ਡੇਰਾ ਮੁਖੀ ਦੀ ਬਿਮਾਰੀ 'ਤੇ ਅਸ਼ੁੰਲ ਛੱਤਰਪਤੀ ਨੇ ਖੜ੍ਹੇ ਕੀਤੇ ਸਵਾਲ ਤੇ ਇਹ ਮੰਗ ਕੀਤੀ

    • ਲੇਖਕ, ਪ੍ਰਭੂ ਦਿਆਲ
    • ਰੋਲ, ਬੀਬੀਸੀ ਪੰਜਾਬੀ ਲਈ

ਮਰਹੂਮ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਛੱਤਰਪਤੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਬਿਮਾਰੀ ਦੀ ਮੌਨਿਟਰਿੰਗ ਕੀਤੀ ਜਾਵੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਡੇਰਾ ਮੁਖੀ ਦੇ ਕੀਤੇ ਜਾ ਰਹੇ ਇਲਾਜ ਦੀ ਸੀਸੀਟੀਵੀ ਫੁਟੇਜ ਦਿੱਤੀ ਜਾਵੇ।

ਅੰਸ਼ੁਲ ਛੱਤਰਪਤੀ ਨੇ ਇਲਜ਼ਾਮ ਲਗਾਇਆ ਹੈ ਕਿ ਡੇਰਾ ਮੁਖੀ ਨੂੰ ਬਿਮਾਰੀ ਦੇ ਬਹਾਨੇ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਹਨੀਪ੍ਰੀਤ ਨੂੰ ਡੇਰਾ ਮੁਖੀ ਦੀ ਅਟੈਂਡੈਂਸ ਬਣਾਏ ਜਾਣ 'ਤੇ ਵੀ ਉਨ੍ਹਾਂ ਨੇ ਹਰਿਆਣਾ ਸਰਕਾਰ ਅਤੇ ਹਸਪਤਾਲ ਪ੍ਰਸ਼ਾਸਨ 'ਤੇ ਕਈ ਸਵਾਲ ਖੜ੍ਹੇ ਕੀਤੇ ਹਨ।

ਇਹ ਵੀ ਪੜ੍ਹੋ-

ਮੀਡੀਆ ਸੈਂਟਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਸ਼ੁਲ ਛੱਤਰਪਤੀ ਨੇ ਕਿਹਾ ਕਿ ਡੇਰਾ ਮੁਖੀ ਨੂੰ ਕਦੇ ਮਾਂ ਦੀ ਬਿਮਾਰੀ ਦੇ ਬਹਾਨੇ ਤੇ ਕਦੇ ਖੁਦ ਦੀ ਬਿਮਾਰੀ ਦੇ ਬਹਾਨੇ ਕਸਟੋਡਿਅਲ ਪੈਰੋਲ ਦਿੱਤੀ ਜਾ ਰਹੀ ਹੈ।

ਇਸ ਦੌਰਾਨ ਡੇਰਾ ਮੁਖੀ ਨੂੰ ਕਥਿਤ ਤੌਰ 'ਤੇ ਗੁਰੂਗਰਾਮ ਦੇ ਇੱਕ ਫਾਰਮ ਹਾਊਸ ਵਿੱਚ ਮਾਂ ਨੂੰ ਮਿਲਾਇਆ ਗਿਆ, ਜੋ ਨਿਯਮਾਂ ਦੀ ਉਲੰਘਣਾ ਹੈ।

ਉਨ੍ਹਾਂ ਨੇ ਕਿਹਾ ਕਿ ਡੇਰਾ ਮੁਖੀ ਦੀ ਬਿਮਾਰੀ ਦੇ ਬਹਾਨੇ ਪਹਿਲਾਂ ਉਸ ਨੂੰ ਰੋਹਤਕ ਮੈਡੀਕਲ ਕਾਲਜ ਤੇ ਬਾਅਦ ਵਿੱਚ ਮੇਦਾਂਤਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਇਸ ਤੋਂ ਇਹ ਲੱਗ ਰਿਹਾ ਹੈ ਕਿ ਡੇਰਾ ਮੁਖੀ ਨੂੰ ਲੰਬੀ ਛੁੱਟੀ ਦਿੱਤੇ ਜਾਣ ਦਾ ਆਧਾਰ ਤਿਆਰ ਕੀਤਾ ਜਾ ਰਿਹਾ ਹੈ।

ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਲਿਖੇ ਪੱਤਰ ਵਿੱਚ ਦੱਸਿਆ ਗਿਆ ਹੈ ਕਿ 25 ਅਗਸਤ 2017 ਨੂੰ ਰਾਮ ਰਹੀਮ ਦੇ ਖ਼ਿਲਾਫ਼ ਫੈਸਲਾ ਆਉਣ ਮਗਰੋਂ ਹੋਈ ਸਾੜ ਫੂਕ ਵਿੱਚ ਸਰਕਾਰੀ ਤੇ ਗ਼ੈਰ ਸਰਕਾਰੀ ਸੰਪੰਤੀ ਦਾ ਭਾਰੀ ਨੁਕਸਾਨ ਹੋਇਆ ਤੇ ਕਈਆਂ ਦੀ ਜਾਨ ਵੀ ਗਈ ਸੀ। ਇਸ ਤੋਂ ਪ੍ਰਸ਼ਾਸਨ ਨੂੰ ਸਬਕ ਲੈਣਾ ਚਾਹੀਦਾ ਹੈ।

ਉਨ੍ਹਾਂ ਨੇ ਆਪਣੇ ਪੱਤਰ ਵਿੱਚ ਡੇਰਾ ਮੁਖੀ ਦੀ ਬਿਮਾਰੀ ਦੀ ਮੌਨਿਟਰਿੰਗ ਕਰਨ ਤੇ ਇਲਾਜ ਦੀ ਸੀਸੀਟੀਵੀ ਫੁਟੇਜ ਦਿੱਤੇ ਜਾਣ ਦੀ ਵੀ ਮੰਗ ਕੀਤੀ ਹੈ।

ਡੇਰਾ ਸੱਚਾ ਸੌਦਾ ਵੱਲੋਂ ਪ੍ਰਤੀਕਿਰਿਆ

ਡੇਰਾ ਸੱਚਾ ਸੌਦਾ ਪ੍ਰਬੰਧਨ ਕਮੇਟੀ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਗੁਰਮੀਤ ਰਾਮ ਰਹੀਮ ਇੰਸਾਂ ਦੀ ਸਿਹਤ ਸਬੰਧੀ ਕੁਝ ਲੋਕ ਅਧੂਰੀ ਅਤੇ ਗ਼ਲਤ ਜਾਣਕਾਰੀ ਸੋਸ਼ਲ ਮੀਡੀਆ ਅਤੇ ਮੁੱਖ ਧਾਰਾ ਮੀਡੀਆ 'ਤੇ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

ਬਿਆਨ ਵਿੱਚ ਉਨ੍ਹਾਂ ਨੇ ਲਿਖਿਆ ਕਿ ਰਾਮ ਰਹੀਮ ਨੂੰ ਜੇਲ੍ਹ ਵਿੱਚ ਵਾਰ-ਵਾਰ ਪੇਟ ਦਰਦ ਅਤੇ ਬਲੱਡ ਪ੍ਰੈਸ਼ਰ ਉਪਰ-ਥੱਲੇ ਹੋਣ ਦੀ ਸ਼ਿਕਾਇਤ ਹੋਈ, ਜਿਸ ਕਾਰਨ ਉਨ੍ਹਾਂ ਦੀ ਰੋਹਤਕ ਪੀਜੀਆਈ ਵਿੱਚ ਸਿਟੀ ਸਕੈਨ ਤੇ ਹੋਰ ਜਾਂਚ ਕਰਵਾਈ ਗਈ ਅਤੇ ਬਾਕੀ ਜ਼ਰੂਰੀ ਟੈਸਟ ਕਰਵਾਉਣ ਲਈ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ ਲੈ ਕੇ ਗਏ।

ਉਨ੍ਹਾਂ ਨੇ ਦੱਸਿਆ ਕਿ ਪੀਜੀਆਈ ਦੇ ਟੈਸਟਾਂ ਮੁਤਾਬਕ ਉਨ੍ਹਾਂ ਦੇ ਪੈਨਕ੍ਰਿਆਜ਼ ਵਿੱਚ ਸੋਜਿਸ਼ ਨਜ਼ਰ ਆਈ ਸੀ, ਜਿਸ ਕਾਰਨ ਮੇਦਾਂਤਾ ਦੇ ਸੁਪਰ ਸਪੈਸ਼ਲਿਸਟ ਡਾਕਟਰਾਂ ਵੱਲੋਂ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਰਾਮ ਰਹੀਮ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਕੋਵਿਡ ਵਾਰਡ ਵਿੱਚ ਭਰਤੀ ਕਰਵਾਇਆ ਗਿਆ ਤੇ ਫਿਰ 7 ਜੂਨ ਨੂੰ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਵਾਪਸ ਨਾਰਮਲ ਵਾਰਡ ਵਿੱਚ ਸ਼ਿਫ਼ਟ ਕੀਤਾ ਗਿਆ।

ਉਨ੍ਹਾਂ ਦਾ ਇਲਾਜ ਹਸਪਤਾਲ ਦੇ ਨਿਯਮਾਂ ਮੁਤਾਬਕ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਦੇਖਭਾਲ ਉਨ੍ਹਾਂ ਦੇ ਬੇਟੇ ਜਸਮੀਤ ਇੰਸਾਂ, ਬੇਟੀ ਤਰਨਪ੍ਰੀਤ ਇੰਸਾਂ, ਹਨੀਪ੍ਰੀਤ ਇੰਸਾਂ ਅਤੇ ਅਮਰਪ੍ਰੀਤ ਇੰਸਾਂ ਕਰ ਰਹੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)