ASI ਦੇ ਕਤਲ ਵਿੱਚ ਲੋੜੀਂਦੇ ਜੈਪਾਲ ਭੁੱਲਰ ਤੇ ਜਸਪ੍ਰੀਤ ਸਿੰਘ ਦੀ ਪੁਲਿਸ ਮੁਕਾਬਲੇ 'ਚ ਮੌਤ, ਜਾਣੋ ਕੀ ਹੈ ਪੂਰਾ ਮਾਮਲਾ

    • ਲੇਖਕ, ਗੁਰਮਿੰਦਰ ਸਿੰਘ ਗਰੇਵਾਲ
    • ਰੋਲ, ਬੀਬੀਸੀ ਪੰਜਾਬੀ ਲਈ

15 ਮਈ ਨੂੰ ਜਗਰਾਉਂ ਵਿਖੇ ਪੰਜਾਬ ਪੁਲਿਸ ਦੇ ਦੋ ਕਰਮਚਾਰੀਆਂ ਦੇ ਕਤਲ ਮਾਮਲੇ ਚ' ਲੋੜੀਂਦੇ ਗੈਂਗਸਟਰਾਂ ਦੀ ਕੋਲਕਾਤਾ ਵਿਖੇ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ।

ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਦਿਨਕਰ ਗੁਪਤਾ ਨੇ ਪੱਤਰਕਾਰ ਗੱਲਬਾਤ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ।

ਦਿਨਕਰ ਗੁਪਤਾ ਨੇ ਦੱਸਿਆ ਕਿ ਬੁੱਧਵਾਰ ਦੁਪਹਿਰੇ ਸਾਢੇ ਤਿੰਨ ਵਜੇ ਬੰਗਾਲ ਪੁਲਿਸ ਦੀ ਟੀਮ ਕੋਲਕਾਤਾ ਦੇ ਨਿਊ ਟਾਊਨ ਇਲਾਕੇ ਵਿਚ ਪਹੁੰਚੀ ਜਿਥੇ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਮੌਜੂਦ ਸਨ।

ਇਹ ਵੀ ਪੜ੍ਹੋ-

ਗੁਪਤਾ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਇਸ ਮੁਕਾਬਲੇ ਦੌਰਾਨ ਜੱਸੀ ਅਤੇ ਭੁੱਲਰ ਦੀ ਮੌਤ ਹੋ ਗਈ ਜਦਕਿ ਬੰਗਾਲ ਪੁਲਿਸ ਦੇ ਇੱਕ ਇੰਸਪੈਕਟਰ ਫੱਟੜ ਹਨ।

ਦੋਵਾਂ ਗੈਂਗਸਟਰਾਂ ਕੋਲੋਂ ਚਾਰ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ।

ਪੁਲਿਸ ਅਨੁਸਾਰ ਜੈਪਾਲ ਭੁੱਲਰ ਏ ਕੈਟੇਗਰੀ ਦਾ ਗੈਂਗਸਟਰ ਸੀ ਅਤੇ ਇਸ ਦੇ ਨਾਲ ਹੀ ਉਹ ਨਸ਼ਿਆਂ ਦੀ ਤਸਕਰੀ ਵੀ ਕਰਦਾ ਸੀ।

ਜਗਰਾਓਂ ਵਿੱਚ ਪੁਲਿਸ ਕਰਮਚਾਰੀਆਂ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਦੁਆਰਾ ਲਾਂਚ ਕੀਤੇ ਗਏ ਆਪ੍ਰੇਸ਼ਨ ਜੈਕ ਅੰਤਰਗਤ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ 28 ਮਈ ਨੂੰ ਇਸੇ ਕੇਸ ਵਿੱਚ ਲੋੜੀਂਦੇ ਦੋ ਲੋਕ ਫੜੇ ਗਏ ਸਨ।

ਉਨ੍ਹਾਂ ਵੱਲੋਂ ਦਿੱਤੀ ਜਾਣਕਾਰੀ ਤੋਂ ਬਾਅਦ ਪੰਜਾਬ ਪੁਲਿਸ ਨੇ ਭਰਤ ਕੁਮਾਰ ਨਾਮ ਦੇ ਇੱਕ ਵਿਅਕਤੀ ਨੂੰ ਪੰਜਾਬ ਹਰਿਆਣਾ ਦੇ ਬਾਰਡਰ ਤੋਂ ਬੁੱਧਵਾਰ ਦੁਪਹਿਰੇ ਗ੍ਰਿਫ਼ਤਾਰ ਕੀਤਾ।

ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਵਿਅਕਤੀ ਦੇ ਸਹੁਰੇ ਕੋਲਕਾਤਾ ਵਿੱਚ ਹਨ ਅਤੇ ਇਸੇ ਨੇ ਭੁੱਲਰ ਅਤੇ ਜੱਸੀ ਦੀ ਰਿਹਾਇਸ਼ ਦਾ ਪ੍ਰਬੰਧ ਕੋਲਕਾਤਾ ਵਿਖੇ ਕੀਤਾ ਸੀ।

ਪੰਜਾਬ ਪੁਲਿਸ ਨੇ ਇਸ ਬਾਰੇ ਕੋਲਕਾਤਾ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਭੁੱਲਰ, ਜੱਸੀ ਨੂੰ ਨਿਊ ਟਾਊਨ ਇਲਾਕੇ ਵਿਖੇ ਟਰੇਸ ਕੀਤਾ ਗਿਆ।

ਡੀਜੀਪੀ ਅਨੁਸਾਰ ਪੰਜਾਬ ਵਿੱਚ 31 ਏ ਕੈਟੇਗਰੀ ਦੇ ਗੈਂਗਸਟਰ ਸਨ ਅਤੇ ਪਿਛਲੇ ਚਾਰ ਸਾਲਾਂ ਵਿੱਚ ਗੈਂਗਸਟਰਾਂ ਕੋਲੋਂ ਇੱਕ ਡਰੋਨ, 26 ਕਿਲੋ ਹੈਰੋਇਨ ਸਣੇ ਕਈ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਜਿਸ ਨਾਲ ਸੂਬੇ ਵਿੱਚ ਨਸ਼ਿਆਂ ਨੂੰ ਠੱਲ੍ਹ ਪਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)