ਭਾਰਤ ਦੀਆਂ ਚੋਣਾਂ ਬਾਰੇ ਕੀ ਬੋਲੇ ਮਾਰਕ ਜ਼ਕਰਬਰਗ?

ਡਾਟਾ ਨਾਲ ਛੇੜਛਾੜ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਕੰਪਨੀ ਫੇਸਬੁੱਕ ਦੇ ਮੁਖੀ ਮਾਰਕ ਜੁਕਰਬਰਗ ਸਪੱਸ਼ਟੀਕਰਨ ਦੇਣ ਲਈ ਅਮਰੀਕੀ ਸੈਨੇਟ ਸਾਹਮਣੇ ਪੇਸ਼ ਹੋਏ।

ਪੁੱਛਗਿੱਛ ਦੌਰਾਨ ਜ਼ਕਰਬਰਗ ਨੇ ਭਾਰਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਤੋਂ ਇੱਕ ਮਹਿਲਾ ਸੀਨੇਟਰ ਮਿਸੇਡ ਫਿਨਸਟਿਨ ਨੇ ਪੁੱਛਿਆ ਕਿ ਉਹ ਅਮਰੀਕੀ ਚੋਣਾਂ ਬਾਹਰੀ ਤੱਤਾਂ ਤੋਂ ਪ੍ਰਭਾਵਿਤ ਨਾਂ ਹੋਣ ਇਸ ਦੇ ਲਈ ਉਹ ਕੀ ਕਰ ਰਹੇ ਹਨ?

ਇਸ ਸਵਾਲ ਦੇ ਜਵਾਬ ਵਿੱਚ ਜ਼ਕਰਬਰਗ ਨੇ ਕਿਹਾ, "ਸਾਲ 2018 ਵਿੱਚ ਇਸ ਮੁੱਦੇ ਨੂੰ ਪਹਿਲਾਂ ਤਰਜੀਹ ਦੇਵਾਂਗੇ।''

'ਚੋਣਾਂ ਪ੍ਰਭਾਵਿਤ ਨਹੀਂ ਹੋਣ ਦੇਵਾਂਗੇ'

''ਸਾਲ 2018 ਚੋਣਾਂ ਦੇ ਲਿਹਾਜ਼ ਨਾਲ ਕਾਫ਼ੀ ਅਹਿਮ ਹੈ। ਸਿਰਫ਼ ਅਮਰੀਕਾ ਹੀ ਨਹੀਂ ਸਗੋਂ ਭਾਰਤ, ਬ੍ਰਾਜ਼ੀਲ, ਮੈਕਸਿਕੋ, ਪਾਕਿਸਤਾਨ ਅਤੇ ਹੰਗਰੀ ਵਰਗੇ ਸਾਰੇ ਮੁਲਕਾਂ ਦੇ ਲਈ ਇਹ ਸਾਲ ਚੋਣਾਂ ਦੇ ਲਿਹਾਜ਼ ਨਾਲ ਕਾਫੀ ਅਹਿਮ ਹੈ।''

"ਅਸੀਂ ਉਹ ਸਭ ਕੁਝ ਕਰਨ ਦੀ ਕੋਸ਼ਿਸ਼ ਕਰਾਂਗੇ ਜਿਸ ਨਾਲ ਮੁਲਕਾਂ ਵਿੱਚ ਹੋਣ ਵਾਲੀਆਂ ਚੋਣਾਂ ਕਿਸੇ ਤਰੀਕੇ ਨਾਲ ਪ੍ਰਭਾਵਿਤ ਨਾ ਹੋਣ।''

ਮਿਸੇਜ ਫਿਨਸਟਿਨ ਨੇ ਜ਼ਕਰਬਰਗ ਤੋਂ ਪੁੱਛਿਆ ਕਿ ਉਹ ਕਿਹੜੇ ਕਦਮ ਚੁੱਕਣਗੇ ਤਾਂ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਫੇਕ ਅਕਾਊਂਟਸ ਦੀ ਪਛਾਣ ਲਈ ਵੱਡੇ ਪੱਧਰ 'ਤੇ ਕੰਮ ਕੀਤਾ ਜਾਵੇਗਾ। ਇਸਦੇ ਨਾਲ ਹੀ ਭੜਕਾਊ ਭਾਸ਼ਣਾਂ ਬਾਰੇ ਵੀ ਜ਼ਿਆਦਾ ਧਿਆਨ ਦਿੱਤਾ ਜਾਵੇਗਾ।

ਜ਼ੁਕਰਬਰਗ ਨੇ ਸੰਸਦ ਮੈਂਬਰਾਂ ਅੱਗੇ ਕਿਹਾ, 'ਉਹ ਆਪਣੀ ਗਲਤੀ ਮੰਨਦੇ ਹਨ ਕਿਉਂਕਿ ਉਹ ਫੇਸਬੁੱਕ ਦੇ ਅੰਕੜੇ ਨੂੰ ਸਿਆਸੀ ਮੰਤਵਾਂ ਲਈ ਰੋਕਣ ਲਈ ਲੋੜੀਂਦੇ ਕਦਮ ਨਹੀਂ ਚੁੱਕ ਸਕੇ'।

ਉਸ ਨੇ ਕਿਹਾ ਕਿ ਉਹ ਕੰਪਨੀ ਵਿਚ ਇਕ ਵੱਡਾ ਬਦਲਾਅ ਕਰਨ ਜਾ ਰਹੇ ਹਨ। ਉਸ ਦਾ ਕਹਿਣਾ ਸੀ ਕਿ ਉਹ ਇਸ ਗੱਲ ਦੀ ਤਹਿ ਤੱਕ ਜਾਣਗੇ ਕਿ ਕਿਵੇਂ ਰਾਜਨੀਤਿਕ ਲਾਭ ਲਈ ਫੇਸਬੁੱਕ ਦਾ ਡਾਟਾ ਵਰਤਿਆ ਗਿਆ ।

ਜ਼ੁਕਰਬਰਗ ਨੇ ਇਹ ਵੀ ਕਿਹਾ ਕਿ ਫੇਸਬੁਕ ਨੂੰ ਡਾਟਾ ਨਾਲ ਛੇੜਛਾੜ ਕਰਨ ਦੇ ਰੂਸ ਦੇ ਯਤਨਾਂ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ। ਉਸਨੇ ਰੂਸ ਦੇ ਇਸ ਕਥਿਤ ਦਖਲ ਦੀ ਤੁਲਨਾ ਹਥਿਆਰਾਂ ਦੀ ਹੋੜ ਨਾਲ ਕੀਤੀ। ਕੀਤੀ। ਉਨ੍ਹਾਂ ਨੇ ਕਿਹਾ, "ਇਹ ਹਥਿਆਰਾਂ ਦੀ ਦੌੜ ਹੈ, ਉਹ ਬਿਹਤਰ ਵੀ ਹੋ ਰਹੇ ਹਨ।"

ਜ਼ੁਕਰਬਰਗ ਕੈਮਬ੍ਰਿਜ ਐਨੀਲਿਟਕਾ ਡਾਟਾ ਸਕੈਂਡਲ ਦੇ ਕਾਰਨ ਵਿਵਾਦਾਂ ਵਿੱਚ ਘਿਰੇ ਹੋਏ ਹਨ, ਇਸੇ ਕਾਰਨ ਉਨ੍ਹਾਂ ਨੂੰ ਸਵਾਲਾਂ ਦਾ ਜਵਾਬ ਦੇਣ ਲਈ ਅਮਰੀਕੀ ਸੈਨੇਟ ਨੇ ਤਲਬ ਕੀਤਾ ਸੀ।

ਆਪਣੇ ਜਵਾਬ ਵਿੱਚ ਉਨ੍ਹਾਂ ਨੇ ਇਹ ਵੀ ਦੱਸਿਆ ਕਿ 2016 ਵਿੱਚ ਅਮਰੀਕਾ ਦੀਆਂ ਚੋਣਾਂ ਦੇ ਰੂਸੀ ਦਖਲ ਦੀ ਜਾਂਚ ਕਰਨ ਵਾਲੇ ਵਿਸ਼ੇਸ਼ ਕਾਉਂਸਲ ਰੌਬਰਟ ਮੂਲਰ ਨੇ ਵੀ ਫੇਸਬੁੱਕ ਦੇ ਸਟਾਫ਼ ਤੋਂ ਪੁੱਛਗਿੱਛ ਕੀਤੀ ਹੈ। ਹਾਲਾਂਕਿ ਉਸ ਨੇ ਸਪੱਸ਼ਟ ਕੀਤਾ ਹੈ ਕਿ ਉਸ ਤੋਂ ਕੋਈ ਪੁੱਛਗਿੱਛ ਨਹੀਂ ਹੋਈ ਹੈ।

ਜ਼ੁਕਰਬਰਗ ਨੇ ਇਹ ਵੀ ਦੱਸਿਆ ਕਿ ਉਸਦੇ ਸਟਾਫ ਤੋਂ ਜੋ ਪੁੱਛਗਿੱਛ ਕੀਤੀ ਗਈ ਹੈ ਉਹ ਗੁਪਤ ਹੈ ਅਤੇ ਉਹ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇਣਗੇ।