ਅਡਾਨੀ ਗਰੁੱਪ ਨੂੰ ਇੱਕੋ ਦਿਨ ਵਿੱਚ ਕਿਵੇਂ ਹੋਇਆ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ

ਦੇਸ਼ ਦੇ ਦੂਜੇ ਸਭ ਤੋਂ ਵੱਡੇ ਕਾਰੋਬਾਰੀ ਗੌਤਮ ਅਡਾਨੀ ਦੀਆਂ ਕੰਪਨੀਆਂ ਨੂੰ ਸ਼ੇਅਰ ਬਜ਼ਾਰ ਵਿੱਚ ਭਾਰੀ ਗਿਰਾਵਟ ਦੇਖਣੀ ਪਈ ਹੈ।

ਉਨ੍ਹਾਂ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ ਨੇ ਬਾਜ਼ਾਰ ਵਿੱਚ ਗੋਤੇ ਲਗਾਏ ਹਨ। ਦਿਨ ਦੇ ਕਾਰੋਬਾਰ ਵਿੱਚ ਇਹ ਗਿਰਾਵਟ 5 ਤੋਂ 25 ਫ਼ੀਸਦੀ ਤੱਕ ਦੇਖਣ ਨੂੰ ਮਿਲੀ।

ਅਡਾਨੀ ਗਰੁੱਪ ਦੀਆਂ 6 ਕੰਪਨੀਆਂ ਬਾਜ਼ਾਰ ਵਿੱਚ ਲਿਸਟਿਡ ਹਨ, ਜਿਨ੍ਹਾਂ ਵਿੱਚੋਂ ਸੋਮਵਾਰ (14 ਜੂਨ) ਦੀ ਸਵੇਰ ਤੋਂ ਹੀ ਗਿਰਾਵਟ ਦੇਖਣ ਨੂੰ ਮਿਲੀ।

ਇਸ ਗਿਰਾਵਟ ਨਾਲ ਅਦਾਨੀ ਗਰੁੱਪ ਨੂੰ ਕਰੀਬ 55,000 ਕਰੋੜ ਰੁਪਏ ਦਾ ਨੁਕਸਾਨ ਹੋਇਆ।

ਇਹ ਵੀ ਪੜ੍ਹੋ:

ਸ਼ੁਰੂਆਤੀ ਕਾਰੋਬਾਰ ਵਿੱਚ ਅਡਾਨੀ ਗ੍ਰੀਨ, ਅਡਾਨੀ ਟ੍ਰਾਂਸਮਿਸ਼ਨ ਅਤੇ ਅਡਾਨੀ ਗੈਸ 'ਚ ਨੈਸ਼ਨਲ ਸਟੌਕ ਐਕਸਚੇਂਜ 'ਚ 5 ਫ਼ੀਸਦੀ ਦਾ ਲੋਅਰ ਸਰਕਿਟ ਹਿਟ ਕਰ ਦਿੱਤਾ ਤਾਂ ਅਡਾਨੀ ਇੰਟਰਪ੍ਰਾਇਜ਼ ਨੂੰ 20 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ।

ਦੂਜੇ ਪਾਸੇ ਦਿਨ ਦੇ ਕਾਰੋਬਾਰ ਦੌਰਾਨ ਅਡਾਨੀ ਇੰਟਰਪ੍ਰਾਇਜ਼ ਲਿਮਿਟੇਡ 'ਚ 25 ਫ਼ੀਸਦੀ ਤੱਕ ਦੀ ਗਿਰਾਵਟ ਆਈ, ਜਦਕਿ ਅਡਾਨੀ ਪੋਰਟਸ ਐਂਡ ਸਪੈਸ਼ਲ ਇਕੋਨੌਮਿਕ ਜ਼ੋਨ ਲਿਮਿਟੇਡ 'ਚ 19 ਫ਼ੀਸਦੀ ਤੱਕ ਦੀ ਗਿਰਾਵਟ ਦੇਖੀ ਗਈ। ਹਾਲਾਂਕਿ ਬਾਅਦ ਵਿੱਚ ਇਹ ਦੇਵੇਂ ਸੰਭਲ ਗਏ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਉਧਰ ਅਡਾਨੀ ਟੋਟਲ ਗੈਸ ਲਿਮਿਟੇਡ, ਅਡਾਨੀ ਗ੍ਰੀਨ ਏਨਰਜੀ ਲਿਮਿਟੇਡ, ਅਡਾਨੀ ਪਾਵਰ ਲਿਮਿਟੇਡ ਅਤੇ ਅਡਾਨੀ ਟ੍ਰਾਂਸਮਿਸ਼ਨ ਸਾਰੇ ਹੀ 5 ਫ਼ੀਸਦੀ ਹੇਠਾਂ ਗਏ।

ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਗਿਰਾਵਟ ਕਿਉਂ ਹੋਈ?

ਦਰਅਸਲ, ਇੱਕ ਇਕਨੋਮਿਕਸ ਟਾਈਮਜ਼ ਨੇ ਖ਼ਬਰ ਛਾਪੀ ਕਿ ਅਡਾਨੀ ਗਰੁੱਪ ਵਿੱਚ ਨਿਵੇਸ਼ ਕਰਨ ਵਾਲੇ ਤਿੰਨ ਵਿਦੇਸ਼ੀ ਫੰਡਜ਼ ਦੇ ਖ਼ਾਤੇ ਫ੍ਰੀਜ਼ ਹੋ ਗਏ ਹਨ। ਹਾਲਾਂਕਿ ਕੰਪਨੀ ਨੇ ਇਸ ਖ਼ਬਰ ਨੂੰ ਬੇਬੁਨਿਆਦ ਦੱਸਿਆ ਅਤੇ ਇਸ ਬਾਰੇ ਇੱਕ ਪ੍ਰੈੱਸ ਨੋਟ ਵੀ ਜਾਰੀ ਕੀਤਾ।

ਖਾਤੇ ਫ੍ਰੀਜ਼ ਹੋਣ ਦਾ ਮਤਲਬ ਸੀ ਕਿ ਹੁਣ ਕੰਪਨੀ ਦੀ ਕੋਈ ਵੀ ਸਿਕਿਓਰਿਟੀ ਨਾ ਖਰੀਦੀ ਜਾ ਸਕਦੀ ਸੀ ਨਾ ਵੇਚੀ ਜਾ ਸਕਦੀ ਸੀ।

ਖ਼ਬਰ ਮੁਤਾਬਕ ਐਨਐਸਡੀਐਲ ਯਾਨੀ ਨੈਸ਼ਨਲ ਸਿਕਓਰਿਟੀਜ਼ ਡਿਪੌਜ਼ਿਟਰੀ ਲਿਮਿਟੇਡ ਨੇ ਤਿੰਨ ਵਿਦੇਸ਼ੀ ਫੰਡਜ਼ ਅਲਬੁਲਾ ਇਨਵੈਸਟਮੈਂਟ ਫੰਡ, ਕ੍ਰੇਸਟਾ ਫੰਡ ਅਤੇ ਐਪਐਮਐਸ ਇਨਵੈਸਟਮੈਂਟ ਫੰਡ ਦੇ ਖਾਤੇ ਫ੍ਰੀਜ਼ ਕਰ ਦਿੱਤੇ ਹਨ।

ਇਨ੍ਹਾਂ ਤਿੰਨੇ ਫੰਡਜ਼ ਦੇ ਕੋਲ ਅਡਾਨੀ ਗਰੁੱਪ ਦੀਆਂ ਚਾਰ ਕੰਪਨੀਆਂ ਦੇ 43 ਹਜ਼ਾਰ 500 ਕਰੋੜ ਰੁਪਏ ਤੋਂ ਜ਼ਿਆਦਾ ਦੇ ਸ਼ੇਅਰ ਹਨ।

ਬਲੂਮਬਰਗ ਦੀ ਰਿਪੋਰਟ ਮੁਤਾਬਕ ਇਹ ਤਿੰਨੇ ਫੰਡਜ਼ ਮੌਰਿਸ਼ਸ ਦੀ ਰਾਜਧਘਾਨੀ ਵਿੱਚ ਇੱਕੋ ਪਤੇ 'ਤੇ ਰਜਿਸਟਰਡ ਹਨ। ਇਨ੍ਹਾਂ ਦੀ ਆਪਣੀ ਕੋਈ ਵੈੱਬਸਾਈਟ ਵੀ ਨਹੀਂ ਹੈ। ਇਨ੍ਹਾਂ ਫੰਡਜ਼ ਵਿੱਚ ਅਡਾਨੀ ਇੰਟਰਪ੍ਰਾਇਜ਼ 'ਚ 6.82 ਫ਼ੀਸਦ, ਅਡਾਨੀ ਟ੍ਰਾਂਸਮਿਸ਼ਨ 'ਚ 8.03 ਫ਼ੀਸਦ, ਅਡਾਨੀ ਟੋਟਲ ਗੈਸ 'ਚ 5.92 ਫ਼ੀਸਦ ਅਤੇ ਅਡਾਨੀ ਗ੍ਰੀਨ 'ਚ 3.58 ਫ਼ੀਸਦ ਹਿੱਸੇਦਾਰੀ ਹੈ।

ਕੰਪਨੀ ਮੁਤਾਬਕ ਵਿਦੇਸ਼ੀ ਫੰਡਜ਼ ਦੇ ਖਾਤੇ ਫ੍ਰੀਜ਼ ਕਰਨ ਦੀ ਖ਼ਬਰ ਬੇਬੁਨਿਆਦ

ਤਿੰਨ ਐਫ਼ਪੀਆਈ 'ਤੇ ਲੱਗੀ ਰੋਕ ਨੂੰ ਲੈ ਕੇ ਅਡਾਨੀ ਪੋਰਟਸ ਐਂਡ ਸਪੈਸ਼ਲ ਇਕੋਨੌਮਿਕ ਜੋਨਸ ਵੱਲੋਂ ਦੱਸਿਆ ਗਿਆ ਹੈ ਕਿ ਤਿੰਨ ਵਿਦੇਸ਼ੀ ਫੰਡਜ਼ ਦੇ ਖਾਤਿਆਂ ਨੂੰ ਫ੍ਰੀਜ਼ ਕਰਨ ਦੀ ਖ਼ਬਰ ਬੇਬੁਨਿਆਦ ਹੈ।

ਉਨ੍ਹਾਂ ਨੇ ਆਪਣੇ ਸਪਸ਼ਟੀਕਰਨ ਵਿੱਚ ਲਿਖਿਆ ਕਿ, ''ਸਾਨੂੰ ਇਹ ਦੱਸਦਿਆਂ ਅਫ਼ਸੋਸ ਹੈ ਕਿ ਇਹ ਰਿਪੋਰਟ ਸਾਫ਼ ਤੌਰ 'ਤੇ ਗ਼ਲਤ ਹੈ ਅਤੇ ਜਾਣਬੁੱਝ ਕੇ ਨਿਵੇਸ਼ਕਾਂ ਦੇ ਭਾਈਚਾਰੇ ਨੂੰ ਗੁੰਮਰਾਹ ਕਰਨ ਦੇ ਲਈ ਕੀਤਾ ਗਿਆ ਹੈ।''

''ਇਸ ਨਾਲ ਵੱਡੇ ਪੱਧਰ 'ਤੇ ਨਿਵੇਸ਼ਕਾਂ ਅਤੇ ਸਮੂਹ ਦੇ ਮਾਣ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ।''

''ਇਸ ਖ਼ਬਰ ਦੀ ਗੰਭੀਰਤਾ ਅਤੇ ਛੋਟੇ ਨਿਵੇਸ਼ਕਾਂ 'ਤੇ ਇਸ ਦੇ ਉਲਟ ਪ੍ਰਭਾਵ ਨੂੰ ਦੇਖਦੇ ਹੋਏ, ਅਸੀਂ ਫੰਡਜ਼ ਦੇ ਡੀਮੈਟ ਖ਼ਾਤਿਆਂ ਦੀ ਸਥਿਤੀ ਬਾਰੇ ਰਜਿਸਟ੍ਰਾਰ ਅਤੇ ਟ੍ਰਾਂਸਫਰ ਏਜੰਟ ਨੂੰ ਗੁਜ਼ਾਰਿਸ਼ ਕੀਤੀ ਅਤੇ ਇਸ ਦੀ ਲਿਖਤੀ ਪੁਸ਼ਟੀ ਇਸ ਦੀ ਈਮੇਲ ਰਾਹੀਂ, ਮਿਤੀ 14 ਜੂਨ, 2021 ਨੂੰ ਹਾਸਲ ਕੀਤੀ।''

''ਇਸ 'ਚ ਅਸੀਂ ਸਪਸ਼ਟ ਕੀਤਾ ਕਿ ਇਨ੍ਹਾਂ ਵਿਦੇਸ਼ੀ ਫੰਡਜ਼ ਦੇ ਜਿਸ ਡੀਮੈਟ ਅਕਾਊਂਟ ਵਿੱਚ ਅਡਾਨੀ ਸਮੂਹ ਦੇ ਸ਼ੇਅਰ ਹਨ ਉਨ੍ਹਾਂ ਨੂੰ ਫ੍ਰੀਜ਼ ਨਹੀਂ ਕੀਤਾ ਗਿਆ ਹੈ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)