ਨਵਨੀਤ ਕੌਰ ਰਾਣਾ ਨੂੰ ਜਾਣੋ ਜੋ ਗਲਤ ਜਾਤੀ ਸਰਟੀਫਿਕੇਟ ਮਾਮਲੇ 'ਚ ਕਾਰਵਾਈ ਦਾ ਸਾਹਮਣਾ ਕਰ ਰਹੀ ਹੈ

ਬੌਂਬੇ ਹਾਈ ਕੋਰਟ ਨੇ ਅਮਰਾਵਤੀ ਤੋਂ ਸਾਂਸਦ ਨਵਨੀਤ ਕੌਰ ਰਾਣਾ ਦਾ ਜਾਤੀ ਸਰਟੀਫਿਕੇਟ ਰੱਦ ਕਰ ਕੇ ਛੇ ਹਫ਼ਤਿਆਂ ਵਿੱਚ ਜਮਾਂ ਕਰਵਾਉਣ ਤੇ ਦੋ ਲੱਖ ਦਾ ਜੁਰਮਾਨਾ ਭਰਨ ਦੇ ਹੁਕਮ ਦਿੱਤੇ ਹਨ।

ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਨਵਨੀਤ ਨੇ ਇਹ ਸਰਟੀਫਿਕੇਟ ਝੂਠੇ ਕਾਗਜਾਤ ਦਿਖਾ ਕੇ ਪਾਸ ਕਰਵਾਇਆ ਹੈ।

ਨਵਨੀਤ ਨੇ ਕਿਹਾ ਹੈ ਕਿ ਮੈਂ ਭਾਰਤ ਦੇ ਨਾਗਰਿਕ ਵਜੋਂ ਅਦਾਲਤ ਦੇ ਫੈਸਲੇ ਦਾ ਸਤਿਕਾਰ ਕਰਦੀ ਹਾਂ ਅਤੇ ਸੁਪਰੀਮ ਕੋਰਟ ਜਾਵਾਂਗੀ ਜਿੱਥੇ ਮੈਨੂੰ ਉਮੀਦ ਹੈ ਕਿ ਇਨਸਾਫ਼ ਮਿਲੇਗਾ।

ਹੁਣ ਸਵਾਲ ਉਨ੍ਹਾਂ ਹੀ ਲੋਕ ਸਭਾ ਮੈਂਬਰਸ਼ਿਪ ਨੂੰ ਵੀ ਲੈ ਕੇ ਖੜ੍ਹਾ ਹੋ ਗਿਆ ਹੈ।

ਨਵਨੀਤ ਕੌਰ ਰਾਣਾ 2019 ਦੀਆਂ ਆਮ ਚੋਣਾਂ ਵਿੱਚ ਇੱਕ ਮਹਾਰਾਸ਼ਟਰ ਰਾਖਵੀਂ ਸੀਟ ਅਮਰਾਵਤੀ ਤੋਂ ਅਜਾਦ ਉਮੀਦਵਾਰ ਵਜੋਂ ਜਿੱਤ ਕੇ ਪਹਿਲੀ ਵਾਰ ਸੰਸਦ ਪਹੁੰਚੇ ਸਨ।

ਇਸੇ ਸਾਲ ਮਾਰਚ ਵਿੱਚ ਉਨ੍ਹਾਂ ਨੇ ਲੋਕ ਸਭਾ ਦੇ ਸਪੀਕਰ ਓਮ ਪ੍ਰਕਾਸ਼ ਬਿਰਲਾ ਕੋਲ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਤੇਜਾਬੀ ਹਮਲੇ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਇਲਜ਼ਾਮ ਲਗਾਇਆ ਸੀ ਕਿ ਇਨ੍ਹਾਂ ਵਿੱਚੋਂ ਕੁਝ ਸ਼ਿਵ ਸੇਨਾ ਦੀ ਲੈਟਰਹੈਡ 'ਤੇ ਹਨ।

ਇਹ ਵੀ ਪੜ੍ਹੋ:

ਅਦਾਲਤ ਨੇ ਆਪਣੇ ਫੈਸਲੇ ਵਿੱਚ ਕੀ ਕਿਹਾ?

ਜਸਟਿਸ ਆਰਡੀ ਧਾਨੂਕੇ ਅਤੇ ਜਸਟਿਸ ਵੀਜੀ ਵਸ਼ਿਸ਼ਟ ਦੀ ਬੈਂਚ ਨੇ ਅਨੰਦ ਰਾਓ ਅਡਸੁਲ ਅਤੇ ਰਾਜੂ ਮਨਕਰ ਦੀ ਅਰਜੀ 'ਤੇ ਸੁਣਵਾਈ ਦੌਰਾਨ ਇਹ ਫੈਸਲਾ ਸੁਣਾਇਆ। ਮਨਕਰ ਇੱਕ ਸਮਾਜਿਕ ਕਾਰਕੁਨ ਹਨ।

ਇਨ੍ਹਾਂ ਲੋਕਾਂ ਨੇ ਜਿਲ੍ਹਾ ਕਾਸਟ ਸਕਰੂਟਨੀ ਕਮੇਟੀ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਜਿਸ ਵਿੱਚ ਰਾਣਾ ਦੇ ਸਰਟੀਫਿਕੇਟ ਨੂੰ ਪ੍ਰਮਾਣਿਤ ਕੀਤਾ ਸੀ।

ਰਾਣਾ ਨੇ ਇਹ ਸਰਟੀਫਿਕੇਟ 2013 ਵਿੱਚ ਹਾਸਲ ਕੀਤਾ ਸੀ ਜਿਸ ਨੂੰ ਕਮੇਟੀ ਨੇ 2017 ਵਿੱਚ ਪ੍ਰਮਾਣਿਤ ਕੀਤਾ ਅਤੇ ਉਸੇ ਦੇ ਅਧਾਰ ਤੇ ਉਨ੍ਹਾਂ ਨੇ 2019 ਦੀਆਂ ਆਮ ਚੋਣਾਂ ਵੀ ਲੜੀਆਂ ਅਤੇ ਜਿੱਤੀਆਂ।

ਅਦਾਲਤ ਨੇ ਕਿਹਾ ਕਿ ਅਜਿਹੇ ਕੰਮ "ਅਸਲ ਅਤੇ ਹੱਕਦਾਰ ਲੋਕਾਂ ਨੂੰ ਕਾਨੂੰਨ ਵਿੱਚ ਦਿੱਤੇ ਲਾਭਾਂ ਤੋਂ ਵਾਂਝੇ" ਕਰਦੇ ਹਨ।

ਹਾਈ ਕੋਰਟ ਨੇ ਨੇ ਰਾਣਾ ਨੂੰ ਛੇ ਹਫ਼ਤਿਆਂ ਵਿੱਚ ਆਪਣਾ ਸਰਟੀਫਿਕੇਟ ਕਮੇਟੀ ਕੋਲ ਜਮ੍ਹਾਂ ਕਰਵਾਉਣ ਅਤੇ ਮਹਾਰਾਸ਼ਟਰ ਲੀਗਲ ਸਰਵਸਿਜ਼ ਅਥਾਰਟੀ ਕੋਲ ਦੋ ਹਫ਼ਤਿਆਂ ਦੇ ਅੰਦਰ ਦੋ ਲੱਖ ਰੁਪਏ ਦਾ ਜੁਰਮਾਨਾ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਹਨ।

ਅਦਾਲਤ ਨੇ ਕਿਹਾ ਹੈ ਕਿ ਅਜਿਹਾ ਸਰਟੀਫਿਕੇਟ ਰੱਦ ਹੋਣ ਤੋਂ ਬਾਅਦ ਕਾਨੂੰਨ ਮੁਤਾਬਕ ਜੋ ਵੀ ਕਾਰਵਾਈ ਹੈ ਉਹ ਕੀਤੀ ਜਾਵੇ।

ਅਦਾਲਤ ਨੇ ਕਮੇਟੀ ਨੂੰ ਵੀ ਆਪਣੇ ਕੰਮ ਵਿੱਚ ਲਾਪ੍ਰਵਾਹੀ ਵਰਤਣ ਲਈ ਝਾੜਿਆ ਅਤੇ ਕਿਹਾ ਉਸ ਨੇ ਆਪਣਾ ਕੰਮ ਨਿਰਪੱਖਤਾ ਨਾਲ ਨਹੀਂ ਕੀਤਾ।

ਨਵਨੀਤ ਕੌਰ ਰਾਣਾ ਨੇ ਕੀ ਕਿਹਾ?

ਨਵਨੀਤ ਕੌਰ ਰਾਣਾ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਬੌਂਬੇ ਹਾਈ ਕੋਰਟ ਦੇ ਫੈਸਲੇ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਕਿਹਾ, ''ਮੈਂ ਭਾਰਤ ਦੀ ਨਾਗਰਿਕ ਹੋਣ ਦੇ ਨਾਤੇ ਅਦਾਲਤ ਦੇ ਆਦੇਸ਼ਾਂ ਦਾ ਸਤਿਕਾਰ ਕਰਦੀ ਹਾਂ। ਮੈਂ ਸੁਪਰੀਮ ਕੋਰਟ ਜਾਵਾਂਗੀ ਅਤੇ ਮੈਨੂੰ ਆਸ ਹੈ ਕਿ ਨਿਆਂ ਮਿਲੇਗਾ।''

ਨਵਨੀਤ ਕੌਰ ਰਾਣਾ ਬਾਰੇ ਜਾਣੋ

2019 ਵਿੱਚ ਮਹਾਰਸ਼ਟਰ ਤੋਂ ਸੰਸਦ ਪਹੁੰਚੀਆਂ ਅੱਠ ਔਰਤਾਂ ਵਿੱਚੋਂ ਇੱਕ ਨਵਨੀਤ ਨੂੰ ਕਾਂਗਰਸ-ਐੱਨਸੀਪੀ ਨੇ ਹਮਾਇਤ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ਿਵ ਸੇਨਾ ਦੇ ਸਿਟਿੰਗ ਐੱਮਪੀ ਅਨੰਦ ਰਾਓ ਅਡਸੁਲ ਨੂੰ ਹਰਾਇਆ ਸੀ।

ਨਵਨੀਤ ਕੌਰ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਜਦੋਂ ਉਨ੍ਹਾਂ ਦਾ ਵਿਆਹ ਹੋਇਆ ਸੀ ਤਾਂ ਉਨ੍ਹਾਂ ਨੂੰ ਮਰਾਠੀ ਦਾ ਇੱਕ ਵੀ ਸ਼ਬਦ ਨਹੀਂ ਆਉਂਦਾ ਸੀ। ਹੁਣ ਨਵਨੀਤ ਪੰਜਾਬੀ ਸਣੇ ਸੱਤ ਭਾਸ਼ਾਵਾਂ ਬੋਲ ਲੈਂਦੇ ਹਨ।

ਉਨ੍ਹਾਂ ਨੇ ਅਦਾਕਾਰਾ ਵਜੋਂ ਪੰਜਾਬੀ ਫ਼ਿਲਮਾਂ ਵੀ ਕੀਤੀਆਂ ਅਤੇ ਦੱਖਣ ਭਾਰਤੀ ਫ਼ਿਲਮਾਂ ਰਾਹੀਂ ਖਾਸ ਤੌਰ 'ਤੇ ਨਾਮਣਾ ਖੱਟਿਆ।

ਉਨ੍ਹਾਂ ਦਾ ਵਿਆਹ ਰਵੀ ਰਾਣਾ ਨਾਲ ਹੋਇਆ ਹੈ ਜੋ ਖੁਦ ਇੱਕ ਮਹਾਰਸ਼ਟਰ ਵਿੱਚ ਹੀ ਵਿਧਾਇਕ ਹਨ।

ਨਵਨੀਤ ਨੇ 'ਛੇਵਾਂ ਦਰਿਆ' ਅਤੇ 'ਲੜ ਗਿਆ ਪੇਚਾ' ਨਾਮੀ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਵਧੇਰੇ ਤੇਲੁਗੂ, ਤਮਿਲ, ਹਿੰਦੀ ਤੇ ਮਲਯਾਲਮ ਫਿਲਮਾਂ ਵਿੱਚ ਕੰਮ ਕੀਤਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)