ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

    • ਲੇਖਕ, ਮਿਸਬਾਹ ਮੰਸੂਰੀ
    • ਰੋਲ, ਬੀਬੀਸੀ ਟ੍ਰੈਵਲ

ਸੁਨਹਿਰੀ ਲਹਿਰਾਂ, ਸਮੁੰਦਰ ਦਾ ਸੁਰਖ਼ ਕਿਨਾਰਾ ਅਤੇ ਲੂਣ ਦੀਆਂ ਸ਼ਾਨਦਾਰ ਖਾਨਾਂ ਵਾਲਾ ਈਰਾਨ ਦਾ ਹੋਮੁਰਜ਼ ਜਜ਼ੀਰਾ ਖੂਬਸੂਰਤ ਨਜ਼ਾਰਿਆਂ ਦਾ ਭੰਡਾਰ ਹੈ।

ਇਸਨੂੰ ਭੂ-ਵਿਗਿਆਨੀਆਂ ਦਾ ਡਿਜ਼ਨੀਲੈਂਡ ਵੀ ਕਿਹਾ ਜਾਂਦਾ ਹੈ।

ਮੈਂ ਦੱਖਣੀ ਈਰਾਨ ਵਿੱਚ ਹੋਮੁਰਜ਼ ਟਾਪੂ ਦੇ ਤੱਟ 'ਤੇ ਇੱਕ ਲਾਲ ਪਹਾੜੀ ਦੀ ਤਲਹੱਟੀ ਵਿੱਚ ਖੜ੍ਹਾ ਸੀ, ਮੇਰੇ ਟੂਰ ਗਾਈਡ ਫਰਜ਼ਾਦ ਨੇ ਸੁਝਾਅ ਦਿੱਤਾ ''ਤੁਹਾਨੂੰ ਇਸ ਮਿੱਟੀ ਦਾ ਸਵਾਦ ਚੱਖਣਾ ਚਾਹੀਦਾ ਹੈ।''

ਇਸ ਖੂਬਸੂਰਤ ਪਹਾੜੀ ਦਾ ਲਾਲ ਪਰਛਾਵਾਂ, ਪਾਣੀ ਦੀਆਂ ਲਹਿਰਾਂ ਅਤੇ ਕਿਨਾਰੇ 'ਤੇ ਛਾਇਆ ਹੋਇਆ ਸੀ।

ਮੈਂ ਘਬਰਾ ਕੇ ਆਪਣੇ ਗਾਈਡ ਦੀ ਸਲਾਹ ਮੰਨਣ ਬਾਰੇ ਸੋਚਿਆ ਪਰ ਅਸਲ ਵਿੱਚ ਮੈਂ ਅਜੇ ਵੀ ਉਸ ਰਹੱਸਮਈ ਅਤੇ ਖਣਿਜਾਂ ਨਾਲ ਭਰੇ ਨਜ਼ਾਰੇ ਬਾਰੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ।

ਫਾਰਸ ਦੀ ਖਾੜੀ

ਈਰਾਨ ਦੇ ਤੱਟ ਤੋਂ 8 ਕਿਲੋਮੀਟਰ ਦੂਰ, ਫਾਰਸ ਦੀ ਖਾੜੀ ਦੇ ਨੀਲੇ ਪਾਣੀ ਵਿੱਚ ਹੋਮੁਰਜ਼ ਟਾਪੂ ਨੂੰ ਜੇ ਆਸਮਾਨ ਤੋਂ ਵੇਖੋ ਤਾਂ ਇਹ ਇੱਕ ਹੰਝੂ ਵਰਗਾ ਜਾਪਦਾ ਹੈ।

ਇਹ ਪਹਾੜ ਲੂਣ (ਨਮਕ) ਦੇ ਟਿੱਲੇ ਹਨ। ਜਿਨ੍ਹਾਂ ਵਿੱਚ ਕਈ ਪ੍ਰਕਾਰ ਦੇ ਪੱਥਰ, ਮਿੱਟੀ ਅਤੇ ਲੋਹੇ ਨਾਲ ਭਰਭੂਰ ਜਵਾਲਾਮੁਖੀ ਚੱਟਾਨਾਂ ਹਨ, ਜੋ ਕਿ ਲਾਲ, ਪੀਲੇ ਅਤੇ ਸੰਤਰੀ ਰੰਗਾਂ ਨਾਲ ਚਮਕਦੀਆਂ ਹਨ।

ਇੱਥੇ 70 ਤੋਂ ਜ਼ਿਆਦਾ ਕਿਸਮਾਂ ਦੇ ਖਣਿਜ ਪਾਏ ਜਾਂਦੇ ਹਨ। 42 ਕਿਲੋਮੀਟਰ ਖੇਤਰ ਵਾਲੇ ਇਸ ਟਾਪੂ ਦਾ ਇੱਕ-ਇੱਕ ਇੰਚ, ਇਸਦੇ ਨਿਰਮਾਣ ਦੀ ਕਹਾਣੀ ਦੱਸਦਾ ਨਜ਼ਰ ਆਉਂਦਾ ਹੈ।

ਡਾਕਟਰ ਕੈਥਰੀਨ ਗੋਡਾਈਨੋਵ ਈਰਾਨ ਵਿੱਚ ਕੰਮ ਕਰ ਚੁੱਕੇ ਹਨ ਅਤੇ ਵਰਤਮਾਨ ਵਿੱਚ ਬ੍ਰਿਟਿਸ਼ ਭੂ-ਵਿਗਿਆਨਿਕ ਸਰਵੇਖਣ ਦੇ ਪ੍ਰਧਾਨ ਭੂ-ਵਿਗਿਆਨੀ ਹਨ।

ਉਨ੍ਹਾਂ ਮੁਤਾਬਕ, ਲੱਖਾਂ ਸਾਲ ਪਹਿਲਾਂ ਫਾਰਸ ਦੀ ਖਾੜੀ ਵਿੱਚਲੇ ਸਮੁੰਦਰਾਂ ਨੇ ਲੂਣ ਦੀਆਂ ਮੋਟੀਆਂ ਪਰਤਾਂ ਦਾ ਨਿਰਮਾਣ ਕੀਤਾ ਸੀ।

ਲੂਣ ਦੀਆਂ ਖਾਣਾਂ

ਲੂਣ ਦੀਆਂ ਇਹ ਪਰਤਾਂ ਖਣਿਜਾਂ ਨਾਲ ਭਰੀਆਂ ਜਵਾਲਾਮੁਖੀ ਚੱਟਾਨਾਂ ਨਾਲ ਟਕਰਾਈਆਂ ਅਤੇ ਉਨ੍ਹਾਂ ਦੇ ਮਿਲਣ ਨਾਲ ਇਸ ਰੰਗੀਨ ਭੂ-ਭਾਗ ਦਾ ਨਿਰਮਾਣ ਹੋਇਆ।

ਡਾਕਟਰ ਗੋਡਾਈਨੋਵ ਕਹਿੰਦੇ ਹਨ, ''ਪਿਛਲੇ 50 ਕਰੋੜ ਸਾਲਾਂ ਦੌਰਾਨ ਲੂਣ ਦੀਆਂ ਪਰਤਾਂ ਜਵਾਲਾਮੁਖੀ ਦੀਆਂ ਪਰਤਾਂ ਹੇਠ ਦੱਬੀਆਂ ਗਈਆਂ।''

ਹੰਝੂ ਵਰਗਾ ਟਾਪੂ

  • ਈਰਾਨ ਦੇ ਤੱਟ ਤੋਂ 8 ਕਿਲੋਮੀਟਰ ਦੂਰ, ਫਾਰਸ ਦੀ ਖਾੜੀ ਦੇ ਨੀਲੇ ਪਾਣੀ ਵਿੱਚ ਹੋਮੁਰਜ਼ ਟਾਪੂ ਨੂੰ ਜੇ ਆਸਮਾਨ ਤੋਂ ਵੇਖੋ ਤਾਂ ਇਹ ਇੱਕ ਹੰਝੂ ਵਰਗਾ ਜਾਪਦਾ ਹੈ।
  • ਕਈ ਕਿਲੋਮੀਟਰ ਵਿੱਚ ਫੈਲੇ ਇਸ ਪਹਾੜ ਦੀਆਂ ਕਈ ਕੰਧਾਂ ਅਤੇ ਗੁਫਾਵਾਂ ਲੂਣ ਦੇ ਚਮਕੀਲੇ ਕ੍ਰਿਸਟਲਾਂ ਨਾਲ ਭਰੀਆਂ ਪਈਆਂ ਹਨ।
  • ਟਾਪੂ ਦੇ ਦੱਖਣੀ-ਪੱਛਮੀ ਇਲਾਕੇ ਵਿੱਚ 'ਇੰਦਰਧਨੁਸ਼ ਟਾਪੂ' ਹੈ, ਜਿੱਥੇ ਬਹੁਰੰਗੀ ਮਿੱਟੀ ਹੈ ਤੇ ਲਾਲ, ਪੀਲੇ ਤੇ ਨੀਲੇ ਰੰਗਾਂ ਦੇ ਪਹਾੜ ਹਨ।
  • ਈਰਾਨ ਦੇ ਪੋਰਟਸ ਐਂਡ ਮੈਰੀਟਾਈਮ ਆਰਗੇਨਾਈਜ਼ੇਸ਼ਨ ਦੇ ਅਨੁਸਾਰ, ਸਾਲ 2019 ਵਿੱਚ ਇੱਥੇ ਕੇਵਲ 18,000 ਸੈਲਾਨੀ ਆਏ
  • ਹੋਮੁਰਜ਼ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਇਹ ਥਾਂ ਸੈਰ-ਸਪਾਟੇ ਦਾ ਇੱਕ ਵਿਸ਼ੇਸ਼ ਕੇਂਦਰ ਹੋ ਸਕਦੀ ਹੈ

ਕਿਉਂਕਿ ਲੂਣ ਪਾਣੀ ਦੀ ਸਤਹਿ ਉੱਪਰ ਤੈਰ ਸਕਦਾ ਹੈ, ਇਸ ਲਈ ਸਮੇਂ ਦੇ ਨਾਲ-ਨਾਲ ਇਹ ਲੂਣ ਚੱਟਾਨਾਂ ਵਿਚਲੀਆਂ ਦਰਾਰਾਂ 'ਚੋਂ ਰਿਸਦਾ ਰਿਹਾ ਅਤੇ ਇਸਨੇ ਸਤਹਿ 'ਤੇ ਪਹੁੰਚ ਕੇ ਲੂਣ ਦੇ ਟਿੱਲੇ ਬਣਾ ਦਿੱਤੇ।

ਉਨ੍ਹਾਂ ਦਾ ਕਹਿਣਾ ਹੈ ਕਿ ਫਾਰਸ ਦੀ ਖਾੜੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ, ਜ਼ਮੀਨ ਦੇ ਹੇਠਾਂ ਲੂਣ ਦੀਆਂ ਮੋਟੀਆਂ ਪਰਤਾਂ ਮੌਜੂਦ ਹਨ।

ਇਸੇ ਭੂਗੋਲਿਕ ਪ੍ਰਕਿਰਿਆ ਨਾਲ ਸੁਨਹਿਰੀ ਧਾਰਾਵਾਂ, ਲਾਲ ਸਮੁੰਦਰੀ ਕਿਨਾਰਾ ਅਤੇ ਲੂਣ ਦੀਆਂ ਖਾਣਾਂ ਬਣੀਆਂ ਹਨ।

ਰੇਨਬੋ ਟਾਪੂ

ਹੋਮੁਰਜ਼ ਨੂੰ 'ਰੇਨਬੋ ਆਈਲੈਂਡ' ਭਾਵ ਇੰਦਰਧਨੁਸ਼ ਟਾਪੂ ਕਿਹਾ ਜਾਂਦਾ ਹੈ।

ਜਿਸਦਾ ਕਾਰਨ ਹੈ ਇੱਥੇ ਚਮਕਦੇ ਹੋਏ ਅਨੋਖੇ ਰੰਗ ਅਤੇ ਇਹ ਜਾਣ ਕੇ ਤੁਹਾਨੂੰ ਹੋਰ ਵੀ ਹੈਰਾਨੀ ਹੋਵੇਗੀ ਕਿ ਇਹ ਦੁਨੀਆ ਦਾ ਇਕਲੌਤਾ ਪਹਾੜ ਹੈ ਜਿਸਨੂੰ ਖਾਇਆ ਜਾ ਸਕਦਾ ਹੈ।

ਇਸੇ ਕਾਰਨ ਮੇਰੇ ਟੂਰ ਗਾਈਡ ਨੇ ਵੀ ਇਸਦਾ ਸਵਾਦ ਲੈਣ ਦੀ ਸਲਾਹ ਦਿੱਤੀ ਸੀ।

ਇਸ ਪਹਾੜ ਦੀ ਲਾਲ ਮਿੱਟੀ ਨੂੰ 'ਗੇਲਿਕ' ਕਿਹਾ ਜਾਂਦਾ ਹੈ, ਜੋ ਕਿ ਹੈਮੇਟਾਈਟ ਕਾਰਨ ਅਜਿਹੀ ਦਿਖਾਈ ਦਿੰਦੀ ਹੈ।

ਮੰਨਿਆ ਜਾਂਦਾ ਹੈ ਕਿ ਅਜਿਹਾ ਇਸ ਟਾਪੂ ਦੀਆਂ ਜਵਾਲੀਮੁਖੀ ਚੱਟਾਨਾਂ ਵਿੱਚ ਪਾਏ ਜਾਣ ਵਾਲੇ ਆਇਰਨ ਆਕਸਾਈਡ ਦੇ ਕਾਰਨ ਹੋਇਆ ਹੈ।

ਇਹ ਖਣਿਜ ਨਾ ਕੇਵਲ ਉਦਯੋਗਿਕ ਉਦੇਸ਼ਾਂ ਲਈ ਕੀਮਤੀ ਹੈ ਬਲਕਿ ਸਥਾਨਕ ਵਿਅੰਜਨਾਂ ਵਿੱਚ ਵੀ ਇਸਦੀ ਮਹੱਤਵਪੂਰਨ ਭੂਮਿਕਾ ਹੈ।

ਭੋਜਨ ਵਿੱਚ ਇਸਦਾ ਪ੍ਰਯੋਗ ਮਸਾਲੇ ਵਜੋਂ ਕੀਤਾ ਜਾਂਦਾ ਹੈ। ਇਹ ਕਰੀ ਵਿੱਚ ਮਿੱਟੀ ਵਾਂਗ ਲੱਗਦਾ ਹੈ ਤੇ ਸਥਾਨਕ ਡਬਲ ਬ੍ਰੈੱਡ ਤੋਮਸ਼ੀ ਨਾਲ ਬਹੁਤ ਸਵਾਦ ਨਾਲ ਖਾਧਾ ਜਾਂਦਾ ਹੈ।

'ਤੋਮਸ਼ੀ' ਦਾ ਮਤਲਬ ਹੁੰਦਾ ਹੈ, ਕਿਸੇ ਚੀਜ਼ ਦਾ ਬਹੁਤ ਜ਼ਿਆਦਾ ਹੋਣਾ। ਫਰਜ਼ਾਦ ਦੇ ਪਤਨੀ ਮਰੀਅਮ ਕਹਿੰਦੇ ਹਨ, ''ਲਾਲ ਮਿੱਟੀ ਨੂੰ ਚੱਟਣੀ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ।''

ਇਸ ਚੱਟਣੀ ਨੂੰ ਸੁਰਖ਼ (ਲਾਲ) ਕਹਿੰਦੇ ਹਨ ਅਤੇ ਇਸਨੂੰ ਡਬਲ ਰੋਟੀ ਪਕਾਉਣ ਸਮੇਂ ਉਸ ਉੱਪਰ ਲਗਾਇਆ ਜਾਂਦਾ ਹੈ।

ਭੋਜਨ ਵਿੱਚ ਇਸਤੇਮਾਲ ਹੋਣ ਤੋਂ ਇਲਾਵਾ, ਇਸ ਮਿੱਟੀ ਦਾ ਪ੍ਰਯੋਗ ਸਥਾਨਕ ਕਲਾਕਾਰਾਂ ਦੁਆਰਾ ਚਿੱਤਰਕਾਰੀ ਲਈ ਵੀ ਕੀਤਾ ਜਾਂਦਾ ਹੈ।

ਲੋਕ ਆਪਣੇ ਕੱਪੜਿਆਂ ਨੂੰ ਰੰਗਣ ਲਈ ਇਸਨੂੰ ਵਰਤਦੇ ਹਨ। ਨਾਲ ਹੀ, ਉਹ ਸੇਰਾਮਿਕ ਤੇ ਮੇਕਅਪ ਦਾ ਸਮਾਨ ਬਣਾਉਣ ਲਈ ਵੀ ਇਸਦਾ ਇਸਤੇਮਾਲ ਕਰਦੇ ਹਨ।

ਲੂਣ ਦਾ ਸਕਾਰਾਤਮਕ ਪ੍ਰਭਾਵ

ਇਸ ਲਾਲ ਪਹਾੜ ਤੋਂ ਇਲਾਵਾ, ਇਸ ਟਾਪੂ 'ਤੇ ਵੇਖਣ ਲਈ ਹੋਰ ਵੀ ਕਈ ਚੀਜ਼ਾਂ ਹਨ। ਟਾਪੂ ਦੇ ਪੱਛਮ ਵਿੱਚ ਲੂਣ ਦਾ ਇੱਕ ਸ਼ਾਨਦਾਰ ਪਹਾੜ ਹੈ ਜਿਸਨੂੰ 'ਨਮਕ ਦੇਵੀ' ਕਿਹਾ ਜਾਂਦਾ ਹੈ।

ਕਈ ਕਿਲੋਮੀਟਰ ਵਿੱਚ ਫੈਲੇ ਇਸ ਪਹਾੜ ਦੀਆਂ ਕਈ ਕੰਧਾਂ ਅਤੇ ਗੁਫਾਵਾਂ ਲੂਣ ਦੇ ਚਮਕੀਲੇ ਕ੍ਰਿਸਟਲਾਂ ਨਾਲ ਭਰੀਆਂ ਪਈਆਂ ਹਨ। ਜੋ ਵੇਖਣ ਵਿੱਚ ਕਿਸੇ ਆਲੀਸ਼ਾਨ ਸੰਗਮਰਮਰ ਦੇ ਮਹਿਲ ਦੇ ਥਮ੍ਹਾਂ ਵਾਂਗ ਲੱਗਦੀਆਂ ਹਨ।

ਸਥਾਨਕ ਲੋਕਾਂ ਦਾ ਵਿਸ਼ਵਾਸ ਹੈ ਕਿ ਇਸ ਲੂਣ ਵਿੱਚ ਨਕਾਰਾਤਮਕ ਊਰਜਾ ਤੇ ਵਿਚਾਰਾਂ ਨੂੰ ਸੋਖਣ ਅਤੇ ਨਸ਼ਟ ਕਰਨ ਦੀ ਸ਼ਕਤੀ ਹੈ।

ਮੇਰੇ ਟੂਰ ਗਾਈਡ ਨੇ ਸਲਾਹ ਦਿੱਤੀ ਕਿ ਇੱਥੇ ਜਾਣ ਵੇਲੇ ਮੈਂ ਆਪਣੇ ਜੁੱਤੇ ਉਤਾਰ ਦਿਆਂ ਤਾਂ ਜੋ ਮੇਰੇ ਪੈਰ ਉਸ ਲੂਣ ਨੂੰ ਛੂਹ ਸਕਣ।

ਗਾਈਡ ਨੇ ਕਿਹਾ, ''ਇੱਥੋਂ ਦੇ ਲੂਣ ਦਾ ਸਕਾਰਾਤਮਕ ਪ੍ਰਭਾਵ ਪੈਂਦਾ ਹੈ।''

ਤਾਕਤ ਦੀ ਘਾਟੀ

ਇਸ ਘਾਟੀ ਵਿੱਚ ਸਮਾਂ ਬਿਤਾਉਣ ਤੋਂ ਬਾਅਦ ਤੁਹਾਨੂੰ ਬਹੁਤ ਊਰਜਾ ਮਹਿਸੂਸ ਹੁੰਦੀ ਹੈ ਤੇ ਇਸੇ ਕਾਰਨ ਇਸਨੂੰ 'ਤਾਕਤ ਦੀ ਘਾਟੀ' ਵੀ ਕਿਹਾ ਜਾਂਦਾ ਹੈ।

ਇਸ ਟਾਪੂ ਦੇ ਦੱਖਣੀ-ਪੱਛਮੀ ਇਲਾਕੇ ਵਿੱਚ 'ਇੰਦਰਧਨੁਸ਼ ਟਾਪੂ' ਹੈ, ਜਿੱਥੇ ਬਹੁਰੰਗੀ ਮਿੱਟੀ ਹੈ ਤੇ ਲਾਲ, ਪੀਲੇ ਤੇ ਨੀਲੇ ਰੰਗਾਂ ਦੇ ਪਹਾੜ ਹਨ।

ਤੁਰਦੇ-ਤੁਰਦੇ ਮੈਂ ਦੇਖਿਆ ਕਿ ਇੱਥੇ ਭਿੰਨ-ਭਿੰਨ ਆਕਾਰਾਂ ਦੇ ਪੱਥਰ ਧੁੱਪ ਪੈਣ ਨਾਲ ਚਮਕਦੇ ਹਨ।

ਨੇੜੇ ਹੀ 'ਮੂਰਤੀਆਂ ਦੀ ਘਾਟੀ' ਹੈ, ਜਿੱਥੇ ਤੇਜ਼ ਹਵਾਵਾਂ ਕਾਰਨ ਚਟਾਨਾਂ ਨੇ ਬਹੁਤ ਸੋਹਣੇ ਆਕਾਰ ਲੈ ਲਏ ਹਨ।

ਮੈਂ ਪੰਛੀਆਂ, ਡ੍ਰੈਗਨ ਅਤੇ ਪ੍ਰਾਚੀਨ ਕਹਾਣੀਆਂ ਦੇ ਜੀਵਾਂ ਨੂੰ ਵੇਖ ਸਕਦਾ ਸੀ। ਇੱਥੇ ਇਹ ਇੰਝ ਜਾਪਦਾ ਹੈ ਜਿਵੇਂ ਧਰਤੀ ਆਪ ਆਪਣੀ ਕਲਾ ਦੀ ਪ੍ਰਸ਼ੰਸਾ ਕਰ ਰਹੀ ਹੋਵੇ।

ਇਨਾਂ ਖੂਬਸੂਰਤ ਅਤੇ ਰੰਗ-ਬਿਰੰਗਾ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਇਸ ਟਾਪੂ ਤੋਂ ਅਣਜਾਣ ਹਨ।

ਈਰਾਨ ਦੇ ਪੋਰਟਸ ਐਂਡ ਮੈਰੀਟਾਈਮ ਆਰਗੇਨਾਈਜ਼ੇਸ਼ਨ ਦੇ ਅਨੁਸਾਰ, ਸਾਲ 2019 ਵਿੱਚ ਇੱਥੇ ਕੇਵਲ 18,000 ਸੈਲਾਨੀ ਆਏ ਸਨ।

ਇੱਕ ਸਥਾਨਕ ਨਿਵਾਸੀ ਇਰਸ਼ਾਦ ਸ਼ਾਨ ਨੇ ਸਾਨੂੰ ਦੱਸਿਆ ਕਿ ''ਇਤਿਹਾਸਿਕ ਅਤੇ ਕੁਦਰਤੀ ਤੌਰ 'ਤੇ ਸੈਰ-ਸਪਾਟੇ ਵਾਲੇ ਸਾਰੇ ਦਿਲਚਸਪ ਪਹਿਲੂਆਂ ਦੇ ਬਾਵਜੂਦ, ਇਸ ਕੁਦਰਤੀ ਖੂਬਸੂਰਤ ਸਥਾਨ ਨੂੰ ਪੂਰੀ ਤਰ੍ਹਾਂ ਨਾਲ ਸੈਰ-ਸਪਾਟੇ ਵਾਲੀ ਥਾਂ ਵਿੱਚ ਤਬਦੀਲ ਨਹੀਂ ਕੀਤਾ ਜਾ ਸਕਿਆ ਹੈ।

ਉਨ੍ਹਾਂ ਕਿਹਾ, ''ਜੇਕਰ ਹੋਮੁਰਜ਼ ਦੇ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਵਧੇਰੇ ਧਿਆਨ ਦਿੱਤਾ ਜਾਂਦਾ ਹੈ ਤਾਂ ਇਹ ਥਾਂ ਸੈਰ-ਸਪਾਟੇ ਦਾ ਇੱਕ ਵਿਸ਼ੇਸ਼ ਕੇਂਦਰ ਹੋ ਸਕਦੀ ਹੈ।''

ਦੁਨੀਆ ਦਾ ਧਿਆਨ

ਇੱਥੇ ਸਥਾਨਕ ਲੋਕ, ਸੈਲਾਨੀਆਂ ਨੂੰ ਆਪਣੇ ਘਰਾਂ ਦਾ ਬਣਿਆ ਹੋਇਆ ਭੋਜਨ ਕਰਾਉਂਦੇ ਹਨ ਅਤੇ ਵੇਖਣ ਵਾਲੀਆਂ ਥਾਵਾਂ 'ਤੇ ਜਾਣ ਲਈ ਉਨ੍ਹਾਂ ਨੂੰ ਆਪਣੀ ਮੋਟਰਸਾਈਕਲ ਜਾਂ ਰਿਕਸ਼ਾ ਵੀ ਉਪਲੱਬਧ ਕਰਾਉਂਦੇ ਹਨ।

ਸ਼ਾਨ ਕਹਿੰਦੇ ਹਨ, ''ਸਾਨੂੰ ਲੱਗਦਾ ਹੈ ਕਿ ਹੋਮੁਰਜ਼ ਲਈ ਅਜਿਹਾ ਕਰਨਾ ਸਾਡੀ ਜ਼ਿੰਮੇਦਾਰੀ ਹੈ।''

ਉਹ ਕਹਿੰਦੇ ਹਨ, ''ਇਹ ਇੱਕ ਬਹੁਤ ਵਿਲੱਖਣ ਗੱਲ ਹੈ ਤੇ ਸਾਡੀ ਪਹਿਚਾਣ ਦਾ ਹਿੱਸਾ ਹੈ। ਅਸੀਂ ਇਸ ਕੁਦਰਤੀ ਵਿਰਾਸਤ ਵੱਲ ਦੁਨੀਆ ਦਾ ਧਿਆਨ ਆਕਰਸ਼ਿਤ ਕਰਨ ਲਈ ਆਪਣੀ ਭੂਮਿਕਾ ਨਿਭਾਉਣਾ ਚਾਹੁੰਦੇ ਹਾਂ।''

ਜਦੋਂ ਮੈਂ ਇੱਥੋਂ ਦੀ ਮੱਛੀ, ਲਾਲ ਪਿਆਜ, ਨਿੰਬੂ ਅਤੇ ਮਾਲਟਾ ਖਾਇਆ ਤਾਂ ਸੁਗੰਧ ਭਰੀ ਤੇ ਮਸਾਲੇਦਾਰ ਕਰੀ ਨੇ ਮੈਨੂੰ ਇਹ ਸੋਚਣ 'ਤੇ ਮਜਬੂਰ ਕਰ ਦਿੱਤਾ ਕਿ ਹੋਮੁਰਜ਼ ਬੇਸ਼ੱਕ ''ਭੂ-ਵਿਗਿਆਨੀਆਂ ਦਾ ਡਿਜ਼ਨੀਲੈਂਡ'' ਹੈ ਅਤੇ ਇਥੋਂ ਦੀ ਮਿੱਟੀ ਨੂੰ ਖਾਇਆ ਜਾ ਸਕਦਾ ਹੈ।

ਉਹ ਖਾਸ ਮਿੱਟੀ, ਜੋ ਇੱਥੋਂ ਦੇ ਲੋਕਾਂ ਦੇ ਅੰਦਰ ਵਸੀ ਹੋਈ ਹੈ ਅਤੇ ਇਸੇ ਕਾਰਨ ਉਨ੍ਹਾਂ ਲੋਕਾਂ ਨੂੰ ਵੀ ਬਹੁਤ ਖਾਸ ਬਣਾ ਦਿੰਦੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)