ਪਾਕਿਸਤਾਨ 'ਚ ਮਹਿਲਾ ਆਗੂ ਨੇ ਇੱਕ ਸੰਸਦ ਮੈਂਬਰ ਦੇ ਕਿਉਂ ਮਾਰਿਆ ਥੱਪੜ

ਪਾਕਿਸਤਾਨ ਵਿੱਚ ਇੱਕ ਟੀਵੀ ਨਿਊਜ਼ ਡਿਬੇਟ ਦੇ ਦੌਰਾਨ ਹੱਥੋਪਾਈ ਦਾ ਮਾਮਲਾ ਸਾਹਮਣੇ ਆਇਆ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਪਾਕਿਸਤਾਨ ਤਹਿਰੀਕੇ ਇਨਸਾਫ਼ ਪਾਰਟੀ ਦੀ ਆਗੂ ਫਿਰਦੌਸ ਆਸ਼ਿਕ ਅਵਾਨ ਅਤੇ ਪੀਪੀਪੀ ਪਾਰਟੀ ਦੇ ਆਗੂ ਅਬਦੁੱਲ ਕਾਦਿਰ ਖ਼ਾਨ ਮੰਦੋਖੇਲ ਦੇ ਵਿੱਚ ਹੱਥੋਪਾਈ ਦੇਖੀ ਜਾ ਸਕਦੀ ਹੈ।

ਦਰਅਸਲ ਇਹ ਘਟਨਾ ਪਾਕਿਸਤਾਨੀ ਨਿਊਜ਼ ਚੈਨਲ ਐਕਸਪ੍ਰੈੱਸ ਨਿਊਜ਼ ਦੇ ਇੱਕ ਪ੍ਰੋਗਰਾਮ ਦੌਰਾਨ ਵਾਪਰੀ।

ਇਹ ਵੀ ਪੜ੍ਹੋ:

ਇੱਕ ਐਂਕਰ ਜਾਵੇਦ ਚੌਧਰੀ ਦੇ ਕੱਲ ਤੱਕ ਨਾਂਅ ਦੇ ਪ੍ਰੋਗਰਾਮ ਵਿੱਚ ਦੋਵਾਂ ਆਗੂਆਂ ਨੂੰ ਭ੍ਰਿਸ਼ਟਾਚਾਰ ਮੁੱਦੇ 'ਤੇ ਚਰਚਾ ਲਈ ਸੱਦਿਆ ਗਿਆ ਸੀ ਜਿਸ ਦੌਰਾਨ ਦੋਵਾਂ ਵਿੱਚ ਕਾਫ਼ੀ ਤਿੱਖੀ ਬਹਿਸ ਸ਼ੁਰੂ ਹੋ ਗਈ।

ਪੀਪੀਪੀ ਆਗੂ ਮੰਦੋਖੇਲ ਨੇ, ਜੋ ਕਿ ਇੱਕ ਸੰਸਦ ਮੈਂਬਰ ਵੀ ਹਨ ਨੇ ਫਿਰਦੌਸ ਅਵਾਨ ਉੱਪਰ ਭ੍ਰਿਸ਼ਟਾਚਾਰ ਦੇ ਸਿੱਧੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ। ਇਸ 'ਤੇ ਅਵਾਨ ਨੇ ਉਨ੍ਹਾਂ ਤੋਂ ਸਬੂਤਾਂ ਦੀ ਮੰਗ ਕੀਤੀ ਅਤੇ ਕਿਹਾ ਕਿ ਉਹ ਮਾਣਹਾਨੀ ਦਾ ਕੇਸ ਕਰਨਗੇ।

ਜਿੱਦਬਾਜ਼ੀ ਵਧਦੀ ਚਲੀ ਗਈ ਅਤੇ ਇਸ ਤੋਂ ਬਾਅਦ ਫਿਰਦੌਸ ਨੇ ਉਨ੍ਹਾਂ ਦਾ ਗਲੇਵਾਂ ਫੜ ਲਿਆ ਅਤੇ ਉਨ੍ਹਾਂ ਦੇ ਥੱਪੜ ਧਰ ਦਿੱਤਾ, ਜਿਸ ਤੋਂ ਬਾਅਦ ਦੋਵਾਂ ਵਿੱਚ ਹੱਥੋਪਾਈ ਹੋ ਗਏ।

ਕੌਣ ਹਨ ਫਿਰਦੌਸ ਅਵਾਨ ਅਤੇ ਮੰਦੋਖੇਲ

ਪੀਟੀਆਈ ਆਗੂ ਫਿਰਦੌਸ ਅਵਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸੂਚਨਾ ਅਤੇ ਪ੍ਰਸਾਰਣ ਮਾਮਲਿਆਂ ਦੇ ਵਿਸ਼ੇਸ਼ ਸਲਾਹਕਾਰ ਰਹਿ ਚੁੱਕੇ ਹਨ।

ਜਦਕਿ ਕਾਦਿਰ ਖ਼ਾਨ ਮੰਦੋਖੇਲ ਬਿਲਾਵਲ ਭੁੱਟੋ ਦੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ ਵੱਲੋਂ ਨੈਸ਼ਨਲ ਅਸੈਂਬਲੀ ਦੇ ਮੈਂਬਰ ਹਨ।

ਉਨ੍ਹਾਂ ਨੇ ਹਾਲ ਹੀ ਵਿੱਚ ਅਪ੍ਰੈਲ ਦੀਆਂ ਜ਼ਿਮਨੀ ਚੋਣਾਂ ਦੌਰਾਨ ਕਰਚੀ ਵੈਸਟ-2 ਸੀਟ ਤੋਂ ਜਿੱਤ ਹਾਸਲ ਕੀਤੀ ਸੀ।

ਫਿਰਦੌਸ ਅਵਾਨ ਨੇ ਆਪਣਾ ਪੱਖ ਰੱਖਿਆ

ਪੀਟੀਆਈ ਆਗੂ ਅਵਾਨ ਨੇ ਟਵੀਟ ਕਰਕੇ ਇਸ ਘਟਨਾ 'ਤੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਨੇ ਵੀਡੀਓ ਪੋਸਟ ਕੀਤਾ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਮੰਦੋਖੇਲ ਉਨ੍ਹਾਂ ਦੇ ਖ਼ਿਲਾਫ਼ ਲਗਤਾਰ ਬੁਰੇ ਸ਼ਬਦ ਬੋਲ ਰਹੇ ਸਨ।

ਉਨ੍ਹਾਂ ਨੇ ਦੱਸਿਆ ਕਿ ਪ੍ਰੋਗਰਾਮ ਦੇ ਵਕਫ਼ੇ ਦੌਰਾਨ ਸੰਸਦ ਮੈਂਬਰ ਨੇ ਉਨਾਂ ਨੂੰ ਅਤੇ ਉਨ੍ਹਾਂ ਦੇ ਪਿਤਾ ਨੂੰ ਗਾਲਾਂ ਕੱਢੀਆਂ ਅਤੇ ਧਮਕੀਆਂ ਦਿੱਤੀਆਂ।

ਅਵਾਨ ਨੇ ਦੱਸਿਆ ਕਿ ਉਨ੍ਹਾਂ ਨੇ ਆਤਮ ਰੱਖਿਆ ਵਿੱਚ ਮੰਦੋਖੇਲ 'ਤੇ ਹੱਥ ਚੁੱਕਿਆ ਕਿਉਂਕਿ ਉਨ੍ਹਾਂ ਦੀ ਇਜ਼ਤ ਦਾਅ ਤੇ ਲੱਗੀ ਹੋਈ ਸੀ।

ਉਨ੍ਹਾਂ ਦਾ ਦਾਅਵਾ ਹੈ ਕਿ ਛੋਟੀ ਜਿਹੀ ਵੀਡੀਓ ਲੀਕ ਕੀਤੀ ਗਈ ਹੈ ਜਦਕਿ ਇਸ ਪ੍ਰੋਗਰਾਮ ਦਾ ਪੂਰਾ ਵੀਡੀਓ ਜਾਰੀ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਕਿ ਸੱਚ ਸਾਹਮਣੇ ਆ ਸਕੇ। ਲੋਕਾਂ ਨੂੰ ਪਤਾ ਲੱਗੇ ਕਿ ਉਨ੍ਹਾਂ ਨੂੰ ਕਿਉਂ ਹੱਥ ਚੁੱਕਣ ਲਈ ਮਜਬੂਰ ਕੀਤਾ ਗਿਆ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਕਾਨੂੰਨੀ ਸਲਾਹਕਾਰਾਂ ਨਾਲ ਗੱਲ ਕਰ ਰਹੇ ਹਨ ਅਤੇ ਉਹ ਮੰਦੋਖੇਲ ਖ਼ਿਲਾਫ਼ ਇਸਤਰੀ ਸ਼ੋਸ਼ਣ ਹੀ ਨਹੀਂ ਸਗੋਂ ਮਾਣਹਾਨੀ ਦਾ ਕੇਸ ਵੀ ਦਰਜ ਕਰਵਾਉਣ ਬਾਰੇ ਵਿਚਾਰ ਕਰ ਰਹੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)