ANOM ਮੋਬਾਇਲ ਐਪ ਜ਼ਰੀਏ ਵੱਡੇ ਡਰੱਗ ਰੈਕੇਟ ਦਾ ਭੰਡਾਫੋੜ, 18 ਮੁਲਕਾਂ ਤੋਂ ਫੜੇ ਗਏ ਸੈਂਕੜੇ ਅਪਰਾਧੀ- ਪ੍ਰੈੱਸ ਰਿਵੀਊ

ਅਮਰੀਕਾ ਅਤੇ ਆਸਟਰੇਲੀਆ ਦੀਆਂ ਸੂਹੀਆ ਏਜੰਸੀਆਂ ਨੇ ਅਪਰਾਧੀਆਂ ਵੱਲੋਂ ਵਰਤੀ ਜਾਂਦੀ ਇੱਕ ਮੈਸਜਿੰਗ ਐਪ ਨੂੰ ਹੈਕ ਕਰਕੇ ਉਨ੍ਹਾਂ ਦੇ ਲੱਖਾਂ ਦੀ ਗਿਣਤੀ ਵਿੱਚ ਇਨਕ੍ਰਿਪਟਡ ਸੁਨੇਹੇ ਪੜ੍ਹ ਲਏ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਤੋਂ ਬਾਅਦ 18 ਮੁਲਕਾਂ ਵਿੱਚੋਂ ਛਾਪੇਮਾਰੀ ਕੀਤੀ ਗਈ ਅਤੇ 800 ਤੋਂ ਵਧੇਰੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਆਪ੍ਰੇਸ਼ਨ ਵਿੱਚ ਯੂਰਪੀ ਯੂਨੀਅਨ ਦੀ ਜਾਂਚ ਏਜੰਸੀ ਯੂਰੋਪੋਲ ਨੇ ਵੀ ਹਿੱਸਾ ਲਿਆ।

ਸੂਹੀਆ ਏਜੰਸੀਆਂ ਨੇ ਐੱਫਬੀਆਈ ਵੱਲੋਂ ਚਲਾਈ ਜਾ ਰਹੀ ANOM ਨਾਂਅ ਦੀ ਇੱਕ ਮੋਬਾਈਲ ਐਪ ਨੂੰ ਅਪਰਾਧੀਆਂ ਵਿੱਚ ਚੋਰੀ ਛੁੱਪੇ ਸਾਂਝਾ ਕੀਤਾ।

ਇਹ ਵੀ ਪੜ੍ਹੋ:

ਇਹ ਆਪ੍ਰੇਸ਼ਨ ਸਾਲ 2018 ਵਿੱਚ ਏਨੋਮ ਐਪ ਨੂੰ ਹੈਕ ਕਰਨ ਦੇ ਮੰਤਵ ਨਾਲ ਸ਼ੁਰੂ ਕੀਤਾ ਗਿਆ। ਗੈਂਗ ਇਸ ਐਪ ਨੂੰ ਸੁਰੱਖਿਅਤ ਸਮਝ ਕੇ ਵਰਤ ਰਹੇ ਸਨ ਤੇ ਪੁਲਿਸ ਉਨ੍ਹਾਂ ਦੇ ਮੈਸਜ ਪੜ੍ਹ ਰਹੀ ਸੀ।

ਐੱਫ਼ਬੀਆਈ ਨੇ ਇਸ ਆਪ੍ਰੇਸ਼ਨ ਨੂੰ ਟਰੋਜ਼ਨ ਨਾਂਅ ਦਿੱਤਾ ਅਤੇ ਇਹ ਕਿਸੇ ਇਨਕ੍ਰਿਪਟਡ ਨੈਟਵਰਕ ਉੱਪਰ ਸੂਹੀਆ ਏਜੰਸੀਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਧਾੜ ਸੀ।

ਇਸ ਅਧੀਨ ਕੀਤੀ ਗਈ ਛਾਪੇਮਾਰ ਸਦਕਾ ਆਸਟਰੇਲੀਆ, ਏਸ਼ੀਆ, ਦੱਖਣੀ ਅਮਰੀਕਾ ਅਤੇ ਪੱਛਮੀ ਏਸ਼ੀਆ ਵਿੱਚ ਨਸ਼ੀਲੇ ਪਦਾਰਥਾਂ ਦੇ ਕਾਰੋਬਾਰੀਆਂ ਦੀ ਧਰ ਪਕੜ ਕੀਤੀ ਗਈ ਹੈ।

ਕੇਂਦਰ ਨੇ ਨਿੱਜੀ ਹਸਪਤਾਲਾਂ ਵਿੱਚ ਕੋਵਿਡ-ਵੈਕਸੀਨ ਦੀ ਵੱਧੋ-ਵੱਧ ਕੀਮਤ ਮਿੱਥੀ

ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਨਿੱਜੀ ਹਸਪਤਾਲਾਂ ਲਈ ਕੋਵਿਡ ਵੈਕਸੀਨ ਦੀ ਵੱਧੋ-ਵੱਧ ਕੀਮਤ ਤੈਅ ਕਰ ਦਿੱਤੀ ਹੈ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਸ ਤੋਂ ਬਾਅਦ ਹੁਣ ਨਿੱਜੀ ਹਸਪਤਾਲ ਕੋਵੈਕਸੀਨ ਅਤੇ ਕੋਵੀਸ਼ੀਲਡ ਵੈਕਸੀਨਾਂ ਕ੍ਰਮਵਾਰ 1410 ਰੁਪਏ ਅਤੇ 780 ਰੁਪਏ ਵਸੂਲ ਸਕਣਗੇ ਉੱਥੇ ਹੀ ਰੂਸ ਦੀ ਸਪੂਤਨਿਕ ਵੈਕਸੀਨ ਦਾ ਲੋਕਾਂ ਨੂੰ ਨਿੱਜੀ ਹਸਪਤਾਲਾਂ ਤੋਂ 1145 ਰੁਪਏ ਦਾ ਇੱਕ ਟੀਕਾ ਮਿਲ ਸਕੇਗਾ।

ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਜਾਰੀ ਕਰ ਕੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਹਸਪਤਾਲਾਂ ਨਾਲ ਸਖ਼ਤੀ ਨਾਲ ਨਜਿੱਠਣ ਨੂੰ ਕਿਹਾ ਹੈ।

ਇਸ ਤੋਂ ਪਹਿਲਾਂ ਸਰਕਾਰ ਨੇ ਕਿਹਾ ਕਿ ਉਹ ਨੇ ਕੋਵੀਸ਼ੀਲਡ ਦੀਆਂ 25 ਕਰੋੜ ਖੁਰਾਕਾਂ ਅਤੇ ਕੋਵੈਕਸੀਨ ਦੀਆਂ 19 ਕਰੋੜ ਖੁਰਾਕਾਂ ਦਾ ਆਰਡਰ ਦੇ ਦਿੱਤਾ ਹੈ। ਸਰਕਾਰ ਮੁਤਾਬਕ ਇਸ ਸਾਲ ਦੇ ਦੰਸਬਰ ਤੱਕ ਇਹ ਕੰਪਨੀਆਂ 44 ਕਰੋੜ ਖੁਰਾਕਾਂ ਸਰਕਾਰ ਨੂੰ ਮੁਹਈਆਂ ਕਰਵਾਉਣਗੀਆਂ।

ਇਸ ਦੇ ਨਾਲ ਹੀ ਸਰਕਾਰ ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਤੇ ਭਾਰਤ ਬਾਇਓਟੈਕ ਨੂੰ ਪੇਸ਼ਗੀ ਵਜੋਂ 30 ਫੀਸਦੀ ਰਾਸ਼ੀ ਜਾਰੀ ਕਰ ਦਿੱਤੀ ਹੈ।

ਇਸ ਤੋਂ ਇਲਾਵਾ ਸਰਕਾਰ ਨੇ ਬਾਇਔਲੋਜੀਕਲ ਈਜ਼ ਦੀ ਵੈਕਸੀਨ ਦਾ ਵੀ ਆਰਡਰ ਦਿੱਤਾ ਹੈ ਜੋ ਕਿ ਸਤੰਬਰ ਤੱਕ ਮਿਲ ਜਾਵੇਗੀ।

ਭਾਰਤ ਨੇ ਪਹਿਲੀ ਵਾਰ ਤਾਲਿਬਾਨ ਨਾਲ ਗੱਲਬਾਤ ਸ਼ੁਰੂ ਕੀਤੀ

ਭਾਰਤ ਨੇ ਤਾਲਿਬਾਨ ਪ੍ਰਤੀ ਆਪਣੀ ਨੀਤੀ ਵਿੱਚ ਫੇਰ ਬਦਲ ਕਰਦਿਆਂ ਪਹਿਲੀ ਵਾਰ ਤਾਲਿਬਾਨ ਧੜਿਆਂ ਅਤੇ ਆਗੂਆਂ ਨਾਲ ਗੱਲਬਾਤ ਸ਼ੁਰੂ ਕੀਤੀ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਨ੍ਹਾਂ ਲੀਡਰਾਂ ਵਿੱਚ ਮੁੱਲਾ ਬਾਰਬਰ ਵੀ ਸ਼ਾਮਲ ਹਨ। ਇਸ ਨਵੇਂ ਘਟਨਾਕ੍ਰਮ ਪਿੱਛੇ ਅਫ਼ਗਾਨਿਸਤਾਨ ਵਿੱਚੋਂ ਵੱਡੀ ਗਿਣਤੀ ਵਿੱਚ ਅਮਰੀਕੀ ਫੌਜ ਦੀ ਵਾਪਸੀ ਵੀ ਹੈ।

ਇਸ ਤੋਂ ਪਹਿਲਾਂ ਭਾਰਤ ਦਾ ਰੁਖ਼ ਰਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਨਾਲ ਤਾਲਿਬਾਨ ਨਾਲ ਕਿਸੇ ਵੀ ਤਰ੍ਹਾਂ ਗੱਲਬਾਤ ਦੀ ਮੇਜ਼ ਸਾਂਝੀ ਨਹੀਂ ਕਰੇਗੀ।

ਵਿਸ਼ਵ ਦੀਆਂ ਹੋਰ ਤਾਕਤਾਂ ਵੀ ਤਾਲਿਬਾਨ ਨਾਲ ਗੱਲਬਾਤ ਕਰ ਰਹੀਆਂ ਹਨ।

ਇਸ ਦੀ ਵਜ੍ਹਾ ਇਹ ਕਿ ਹੁਣ ਇਹ ਸਮਝ ਵਿਕਸਿਤ ਹੋ ਰਹੀ ਹੈ ਕਿ ਤਾਲਿਬਾਨ ਕਿਸੇ ਨਾ ਕਿਸੇ ਰੂਪ ਵਿੱਚ ਅਫ਼ਗਾਨਿਸਤਾਨ ਵਿੱਚ ਸੱਤਾ ਤੇ ਸਮਤੋਲ ਨੂੰ ਪ੍ਰਭਾਵਿਤ ਕਰਦੇ ਰਹਿਣਗੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)