨੇ ਆਖਿਆ ਕਿ ਖਿਡਾਰੀਆਂ ਵਿੱਚ ਐਨਰਜੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਸ ਐਨਰਜੀ ਨੂੰ ਸਹੀ ਪਾਸੇ ਲਗਾਉਣਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਆਖਿਆ ਕਿ ਜਦੋਂ ਕੋਈ ਖਿਡਾਰੀ ਕਿਸੇ ਖੇਡ ਵਿੱਚ ਮੱਲਾਂ ਮਾਰਦਾ ਹੈ ਤਾਂ ਉਸ ਦੇ ਨਾਲ ਕੁਝ ਲੋਕ ਸਾੜਾ ਵੀ ਕਰਦੇ ਹਨ ਜਿਸ ਕਾਰਨ ਕਈ ਵਾਰ ਹੌਲੀ-ਹੌਲੀ ਸਥਿਤੀ ਖ਼ਰਾਬ ਹੋ ਜਾਂਦੀ ਹੈ।

ਉਨ੍ਹਾਂ ਆਖਿਆ ਕਿ ਕਈ ਖਿਡਾਰੀ ਗੁੰਮਰਾਹ ਵੀ ਹੋ ਜਾਂਦੇ ਹਨ ਅਤੇ ਹੌਲੀ-ਹੌਲੀ ਜੁਰਮ ਦੀ ਦੁਨੀਆ ਵਿੱਚ ਚਲੇ ਜਾਂਦੇ ਹਨ।

ਉਨ੍ਹਾਂ ਆਖਿਆ ਕਿ ਜਿਹੜਾ ਖਿਡਾਰੀ ਇੱਕ ਵਾਰ ਜੁਰਮ ਦੀ ਦੁਨੀਆ ਵਿੱਚ ਚਲਾ ਗਿਆ ਉਸ ਦੀ ਵਾਪਸੀ ਦਾ ਰਾਹ ਬਹੁਤ ਔਖਾ ਹੈ ਜਿਸ ਤਰ੍ਹਾਂ ਵਿੱਕੀ ਗੌਂਡਰ ਅਤੇ ਹੋਰਨਾਂ ਖਿਡਾਰੀਆਂ ਨਾਲ ਹੋਇਆ।

ਹਰਿਆਣਾ ਤੋਂ ਹਾਕੀ ਕੋਚ ਗੁਰਬਾਜ਼ ਸਿੰਘ ਨੇ ਦੱਸਿਆ ਕਿ ਚੰਗਾ ਖਿਡਾਰੀ ਬਣਨ ਲਈ ਅਨੁਸ਼ਾਸਨ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਜੇਕਰ ਖਿਡਾਰੀ ਵਿੱਚ ਅਨੁਸ਼ਾਸਨ ਨਹੀਂ ਹੋਵੇਗਾ ਤਾਂ ਉਹ ਆਪਣੇ ਉੱਤੇ ਕਾਬੂ ਨਹੀਂ ਰੱਖ ਸਕਦਾ ਹੈ ਅਤੇ ਉਸ ਦਾ ਧਿਆਨ ਗ਼ਲਤ ਪਾਸੇ ਜਾਵੇਗਾ।

ਉਨ੍ਹਾਂ ਦਾ ਕਹਿਣਾ ਹੈ ਕਿ ਖਿਡਾਰੀ ਦੀ ਊਰਜਾ ਖੇਡ ਦੇ ਮੈਦਾਨ ਵਿੱਚ ਲੱਗਣੀ ਜ਼ਰੂਰੀ ਹੈ ਗ਼ਲਤ ਪਾਸੇ ਨਹੀਂ।

ਗੁਰਬਾਜ਼ ਸਿੰਘ ਮੁਤਾਬਕ ਕਿਸੇ ਖਿਡਾਰੀ ਦੇ ਘਰ ਦੇ ਹਾਲਤ ਵੀ ਖਿਡਾਰੀ ਦੇ ਚੰਗੇ ਜਾਂ ਮਾੜੇ ਪਾਸੇ ਜਾਣ ਦਾ ਕਾਰਨ ਬਣਦੇ ਹਨ ਇਸ ਲਈ ਖਿਡਾਰੀ ਦੀ ਸਹੀ ਸਮੇਂ ਉੱਤੇ ਕੌਂਸਲਿੰਗ ਕਰਨੀ ਵੀ ਜ਼ਰੂਰੀ ਹੈ। ਇਸ ਨਾਲ ਵੀ ਉਸ ਨੂੰ ਗ਼ਲਤ ਪਾਸੇ ਜਾਣ ਤੋਂ ਰੋਕਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)