ਸੂਰਜ ਗ੍ਰਹਿਣ: ਅੱਜ ਦਾ ਗ੍ਰਹਿਣ ਭਾਰਤ ਵਿੱਚ ਕਦੋਂ ਅਤੇ ਕਿੱਥੇ ਦਿਖੇਗਾ

10 ਜੂਨ ਯਾਨਿ ਅੱਜ ਜੇਠ ਮਹੀਨੇ ਦੀ ਮੱਸਿਆ 'ਤੇ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ।

ਭਾਰਤੀ ਸਮੇਂ ਮੁਤਾਬਕ ਇਹ ਸੂਰਜ ਗ੍ਰਹਿਣ ਦੁਪਹਿਰ 1 ਵਜ ਕੇ 42 ਮਿੰਟ 'ਤੇ ਸ਼ੁਰੂ ਹੋਵੇਗਾ ਜੋ ਸ਼ਾਮ 6 ਵਜ ਕੇ 41 ਮਿੰਟ ਤੱਕ ਚੱਲੇਗਾ।

ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਸੂਰਜ ਗ੍ਰਹਿਣ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਦੇਖਿਆ ਨਹੀਂ ਜਾ ਸਕੇਗਾ।

ਇਹ ਵੀ ਪੜ੍ਹੋ-

ਨਾਸਾ ਵੱਲੋਂ ਜਾਰੀ ਇੰਟਰੈਕਟਿਵ ਨਕਸ਼ੇ ਮੁਤਾਬਕ ਭਾਰਤ ਵਿੱਚ ਇਹ ਸੂਰਜ ਗ੍ਰਹਿਣ ਸਿਰਫ਼ ਲੱਦਾਖ਼ ਅਤੇ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਆਂਸ਼ਿਕ ਤੌਰ ਤੇ ਦਿਖ ਸਕਦਾ ਹੈ।

ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਥਾਵਾਂ 'ਤੇ ਕੁਝ ਹੀ ਮਿੰਟਾਂ ਲਈ ਸੂਰਜ ਛਿਪਣ ਸਮੇਂ ਨਜ਼ਰ ਆਵੇਗਾ।

ਉਂਝ ਇਸ ਸੂਰਜ ਗ੍ਰਹਿਣ ਨੂੰ ਉੱਤਰੀ ਅਮਰੀਕਾ, ਯੂਰਪ, ਉੱਤਰ ਏਸ਼ੀਆ ਅਤੇ ਉੱਤਰੀ ਅਟਲਾਂਟਿਕ ਮਹਾਂਸਾਗਰ ਵਿੱਚ ਦੇਖਿਆ ਜਾ ਸਕੇਗਾ।

ਨਾਸਾ ਇਸ ਸੂਰਜ ਗ੍ਰਹਿਣ ਦੀ ਲਾਈਵ ਸਟਰੀਮਿੰਗ ਵੀ ਕਰ ਰਿਹਾ ਹੈ ਜਿਸ ਨਾਲ ਦੁਨੀਆਂ ਭਰ ਦੇ ਲੋਕ ਇਸ ਸੂਰਜ ਗ੍ਰਹਿਣ ਨੂੰ ਦੇਖ ਸਕਣਗੇ।

ਅੱਗ ਦਾ ਛੱਲਾ

ਇਸ ਦੌਰਾਨ ਸੂਰਜ ਅੰਗੂਠੀ ਦੀ ਸ਼ਕਲ ਦਾ ਨਜ਼ਰ ਆਵੇਗਾ, ਜਿਸ ਨੂੰ ਰਿੰਗ ਆਫ਼ ਫਾਇਰ ਜਾਂ ਅੱਗ ਦਾ ਕਿਹਾ ਜਾਂਦਾ ਹੈ।

ਸੂਰਜ ਇੱਕ ਛੱਲੇ ਵਾਂਗ ਉਦੋਂ ਨਜ਼ਰ ਆਉਂਦਾ ਹੈ ਜਦੋਂ ਸੂਰਜ ਚੰਦਰਮਾ ਅਤੇ ਧਰਤੀ ਇੱਕੇ ਸੇਧ ਵਿੱਚ ਆਉਂਦੇ ਹਨ । ਇਸ ਪੁਲਾੜੀ ਵਰਤਾਰੇ ਦੌਰਾਨ ਧਰਤੀ ਦੇ ਕੁਝ ਹਿੱਸੇ 'ਤੇ ਹਨੇਰਾ ਛਾ ਜਾਂਦਾ ਹੈ।

ਹਾਲਾਂਕਿ ਚੰਦਰਮਾ ਸੂਰਜ ਤੋਂ ਛੋਟਾ ਹੋਣ ਕਾਰਨ ਸੂਰਜ ਨੂੰ ਪੂਰੀ ਤਰ੍ਹਾਂ ਢੱਕ ਨਹੀਂ ਪਾਉਂਦਾ ਅਤੇ ਉਸ ਦੇ ਕਿਨਾਰਿਆਂ ਤੋਂ ਸੂਰਜ ਨਜ਼ਰ ਆਉਂਦਾ ਹੈ- ਜੋ ਕਿ ਦੇਖਣ ਵਿੱਚ ਇੱਕ ਛੱਲੇ ਵਾਂਗ ਨਜ਼ਰ ਆਉਂਦਾ ਹੈ।

ਨਾਸਾ ਦੇ ਮੁਤਾਬਕ ਅੱਗ ਦੇ ਛੱਲੇ ਵਰਗਾ ਜਾਂ ਸੰਪੂਰਨ ਸੂਰਜ ਗ੍ਰਹਿਣ ਸਿਰਫ਼ ਕੈਨੇਡਾ, ਗ੍ਰੀਨ ਲੈਂਡ ਅਤੇ ਉੱਤਰੀ ਰੂਸ ਦੇ ਕੁਝ ਹਿੱਸਿਆਂ ਵਿੱਚ ਦਿਖਾਈ ਦੇਵੇਗਾ।

ਇਸ ਸਾਲ ਦੋ ਸੂਰਜ ਗ੍ਰਹਿਣ ਹੋਣਗੇ। ਦੂਜਾ ਸੂਰਜ ਗ੍ਰਹਿਣ ਚਾਰ ਦਸੰਬਰ, 2021 ਨੂੰ ਹਵੇਗਾ ਅਤੇ ਉਹ ਵੀ ਭਾਰਤ ਵਿੱਚ ਦੇਖਿਆ ਨਹੀਂ ਜਾ ਸਕੇਗਾ।

ਇਸ ਤੋਂ ਪਹਿਲਾਂ 26 ਮਈ ਨੂੰ ਸੂਪਰ ਬਲੱਡ ਮੂਨ ਜਾਣੀ ਚੰਦ ਗ੍ਰਹਿਣ ਲੱਗਿਆ ਸੀ ਪਰ ਇਹ ਵੀ ਭਾਰਤ ਵਿੱਚ ਨਹੀਂ ਦੇਖਿਆ ਜਾ ਸਕਿਆ ਸੀ।

ਸੂਰਜ ਗ੍ਰਹਿਣ ਦੀਆਂ ਕਿਸਮਾਂ

ਗ੍ਰਹਿਣ ਲਗਣਾ ਖਗੋਲ-ਵਿਗਿਆਨ ਦੀ ਸ਼ਾਨਦਾਰ ਘਟਨਾ ਹੈ।

ਮੌਜੂਦਾ ਸਮੇਂ 'ਚ ਤਾਂ ਅਜਿਹਾ ਟੂਰਿਜ਼ਮ ਵੀ ਉਭਰ ਰਿਹਾ ਹੈ ਜਿਸ 'ਚ ਗ੍ਰਹਿਣ ਵੇਖਣ ਵਾਲੇ ਲੋਕਾਂ ਦੀ ਦਿਲਚਸਪੀ ਉਮੜ ਰਹੀ ਹੈ।

ਇਹ ਗ੍ਰਹਿਣ ਦੀਆਂ ਕਈ ਕਿਸਮਾਂ ਵਿਚੋਂ ਇੱਕ ਹੈ।

ਚਿੱਲੇ ਦੀ ਖ਼ੁਦਮੁਖ਼ਤਿਆਰ ਯੂਨੀਵਰਸਿਟੀ ਦੇ ਵਿਗਿਆਨ ਸੰਚਾਰ ਕੇਂਦਰ ਦੇ ਇਕ ਖਗੋਲ-ਵਿਗਿਆਨੀ, ਜੁਆਨ ਕਾਰਲੋਸ ਬੀਮਨ ਨੇ ਆਪਣੀ ਨਵੀਂ ਕਿਤਾਬ "ਇਲਸਟਰੇਟਡ ਐਸਟ੍ਰੋਨਮੀ" ਵਿਚ ਲਿਖਿਆ ਹੈ, "ਆਮ ਤੌਰ 'ਤੇ, ਗ੍ਰਹਿਣ ਦੋ ਕਿਸਮਾਂ ਦੇ ਹੁੰਦੇ ਹਨ: ਚੰਦਰਮਾ ਅਤੇ ਸੂਰਜ।"

ਪਰ ਉਹ ਕਹਿੰਦੇ ਹਨ: "ਤਕਨੀਕੀ ਤੌਰ 'ਤੇ ਇੱਕ ਤੀਜੀ ਕਿਸਮ ਵੀ ਹੈ ਜਿਸ ਵਿਚ ਦੋ ਤਾਰੇ ਸ਼ਾਮਲ ਹੁੰਦੇ ਹਨ।"

ਇੱਥੇ ਤਿੰਨ ਕਿਸਮਾਂ ਅਤੇ ਉਨ੍ਹਾਂ ਦੇ ਵੱਖ ਵੱਖ ਰੂਪਾਂ ਦਾ ਵੇਰਵਾ ਦੇ ਰਹੇ ਹਾਂ -

ਸੂਰਜ ਗ੍ਰਹਿਣ

ਕਈ ਵਾਰ, ਜਦੋਂ ਚੰਦਰਮਾ ਧਰਤੀ ਦੇ ਚੱਕਰ ਲਗਾਉਂਦਾ ਹੈ, ਇਹ ਸੂਰਜ ਅਤੇ ਸਾਡੇ ਗ੍ਰਹਿ ਦੇ ਦਰਮਿਆਨ ਯਾਤਰਾ ਕਰਦਾ ਹੈ। ਇਹ ਤਾਰੇ ਤੋਂ ਆਉਣ ਵਾਲੇ ਪ੍ਰਕਾਸ਼ ਨੂੰ ਰੋਕਦਾ ਹੈ ਅਤੇ ਸੂਰਜ ਗ੍ਰਹਿਣ ਦਾ ਕਾਰਨ ਬਣਦਾ ਹੈ।

ਦੂਜੇ ਸ਼ਬਦਾਂ ਵਿੱਚ, ਚੰਦਰਮਾ ਧਰਤੀ ਦੀ ਸਤ੍ਹਾ 'ਤੇ ਇੱਕ ਪਰਛਾਵਾਂ ਪਾਉਂਦਾ ਹੈ।

ਸੂਰਜ ਗ੍ਰਹਿਣ ਦੀਆਂ ਤਿੰਨ ਕਿਸਮਾਂ ਹਨ ਜੋ ਇਕ ਦੂਜੇ ਤੋਂ ਵੱਖਰੀਆਂ ਹਨ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕਿਵੇਂ ਅਤੇ ਕਿੰਨਾ ਚੰਦਰਮਾ ਸੂਰਜ ਨੂੰ ਢੱਕ ਲੈਂਦਾ ਹੈ।

ਪੂਰਨ ਸੂਰਜ ਗ੍ਰਹਿਣ (Total solar eclipse)

ਪੂਰਨ ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਸੂਰਜ, ਧਰਤੀ ਅਤੇ ਚੰਦਰਮਾ ਇਸ ਤਰੀਕੇ ਨਾਲ ਇਕਸਾਰ ਹੁੰਦੇ ਹਨ ਕਿ ਚੰਦਰਮਾ ਸੂਰਜ ਦੀ ਰੌਸ਼ਨੀ ਨੂੰ ਪੂਰੀ ਤਰ੍ਹਾਂ ਰੋਕ ਦਿੰਦਾ ਹੈ।

ਕੁਝ ਸਕਿੰਟਾਂ ਜਾਂ ਮਿੰਟਾਂ ਲਈ ਅਸਮਾਨ ਵਿੱਚ ਇੰਨਾ ਹਨੇਰਾ ਹੋ ਜਾਂਦਾ ਹੈ ਕਿ ਇੰਝ ਲੱਗਦਾ ਹੈ ਕਿ ਰਾਤ ਹੋ ਗਈ ਹੈ।

ਨਾਸਾ ਦੇ ਸ਼ਬਦਾਂ ਵਿਚ, "ਪੂਰਨ ਸੂਰਜ ਗ੍ਰਹਿਣ ਸਿਰਫ਼ ਧਰਤੀ ਉੱਤੇ ਖਗੋਲੀ ਸੰਜੋਗ (celestial coincidence ) ਕਾਰਨ ਹੀ ਸੰਭਵ ਹਨ।"

ਅਜਿਹਾ ਇਸ ਲਈ ਹੈ ਕਿਉਂਕਿ ਸੂਰਜ ਚੰਦਰਮਾ ਨਾਲੋਂ 400 ਗੁਣਾ ਵਿਸ਼ਾਲ ਹੈ, ਪਰ ਇਹ 400 ਗੁਣਾ ਦੂਰ ਵੀ ਹੈ।

ਨਾਸਾ ਮੁਤਾਬਕ, "ਇਸ ਜਿਓਮੈਟਰੀ (geometry) ਦਾ ਅਰਥ ਹੈ ਕਿ ਜਦੋਂ ਤਿੰਨੋਂ ਪੂਰੀ ਤਰ੍ਹਾਂ ਇਕਸਾਰ ਹੋ ਜਾਂਦੇ ਹਨ ਤਾਂ ਚੰਦਰਮਾ ਸੂਰਜ ਦੀ ਸਾਰੀ ਸਤਹ ਨੂੰ ਢੱਕ ਲੈਂਦਾ ਹੈ, ਜਿਸ ਕਾਰਨ ਪੂਰਨ ਸੂਰਜ ਗ੍ਰਹਿਣ ਹੁੰਦਾ ਹੈ।"

ਚੰਦਰਮਾ ਦੇ ਪਰਛਾਵੇਂ ਨੂੰ ਧਰਤੀ ਦੀ ਸਤ੍ਹਾ ਤੋਂ ਪਾਰ ਕਰਨ ਵਾਲੀ ਰੇਖਾ ਨੂੰ "ਪੂਰਨਤਾ ਦਾ ਮਾਰਗ" ਕਿਹਾ ਜਾਂਦਾ ਹੈ ਅਤੇ ਇਹ ਉਹ ਛੋਟਾ ਜਿਹਾ ਖੇਤਰ ਹੈ ਜਿਥੇ ਪੂਰਨ ਤੌਰ 'ਤੇ ਹਨੇਰਾ ਹੁੰਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਹਜ਼ਾਰਾਂ ਕਿਲੋਮੀਟਰ ਦੀ ਦੂਰੀ 'ਤੇ ਇਸ ਪੱਟੀ ਦੇ ਦੋਵੇਂ ਪਾਸਿਆਂ 'ਤੇ, ਅੰਸ਼ਕ ਰੂਪ ਵਿਚ ਗ੍ਰਹਿਣ ਵੇਖਿਆ ਜਾ ਸਕਦਾ ਹੈ।

ਗੱਲ ਸਮੇਂ ਦੀ ਕਰੀਏ ਤਾਂ ਇਹ "ਸੂਰਜ ਦੇ ਸੰਬੰਧ ਵਿੱਚ ਧਰਤੀ ਦੀ ਸਥਿਤੀ, ਧਰਤੀ ਦੇ ਸਬੰਧ ਵਿੱਚ ਚੰਦਰਮਾ ਦੀ ਸਥਿਤੀ ਅਤੇ ਧਰਤੀ ਦੇ ਕਿਹੜੇ ਹਿੱਸੇ ਨੂੰ ਹਨੇਰਾ ਕੀਤਾ ਜਾ ਰਿਹਾ ਹੈ, 'ਤੇ ਨਿਰਭਰ ਕਰਦਾ ਹੈ।"

"ਸਿਧਾਂਤਕ ਤੌਰ 'ਤੇ, ਸਭ ਤੋਂ ਲੰਬਾ ਸੂਰਜ ਗ੍ਰਹਿਣ 7 ਮਿੰਟ ਅਤੇ 32 ਸਕਿੰਟ ਰਹਿ ਸਕਦਾ ਹੈ।"

ਇਹ ਉੰਨੇ ਵੀ ਦੁਰਲਭ ਨਹੀਂ ਹੁੰਦੇ ਜਿੰਨੇ ਤੁਸੀਂ ਸੋਚਦੇ ਹੋ। ਅਜਿਹਾ ਹਰ 18 ਮਹੀਨਿਆਂ ਵਿੱਚ ਵਾਪਰਦਾ ਹੈ।

ਜਿਹੜੀ ਚੀਜ਼ ਸਭ ਤੋਂ ਦੁਰਲਭ ਹੈ ਉਹ ਹੈ ਸੂਰਜ ਗ੍ਰਹਿਣ ਦਾ ਉਸੇ ਜਗ੍ਹਾ ਤੋਂ ਦਿਖਾਈ ਦੇਣਾ ਜੋ ਕਿ ਹਰ ਔਸਤਨ 375 ਸਾਲਾਂ 'ਚ ਇੱਕ ਵਾਰ ਵਾਪਰਦਾ ਹੈ।

ਇਸ ਸਾਲ 4 ਦਸੰਬਰ ਨੂੰ ਪੂਰਨ ਸੂਰਜ ਗ੍ਰਹਿਣ ਹੋਵੇਗਾ, ਪਰ ਇਸ ਦਾ ਪੂਰਾ ਪ੍ਰਭਾਵ ਵੇਖਣ ਲਈ ਤੁਹਾਨੂੰ ਅੰਟਾਰਕਟਿਕਾ ਵਿਚ ਹੋਣਾ ਪਏਗਾ।

ਕੁੰਡਲਾਕਾਰ ਗ੍ਰਹਿਣ (Annular eclipse)

ਜਦੋਂ ਚੰਦਰਮਾ ਧਰਤੀ ਤੋਂ ਬਹੁਤ ਦੂਰ ਹੁੰਦਾ ਹੈ ਅਤੇ "ਛੋਟਾ" ਨਜ਼ਰ ਆਉਂਦਾ ਹੈ, ਇਹ ਪੂਰੀ ਤਰ੍ਹਾਂ ਸੂਰਜ ਦੀ ਸਤਹ ਨੂੰ ਢੱਕ ਨਹੀਂ ਸਕਦਾ।

ਇਸ ਲਈ ਚੰਦਰਮਾ ਦੇ ਦੁਆਲੇ ਸੂਰਜ ਦੀ ਇੱਕ ਰਿੰਗ ਵਿਖਾਈ ਦਿੰਦੀ ਹੈ। ਇਸ ਘਟਨਾ ਨੂੰ ਕੁੰਡਲਾਕਾਰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ।

ਪੂਰਨ ਸੂਰਜ ਗ੍ਰਹਿਣ ਸਮੇਂ, ਇਸ ਵਰਤਾਰੇ ਦੇ ਦੌਰਾਨ ਇੱਕ "ਵਰਣਨਤਾ ਦਾ ਮਾਰਗ" (path of annularity) ਹੁੰਦਾ ਹੈ ਜਿਸ ਵਿੱਚ ਗ੍ਰਹਿਣ ਨੂੰ ਕੁੰਡਲਾਕਾਰ ਰੂਪ ਵਿੱਚ ਵੇਖਿਆ ਜਾਂਦਾ ਹੈ।

ਇਸ ਮਾਰਗ ਦੇ ਹਰ ਪਾਸੇ (partiality) ਦਾ ਜ਼ੋਨ ਹੁੰਦਾ ਹੈ।

10 ਜੂਨ 2021 ਨੂੰ, ਕੁੰਡਲਾਕਾਰ ਗ੍ਰਹਿਣ ਦਾ ਕੈਨੇਡਾ, ਗ੍ਰੀਨਲੈਂਡ ਅਤੇ ਰੂਸ ਦੇ ਕੁਝ ਹਿੱਸਿਆਂ ਵੱਚ ਪੂਰਾ ਪ੍ਰਭਾਵ ਵਿਖੇਗਾ। ਪਰ ਯੂਰੋਪ, ਮੱਧ ਏਸ਼ੀਆ ਅਤੇ ਚੀਨ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਅੰਸ਼ਕ ਗ੍ਰਹਿਣ ਦੇਖਣ ਨੂੰ ਮਿਲੇਗਾ।

ਨਾਸਾ ਦੇ ਅਨੁਸਾਰ, ਇਹ ਗ੍ਰਹਿਣ ਆਮ ਤੌਰ 'ਤੇ ਸਭ ਤੋਂ ਲੰਬੇ ਹੁੰਦੇ ਹਨ, ਕਿਉਂਕਿ ਰਿੰਗ ਨੂੰ 10 ਮਿੰਟਾਂ ਤੋਂ ਵੱਧ ਸਮੇਂ ਲਈ ਦੇਖਿਆ ਜਾ ਸਕਦਾ ਹੈ, ਹਾਲਾਂਕਿ ਆਮ ਤੌਰ 'ਤੇ ਇਹ ਪੰਜ ਜਾਂ ਛੇ ਮਿੰਟਾਂ ਤੋਂ ਜ਼ਿਆਦਾ ਨਹੀਂ ਰਹਿੰਦੇ।

ਹਾਈਬ੍ਰਿਡ ਗ੍ਰਹਿਣ (Hybrid eclipse)

ਹਾਈਬ੍ਰਿਡ ਗ੍ਰਹਿਣ ਇਕ ਵਰਤਾਰਾ ਹੈ ਜੋ ਉਦੋਂ ਵਾਪਰਦਾ ਹੈ "ਜਦੋਂ ਚੰਦਰਮਾ ਇਕ ਅਜਿਹੀ ਦੂਰੀ 'ਤੇ ਹੁੰਦਾ ਹੈ ਜਿੱਥੇ ਇਹ ਸੂਰਜ ਨੂੰ ਪੂਰੀ ਤਰ੍ਹਾਂ ਢੱਕਣ ਦੇ ਯੋਗ ਹੁੰਦਾ ਹੈ, ਪਰ, ਜਿਵੇਂ ਹੀ ਇਹ ਅੱਗੇ ਵੱਧਦਾ ਹੈ, ਇਹ ਧਰਤੀ ਤੋਂ ਥੋੜ੍ਹੀ ਜਿਹੀ ਇੱਕ ਪਾਸੇ ਹੋ ਜਾਂਦਾ ਹੈ ਅਤੇ ਸੂਰਜ ਗ੍ਰਹਿਣ ਨੂੰ ਰੋਕਦਾ ਹੈ, ਜੋ ਇਸ ਨੂੰ ਕੁੰਡਲਾਕਾਰ ਗ੍ਰਹਿਣ ਵਿੱਚ ਬਦਲਦਾ ਹੈ।"

ਉਹ ਕਹਿੰਦੇ ਹਨ: "ਇਹ ਕੁੰਡਲਾਕਾਰ ਗ੍ਰਹਿਣ ਵਜੋਂ ਵੀ ਸ਼ੁਰੂ ਹੋ ਸਕਦਾ ਹੈ ਅਤੇ ਫਿਰ ਪੂਰਮ ਗ੍ਰਹਿਣ ਬਣਨ ਲਈ ਥੋੜਾ ਜਿਹਾ ਨੇੜੇ ਆ ਸਕਦਾ ਹੈ।"

ਇੰਸਟੀਚਿਭਟੋ ਡੀ ਐਸਟ੍ਰੋਫੋਸਿਕਾ ਡੇ ਕਨਾਰੀਆਸ (ਆਈਏਸੀ) (Instituto de Astrofísica de Canarias (IAC)) ਦੇ ਅਨੁਸਾਰ ਇਸ ਗ੍ਰਹਿਣ ਵੇਲੇ ਸੂਰਜ ਸਿਰਫ 4% ਵਿਖਦਾ ਹੈ।

ਨਾਸਾ ਦੇ ਅੰਕੜਿਆਂ ਦੇ ਅਨੁਸਾਰ, ਅਜਿਹਾ ਆਖਰੀ ਵਾਰ 2013 ਵਿੱਚ ਹੋਇਆ ਸੀ ਅਤੇ ਅਗਲੀ ਵਾਰ ਹੁਣ 20 ਅਪ੍ਰੈਲ, 2023 ਨੂੰ ਹੋਵੇਗਾ। ਇਹ ਇੰਡੋਨੇਸ਼ੀਆ, ਆਸਟਰੇਲੀਆ ਅਤੇ ਪਾਪੁਆ ਨਿਉ ਜੁਨੀਆ ਵਿੱਚ ਦਿਖਾਈ ਦੇਵੇਗਾ।

ਚੰਦਰ ਗ੍ਰਹਿਣ

ਚੰਦਰ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਧਰਤੀ ਚੰਦਰਮਾ ਵੱਲ ਵਧ ਰਹੇ ਸੂਰਜ ਦੇ ਪ੍ਰਕਾਸ਼ ਦੇ ਰਾਹ ਵਿੱਚ ਆ ਜਾਂਦੀ ਹੈ।

ਦੂਜੇ ਸ਼ਬਦਾਂ ਵਿਚ, ਚੰਦਰ ਗ੍ਰਹਿਣ ਦੇ ਸਮੇਂ, ਅਸੀਂ ਚੰਦਰਮਾ ਦੀ ਸਤਹ ਉੱਤੇ ਧਰਤੀ ਦਾ ਪਰਛਾਵਾਂ ਵੇਖਦੇ ਹਾਂ।

ਆਈਏਸੀ ਮੁਤਾਬਕ, "ਸੂਰਜ ਗ੍ਰਹਿਣ ਨੂੰ ਵੇਖਣਾ ਦਰਸ਼ਕ ਦੇ ਭੂਗੋਲਿਕ ਸਥਾਨ 'ਤੇ ਨਿਰਭਰ ਕਰਦਾ ਹੈ। ਇਸ ਦੇ ਉਲਟ, ਚੰਦਰ ਗ੍ਰਹਿਣ ਸਾਡੇ ਗ੍ਰਹਿ ਦੇ ਕਿਸੇ ਵੀ ਸਥਾਨ ਤੋਂ ਵੇਖਿਆ ਜਾਂਦਾ ਹੈ ਜਿੱਥੇ ਚੰਦਰਮਾ ਗ੍ਰਹਿਣ ਸਮੇਂ ਛਿਤਿਜ (horizon) ਤੋਂ ਉੱਪਰ ਹੈ।"

ਗਾਈਡ ਨੇ ਅੱਗੇ ਕਿਹਾ ਕਿ "ਸੂਰਜ ਦੇ ਗ੍ਰਹਿਣ ਦੇ ਉਲਟ, ਜਿਸ ਵਿਚ ਗ੍ਰਹਿਣ ਦੇ ਪੜਾਅ ਵੇਖਣ ਵਾਲੇ ਦੀ ਭੂਗੋਲਿਕ ਸਥਿਤੀ 'ਤੇ ਨਿਰਭਰ ਕਰਦੇ ਹਨ, ਚੰਦਰ ਗ੍ਰਹਿਣ ਵਿਚ ਇਹ ਹਰ ਜਗ੍ਹਾ ਇਕੋ ਜਿਹੇ ਪੜਾਅ ਹੋਣਗੇ।"

ਚੰਦਰ ਗ੍ਰਹਿਣ ਦੀਆਂ ਤਿੰਨ ਕਿਸਮਾਂ ਹਨ।

ਪੂਰਨ ਚੰਦਰ ਗ੍ਰਹਿਣ

ਨਾਸਾ ਦੇ ਅਨੁਸਾਰ, ਪੂਰਨ ਚੰਦਰ ਗ੍ਰਹਿਣ ਦੇ ਦੌਰਾਨ ਚੰਦਰਮਾ ਅਤੇ ਸੂਰਜ ਧਰਤੀ ਦੇ ਬਿਲਕੁਲ ਉਲਟ ਪਾਸੇ ਹੁੰਦੇ ਹਨ।

ਨਾਸਾ ਕਹਿੰਦਾ ਹੈ, "ਹਾਲਾਂਕਿ ਚੰਦਰਮਾ ਧਰਤੀ ਦੇ ਪਰਛਾਵੇਂ ਹੇਠਾਂ ਹੈ ਅਤੇ ਸੂਰਜ ਦੀ ਰੌਸ਼ਨੀ ਦਾ ਕੁਝ ਹਿੱਸਾ ਹੀ ਚੰਦਰਮਾ ਤੱਕ ਪਹੁੰਚਦਾ ਹੈ।"

ਇਹ ਸੂਰਜ ਦੀ ਰੌਸ਼ਨੀ ਧਰਤੀ ਦੇ ਵਾਯੂਮੰਡਲ ਵਿਚੋਂ ਲੰਘਦੀ ਹੈ, ਜੋ ਕਿ ਜ਼ਿਆਦਾਤਰ ਨੀਲੀ ਰੋਸ਼ਨੀ ਨੂੰ ਛੰਣ ਲੈਂਦੀ (ਫਿਲਟਰ ਕਰਦੀ) ਹੈ।

ਇਸੇ ਲਈ, ਇਸ ਵਰਤਾਰੇ ਦੇ ਦੌਰਾਨ, ਚੰਦਰਮਾ ਲਾਲ ਦਿਖਾਈ ਦਿੰਦਾ ਹੈ ਅਤੇ ਉਸਨੂੰ "ਬਲੱਡ ਮੂਨ" ਵੀ ਕਿਹਾ ਜਾਂਦਾ ਹੈ।

ਆਈਏਸੀ ਦੇ ਅਨੁਸਾਰ, "ਕਿਉਂਕਿ ਸਾਡੇ ਗ੍ਰਹਿ ਦਾ ਵਿਆਸ ਚੰਦਰ ਦੇ ਵਿਆਸ ਨਾਲੋਂ ਚਾਰ ਗੁਣਾ ਵੱਡਾ ਹੈ, ਇਸਦਾ ਪਰਛਾਵਾਂ ਵੀ ਵਧੇਰੇ ਚੌੜਾ ਹੈ ਤਾਂ ਕਿ ਚੰਦਰ ਗ੍ਰਹਿਣ ਦੀ ਸੰਪੂਰਨਤਾ 104 ਮਿੰਟ ਤੱਕ ਰਹਿ ਸਕੇ।"

ਇਹ ਗ੍ਰਹਿਣ 26 ਮਈ, 2021 ਨੂੰ ਹੋਏਗਾ।

ਜੇ ਤੁਸੀਂ ਪੱਛਮੀ ਦੱਖਣੀ ਅਮਰੀਕਾ, ਦੱਖਣੀ-ਪੂਰਬੀ ਏਸ਼ੀਆ, ਆਸਟਰੇਲੀਆ ਜਾਂ ਪੱਛਮੀ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਹੋ - ਅਤੇ ਚੰਗੀ ਆਸ ਹੈ ਕਿ ਅਸਮਾਨ ਸਾਫ਼ ਹੋਵੇ - ਤੁਸੀਂ ਇਸ "ਸੁਪਰ ਫਲਾਵਰ ਫੁੱਲ ਮੂਨ" "Super Flower Full Moon" ਨੂੰ 14 ਮਿੰਟ ਦੇ ਕਰੀਬ ਵੇਖ ਸਕਦੇ ਹੋ।

ਅੰਸ਼ਕ ਚੰਦਰ ਗ੍ਰਹਿਣ

ਜਿਵੇਂ ਕਿ ਇਸ ਦੇ ਨਾਮ ਤੋਂ ਭਾਵ ਹੈ, ਅੰਸ਼ਕ ਚੰਦਰ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਚੰਦਰਮਾ ਦਾ ਸਿਰਫ਼ ਇਕ ਹਿੱਸਾ ਧਰਤੀ ਦੇ ਪਰਛਾਵੇਂ ਹੇਠਾਂ ਹੁੰਦਾ ਹੈ।

ਗ੍ਰਹਿਣ ਦੀ ਗਹਿਰਾਈ 'ਤੇ ਨਿਰਭਰ ਕਰਦਿਆਂ, ਚੰਦਰਮਾ ਦੀ ਸਤਹ ਦੇ ਪਰਛਾਵੇਂ ਵਾਲੇ ਹਿੱਸੇ 'ਤੇ, ਇੱਕ ਗੂੜਾ ਲਾਲ, ਧੁੰਦਲਾ ਜਾਂ ਸਲੇਟੀ ਰੰਗ ਦਿਖਾਈ ਦੇ ਸਕਦਾ ਹੈ।

ਇਹ ਇਸ ਹਿੱਸੇ ਅਤੇ ਚੰਦਰਮਾ ਦੇ ਦੂਜੇ ਚਮਕਦਾਰ ਹਿੱਸੇ ਦੇ ਅੰਤਰ ਦੇ ਕਾਰਨ ਹੈ ਜੋ ਪਰਛਾਵੇਂ ਤੋਂ ਬਾਹਰ ਰਹਿੰਦਾ ਹੈ।

ਨਾਸਾ ਦੇ ਅਨੁਸਾਰ, ਜਦੋਂ ਕਿ ਪੂਰਨ ਚੰਦਰ ਗ੍ਰਹਿਣ ਇਕ ਦੁਰਲੱਭ ਵਰਤਾਰਾ ਹੈ, ਅੰਸ਼ਕ ਤੌਰ 'ਤੇ ਇਹ ਗ੍ਰਹਿਣ ਸਾਲ ਵਿੱਚ ਘੱਟੋ ਘੱਟ ਦੋ ਵਾਰ ਲੱਗਦਾ ਹੈ।

18-19 ਨਵੰਬਰ ਨੂੰ ਅਗਲਾ ਅੰਸ਼ਕ ਚੰਦਰ ਗ੍ਰਹਿਣ ਹੋਵੇਗਾ, ਜੋ ਉੱਤਰੀ ਅਤੇ ਦੱਖਣੀ ਅਮਰੀਕਾ, ਆਸਟਰੇਲੀਆ, ਯੂਰਪ ਅਤੇ ਏਸ਼ੀਆ ਦੇ ਕੁਝ ਹਿੱਸਿਆਂ ਤੋਂ ਦਿਖਾਈ ਦੇਵੇਗਾ।

ਪਿਨੰਮਰਬਲ ਚੰਦਰ ਗ੍ਰਹਿਣ (Penumbral lunar eclipse)

ਇਹ ਉਦੋਂ ਹੁੰਦਾ ਹੈ ਜਦੋਂ ਚੰਦਰਮਾ ਧਰਤੀ ਦੇ ਅਜਿਹੇ ਪਰਛਾਵੇਂ ਤੋਂ ਲੰਘਦਾ ਹੈ ਜੋ ਬਹੁਤ ਜ਼ਿਆਦਾ ਧੁੰਦਲਾ ਹੁੰਦਾ ਹੈ।

ਇਸ ਲਈ, ਇਹ ਗ੍ਰਹਿਣ ਇੰਨੇ ਸੂਖਮ ਹੁੰਦੇ ਹਨ ਕਿ ਉਨ੍ਹਾਂ ਨੂੰ ਵੇਖਣਾ ਚੰਦਰਮਾ ਦੇ ਉਸ ਹਿੱਸੇ 'ਤੇ ਨਿਰਭਰ ਕਰਦਾ ਹੈ ਜੋ ਹਲਕੇ ਧੁੰਦਲੇ ਪਰਛਾਵੇਂ ਵਾਲੇ ਖੇਤਰ ਵਿਚ ਦਾਖਲ ਹੁੰਦੀ ਹੈ: ਇਹ ਜਿੰਨਾ ਛੋਟਾ ਹੁੰਦਾ ਹੈ, ਉਨ੍ਹਾਂ ਹੀ ਇਸ ਨੂੰ ਵੇਖਣਾ ਮੁਸ਼ਕਲ ਹੁੰਦਾ ਹੈ।

ਇਸ ਕਾਰਨ ਕਰਕੇ, ਇਹ ਗ੍ਰਹਿਣ ਅਕਸਰ ਵਿਗਿਆਨੀਆਂ ਤੋਂ ਇਲਾਵਾ ਕਿਸੇ ਹੋਰ ਲਈ ਅਹਿਮ ਨਹੀਂ ਹੁੰਦਾ।

ਸਟੈੱਲਰ ਗ੍ਰਹਿਣ (STELLAR ECLIPSES )

ਸਾਰੇ ਗ੍ਰਹਿਣ ਸੂਰਜ ਅਤੇ ਚੰਦਰਮਾ ਨਾਲ ਹੀ ਸੰਬੰਧਨ ਨਹੀਂ ਹੁੰਦੇ: ਦੂਰ ਤਾਰਿਆਂ ਦੇ ਗ੍ਰਹਿਣ ਵੀ ਹੁੰਦੇ ਹਨ।

ਬੀਮਨ ਨੇ ਆਪਣੀ ਕਿਤਾਬ "ਇਲਸਟਰੇਟਡ ਐਸਟ੍ਰੋਨੋਮੀ" 'ਚ ਲਿਖਿਆ ਹੈ, "50% ਤਾਰੇ ਦੋ ਜਾਂ ਵਧੇਰੇ ਤਾਰਿਆਂ ਦੇ ਸਿਸਟਮ ਵਿੱਚ ਹਨ।"

ਉਹ ਅੱਗੇ ਕਹਿੰਦੇ ਹਨ,"ਕਿਉਂਕਿ ਸਾਡੀ ਆਕਾਸ਼ਗੰਗਾ ਵਿੱਚ ਬਹੁਤ ਸਾਰੇ ਤਾਰੇ ਹਨ, ਉਨ੍ਹਾਂ ਵਿੱਚੋਂ ਕੁਝ ਬਾਈਨਰੀ ਸਿਤਾਰੇ ਇੱਕ ਪਲੇਨ ਵਿੱਚ ਘੁੰਮਦੇ ਹਨ ਜੋ ਧਰਤੀ ਦੇ ਨਾਲ ਬਹੁਤ ਵਧੀਆ ਢੰਗ ਨਾਲ ਇਕਸਾਰ ਹੁੰਦੇ ਹਨ, ਇਸ ਲਈ ਇਸ ਦੇ ਆਰਬਿਟ ਦੇ ਕੁਝ ਹਿੱਸੇ ਵਿੱਚ, ਇੱਕ ਤਾਰਾ ਦੂਜੇ ਦੇ ਅੱਗੇ ਲੰਘਦਾ ਹੈ ਅਤੇ ਚਮਕ ਨੂੰ ਅਸਪਸ਼ਟ ਕਰਦਾ ਹੈ ਜੋ ਇਸ ਦੇ ਪਿੱਛੇ ਹੈ।"

"ਇਹ ਦੋਹਰੇ ਤਾਰਿਆਂ ਨੂੰ ਗ੍ਰਹਿਣ ਕਰਨ ਵਾਲੇ ਬਾਈਨਰੀ ਤਾਰੇ (eclipsing binary stars) ਕਹਿੰਦੇ ਹਨ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)