ਪੰਜਾਬ 'ਚ ਕਾਲੀ ਫੰਗਸ ਨਾਲ 50 ਤੋਂ ਵੱਧ ਮੌਤਾਂ, ਕਿਹੜੀ ਉਮਰ ਦੇ ਮਰੀਜ਼ ਵੱਧ ਤੇ ਕਿਵੇਂ ਹੋ ਰਿਹਾ ਇਲਾਜ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਜਦੋਂ ਦੇਸ਼ ਵਿੱਚ ਕੋਵਿਡ-19 ਦੇ ਘਟਣ ਦੇ ਰੁਝਾਨ ਦੇਖੇ ਜਾ ਰਹੇ ਹਨ, ਉਸ ਵਿਚਾਲੇ ਮਿਊਕਰਮਾਇਕੋਸਿਸ ਜਾਂ ਬਲੈਕ ਫੰਗਸ ਦਾ ਖ਼ਤਰਾ ਜ਼ਿਆਦਾਤਰ ਠੀਕ ਹੋ ਚੁੱਕੇ ਮਰੀਜ਼ਾਂ 'ਤੇ ਭਾਰੀ ਪੈ ਰਿਹਾ ਹੈ।

ਬਲੈਕ ਫੰਗਸ ਨਾਲ ਪੰਜਾਬ ਵਿੱਚ ਮੌਤਾਂ ਦਾ ਸਿਲਸਿਲਾ ਜਾਰੀ ਹੈ ਤੇ ਹੁਣ ਤੱਕ ਇਹ ਅੰਕੜਾ 52 ਪਹੁੰਚ ਗਿਆ ਹੈ। ਜਦਕਿ ਹੁਣ ਤੱਕ ਸਿਰਫ਼ 38 ਲੋਕਾਂ ਦਾ ਹੀ ਇਲਾਜ ਹੋ ਸਕਿਆ ਹੈ।

ਇੱਕ ਰਿਸਰਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਬਲੈਕ ਫੰਗਸ ਦੀ ਮੌਤ ਦਰ ਕੋਵਿਡ ਦੇ ਵਾਇਰਸ ਨਾਲੋਂ ਬਹੁਤ ਜ਼ਿਆਦਾ ਹੈ।

ਇਹ ਵੀ ਪੜ੍ਹੋ-

ਇਸ ਵਿੱਚ ਤੁਰੰਤ ਕਾਰਵਾਈ ਜ਼ਿੰਦਗੀ ਨੂੰ ਬਚਾਉਣ ਲਈ ਸਮੇਂ ਦੀ ਸਭ ਤੋਂ ਮਹੱਤਵਪੂਰਨ ਲੋੜ ਹੈ।

ਵਧੇਰੇ ਮਰੀਜ਼ 45 ਸਾਲ ਤੋਂ ਵੱਧ ਉਮਰ ਦੇ

ਬਲੈਕ ਫੰਗਸ ਵਜੋਂ ਮਸ਼ਹੂਰ ਮਿਊਕਰਮਾਇਕੋਸਿਸ ਨਾਲ ਜੁੜੇ ਜ਼ਿਆਦਾਤਰ ਮਰੀਜ਼ ਪੰਜਾਬ ਵਿੱਚ 45 ਸਾਲ ਦੀ ਉਮਰ ਤੋਂ ਉੱਪਰ ਹਨ।

ਸੂਬੇ ਦੇ ਸਿਹਤ ਵਿਭਾਗ ਕੋਲ ਉਪਲਬਧ ਅੰਕੜੇ ਦੱਸਦੇ ਹਨ ਕਿ ਨਾਬਾਲਗਾਂ ਵਿੱਚ ਇੱਕ ਮਾਮਲੇ ਦੀ ਪੁਸ਼ਟੀ ਹੋ ਸਕੀ ਹੈ।

ਮੰਗਲਵਾਰ 8 ਜੂਨ ਤੱਕ, ਪੰਜਾਬ ਵਿੱਚ ਕੁੱਲ 391 ਲੋਕਾਂ ਵਿੱਚ ਫੰਗਲ ਇਨਫੈਕਸ਼ਨ ਦੇਖਿਆ ਗਿਆ ਹੈ, ਜਿਨ੍ਹਾਂ ਵਿੱਚੋਂ 342 ਮਾਮਲੇ ਪੰਜਾਬ ਵਾਸੀਆਂ ਦੇ ਹਨ ਅਤੇ 49 ਹੋਰਨਾਂ ਸੂਬਿਆਂ ਤੋਂ ਇਲਾਜ ਕਰਵਾਉਣ ਆਏ ਮਰੀਜ਼ਾਂ ਦੇ ਹਨ।

ਸੂਬੇ ਭਰ ਦੇ ਹਸਪਤਾਲਾਂ ਵਿੱਚ 276 ਲੋਕ ਜ਼ੇਰੇ ਇਲਾਜ ਹਨ, ਜਦਕਿ ਅੱਜ ਤੱਕ 38 ਵਿਅਕਤੀਆਂ ਦਾ ਇਲਾਜ ਹੋ ਗਿਆ ਹੈ।

ਇਸ ਦੇ ਨਾਲ ਹੀ ਮਰਨ ਵਾਲੇ 52 ਲੋਕਾਂ ਵਿੱਚੋਂ 47 ਪੰਜਾਬ ਦੇ ਅਤੇ ਬਾਕੀ ਹੋਰਨਾਂ ਸੂਬਿਆਂ ਵਿੱਚੋਂ ਹਨ (ਜੋ ਕਿ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਆਏ ਸਨ)।

ਸੂਬੇ ਦੇ ਸਿਹਤ ਵਿਭਾਗ ਦੇ ਨੋਡਲ ਅਫ਼ਸਰ ਰਾਜੇਸ਼ ਭਾਸਕਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਇਹ ਅੰਕੜਾ ਮਈ ਮਹੀਨੇ ਤੋਂ ਹੈ ਕਿਉਂਕਿ ਉਦੋਂ ਤੋਂ ਹੀ ਸੂਬੇ ਨੇ ਇਸ ਦੀ ਗਿਣਤੀ ਕਰਨੀ ਸ਼ੁਰੂ ਕੀਤੀ ਹੈ ਯਾਨੀ ਕੁੱਲ ਗਿਣਤੀ ਇਸ ਨਾਲੋਂ ਵੱਧ ਹੋ ਸਕਦੀ ਹੈ।

ਉਨ੍ਹਾਂ ਨੇ ਸਾਂਝਾ ਕੀਤਾ ਕਿ ਕੁ੍ੱਲ ਲਾਗ ਵਾਲੇ ਮਰੀਜ਼ਾਂ ਵਿੱਚੋਂ 88 ਮਰੀਜ਼ 18 ਤੋਂ 45 ਸਾਲ ਦੀ ਉਮਰ ਸਮੂਹ ਵਿੱਚੋਂ ਹਨ, ਜਦਕਿ 151 ਮਰੀਜ਼ 45 ਤੋਂ 60 ਉਮਰ ਸਮੂਹ ਵਿੱਚੋਂ ਹਨ।

ਇਸਦੇ ਨਾਲ ਹੀ, 60+ ਉਮਰ ਵਰਗ ਦੇ 141 ਬਜ਼ੁਰਗ ਨਾਗਰਿਕ ਵੀ ਪੰਜਾਬ ਵਿੱਚ ਫੰਗਲ ਇਨਫੈਕਸ਼ਨ ਨਾਲ ਪੀੜਤ ਮਿਲੇ।

ਇਸ ਤੋਂ ਇਲਾਵਾ ਇੱਕ ਸ਼ੱਕੀ ਮਰੀਜ਼ ਵੀ ਪੰਜਾਬ ਵਿੱਚ 18 ਤੋਂ ਘੱਟ ਉਮਰ ਵਰਗ ਦੀ ਸ਼੍ਰੇਣੀ 'ਚ ਰਿਪੋਰਟ ਕੀਤੀ ਗਈ ਹੈ।

ਅਧਿਕਾਰੀਆਂ ਅਨੁਸਾਰ ਆਮ ਤੌਰ 'ਤੇ ਘੱਟ ਲੋਕਾਂ ਵਿੱਚ ਵੇਖੀ ਜਾਣ ਵਾਲੀ ਬਿਮਾਰੀ ਮਿਊਕਰਮਾਇਕੋਸਿਸ ਜੋ ਕਿ ਇੱਕ ਫੰਗਲ ਲਾਗ ਹੈ, ਬਹੁਤ ਗੰਭੀਰ ਹੈ ਤੇ ਜੇ ਲੋਕ ਇਸ ਤੋਂ ਬਚ ਵੀ ਜਾਣ ਤਾਂ ਵੀ ਇਹ ਕਾਫ਼ੀ ਨੁਕਸਾਨ ਪਹੁੰਚਾ ਸਕਦੀ ਹੈ।

ਪੋਸਟ ਰਿਕਵਰੀ ਨਿਰਦੇਸ਼ਾਂ ਦੀ ਪਾਲਣਾ

ਲਾਗ ਸਾਈਨਸ, ਅੱਖਾਂ, ਫੇਫੜੇ, ਜਬੜੇ ਅਤੇ ਦੰਦਾਂ ਅਤੇ ਕਈ ਵਾਰ ਮਰੀਜ਼ ਦੇ ਦਿਮਾਗ਼ ਨੂੰ ਬੁਰੀ ਤਰਾਂ ਪ੍ਰਭਾਵਿਤ ਕਰ ਸਕਦੀ ਹੈ।

ਸਿਹਤ ਮਾਹਿਰ ਮੰਨਦੇ ਹਨ ਕਿ ਕੋਵਿਡ ਮਰੀਜ਼ ਜਿਹੜੇ ਡਾਕਟਰ ਦੀਆਂ ਪੋਸਟ-ਰਿਕਵਰੀ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ ਹਨ, ਖ਼ਾਸ ਕਰਕੇ ਬਲੱਡ ਸ਼ੂਗਰ ਦੇ ਪੱਧਰਾਂ ਅਤੇ ਦਵਾਈਆਂ ਦੇ ਸੇਵਨ ਨਾਲ ਜੁੜੇ, ਉਨ੍ਹਾਂ ਨੂੰ ਫੰਗਲ ਹੋਣ ਦੀ ਜ਼ਿਆਦਾ ਸੰਭਾਵਨਾ ਹੈ।

ਇਸ ਦੌਰਾਨ ਚੰਡੀਗੜ੍ਹ ਵਿਖੇ ਪੋਸਟ ਗਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐਮਈਆਰ) ਵੱਲੋਂ ਕਰਵਾਏ ਗਏ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਬੇਕਾਬੂ ਸ਼ੂਗਰ ਅਤੇ ਗ਼ਲਤ ਸਟੇਰੌਇਡ ਦੀ ਵਰਤੋਂ ਇਸ ਲਾਗ ਦੇ ਉਭਰਨ ਦਾ ਮੁੱਖ ਕਾਰਨ ਹੈ।

ਅਧਿਐਨ, MucoCovi (Mucormycosis ਤੋਂ Muco, ਕੋਵਿਡ -19 ਤੋਂ ਕੋਵੀ), ਦੀ ਅਗਵਾਈ PGIMER ਅਤੇ 16 ਹੋਰ ਕੇਂਦਰਾਂ ਵੱਲੋਂ ਕੀਤੀ ਗਈ।

ਸੰਸਥਾਵਾਂ ਨੇ 1 ਸਤੰਬਰ ਤੋਂ 31 ਦਸੰਬਰ, 2020 ਤੱਕ ਦੇ ਕਾਲੀ ਫੰਗਸ ਦੇ ਮਾਮਲਿਆਂ ਦਾ ਅਧਿਐਨ ਕੀਤਾ ਅਤੇ ਨਤੀਜੇ 4 ਜੂਨ ਨੂੰ ਯੂਐੱਸ ਦੇ ਇਮਰਜਿੰਗ ਇਨਫੈਕਸ਼ਨਸ ਡਿਸੀਜ਼ ਜਰਨਲ, ਵਿੱਚ ਪ੍ਰਕਾਸ਼ਿਤ ਕੀਤੇ ਗਏ।

ਖੋਜਕਾਰਾਂ ਨੇ ਦੇਖਿਆ ਕਿ ਕੋਵਿਡ ਨਾਲ ਸਬੰਧਿਤ ਮਿਊਕਰਮਾਇਕੋਸਿਸ ਦਾ ਪ੍ਰਸਾਰ ਆਈਸੀਯੂ (1.6%) ਵਾਲੇ ਮਰੀਜ਼ਾਂ ਵਿੱਚ ਜ਼ਿਆਦਾ ਹੁੰਦਾ ਹੈ, ਵਾਰਡਾਂ ਵਿੱਚ ਇਸ ਦਾ ਅਨੁਪਾਤ .27% ਪਾਇਆ ਗਿਆ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਸ ਦੇ ਨਾਲ ਹੀ, ਪਿਛਲੇ ਸਾਲ ਦੇ ਮੁਕਾਬਲੇ ਮਹਾਂਮਾਰੀ ਦੇ ਕਾਰਨ, 2020 ਦੇ ਦੌਰਾਨ ਮਾਮਲਿਆਂ ਵਿੱਚ 2.1 ਗੁਣਾ ਵਾਧਾ ਹੋਇਆ ਸੀ।

ਕੋਵਿਡ ਨਾਲ ਹੋਣ ਵਾਲੇ ਬਲੈਕ ਫੰਗਸ (ਸੀਏਐਮ) ਕਾਰਨ ਉੱਚ ਮੌਤ ਦਰ ਇੱਕ ਵੱਡੀ ਚਿੰਤਾ ਹੈ। ਸੀਏਐਮ ਵਾਲੇ ਮਰੀਜ਼ ਉਮਰ ਵਿੱਚ ਗ਼ੈਰ-ਸੀਏਐਮ ਮਰੀਜ਼ਾਂ (46.9 ਸਾਲ) ਨਾਲੋਂ ਵੱਡੇ (56.9 ਸਾਲ) ਸਨ।

ਚਿਹਰੇ ਦੇ ਦਰਦ ਤੋਂ ਇਲਾਵਾ, ਨੱਕ ਵਿਚ ਰੁਕਾਵਟ ਅਤੇ ਡਿਸਚਾਰਜ, ਦੰਦ ਦਾ ਦਰਦ ਅਤੇ ਦੰਦਾਂ ਦਾ ਢਿੱਲੇ ਹੋਣਾ ਪਹਿਲੀ ਵਾਰ ਬਹੁਤ ਸਾਰੇ ਮਾਮਲਿਆਂ ਵਿੱਚ ਦੇਖਿਆ ਗਿਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)