ਜਦੋਂ ਨਿਰਮਲ ਮਿਲਖਾ ਸਿੰਘ ਨੇ 'ਭਾਗ ਮਿਲਖਾ ਭਾਗ' ਵੇਖ ਕਿਹਾ ਸੀ, 'ਸਰਦਾਰ ਜੀ ਤੁਹਾਡੀ ਜਵਾਨੀ ਯਾਦ ਆ ਗਈ'

"ਯਾਰ ਤੈਨੂੰ ਪਤਾ ਹੈ ਜੋ ਮੈਡਲ 1960 ਵਿੱਚ ਰੋਮ 'ਚ ਨਹੀਂ ਮਿਲਿਆ ਸੀ ਉਹ ਬਾਅਦ ਵਿੱਚ ਮੈਨੂੰ ਮਿਲ ਗਿਆ। ਮੇਰਾ ਸਭ ਤੋਂ ਵਧੀਆ ਮੈਡਲ ਤਾਂ ਮੇਰੀ ਪਤਨੀ ਨਿਰਮਲ ਹੈ।"

ਮਿਲਖਾ ਸਿੰਘ ਨੇ ਇਹ ਸ਼ਬਦ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਆਪਣੀ ਪਤਨੀ ਬਾਰੇ ਕਹੇ ਸਨ।

ਪਰ ਹੁਣ ਉਹ ਇਸ ਦੁਨੀਆਂ ਵਿੱਚ ਨਹੀਂ ਰਹੇ, ਉਨ੍ਹਾਂ ਦਾ ਬੀਤੇ ਦਿਨੀਂ ਕੋਰੋਨਾਵਾਇਰਸ ਕਾਰਨ 83 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

ਉਨ੍ਹਾਂ ਦੇ ਪੁੱਤਰ ਨੇ ਇਸ ਮੌਕੇ ਬਹੁਤ ਹੀ ਭਾਵੁਕ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਲਿਖਿਆ, "ਸਾਡੀ ਮਾਂ ਨੇ ਸਾਨੂੰ ਸਾਰਿਆਂ ਤੋਂ ਪਹਿਲਾਂ ਨਿਮਰ ਅਤੇ ਚੰਗਾ ਮਨੁੱਖ ਬਣਨਾ ਸਿਖਾਇਆ। ਜੋ ਵੀ ਉਨ੍ਹਾਂ ਨੇ ਰੋਜ਼ਾਨਾ ਸਾਡੇ ਲਈ ਕੀਤਾ ਅਤੇ ਬੇਪਨਾਹ ਪਿਆਰ ਦਿੱਤਾ, ਅਸੀਂ ਉਨ੍ਹਾਂ ਦਾ ਕਦੇ ਦੇਣ ਨਹੀਂ ਦੇ ਸਕਦੇ।"

ਸਾਬਕਾ ਐਥਲੀਟ ਨਿਰਮਲ ਮਿਲਖਾ ਸਿੰਘ ਦਾ ਕਰੀਅਰ

ਨਿਰਮਲ ਮਿਲਖਾ ਸਿੰਘ ਭਾਰਤੀ ਵੌਲੀ ਬੌਲ (ਵੂਮੈਨ) ਟੀਮ ਦੇ ਕਪਤਾਨ ਰਹੇ ਸਨ। ਉਨ੍ਹਾਂ ਨੇ ਪੰਜਾਬ ਸਰਕਾਰ ਵਿੱਚ ਡਾਇਰੈਕਟਰ ਆਫ ਸਪੋਰਟਸ ਫਾਰ ਵੂਮੈਨ ਦੇ ਅਹੁਦੇ 'ਤੇ ਵੀ ਸੇਵਾਵਾਂ ਨਿਭਾਈਆਂ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਹ ਸਾਲ 1984 ਵਿੱਚ ਚੰਡੀਗੜ੍ਹ ਦੀ ਪਹਿਲੀ ਸਪੋਰਟਸ ਜੁਆਇੰਟ ਡਾਇਰੈਕਟਰ ਬਣੀ ਅਤੇ ਫਿਰ ਅਗਸਤ 1988 ਵਿੱਚ ਸਪੋਰਟਸ ਡਾਇਰੈਕਟਰ ਵੀ ਬਣੀ।

ਉਹ ਸਾਲ 1993 ਤੱਕ ਇਸੇ ਅਹੁਦੇ 'ਤੇ ਬਣੇ ਰਹੇ ਅਤੇ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਹੀ ਸੈਕਟਰ 42 ਸਪੋਰਟਸ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ।

ਇਹ ਵੀ ਪੜ੍ਹੋ-

ਮਿਲਖਾ ਸਿੰਘ ਨਾਲ ਵਿਆਹ

ਪਠਾਨਕੋਟ ਤੋਂ ਮਿਹਰ ਚੰਦ ਦੀ ਧੀ ਪੰਜਾਬ ਦੇ ਖੱਤਰੀ ਪਰਿਵਾਰ ਤੋਂ ਸੀ। ਨਿਰਮਲ ਦੀ ਮਿਲਖਾ ਸਿੰਘ ਨਾਲ ਪਹਿਲੀ ਮੁਲਾਕਾਤ 1959 ਵਿੱਚ ਸ਼੍ਰੀਲੰਕਾ ਵਿੱਚ ਹੋਈ ਸੀ, ਮਿਲਖਾ ਐਥਲੀਟ ਵਜੋਂ ਗਏ ਸਨ ਅਤੇ ਨਿਰਮਲ ਵੂਮੈਨ ਵੌਲੀਬਾਲ ਟੀਮ ਦੀ ਕਪਤਾਨ ਸੀ।

ਸਾਲ 1960 ਵਿੱਚ ਨਿਰਮਲ ਨੇ ਡਿਪਟੀ ਫਿਜ਼ੀਕਲ ਐਜੂਕੇਸ਼ਨ ਇੰਸਟ੍ਰਕਟਰ ਵਜੋਂ ਦਿੱਲੀ ਦਾ ਲੇਡੀ ਇਰਵਿਨ ਕਾਲਜ ਜੁਆਇਨ ਕੀਤਾ, ਇਸੇ ਸਮੇਂ ਹੀ ਮਿਲਖਾ ਸਿੰਘ ਨਿਰਮਲ ਨੂੰ ਮਿਲਣ ਜਾਂਦੇ ਸਨ।

2013 ਵਿੱਚ ਬੀਬੀਸੀ ਨਾਲ ਗੱਲ ਕਰਦਿਆਂ ਮਿਲਖਾ ਸਿੰਘ ਨੇ ਕਿਹਾ ਸੀ, "ਯਾਰ ਤੈਨੂੰ ਪਤਾ ਹੈ ਜੋ ਮੈਡਲ 1960 ਵਿੱਚ ਰੋਮ ਵਿੱਚ ਨਹੀਂ ਮਿਲਿਆ ਸੀ ਉਹ ਬਾਅਦ ਵਿੱਚ ਮੈਨੂੰ ਮਿਲ ਗਿਆ।"

ਮਿਲਖਾ ਸਿੰਘ ਨੇ ਕਿਹਾ, "ਮੇਰਾ ਸਭ ਤੋਂ ਵਧੀਆ ਮੈਡਲ ਮੇਰੀ ਪਤਨੀ ਨਿਰਮਲ ਹੈ।" ਜਿਨ੍ਹਾਂ ਨਾਲ ਉਨ੍ਹਾਂ ਦਾ ਵਿਆਹ ਰੋਮ ਓਲੰਪਿਕ ਤੋਂ ਬਾਅਦ ਹੋਇਆ ਸੀ।

2013 ਵਿੱਚ ਬੀਬੀਸੀ ਨਾਲ ਗੱਲ ਕਰਦਿਆਂ ਮਿਲਖਾ ਸਿੰਘ ਨੇ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਦੀ ਪਤਨੀ ਨਿਰਮਲ ਫਰਹਾਨ ਅਖ਼ਤਰ ਅਤੇ ਫਿਲਮ ਦੇ ਨਿਰਦੇਸ਼ਕ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਨਾਲ ਫਿਲਮ 'ਭਾਗ ਮਿਲਖਾ ਭਾਗ' ਦੇਖ ਕੇ ਰੋ ਪਏ ਸਨ।

ਉਨ੍ਹਾਂ ਨੇ ਕਿਹਾ, "ਉਹ ਮੈਨੂੰ ਕਹਿੰਦੇ ਮੈਨੂੰ ਤਾਂ ਫਰਹਾਨ ਨਾਲ ਪਿਆਰ ਹੋ ਗਿਆ ਹੈ। ਉਸ ਮੁੰਡੇ ਨੇ ਅਜਿਹੀ ਐਕਟਿੰਗ ਕੀਤੀ ਹੈ ਕਿ ਮੈਨੂੰ ਸਰਦਾਰ ਜੀ ਦੀ ਜਵਾਨੀ ਯਾਦ ਆ ਗਈ।" ਨਿਰਮਲ ਆਪਣੇ ਪਤੀ ਨੂੰ 'ਸਰਦਾਰ ਜੀ' ਆਖਦੇ ਹੁੰਦੇ ਸੀ।

ਇੰਡੀਅਨ ਐਕਸਪ੍ਰੈੱਸ ਅਖ਼ਬਾਰ ਵਿੱਚ ਮਿਲਖਾ ਸਿੰਘ ਦੀ ਜੀਵਨੀ ਦੇ ਹਵਾਲੇ ਨਾਲ ਲਿਖਿਆ ਹੈ, "ਨਿੰਮੀ ਇੱਕ ਸਮਰਪਿਤ ਪਤਨੀ ਅਤੇ ਮਾਂ ਹੈ। ਮੈਂ ਹੈਰਾਨ ਹੁੰਦਾ ਹਾਂ ਕਿ ਉਹ ਕਿੰਨੀ ਕੁਸ਼ਲਤਾ ਨਾਲ ਆਪਣੇ ਵਿਅਕਤੀਗਤ ਅਤੇ ਪੇਸ਼ੇਵਰ ਜੀਵਨ ਦਾ ਪ੍ਰਬੰਧ ਕਰਦੀ ਹੈ, ਦੋਵਾਂ ਵਿੱਚੋਂ ਕਿਸੇ ਨੂੰ ਫਿੱਕਿਆਂ ਨਹੀਂ ਪੈਣ ਦਿੰਦੀ।"

ਨਿਰਮਲ ਅਤੇ ਮਿਲਖਾ ਸਿੰਘ ਦੀਆਂ ਤਿੰਨ ਧੀਆਂ ਡਾ. ਮੋਨਾ, ਐਲੀਜ਼ਾ ਗਰੋਵਰ, ਸੋਨੀਆ ਸਲਵਾਲਕਾ ਅਤੇ ਇੱਕ ਬੇਟਾ ਜੀਵ ਮਿਲਖਾ ਸਿੰਘ ਹੈ।

ਨਿਰਮਲ ਦੇ ਪਿਤਾ ਅੰਤਰਜਾਤੀ ਵਿਆਹ ਲਈ ਰਾਜ਼ੀ ਨਹੀਂ ਸਨ

ਇੰਡੀਅਨ ਐਕਸਪ੍ਰੈੱਸ ਮੁਤਾਬਕ ਨਿਰਮਲ ਦੇ ਪਿਤਾ ਇਸ ਅੰਤਰਜਾਤੀ ਵਿਆਹ ਦੇ ਖ਼ਿਲਾਫ਼ ਸਨ ਪਰ ਪੰਜਾਬ ਦੇ ਤਤਕਾਲੀ ਪ੍ਰਤਾਪ ਸਿੰਘ ਕੈਰੋਂ ਨੇ ਵਿੱਚ ਪੈ ਕੇ ਉਨ੍ਹਾਂ ਦੇ ਪਿਤਾ ਨੂੰ ਮਨਾਇਆ ਅਤੇ ਆਖ਼ੀਰ ਦੋਵਾਂ ਦਾ ਵਿਆਹ 5 ਮਈ, 1963 ਵਿੱਚ ਹੋਇਆ।

ਨਿਰਮਲ ਨੇ ਇੰਡੀਅਨ ਐਕਸਪ੍ਰੈਸ ਨੂੰ 2019 ਵਿੱਚ ਦੱਸਿਆ ਸੀ, "ਬਹੁਤਿਆਂ ਨੂੰ ਨਹੀਂ ਪਤਾ ਸੀ ਕਿ ਮੈਂ ਹਿੰਦੂ ਪਰਿਵਾਰ ਤੋਂ ਹਾਂ। ਮੈਂ ਮਿਲਖਾ ਸਿੰਘ ਜੀ ਨੂੰ ਆਦਰਸ਼ ਮੰਨਿਆ ਸੀ ਅਤੇ ਉਨ੍ਹਾਂ ਨੇ ਮੇਰੇ ਪਿਤਾ ਜੀ ਨੂੰ ਵਿਆਹ ਲਈ ਮਨਾਇਆ।"

"ਮੇਰੇ ਪਿਤਾ ਜੀ ਇੱਕ ਪੜ੍ਹੇ-ਲਿਖੇ ਵਿਅਕਤੀ ਸਨ ਅਤੇ ਉਹ ਚਾਹੁੰਦੇ ਸਨ ਕਿ ਮੈਂ ਸੱਚੇ ਅਤੇ ਇਮਾਨਦਾਰ ਵਿਅਕਤੀ ਨਾਲ ਵਿਆਹ ਕਰਾਂ, ਜੋ ਮਿਲਖਾ ਸਿੰਘ ਸਨ।"

ਪਿਆਰ ਬਾਰੇ ਨਿਰਮਲ ਦੇ ਵਿਚਾਰ

2019 ਵਿੱਚ ਵੈਲੇਨਟਾਈਨ ਡੇਅ ਮੌਕੇ ਬੀਬੀਸੀ ਨਾਲ ਗੱਲ ਕਰਦਿਆਂ ਨਿਰਮਲ ਮਿਲਖਾ ਸਿੰਘ ਨੇ ਪਿਆਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਸਨ।

ਉਨ੍ਹਾਂ ਨੇ ਕਿਹਾ, "ਅੱਜਕੱਲ੍ਹ ਦਾ ਪਿਆਰ ਹਵਾ 'ਚ ਉੱਡਣ ਵਾਲਾ ਪਿਆਹ ਹੈ, ਤੁਸੀਂ ਇਸ ਦੀ ਸਾਡੇ ਸਮਿਆਂ ਦੇ ਪਿਆਰ ਨਾਲ ਤੁਲਨਾ ਨਹੀਂ ਕਰ ਸਕਦੇ।"

ਉਨ੍ਹਾਂ ਨੇ ਕਿਹਾ, "ਸਾਡੇ ਕੋਈ ਵੈਲਨਟਾਈਨ ਡੇਅ ਨਹੀਂ ਮਨਾਉਂਦਾ। ਉਨ੍ਹਾਂ ਨੇ ਪਹਿਲਾ ਅਜਿਹੇ ਕੋਈ ਡੇਅ ਨਹੀਂ ਹੁੰਦਾ ਸੀ ਪਰ ਅੱਜ ਕੱਲ੍ਹ ਤਾਂ ਰਿਸ਼ਤਿਆਂ ਵਿੱਚ ਸਤਿਕਾਰ ਹੀ ਨਹੀਂ ਰਿਹਾ।"

ਉਨ੍ਹਾਂ ਦੇ ਦੇਹਾਂਤ 'ਤੇ ਕਿਸ ਨੇ ਕੀ ਕਿਹਾ

ਕੇਂਦਰੀ ਸਿੱਖਿਆ ਮੰਤਰੀ ਕਿਰਨ ਰਿਜਿਜੂ ਨੇ ਭਾਰਤੀ ਵੌਲੀਬੌਲ ਦੀ ਸਾਬਕਾ ਕਪਤਾਨ ਨਿਰਮਲ ਮਿਲਖਾ ਸਿੰਘ ਦੇਹਾਂਤ 'ਚੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਲਿਖਿਆ, "ਰੱਬ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਮੈਂ ਮਿਲਖਾ ਸਿੰਘ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦਾ ਹਾਂ।"

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੀ ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਕੈਪਟਨ ਅਮਰਿੰਦਰ ਵੱਲੋਂ ਵੀ ਨਿਰਮਲ ਮਿਲਖਾ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ, "ਕੋਵਿਡ ਤੋਂ ਬਾਅਦ ਬਿਮਾਰੀ ਕਾਰਨ ਨਿਰਮਲ ਮਿਲਖਾ ਸਿੰਘ ਦੀ ਮੌਤ ਕਾਰਨ ਬੇਹੱਦ ਦੁੱਖ ਪਹੁੰਚਿਆ ਹੈ। ਉਹ ਭਾਰਤੀ ਵੌਲੀਬੌਲ ਟੀਮ ਦੀ ਕਪਤਾਨ ਵੀ ਰਹੇ ਹਨ ਅਤੇ ਸ਼ਾਨਦਾਰ ਖਿਡਾਰਨ ਸਨ। ਪਰਿਵਾਰ ਅਤੇ ਦੋਸਤਾਂ ਨਾਲ ਮੇਰੀ ਦਿਲੀ ਹਮਦਰਦੀ ਹੈ।"

ਅਕਾਲੀ ਦਲ ਦੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਟਵਿੱਟਰ ਹੈਂਡਲ 'ਤੇ ਲਿਖਿਆ, "ਮੇਰੀ ਹਮਦਰਦੀ ਫਲਾਇੰਗ ਮਿਲਖਾ ਸਿੰਘ ਨਾਲ ਹੈ ਅਤੇ ਉਨ੍ਹਾਂ ਦੀ ਪਤਨੀ ਤੇ ਸਾਬਕਾ ਇੰਡੀਅ ਵੌਲੀਬੌਲ ਟੀਮ ਦੀ ਕਪਤਾਨ ਦੇ ਦੇਹਾਂਤ ਦੁੱਖ ਪਹੁੰਚਿਆ ਹੈ।"

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਿਰਮਲ ਮਿਲਖਾ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)