ਜਰਮਨੀ: ਹੀਰਿਆਂ 'ਚ ਮੜ੍ਹਿਆ ਸ਼ਹਿਰ ਨੋਰਡਲਿੰਗਿਨ

    • ਲੇਖਕ, ਮੈਥਿਊ ਵਿਕਰੀ
    • ਰੋਲ, ਬੀਬੀਸੀ ਟਰੈਵਲ

ਨੋਰਡਲਿੰਗਿਨ, ਜਰਮਨੀ ਦੇ ਚਰਚ ਦੀਆਂ ਪੌੜ੍ਹੀਆਂ ਚੜ੍ਹਦਿਆਂ ਮੈਨੂੰ ਕੁੱਝ ਅਜੀਬ ਜਿਹਾ ਮਹਿਸੂਸ ਹੋਇਆ। ਇਸ ਤਰ੍ਹਾਂ ਲੱਗਿਆ ਜਿਵੇਂ ਕੁੱਝ ਡਲਕਾਂ ਪਿਆ ਮਾਰ ਰਿਹਾ ਹੋਵੇ ਮੈਂ ਹਾਲੇ ਆਪਣੀਆਂ ਹੀ ਕਿਆਸ ਅਰਾਈਆਂ ਲਾ ਰਿਹਾ ਸੀ ਕਿ ਚੌਕੀਦਾਰ ਦੀ ਅਵਾਜ ਸੁਣਾਈ ਦਿੱਤੀ।

"ਇਹ ਤਾਂ ਜੀ ਹੀਰਿਆਂ ਕਰਕੇ ਹੈ, ਸਾਰਾ ਮੀਨਾਰ ਹੀ ਸੁਵੀਟ ਪੱਥਰ ਦਾ ਬਣਿਆ ਹੋਇਆ ਹੈ। ਇਸ ਪੱਥਰ 'ਚ ਨਿੱਕੇ-ਨਿੱਕੇ ਹੀਰੇ ਹਨ ਜੀ। ਜਨਾਬ ਖੁਸ਼ਨਸੀਬੀ ਤਾਂ ਇਹ ਹੈ ਕਿ ਇਹ ਇੰਨ੍ਹੇ ਨਿੱਕੇ ਹਨ ਨਹੀਂ ਤਾਂ ਮੀਨਾਰ ਕਦੋਂ ਦਾ ਡੇਗ ਲੈਂਦੇ" ਉਸਦਾ ਚਿਹਰਾ ਹੀਰਿਆਂ ਵਰਗੀ ਮੁਸਕਰਾਹਟ ਨਾਲ ਚਮਕ ਉੱਠਿਆ।

ਉਸ ਨੇ ਭਾਵੇਂ ਮਜ਼ਾਕ ਵਿੱਚ ਹੀ ਕਿਹਾ ਸੀ ਪਰ ਸੀ ਗੱਲ ਸੋਲਾਂ ਆਨੇ ਸੱਚ।

ਅਣਜਾਣੇ ਵਿੱਚ ਉਸਰਿਆ ਹੀਰਿਆਂ ਦਾ ਸ਼ਹਿਰ

ਜਦੋਂ ਸ਼ੁਰੂ-ਸ਼ੁਰੂ ਵਿੱਚ ਲੋਕ ਇੱਥੇ ਆ ਕੇ ਵਸੇ ਤਾਂ ਉਨ੍ਹਾਂ ਨੂੰ ਕੀ ਪਤਾ ਸੀ ਕਿ ਜਿਸ ਪੱਥਰ ਦੀ ਉਹ ਉਸਾਰੀ ਲਈ ਵਰਤੋਂ ਕਰ ਰਹੇ ਸਨ ਉਸ ਵਿੱਚ ਬੇਸ਼ੁਮਾਰ ਹੀਰੇ ਪਏ ਹਨ। ਜੋ ਪੂਰੀ ਧਰਤੀ 'ਤੇ ਹੋਰ ਕਿਤੇ ਨਹੀਂ ਮਿਲਦੇ। ਇਹ ਜਾਣਕਾਰੀ 9ਵੀਂ ਸਦੀ ਈਸਾ ਮਗਰੋਂ ਦੇ ਰਿਕਾਰਡ ਤੋਂ ਮਿਲਦੀ ਹੈ।

ਕੋਈ 1 ਕਰੋੜ 50 ਲੱਖ ਸਾਲ ਪਹਿਲਾਂ ਇੱਕ ਉਲਕਾ ਇੱਥੇ ਆ ਟਕਰਾਈ ਸੀ।

25 ਕਿਲੋ ਮੀਟਰ ਪ੍ਰਤੀ ਸਕਿੰਟ ਦੀ ਗਤੀ ਨਾਲ 1 ਕਿਲੋ ਮੀਟਰ ਵਿਆਸ ਦਾ ਇਹ ਪਿੰਡ ਐਨੀ ਤੇਜੀ ਨਾਲ ਆਣ ਵੱਜਿਆ ਕਿ ਇਸ ਨੇ 26 ਕਿਲੋ ਮੀਟਰ ਵਿਆਸ ਦਾ ਟੋਆ ਪਾ ਦਿੱਤਾ, ਜਿਸ ਵਿੱਚ ਹੁਣ ਇਹ ਸ਼ਹਿਰ ਆਬਾਦ ਹੈ।

ਇਹ ਟੱਕਰ ਐਨੀ ਅਸਰਦਾਰ ਸੀ ਅਤੇ ਐਨਾ ਤਾਪ ਤੇ ਦਬਾਅ ਪੈਦਾ ਹੋਇਆ ਕਿ ਧਰਤੀ ਦੀ ਸਤਹਿ 'ਤੇ ਮੌਜੂਦ ਕਾਰਬਨ ਦੇ ਬੁਲਬੁਲੇ ਅਚਾਨਕ ਹੀਰਿਆਂ ਵਿੱਚ ਤਬਦੀਲ ਹੋ ਗਏ।

ਇਸ ਅਗਿਆਨਤਾ ਵਿੱਚ ਹੀ ਲੋਕਾਂ ਨੇ ਉਸੇ ਪੱਥਰ ਨਾਲ ਉਸਾਰੀ ਸ਼ੁਰੂ ਕਰ ਦਿੱਤੀ। ਨਤੀਜੇ ਵਜੋਂ ਧਰਤੀ ਦਾ ਇੱਕਲੌਤਾ ਹੀਰਿਆਂ ਜੜਿਆ ਸ਼ਹਿਰ ਤਾਮੀਰ ਹੋ ਗਿਆ।

ਕਾਫ਼ੀ ਸਮਾਂ ਅਜਾਣ ਰਹੇ ਨਿਵਾਸੀ

ਇਹ ਹੀਰੇ ਐਨੇ ਮਹੀਨ ਹਨ ਕਿ ਨੰਗੀ ਅੱਖ ਨਾਲ ਵੇਖਿਆਂ ਮੁਸ਼ਕਿਲ ਨਾਲ ਹੀ ਨਜ਼ਰ ਆਉਂਦੇ ਹਨ। ਲੋਕ ਇਹ ਤਾਂ ਮੰਨਦੇ ਸਨ ਕਿ ਨਗਰ ਕਿਸੇ ਜਵਾਲਾਮੁਖੀ ਦੇ ਮੁਹਾਣੇ 'ਤੇ ਆਬਾਦ ਹੈ ਪਰ ਹੀਰਿਆਂ ਦੀ ਗੱਲ ਤੋਂ ਅਣਜਾਣ ਸਨ।

ਇੱਥੋਂ ਦੇ ਇੱਕ ਬਾਸ਼ਿੰਦੇ ਰੋਸਵਿਧਾ ਫੀਲ ਨੇ ਦੱਸਿਆ ਕਿ ਸ਼ਹਿਰ ਦੀ ਫ਼ਸੀਲ ਦੇ ਅੰਦਰ ਸਭ ਉਸੇ ਉਲਕਾ ਪ੍ਰਭਾਵਿਤ ਪੱਥਰ ਦਾ ਬਣਿਆ ਹੋਇਆ ਹੈ।

1960 ਵਿੱਚ ਦੋ ਅਮਰੀਕੀ ਭੂ ਵਿਗਿਆਨੀ ਯੂਗੇਨ ਸ਼ੂਮੇਕਰ ਤੇ ਐਡਵਰਡ ਚਾਓ ਇਸ ਸ਼ਹਿਰ ਵਿੱਚ ਆਏ। ਉਨ੍ਹਾਂ ਨੂੰ ਸ਼ੱਕ ਹੋਇਆ ਕਿ ਇਹ ਥਾਂ ਜਵਾਲਾਮੁਖੀ ਵਾਲੀ ਸ਼ਰਤ ਪੂਰੀ ਨਹੀਂ ਕਰਦੀ ਤੇ ਧਰਤੀ ਅੰਦਰੋਂ ਨਹੀਂ ਬਲਕਿ ਬਾਹਰੋਂ ਬਣੀ ਹੈ।

ਇਹ ਵੇਖਣ ਲਈ ਉਹ ਸ਼ਹਿਰ ਦੇ ਅੰਦਰ ਗਏ। ਇਹ ਗੱਲ ਸਹੀ ਸਾਬਤ ਹੋਣ ਵਿੱਚ ਬਹੁਤਾ ਸਮਾਂ ਨਹੀਂ ਲੱਗਿਆ।

ਫੀਲ ਨੇ ਦੱਸਿਆ ਕਿ ਸਕੂਲ ਦੀਆਂ ਕਿਤਾਬਾਂ ਵਿੱਚ ਤਾਂ ਜਵਾਲਾਮੁਖੀ ਵਾਲੀ ਗੱਲ ਹੀ ਪੜ੍ਹਾਈ ਜਾਂਦੀ ਸੀ ਤੇ ਖੋਜ ਮਗਰੋਂ ਕਿਤਾਬਾਂ ਬਦਲਣੀਆਂ ਪਈਆਂ।

ਇਮਾਰਤਾਂ ਵਿੱਚ 72,000 ਟਨ ਹੀਰੇ

ਦੋਹਾਂ ਵਿਦੇਸ਼ੀਆਂ ਦੇ ਜਾਣ ਮਗਰੋਂ ਸਥਾਨਕ ਭੂ ਵਿਗਿਆਨੀ ਨੇ ਅੰਦਾਜਾ ਲਾਇਆ ਕਿ ਸ਼ਹਿਰ ਦੀਆਂ ਇਮਾਰਤਾਂ ਵਿੱਚ ਕੋਈ 72,000 ਟਨ ਹੀਰੇ ਹਨ। ਹਾਲਾਂਕਿ ਸੁਵੀਟ ਪੱਥਰ ਧਰਤੀ ਤੇ ਹੋਰ ਵੀ ਕਈ ਹਿੱਸਿਆਂ ਵਿੱਚ ਮਿਲਦਾ ਹੈ ਪਰ ਕਿਤੇ ਵੀ ਐਨੇ ਮਾਣਕ ਨਹੀਂ ਮਿਲਦੇ।

ਸਰਦੀ ਦੇ ਦਿਨ ਵਿੱਚ ਚਰਚ ਦੀਆਂ ਪੌੜੀਆਂ ਉੱਤਰਦਿਆਂ, ਹਾਲਾਂਕਿ ਮੈਂ ਠੰਡੀਆਂ ਹਵਾਵਾਂ ਤੋਂ ਫ਼ਸੀਲ ਕਰਕੇ ਬਚਿਆ ਹੋਇਆ ਸੀ ਹਾਂ ਜਦ ਕਦੇ ਸੂਰਜ ਬੱਦਲਾਂ ਚੋਂ ਬਾਹਰ ਆਉਂਦਾ ਤਾਂ ਹੀਰੇ ਡਲਕਣ ਲਗਦੇ।

ਸ਼ਹਿਰ ਵਿੱਚਲਾ ਅਜਾਇਬ ਘਰ

16 ਵੀਂ ਸਦੀ ਦਾ ਬਣਿਆ 6 ਕਮਰਿਆਂ ਵਾਲਾ ਅਜਾਇਬ ਘਰ ਮੀਟਰੋਇਟ ਪੱਥਰਾਂ ਤੇ ਖ਼ਾਸ ਕਰਕੇ ਸੁਵੀਟ ਨਾਲ ਭਰਿਆ ਸੀ। ਇੱਥੋਂ ਦੇ ਨਿਰਦੇਸ਼ਕ ਤੇ ਭੂ ਵਿਗਿਆਨੀ ਡਾ. ਸਟੇਫ਼ਨ ਨੇ ਦੱਸਿਆ ਕਿ ਧਰਤੀ ਦੇ ਕੁੱਝ ਖਿੱਤਿਆਂ ਵਿੱਚ ਉਲਕਾ ਪ੍ਰਭਾਵਿਤ ਮਸਾਲੇ ਨਾਲ ਇਮਾਰਤਾਂ ਬਣੀਆਂ ਹਨ ਪਰ ਕਿਤੇ ਵੀ ਮਾਣਕਾਂ ਦੀ ਐਨੀ ਮਿਕਦਾਰ ਨਹੀਂ ਮਿਲਦੀ। ਇੱਥੇ ਤਾਂ ਪੂਰਾ ਸ਼ਹਿਰ ਹੀ ਇਸ ਨਾਲ ਬਣਿਆ ਹੈ।

ਇਸ ਸ਼ਹਿਰ ਤੇ ਆਸ ਪਾਸ ਦੀ ਮਿੱਟੀ ਦੀ ਜਾਂਚ ਕਰਨ ਤੇ ਨਮੂਨੇ ਭਰਨ ਪੁਲਾੜ ਵਿਗਿਆਨੀ ਇੱਥੇ ਆਉਂਦੇ ਰਹਿੰਦੇ ਹਨ। ਉਹ ਇੱਥੇ ਇਹ ਵੇਖਣ ਆਉਂਦੇ ਹਨ ਕਿ ਪੁਲਾੜ ਵਿੱਚ ਉਨ੍ਹਾਂ ਨੂੰ ਕੀ ਮਿਲ ਸਕਦਾ ਹੈ।

ਸ਼ਹਿਰ ਵਾਲਿਆਂ ਲਈ ਕੋਈ ਅਚੰਭਾ ਨਹੀਂ

ਸ਼ਹਿਰ ਵਾਸੀਆਂ ਲਈ ਇਹ ਕੋਈ ਕਰਿਸ਼ਮਾਂ ਨਹੀਂ ਹੈ। ਚਰਚ ਚੋਂ ਨਿਕਲਦੀ ਇੱਕ ਔਰਤ ਨੇ ਮੈਨੂੰ ਦੱਸਿਆ ਕਿ ਸਾਡੇ ਲਈ ਇਹ ਸਧਾਰਣ ਹੈ ਕਿਉਂਕਿ ਅਸੀਂ ਤਾਂ ਇਹ ਹਰ ਰੋਜ ਵੇਖਦੇ ਹਾਂ।

ਸਟੇਫ਼ਨ ਨੇ ਦੱਸਿਆ ਸਥਾਨਕ ਲੋਕਾਂ ਲਈ ਇਸ ਵਿੱਚ ਕੁੱਝ ਖ਼ਾਸ ਨਹੀਂ ਹੈ ਖਰਬਾਂ ਸਾਲ ਪਹਿਲਾਂ ਇੱਥੇ ਕੀ ਹੋਇਆ ਇਹ ਸਭ ਇਨ੍ਹਾਂ ਲਈ ਬੇਮਤਲਬ ਹੈ। ਲੋਕ ਤਾਂ ਹੈਰਾਨ ਸਗੋਂ ਇਸ ਗੱਲੋਂ ਹਨ ਕਿ ਆਖਰ ਵਿਗਿਆਨੀ ਐਨੀ ਦੂਰ-ਦੂਰ ਤੋਂ ਇੱਥੇ ਕੀ ਲੱਭਣ ਆਉਂਦੇ ਹਨ।

ਅਸਲੀਅਤ ਤਾਂ ਇਹ ਹੈ ਕਿ ਇੱਥੇ ਸਭ ਕੁੱਝ ਖਰਬਾਂ ਸਾਲ ਪੁਰਾਣੀ ਘਟਨਾ ਨਾਲ ਜੁੜਿਆ ਹੋਇਆ ਹੈ ਤੇ ਵਰਤਮਾਨ ਅਤੀਤ 'ਚੋ ਹੀ ਤਾਂ ਪੈਦਾ ਹੁੰਦਾ ਹੈ।

ਅੰਗਰੇਜ਼ੀ ਵਿੱਚ ਇਹ ਲੇਖ ਮੂਲ ਰੂਪ ਵਿੱਚ ਪੜ੍ਹਨ ਲਈ ਕਲਿਕ ਕਰੋ ਤੇ ਬੀਬੀਸੀ ਟਰੈਵਲ ਦੀ ਵੈਬਸਾਈਟ 'ਤੇ ਜਾਣ ਲਈ ਇੱਥੇ ਕਲਿਕ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)