You’re viewing a text-only version of this website that uses less data. View the main version of the website including all images and videos.
ਅਫਰੀਕਾ: ਬਿਲ ਅਦਾ ਨਾ ਹੋਣ ਕਾਰਨ ਪੰਜ ਮਹੀਨੇ ਬੱਚੀ ਹਸਪਤਾਲ 'ਚ ਬੰਧਕ
ਅਫ਼ਰੀਕੀ ਦੇਸ ਗਬੋਨ ਵਿੱਚ ਇੱਕ ਨਿੱਜੀ ਹਸਪਤਾਲ ਵੱਲੋਂ ਇੱਕ ਨਵ-ਜਨਮੀ ਬੱਚੀ ਨੂੰ ਕਈ ਮਹੀਨਿਆਂ ਤੱਕ ਛੁੱਟੀ ਨਹੀਂ ਦਿੱਤੀ ਗਈ।
ਅਜਿਹਾ ਹਸਪਤਾਲ ਦਾ ਬਿਲ ਨਾ ਭਰਨ ਕਾਰਨ ਹੋਇਆ।
ਬੱਚੀ ਦੀ ਮਾਂ ਨੇ ਬੀਬੀਸੀ ਨੂੰ ਦੱਸਿਆ ਕਿ ਪੰਜ ਮਹੀਨਿਆਂ ਤੱਕ ਆਪਣੇ ਬੱਚੇ ਤੋਂ ਦੂਰ ਰਹਿਣ ਕਾਰਨ ਹੁਣ ਉਸਦਾ ਦੁੱਧ ਵੀ ਸੁੱਕ ਗਿਆ ਹੈ।
ਇਸ ਅਣਮਨੁੱਖੀ ਘਟਨਾ ਨੇ ਦੇਸ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਇਸ ਮਾਮਲੇ ਵਿੱਚ ਬੱਚੀ ਦੀ ਮਾਂ ਨੂੰ ਲੋਕਾਂ ਦੀ ਭਰਪੂਰ ਹਮਾਇਤ ਹਾਸਲ ਹੋਈ।
ਪੱਛਮ ਅਫ਼ਰੀਕੀ ਮੁਦਰਾ ਵਿੱਚ ਇਹ ਬਿਲ ਵੀਹ ਲੱਖ (ਤਿੰਨ ਹਜ਼ਾਰ ਛੇ ਸੌ ਤੀਹ ਅਮਰੀਕੀ ਡਾਲਰ) ਬਣਦਾ ਸੀ।
ਇਹ ਰਕਮ ਜੁਟਾਉਣ ਅਤੇ ਪਰਿਵਾਰ ਸਹਾਇਤਾ ਕਰਨ ਲਈ ਇੱਕ ਮੁਹਿੰਮ ਚਲਾਈ ਗਈ ਜਿਸ ਵਿੱਚ ਰਾਸ਼ਟਰਪਤੀ ਅਲੀ ਬੋਂਗੋ ਨੇ ਵੀ ਆਪਣਾ ਸਹਿਯੋਗ ਦਿੱਤਾ।
ਬੀਬੀਸੀ ਅਫ਼ਰੀਕ ਦੇ ਚਾਰਲਸ ਸਟੀਫ਼ਨ ਮੈਵੋਨਗੂ ਨੇ ਰਾਜਧਾਨੀ ਲਿਬਰਵਿਲ ਤੋਂ ਦੱਸਿਆ ਕਿ ਹਸਪਤਾਲ ਦੇ ਡਾਇਰੈਕਟਰ ਨੂੰ ਸੋਮਵਾਰ ਨੂੰ ਬੱਚਾ ਅਗਵਾ ਕਰਨ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਮਗਰੋਂ ਇਹ ਇਲਜ਼ਾਮ ਹਟਾ ਲਏ ਗਏ।
ਬੱਚੀ ਦਾ ਟੀਕਾਕਰਨ ਵੀ ਨਹੀਂ ਹੋਇਆ
ਇਸ ਹਫਤੇ ਏਂਜਲ ਨਾਮ ਦੀ ਇਸ ਬੱਚੀ ਨੂੰ ਛੁੱਟੀ ਦੇ ਦਿੱਤੀ ਗਈ।
ਬੱਚੀ ਦੀ ਮਾਂ ਸੋਨੀਆ ਓਕੋਮੇ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਇੱਕ ਕੌੜਾ ਮਿੱਠਾ ਅਨੁਭਵ ਰਿਹਾ।
ਉਹਨਾਂ ਕਿਹਾ, "ਮੈਂ ਖੁਸ਼ ਹਾਂ ਕਿ ਮੈਨੂੰ ਮੇਰੀ ਬੱਚੀ ਵਾਪਸ ਮਿਲ ਗਈ ਹੈ ਪਰ ਮੈਨੂੰ ਦੁੱਖ ਹੈ ਕਿ ਪੰਜ ਮਹੀਨੇ ਉਸ ਤੋਂ ਵੱਖ ਰਹਿਣ ਮਗਰੋਂ ਮੇਰਾ ਦੁੱਧ ਸੁੱਕ ਗਿਆ ਹੈ ਤੇ ਮੈਂ ਉਸਨੂੰ ਆਪਣਾ ਦੁੱਧ ਨਹੀਂ ਪਿਆ ਸਕਦੀ।"
ਮਾਂ ਨੇ ਸ਼ਿਕਾਇਤ ਕੀਤੀ ਕਿ ਬੱਚੀ ਦਾ ਟੀਕਾਕਰਨ ਵੀ ਨਹੀਂ ਕੀਤਾ ਗਿਆ।
ਏਂਜਲ ਸਮੇਂ ਤੋਂ ਪਹਿਲਾਂ ਪੈਦਾ ਹੋਈ ਸੀ। ਇਹ ਬਿਲ ਉਸ ਨੂੰ ਇਨਕਿਊਬੇਟਰ ਵਿੱਚ 35 ਦਿਨ ਰੱਖਣ ਦਾ ਕਿਰਾਇਆ ਸੀ।