ਕੋਰੋਨਾਵਾਇਰਸ: ਔਰਤਾਂ ਵੈਕਸੀਨ ਲਗਵਾਉਣ ਵਿੱਚ ਪਿੱਛੇ ਕਿਉਂ ਹਨ

    • ਲੇਖਕ, ਸੁਸ਼ੀਲਾ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਦਿੱਲੀ ਦੇ ਸੁੰਦਰ ਨਗਰ ਦੀ ਰਹਿਣ ਵਾਲੀ ਨਿਸ਼ਾ ਪਾਰਲਰ ਵਿੱਚ ਕੰਮ ਕਰਦੀ ਹੈ। ਲੌਕਡਾਊਨ ਕਾਰਨ ਪਤੀ ਦੀ ਨੌਕਰੀ ਚਲੀ ਗਈ ਅਤੇ ਜਿਵੇਂ ਕਿਵੇਂ ਕੰਮ ਕਰ ਕੇ ਉਹ ਘਰ ਦਾ ਗੁਜ਼ਾਰਾ ਕਰ ਰਹੀ ਹੈ।

ਨਿਸ਼ਾ ਨੇ ਕੋਰੋਨਾ ਵੈਕਸੀਨ ਲਗਵਾਉਣ ਵਾਸਤੇ ਇੱਕ ਜਾਣ ਪਛਾਣ ਵਾਲੀ ਔਰਤ ਦੀ ਸਹਾਇਤਾ ਲਈ। ਉਹ ਇੱਕ ਐੱਨਜੀਓ ਵਿੱਚ ਕੰਮ ਕਰਦੀ ਹੈ। ਵੈਕਸੀਨ ਲਈ ਹਸਪਤਾਲ ਵਿੱਚ ਸਲੌਟ ਵੀ ਮਿਲ ਗਿਆ ਪਰ ਉਨ੍ਹਾਂ ਦਿਨਾਂ ਵਿੱਚ ਘਰ ਵਿੱਚ ਵਿਆਹ ਸੀ।

ਨਿਸ਼ਾ ਆਖਦੀ ਹੈ, "ਪਾਰਲਰ ਦਾ ਕੰਮ ਵੀ ਜ਼ਰੂਰੀ ਸੀ ਕਿਉਂਕਿ ਘਰ ਚਲਾਉਣਾ ਹੈ ਅਤੇ ਲੌਕਡਾਊਨ ਕਾਰਨ ਪਾਰਲਰ ਵਿੱਚ ਕਦੇ-ਕਦੇ ਹੀ ਔਰਤਾਂ ਆਉਂਦੀਆਂ ਹਨ। ਅਜਿਹੇ ਵਿੱਚ ਵੀ ਕੰਮ ਨਾ ਕਰੋ ਤਾਂ ਮਾਲਕਿਨ ਨਾਰਾਜ਼ ਹੋ ਜਾਂਦੀ ਹੈ। ਫਿਰ ਘਰ ਵਿੱਚ ਵਿਆਹ ਸੀ ਤੇ ਮੈਨੂੰ ਡਰ ਸੀ ਕਿਉਂਕਿ ਮੈਂ ਸੁਣਿਆ ਸੀ ਕਿ ਵੈਕਸੀਨ ਲਗਵਾਉਣ ਨਾਲ ਕਮਜ਼ੋਰੀ ਹੁੰਦੀ ਹੈ। ਦਰਦ ਅਤੇ ਬੁਖਾਰ ਵੀ ਹੁੰਦਾ ਹੈ।"

ਇਹ ਵੀ ਪੜ੍ਹੋ:

"ਵੈਕਸੀਨ ਲਗਵਾਉਣਾ ਵੀ ਜ਼ਰੂਰੀ ਸੀ ਪਰ ਜੇ ਮੈਂ ਬਿਮਾਰ ਹੋ ਜਾਂਦੀ ਤਾਂ ਪਾਰਲਰ ਅਤੇ ਘਰ ਦਾ ਕੰਮ ਨਹੀਂ ਸੀ ਹੋ ਸਕਣਾ। ਘਰਵਾਲੇ ਵੀ ਤਾਅਨੇ ਦਿੰਦੇ ਹਨ ਕਿ ਜਦੋਂ ਘਰ ਵਿੱਚ ਵਿਆਹ ਸੀ ਤਾਂ ਵੈਕਸੀਨ ਲਗਵਾਉਣੀ ਕੀ ਜ਼ਰੂਰੀ ਸੀ। ਇਸ ਕਰਕੇ ਮੈਂ ਵੈਕਸੀਨ ਦਾ ਖਿਆਲ ਛੱਡ ਦਿੱਤਾ ਹਾਲਾਂਕਿ ਮੇਰੇ ਪਤੀ ਵੈਕਸੀਨ ਲਗਵਾ ਚੁੱਕੇ ਹਨ।"

ਪਰ ਕਮਲੇਸ਼ ਵੈਕਸੀਨ ਨਾ ਲਗਵਾਉਣ ਦਾ ਦੂਜਾ ਕਾਰਨ ਦੱਸਦੀ ਹੈ।

ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੀ ਕਮਲੇਸ਼ ਲੋਕਾਂ ਦੇ ਘਰਾਂ ਵਿੱਚ ਖਾਣਾ ਬਣਾਉਣ ਦਾ ਕੰਮ ਕਰਦੀ ਹੈ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਨੇ ਵੈਕਸੀਨ ਲਗਵਾ ਲਈ ਤਾਂ ਉਸ ਦਾ ਜਵਾਬ ਸੀ - ਨਹੀਂ ਲਗਵਾਉਣੀ।

ਜਦੋਂ ਪੁੱਛਿਆ ਕਿ ਕਿਉਂ ਨਹੀਂ ਲਗਵਾਉਣੀ ਤਾਂ ਉਸ ਨੇ ਕਿਹਾ ਕਿ ਵੈਕਸੀਨ ਲਗਵਾਉਣ ਨਾਲ ਮੌਤ ਹੋ ਜਾਂਦੀ ਹੈ।

ਵੈਕਸੀਨ ਨੂੰ ਲੈ ਕੇ ਉਨ੍ਹਾਂ ਦੇ ਜ਼ਿਹਨ ਵਿੱਚ ਅਲੱਗ ਹੀ ਤਰ੍ਹਾਂ ਦੇ ਖ਼ਿਆਲ ਦਿਖੇ। ਹਾਲਾਂਕਿ ਇਹ ਸੁਣਨਾ ਕੋਈ ਨਵੀਂ ਗੱਲ ਨਹੀਂ ਸੀ।

ਪਰ ਹੈਰਾਨੀ ਇਸ ਗੱਲ ਦੀ ਸੀ ਕਿ ਜੋ ਔਰਤ ਪੜ੍ਹੇ ਲਿਖੇ ਪਰਿਵਾਰਾਂ ਵਿੱਚ ਜਾ ਕੇ ਖਾਣਾ ਬਣਾਉਣ ਦਾ ਕੰਮ ਕਰਦੀ ਹੈ ਉਸ ਦੀ ਸੋਚ ਅਜਿਹੀ ਕਿਉਂ ਹੈ।

ਕਮਲੇਸ਼ ਅਨੁਸਾਰ ਉਨ੍ਹਾਂ ਦੇ ਪਿੰਡ ਵਿੱਚ ਇੱਕ ਪਤੀ-ਪਤਨੀ ਦਾ ਜੋੜਾ ਵੈਕਸੀਨ ਲਗਾਉਣ ਗਿਆ ਅਤੇ ਰਾਹ ਵਿੱਚ ਆਉਂਦੇ-ਆਉਂਦੇ ਹੀ ਦੋਹਾਂ ਦੀ ਮੌਤ ਹੋ ਗਈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪਿੰਡ ਦੇ ਲੋਕ ਹੁਣ ਡਰ ਚੁੱਕੇ ਹਨ ਅਤੇ ਕੋਈ ਵੈਕਸੀਨ ਦਾ ਨਾਮ ਤੱਕ ਨਹੀਂ ਲੈਣਾ ਚਾਹੁੰਦਾ।

ਜਦੋਂ ਮੈਂ ਕਮਲੇਸ਼ ਨੂੰ ਕਿਹਾ ਕਿ ਅਜਿਹਾ ਨਹੀਂ ਹੈ। ਇਹ ਸਭ ਅਫਵਾਹਾਂ ਹਨ ਤਾਂ ਉਸ ਨੇ ਕਿਹਾ ਕਿ ਜਦੋਂ ਪਰਿਵਾਰਕ ਮੈਂਬਰ ਇਸ ਦੇ ਖ਼ਿਲਾਫ਼ ਹਨ ਤਾਂ ਮੈਂ ਕਿਵੇਂ ਲਗਵਾ ਲਵਾਂ।

ਔਰਤਾਂ ਅਤੇ ਮਰਦਾਂ ਵਿੱਚ ਅੰਤਰ

ਵੈਕਸੀਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲੀਆਂ ਹਨ ਪਰ ਅਜਿਹਾ ਨਹੀਂ ਹੈ ਕਿ ਲੋਕ ਵੈਕਸੀਨ ਨਹੀਂ ਲਗਵਾ ਰਹੇ।

ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੀ ਵੈੱਬਸਾਈਟ 'ਤੇ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ 23,27,86,482 ਲੋਕ ਵੈਕਸੀਨ ਲਗਵਾ ਚੁੱਕੇ ਹਨ। ਜੇ ਅੰਕੜਿਆਂ ਨੂੰ ਤੋੜ ਕੇ ਦੇਖਿਆ ਜਾਵੇ ਤਾਂ ਮਰਦਾਂ ਦੇ ਮੁਕਾਬਲੇ ਔਰਤਾਂ ਇਸ ਅਭਿਆਨ ਵਿੱਚ ਪਿਛੜੀਆਂ ਦਿੱਖ ਰਹੀਆਂ ਹਨ।

ਸਰਕਾਰੀ ਵੈੱਬਸਾਈਟ www.cowin.gov.in ਉੱਤੇ 6 ਜੂਨ ਤੱਕ ਜਾਰੀ ਕੀਤੇ ਅੰਕੜਿਆਂ ਅਨੁਸਾਰ ਜਿੱਥੇ 9,92,92063 ਮਰਦ ਵੈਕਸੀਨ ਲੈ ਚੁੱਕੇ ਹਨ ਉੱਥੇ ਹੀ ਔਰਤਾਂ ਦੀ ਗਿਣਤੀ 8,51,85,763 ਹੈ।

ਅਜਿਹਾ ਕਿਉਂ ਹੈ?

ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਵਿੱਚ ਜਨ ਸਿਹਤ ਕੇਂਦਰ ਬੜਗਾਮ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਅਸ਼ੋਕ ਸ਼ਰਮਾ ਇਸ ਦੇ ਕਈ ਕਾਰਨ ਦੱਸਦੇ ਹਨ।

ਉਹ ਆਖਦੇ ਹਨ ਕਿ ਔਰਤਾਂ ਦੀ ਆਦਮੀਆਂ ਉੱਪਰ ਨਿਰਭਰਤਾ ਬਹੁਤ ਜ਼ਿਆਦਾ ਹੈ। ਉਨ੍ਹਾਂ ਨੂੰ ਟੀਕਾਕਰਨ ਕੇਂਦਰ ਤੱਕ ਲੈ ਕੇ ਕੌਣ ਆਵੇਗਾ? ਲੈ ਕੇ ਆਉਣ ਵਾਲਾ ਉਸ ਦਾ ਘਰਵਾਲਾ ਹੀ ਹੋ ਸਕਦਾ ਹੈ। ਅਜਿਹੇ ਵਿੱਚ ਉਹ ਇਕੱਲੇ ਵੈਕਸੀਨ ਲਗਾਉਣ ਆਵੇਗੀ, ਇਹ ਅਸੰਭਵ ਹੈ।

ਇਹ ਵੀ ਪੜ੍ਹੋ:

ਡਾ. ਅਸ਼ੋਕ ਸ਼ਰਮਾ ਆਖਦੇ ਹਨ, "ਜਦੋਂ ਡਾ. ਦੱਸਦੇ ਹਨ ਕਿ ਦੋ-ਤਿੰਨ ਦਿਨ ਤੱਕ ਬੁਖਾਰ ਆ ਸਕਦਾ ਹੈ ਤਾਂ ਅਜਿਹੇ ਵਿੱਚ ਔਰਤਾਂ ਨੂੰ ਲਗਦਾ ਹੈ ਕਿ ਜੇ ਉਨ੍ਹਾਂ ਨੂੰ ਬੁਖਾਰ ਆ ਗਿਆ ਤਾਂ ਘਰ ਵਿੱਚ ਰੋਟੀ ਕੌਣ ਪਕਾਵੇਗਾ, ਪਸ਼ੂਆਂ ਨੂੰ ਚਾਰਾ ਕੌਣ ਪਾਵੇਗਾ ਅਤੇ ਬੱਕਰੀਆਂ ਨੂੰ ਕੌਣ ਚਰਾਉਣ ਲੈ ਕੇ ਜਾਵੇਗਾ?"

"ਸਰਕਾਰ ਵੱਲੋਂ ਕੋਵਿਡ ਟੈਸਟ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਪਰ ਔਰਤਾਂ ਅੱਗੇ ਨਹੀਂ ਆ ਰਹੀਆਂ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੇ ਉਹ ਪੌਜ਼ੀਟਿਵ ਆ ਗਈਆਂ ਤਾਂ ਸਭ ਦੂਰ ਹੋ ਜਾਣਗੇ।"

"ਅਜਿਹੇ ਵਿੱਚ ਵੈਕਸੀਨ ਲਗਾਉਣਾ ਤਾਂ ਦੂਰ ਦੀ ਗੱਲ ਹੈ। ਆਦਮੀ ਵੀ ਇਹ ਸੋਚਦਾ ਹੈ ਕਿ ਜੇ ਉਸ ਦੀ ਘਰਵਾਲੀ ਨੂੰ ਬੁਖਾਰ ਚੜ੍ਹ ਗਿਆ ਤਾਂ ਘਰ ਦੇ ਕੰਮਕਾਜ ਕੌਣ ਕਰੇਗਾ? ਹਾਲਾਂਕਿ ਘਰ ਦੇ ਆਦਮੀਆਂ ਨੂੰ ਇਹ ਸਮਝਾਇਆ ਜਾਂਦਾ ਹੈ ਕਿ ਜੇ ਕੋਵਿਡ ਹੋਇਆ ਤਾਂ ਐਨੇ ਦਿਨਾਂ ਤੱਕ ਘਰ ਕੌਣ ਸੰਭਾਲੇਗਾ ਅਤੇ ਦੋ ਹਫ਼ਤਿਆਂ ਵਿੱਚ ਹਾਲਾਤ ਹੋਰ ਵੀ ਵਿਗੜ ਸਕਦੇ ਹਨ।"

"ਜੇ ਵੈਕਸੀਨ ਤੋਂ ਬਾਅਦ ਬੁਖਾਰ ਆਉਂਦਾ ਵੀ ਹੈ ਤਾਂ ਦਵਾਈ ਲੈ ਕੇ ਕੰਮ ਹੋ ਸਕਦਾ ਹੈ। ਆਸ਼ਾ ਵਰਕਰ, ਨਰਸ ਆਦਿ ਦੇ ਉਦਾਹਰਣ ਵੀ ਦਿੱਤੇ ਜਾਂਦੇ ਹਨ ਕਿ ਦੇਖੋ ਇਹ ਵੀ ਟੀਕਾ ਲਗਵਾ ਚੁੱਕੀਆਂ ਹਨ ਅਤੇ ਆਰਾਮ ਨਾਲ ਕੰਮ ਕਰ ਰਹੀਆਂ ਹਨ।"

ਇਹ ਸਵਾਲ ਵੀ ਉੱਠਦੇ ਹਨ ਕਿ ਕੀ ਸਰਕਾਰ ਨੇ ਲੋਕਾਂ ਨੂੰ ਵੈਕਸੀਨ ਪ੍ਰਤੀ ਜਾਗਰੂਕ ਕਰਨ ਲਈ ਕੋਈ ਕਦਮ ਚੁੱਕੇ ਹਨ?

ਡਾ. ਸ਼ਰਮਾ ਕਹਿੰਦੇ ਹਨ, "ਹਾਲਾਂਕਿ ਅਸੀਂ ਕਹਿ ਰਹੇ ਹਾਂ ਕਿ ਘਰ ਦੀਆਂ ਔਰਤਾਂ ਨੂੰ ਵੀ ਵੈਕਸੀਨੇਸ਼ਨ ਵਾਸਤੇ ਲੈ ਕੇ ਆਓ ਅਤੇ ਏਐਨਐਮ ਵੀ ਇਸ ਲਈ ਕੋਸ਼ਿਸ਼ ਕਰ ਰਹੀਆਂ ਹਨ ਪਰ ਫਿਰ ਵੀ ਆਦਮੀਆਂ ਦੇ ਮੁਕਾਬਲੇ ਸਿਰਫ਼ ਇੱਕ ਚੌਥਾਈ ਔਰਤਾਂ ਹੀ ਇਸ ਇਲਾਕੇ ਵਿੱਚ ਵੈਕਸੀਨੇਸ਼ਨ ਲਈ ਅੱਗੇ ਆਈਆਂ ਹਨ।"

ਔਰਤਾਂ ਦੀ ਮਰਦਾਂ 'ਤੇ ਨਿਰਭਰਤਾ

ਬਿਹਾਰ ਵਿੱਚ ਜਨ ਸਿਹਤ ਅਭਿਆਨ ਨਾਲ ਜੁੜੇ ਅਤੇ ਔਰਤਾਂ ਤੇ ਬੱਚਿਆਂ ਦੀ ਸਿਹਤ ਲਈ ਕੰਮ ਕਰਨ ਵਾਲੀ ਸੰਸਥਾ ਚਾਰਮ ਦੇ ਨਿਰਦੇਸ਼ਕ ਡਾ ਸ਼ਕੀਲ ਔਰਤਾਂ ਦੇ ਵੈਕਸੀਨ ਨਾ ਲਗਵਾਉਣ ਲਈ ਕਈ ਕਾਰਨ ਦੱਸਦੇ ਹਨ। ਇਨ੍ਹਾਂ ਵਿੱਚ ਮੁੱਖ ਕਾਰਨ ਵੈਕਸੀਨ ਨੂੰ ਲੈ ਕੇ ਹਿਚਕਿਚਾਹਟ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ ਪੋਲੀਓ ਨੂੰ ਲੈ ਕੇ ਅਫ਼ਵਾਹ ਫੈਲੀ ਸੀ ਕਿ ਆਦਮੀ ਪਿਤਾ ਨਹੀਂ ਬਣ ਪਾਉਣਗੇ, ਉਸੇ ਤਰ੍ਹਾਂ ਹੀ ਵੈਕਸੀਨ ਨੂੰ ਲੈ ਕੇ ਵੀ ਲੋਕਾਂ ਵਿੱਚ ਕਈ ਤਰ੍ਹਾਂ ਦੇ ਖ਼ਦਸ਼ੇ ਘਰ ਕਰ ਰਹੇ ਹਨ।

ਡਾ ਸ਼ਕੀਲ ਦੱਸਦੇ ਹਨ, "ਔਰਤਾਂ ਵਿੱਚ ਡਰ ਹੈ ਕਿ ਵੈਕਸੀਨ ਲਗਾਉਣ ਨਾਲ ਕਿਤੇ ਉਹ ਬਾਂਝ ਨਾ ਹੋ ਜਾਣ। ਜੋ ਔਰਤਾਂ ਗਰਭਵਤੀ ਹੋਣਾ ਚਾਹੁੰਦੀਆਂ ਹਨ ਉਹ ਸਕਤੇ ਵਿੱਚ ਹਨ ਕਿ ਵੈਕਸੀਨ ਲਗਵਾਉਣ ਜਾਂ ਨਾ। ਜੋ ਔਰਤ ਪਹਿਲੀ ਡੋਜ਼ ਲਗਵਾ ਕੇ ਗਰਭਵਤੀ ਹੋ ਗਈ ਹੈ ਉਹ ਸੋਚਦੀ ਹੈ ਕਿ ਦੂਸਰੀ ਡੋਜ਼ ਲਗਵਾਈ ਜਾਵੇ ਜਾਂ ਨਹੀਂ।"

"ਜਦੋਂ ਪਰਿਵਾਰ ਵਿੱਚ ਫ਼ੈਸਲੇ ਲੈਣ ਦੀ ਗੱਲ ਆਉਂਦੀ ਹੈ ਤਾਂ ਇਹ ਹੱਕ ਔਰਤਾਂ ਕੋਲ ਹੈ ਹੀ ਨਹੀਂ ਅਤੇ ਜੇ ਉਨ੍ਹਾਂ ਦੀ ਸਿਹਤ ਦੀ ਗੱਲ ਹੋਵੇ ਤਾਂ ਇਹ ਅਧਿਕਾਰ ਨਜ਼ਰ ਹੀ ਨਹੀਂ ਆਉਂਦਾ। ਅਜਿਹੇ ਵਿੱਚ ਉਹ ਆਪਣੇ ਆਪ ਵੈਕਸੀਨ ਲਗਵਾਉਣ ਚਲੀ ਜਾਵੇ ਇਹ ਤਾਂ ਦੂਰ ਦੀ ਗੱਲ ਹੋ ਜਾਂਦੀ ਹੈ। ਜੇ ਉਹ ਜਾਣਾ ਵੀ ਚਾਹੇ ਤਾਂ ਵੀ ਵੈਕਸੀਨ ਕੇਂਦਰ ਤੱਕ ਪਹੁੰਚਣ ਲਈ ਉਹ ਆਦਮੀ ਉੱਪਰ ਹੀ ਨਿਰਭਰ ਰਹਿੰਦੀ ਹੈ।"

ਉਹ ਆਖਦੇ ਹਨ, "ਕਿਤੇ ਨਾ ਕਿਤੇ ਇਹ ਡਰ ਵੀ ਹੈ ਕਿ ਕਿਤੇ ਮੌਤ ਨਾ ਹੋ ਜਾਵੇ। ਸਰਕਾਰ ਨੂੰ ਚਾਹੀਦਾ ਹੈ ਕਿ ਔਰਤਾਂ ਦੇ ਮਨ ਵਿੱਚ ਉੱਠਣ ਵਾਲੇ ਸਵਾਲਾਂ ਬਾਰੇ ਆਸ਼ਾ ਵਰਕਰ ਅਤੇ ਏ ਐੱਨ ਐੱਮ ਉਨ੍ਹਾਂ ਨੂੰ ਜਾਗਰੂਕ ਕਰਨ ਅਤੇ ਜਵਾਬ ਦੇਣ।"

ਬਿਹਾਰ ਵਿੱਚ ਸਰਕਾਰ ਨੇ ਕੋਰੋਨਾ ਵੈਕਸੀਨ ਦੇ ਰਜਿਸਟ੍ਰੇਸ਼ਨ ਅਤੇ ਤੁਰੰਤ ਵੈਕਸੀਨੇਸ਼ਨ ਵਾਸਤੇ ਮੋਬਾਇਲ ਵੈਨ ਸੇਵਾ ਵੀ ਚਲਾਈ ਸੀ ਪਰ ਅਜਿਹੀਆਂ ਖਬਰਾਂ ਆਈਆਂ ਕਿ ਪਿੰਡਾਂ ਵਿੱਚੋਂ ਇਸ ਵੈਨ ਨੂੰ ਵਾਪਸ ਮੋੜ ਦਿੱਤਾ ਗਿਆ।

ਹਾਲਾਂਕਿ ਡਾ ਸ਼ਕੀਲ ਨੂੰ ਉਮੀਦ ਹੈ ਕਿ ਪਿਛਲੇ ਡੇਢ-ਦੋ ਮਹੀਨੇ ਵਿੱਚ ਸ਼ਹਿਰਾਂ ਤੋਂ ਪੇਂਡੂ ਇਲਾਕਿਆਂ ਵਿੱਚ ਜੋ ਮਜ਼ਦੂਰ ਵਾਪਸ ਆਏ ਹਨ ਸ਼ਾਇਦ ਉਨ੍ਹਾਂ ਕਰਕੇ ਲੋਕਾਂ ਵਿੱਚ ਵੈਕਸੀਨ ਨੂੰ ਲੈ ਕੇ ਸਮਝ ਵਿੱਚ ਇਜ਼ਾਫ਼ਾ ਹੋਵੇ।

ਪਬਲਿਕ ਹੈਲਥ ਫਾਊਂਡੇਸ਼ਨ ਆਫ਼ ਇੰਡੀਆ ਵਿੱਚ ਅਸਿਸਟੈਂਟ ਪ੍ਰੋਫੈਸਰ ਡਾ. ਸੁਰੇਸ਼ ਕੇ ਰਾਠੀ ਆਖਦੇ ਹਨ ਕਿ ਜੈਂਡਰ ਗੈਪ ਸਿਰਫ਼ ਟੀਕਾਕਰਨ ਵਿੱਚ ਹੀ ਨਹੀਂ ਸਗੋਂ ਸਮਾਜ ਦੇ ਹਰ ਖੇਤਰ ਵਿੱਚ ਹੋਣ ਵਾਲੇ ਹਰ ਪ੍ਰੋਗਰਾਮ ਵਿੱਚ ਨਜ਼ਰ ਆਉਂਦਾ ਹੈ।

"ਵੈਕਸੀਨ ਨੂੰ ਲੈ ਕੇ ਲੋਕਾਂ ਵਿੱਚ ਬਾਂਝਪਨ ਹੋਣ ਦੀ ਅਫ਼ਵਾਹ ਫੈਲੀ। ਆਬਾਦੀ ਦੇ ਅਨੁਪਾਤ ਵਿੱਚ ਔਰਤਾਂ ਘੱਟ ਹਨ। ਲੋਕਾਂ ਵਿੱਚ ਇੱਕ ਡਰ ਵੈਕਸੀਨ ਦੇ ਸਾਈਡ ਇਫੈਕਟ ਨੂੰ ਲੈ ਕੇ ਵੀ ਹੈ।''

"ਇੱਕ ਦੂਜੇ ਨਜ਼ਰੀਏ ਨੂੰ ਵੀ ਦੇਖਣਾ ਚਾਹੀਦਾ ਹੈ ਕਿਉਂਕਿ ਅਸੀਂ ਇੱਕ ਸੂਬੇ ਨਾਲ ਦੂਜੇ ਸੂਬੇ ਦੀ ਤੁਲਨਾ ਨਹੀਂ ਕਰ ਸਕਦੇ। ਸਭ ਦੇ ਆਪਣੇ-ਆਪਣੇ ਹਾਲਾਤ ਹਨ। ਹੁਣ ਜਿੱਥੇ ਮਾਈਗ੍ਰੇਸ਼ਨ ਵਰਕਰ ਕੰਮ ਕਰਨ ਜਾ ਰਹੇ ਹਨ ਉੱਥੇ ਉਨ੍ਹਾਂ ਲੋਕਾਂ ਨੇ ਵੈਕਸੀਨ ਲਗਵਾ ਲਈ ਜਦੋਂ ਕਿ ਉਨ੍ਹਾਂ ਦੇ ਪਰਿਵਾਰ ਪਿੰਡਾਂ ਵਿੱਚ ਹਨ। ਇਨ੍ਹਾਂ ਅੰਕੜਿਆਂ ਨੂੰ ਇਸ ਨਜ਼ਰੀਏ ਤੋਂ ਵੀ ਵੇਖਣਾ ਚਾਹੀਦਾ ਹੈ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)