ਅਮਰੀਕਾ ਸੀਰੀਆ 'ਚ ਵੱਡੀ ਫੌਜੀ ਕਾਰਵਾਈ ਕਰ ਸਕਦਾ ਹੈ!

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਵਿੱਚ ਹਾਲ ਹੀ ਵਿੱਚ ਹੋਏ ਸ਼ੱਕੀ ਰਸਾਇਣਿਕ (ਕੈਮੀਕਲ) ਹਮਲੇ ਤੋਂ ਬਾਅਦ ਇਸ ਮੁੱਦੇ 'ਤੇ ਧਿਆਨ ਦਿਵਾਉਣ ਲਈ ਲਾਤੀਨੀ ਅਮਰੀਕਾ ਦੇ ਆਪਣੇ ਰਸਮੀ ਦੌਰੇ ਨੂੰ ਰੱਦ ਕਰ ਦਿੱਤਾ ਹੈ।

ਵਾਈਟ ਹਾਉਸ ਨੇ ਕਿਹਾ ਹੈ, "ਰਾਸ਼ਟਰਪਤੀ ਵਾਸ਼ਿੰਗਟਨ ਵਿੱਚ ਹੀ ਰਹਿਣਗੇ ਅਤੇ ਸੀਰੀਆ ਮਾਮਲੇ ਵਿੱਚ ਅਮਰੀਕਾ ਦੇ ਪ੍ਰਤੀਕਰਮ 'ਤੇ ਨਜ਼ਰ ਰੱਖਣਗੇ।"

ਇਸ ਵਿਚਾਲੇ ਰਸਾਇਣਿਕ ਹਥਿਆਰਾਂ ਦੀ ਵਰਤੋਂ 'ਤੇ ਨਜ਼ਰ ਰੱਖਣ ਵਾਲੇ ਕੌਮਾਂਤਰੀ ਸੰਗਠਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਜਾਂਚ ਦਲ ਨੂੰ ਸੀਰੀਆ ਦੇ ਡੂਮਾ ਸ਼ਹਿਰ ਲਈ ਰਵਾਨਾ ਕੀਤਾ ਹੈ।

ਮੈਡੀਕਲ ਸੂਤਰਾਂ ਦਾ ਕਹਿਣਾ ਹੈ ਕਿ ਡੂਮਾ ਵਿੱਚ ਹੋਏ ਕੈਮੀਕਲ ਹਮਲੇ ਵਿੱਚ ਦਰਜਨਾਂ ਲੋਕ ਮਾਰੇ ਗਏ ਹਨ ਪਰ ਮ੍ਰਿਤਕਾਂ ਦੀ ਸਹੀ ਗਿਣਤੀ ਬਾਰੇ ਫਿਲਹਾਲ ਕਹਿਣਾ ਔਖਾ ਹੈ।

ਆਰਗਨਾਈਜ਼ੇਸ਼ਨ ਫਾਰ ਪ੍ਰੋਹੀਬਿਸ਼ਨ ਆਫ਼ ਕੈਮੀਕਲ ਵੈਪਨਜ਼ (ਓਪੀਸੀਡਬਲਿਊ-ਰਸਾਇਣਿਕ ਹਥਿਆਰਾਂ ਨੂੰ ਰੋਕਣ ਸਬੰਧੀ ਸੰਸਥਾ) ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਜਲਦੀ ਹੀ ਸੀਰੀਆ ਪਹੁੰਚ ਜਾਵੇਗੀ।

ਇਸ ਤੋਂ ਪਹਿਲਾਂ ਸੀਰੀਆ ਅਤੇ ਬਾਗੀਆਂ ਦੇ ਖਿਲਾਫ਼ ਜੰਗ ਵਿੱਚ ਉਸ ਦਾ ਸਮਰਥਨ ਕਰਨ ਵਾਲੇ ਰੂਸ ਨੇ ਕਿਹਾ ਸੀ ਕਿ ਉਹ ਜਾਂਚ ਦਲ ਦੇ ਮੈਂਬਰਾਂ ਦੇ ਦੌਰੇ ਵਿੱਚ ਮੱਦਦ ਕਰਨ ਲਈ ਤਿਆਰ ਹਨ। ਸੀਰੀਆ ਇਸ ਹਮਲੇ ਦੇ ਪਿੱਛੇ ਹੋਣ ਦੇ ਇਲਜ਼ਾਮਾਂ ਤੋਂ ਇਨਕਾਰ ਕਰਦਾ ਹੈ।

ਇਸ ਸਭ ਹਲਚਲ ਵਿਚਾਲੇ ਪੇਰੂ ਵਿੱਚ ਹੋਣ ਵਾਲੇ 'ਸਮਿਟ ਆਫ਼ ਦਿ ਅਮੈਰਿਕਾਜ਼' ਲਈ ਡੋਨਾਲਡ ਟਰੰਪ ਦੀ ਥਾਂ ਹੁਣ ਉਪ ਰਾਸ਼ਟਰਪਤੀ ਮਾਈਕ ਪੈਂਸ ਲਾਤਿਨ ਅਮਰੀਕਾ ਦੇ ਦੌਰੇ 'ਤੇ ਜਾਣਗੇ।

ਮੰਗਲਵਾਰ ਨੂੰ ਦੇਰ ਸ਼ਾਮ ਯੂਐੱਨ ਸੁਰੱਖਿਆ ਕੌਂਸਲ ਵਿੱਚ ਸੀਰੀਆ ਮਾਮਲੇ ਵਿੱਚ ਰੂਸ ਅਤੇ ਅਮਰੀਕਾ ਦੀਆਂ ਤਜਵੀਜਾਂ 'ਤੇ ਵੋਟਿੰਗ ਹੋਣ ਵਾਲੀ ਹੈ। ਅਮਰੀਕਾ ਚਾਹੁੰਦਾ ਹੈ ਕਿ ਇੱਕ ਵੱਖ ਪੈਨਲ ਬਣਾਇਆ ਜਾਵੇਗਾ ਜੋ ਸੀਰੀਆ ਵਿੱਚ ਹੋਏ ਕੈਮੀਕਲ ਹਮਲੇ ਦੀ ਜਾਂਚ ਕਰ ਕੇ ਦੋਸ਼ੀਆਂ ਦੀ ਪਛਾਣ ਕਰੇ। ਉੱਥੇ ਹੀ ਰੂਸ ਇਸ ਮਤੇ ਨੂੰ ਵੀਟੋ ਕਰ ਸਕਦਾ ਹੈ।

ਕੀ ਅਮਰੀਕਾ ਫੌਜੀ ਕਾਰਵਾਈ ਕਰ ਸਕਦਾ ਹੈ?

ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਇਸ ਹਮਲੇ ਦਾ ਜਵਾਬ 'ਆਪਣੀ ਪੂਰੀ ਤਾਕਤ ਨਾਲ' ਦੇਣਗੇ ਅਤੇ ਉਨ੍ਹਾਂ ਨੇ ਫੌਜ ਦੀ ਵਰਤੋਂ ਕਰਨ ਤੋਂ ਇਨਕਾਰ ਵੀ ਨਹੀਂ ਕੀਤਾ ਹੈ।

ਬੀਤੇ ਸਾਲ ਸੀਰੀਆ ਵਿੱਚ ਬਾਗੀਆਂ ਦੇ ਕਬਜ਼ੇ ਵਾਲੇ ਇਦਲਿਬ ਸ਼ਹਿਰ ਵਿੱਚ ਹੋਏ ਸ਼ੱਕੀ ਰਸਾਇਣਿਕ ਹਮਲੇ ਵਿੱਚ ਘੱਟੋ-ਘੱਟ 58 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦਰਜਨਾਂ ਲੋਕ ਜ਼ਖਮੀ ਹੋਏ ਸਨ।

ਇਸ ਤੋਂ ਬਾਅਦ ਅਮਰੀਕਾ ਦੇ 50 ਟੌਮਹਾਕ ਕਰੂਜ਼ ਮਿਜ਼ਾਈਲਾਂ ਨੇ ਸੀਰੀਆ ਦੇ ਏਅਰਬੇਸਾਂ ਨੂੰ ਨਿਸ਼ਾਨਾ ਬਣਾਇਆ ਸੀ। ਸੀਰੀਆਈ ਰਾਸ਼ਟਰਪਤੀ ਬਸ਼ਰ-ਅਲ-ਅਸਦ ਦੀ ਫੌਜ ਦੇ ਖਿਲਾਫ਼ ਇਹ ਅਮਰੀਕਾ 'ਤੇ ਪਹਿਲਾ ਸਿੱਧਾ ਹਮਲਾ ਸੀ।

ਬੀਤੇ ਹਫ਼ਤੇ ਸ਼ਨੀਵਾਰ ਨੂੰ ਹੋਏ ਹਮਲੇ ਤੋਂ ਬਾਅਦ ਅਮਰੀਕਾ, ਫਰਾਂਸ ਅਤੇ ਯੂਕੇ ਦੇ ਨਾਲ ਇਸ ਹਮਲੇ ਵਿੱਚ ਚਰਚਾ ਕਰ ਰਿਹਾ ਹੈ ਅਤੇ ਨਾਲ ਹੀ ਫੌਜੀ ਕਾਰਵਾਈ ਦੀ ਸੰਭਾਵਨਾ ਦੀ ਭਾਲ ਕਰ ਰਿਹਾ ਹੈ। ਮੰਗਲਵਾਰ ਨੂੰ ਇਸ ਮੁੱਦੇ 'ਤੇ ਟਰੰਪ ਨੇ ਬਰਤਾਨਵੀ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਅਤੇ ਫ੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਫੋਨ 'ਤੇ ਗੱਲਬਾਤ ਕੀਤੀ।

ਵਾਸ਼ਿੰਗਟਨ ਵਿੱਚ ਮੌਜੂਦ ਬੀਬੀਸੀ ਦੀ ਬਾਰਬਾਰਾ ਉਸ਼ਰ ਪਲੈਟ ਕਹਿੰਦੀ ਹੈ ਕਿ ਟਰੰਪ ਦਾ ਲਾਤਿਨ ਅਮਰੀਕਾ ਦੌਰਾ ਰੱਦ ਕਰਨ ਦਾ ਫੈਸਲਾ ਇਹ ਦੱਸਦਾ ਹੈ ਕਿ ਅਮਰੀਕਾ ਦਾ ਜਵਾਬ ਸੀਮਿਤ ਹਮਲੇ ਦੀ ਥਾਂ ਵੱਡੀ ਫੌਜੀ ਕਾਰਵਾਈ ਹੋ ਸਕਦੀ ਹੈ।

ਮੰਗਲਵਾਰ ਨੂੰ ਫਰਾਂਸੀਸੀ ਸਰਕਾਰ ਦੇ ਬੁਲਾਰੇ ਬੇਨਿਆਮਿਨ ਗ੍ਰੀਵਾਕਸ ਦੇ ਹਵਾਲੇ ਤੋਂ ਖ਼ਬਰ ਏਜੰਸੀ ਏਐੱਫ਼ਪੀ ਨੇ ਕਿਹਾ, "ਜੇ ਖ਼ਤਰੇ ਦੀ ਲਕੀਰ ਨੂੰ ਟੱਪਿਆ ਗਿਆ ਹੈ ਤਾਂ ਜਵਾਬ ਦਿੱਤਾ ਜਾਵੇਗਾ। ਦੋਹਾਂ ਦੇਸਾਂ ਵਿੱਚ ਖੂਫੀਆ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਰਸਾਇਣਿਕ ਹਥਿਆਰਾਂ ਦੀ ਵਰਤੋਂ ਦੀ ਪੁਸ਼ਟੀ ਹੋਈ ਹੈ।"

ਹਾਲਾਂਕਿ ਇਸ ਸ਼ੱਕੀ ਹਮਲੇ ਦੀ ਪੁਸ਼ਟੀ ਦੇ ਸਬੰਧ ਵਿੱਚ ਅਮਰੀਕਾ ਅਤੇ ਫਰਾਂਸ ਨੇ ਹੁਣ ਤੱਕ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ।

ਜਿਸ ਇਲਾਕੇ ਵਿੱਚ ਕੈਮੀਕਲ ਹਮਲਾ ਹੋਇਆ ਹੈ ਉਹ ਪੂਰੀ ਤਰ੍ਹਾਂ ਕੱਟਿਆ ਹੋਇਆ ਹੈ ਅਤੇ ਉੱਥੇ ਆਉਣ-ਜਾਣ ਦੀ ਸਹੂਲਤ ਨਹੀਂ ਹੈ। ਅਜਿਹੇ ਵਿੱਚ ਮ੍ਰਿਤਕਾਂ ਜਾਂ ਜ਼ਖਮੀਆਂ ਦੀ ਗਿਣਤੀ ਦਾ ਸਹੀ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ।

ਰੂਸ ਦਾ ਕਹਿਣਾ ਹੈ ਕਿ ਉਸ ਨੂੰ ਡੂਮਾ ਵਿੱਚ ਕਲੋਰੀਨ ਜਾਂ ਹੋਰ ਕਿਸੇ ਰਸਾਇਣ ਦੀ ਵਰਤੋਂ ਦਾ ਇਸ਼ਾਰਾ ਨਹੀਂ ਮਿਲਿਆ ਹੈ।

ਰੂਸ ਨੇ ਯੂਐੱਨ ਸੁਰੱਖਿਆ ਕੌਂਸਲ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ ਫੌਜੀ ਕਾਰਵਾਈ ਕਰਦਾ ਹੈ ਤਾਂ ਇਸ ਦੇ 'ਗੰਭੀਰ ਨਤੀਜੇ' ਨਿਕਲਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)