ਸੋਨੀਆ ਗਾਂਧੀ ਦਾ ਵਿਦੇਸ਼ੀ ਨੂੰਹ ਤੋਂ ਘਾਗ ਸਿਆਸਤਦਾਨ ਬਣਨ ਦਾ ਸਫ਼ਰ - ਨਜ਼ਰੀਆ

    • ਲੇਖਕ, ਰਸ਼ੀਦ ਕਿਦਵਈ
    • ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਹਿੰਦੀ ਲਈ

ਕੀ ਸੋਨੀਆ ਗਾਂਧੀ ਹੁਣ ਆਮ ਚੋਣਾਂ ਤੋਂ ਬਾਅਦ ਫਿਰ ਮਜ਼ਬੂਤੀ ਨਾਲ ਸਾਹਮਣੇ ਆਉਣਗੇ, ਜਿਵੇਂ ਕਿ ਉਨ੍ਹਾਂ ਨੇ 2004 ਵਿੱਚ ਐਨਡੀਏ ਨੂੰ ਆਪਣੇ ਬੂਤੇ 'ਤੇ ਸੱਤਾ ਤੋਂ ਬਾਹਰ ਕੀਤਾ ਸੀ ।

ਮਾਹਰਾਂ ਦਾ ਮੰਨਣਾ ਹੈ ਕਿ ਹਵਾਈ ਹਮਲੇ ਦੇ ਬਾਵਜੂਦ ਸੰਭਵ ਹੈ ਕਿ ਐਨਡੀਏ ਸਰਕਾਰ ਮਈ 2019 ਵਿੱਚ ਸਪੱਸ਼ਟ ਬਹੁਮਤ ਹਾਸਿਲ ਨਾ ਕਰ ਸਕੇ।

ਵਰਤਮਾਨ ਵਿੱਚ ਕਾਂਗਰਸ ਦੀ ਹਾਲਤ ਵੀ ਕੋਈ ਬਹੁਤੀ ਵਧੀਆ ਨਹੀਂ ਹੈ ਪਰ ਤ੍ਰਿਣਮੂਲ ਕਾਂਗਰਸ, ਬੀਜੂ ਜਨਤਾ ਦਲ, ਟੀਡੀਪੀ, ਆਰ ਜੇ ਡੀ ਵਰਗੀਆਂ ਖੇਤਰੀ ਪਾਰਟੀਆਂ ਆਪਣੇ ਸੂਬਿਆਂ 'ਚ ਭਾਜਪਾ ਨੂੰ ਹਰਾਉਣ ਲਈ ਮੁਹਿੰਮ ਚਲਾ ਰਹੀਆਂ ਹਨ।

ਇਸ ਦੇ ਬਾਵਜੂਦ ਇਸ ਗਠਜੋੜ ਦੀ ਵੱਡੀ ਸਮੱਸਿਆ ਇਹ ਹੈ ਕਿ ਇਸ ਕੋਲ ਚਿਹਰਿਆਂ ਦੀ ਕਮੀ ਹੈ। ਕਾਂਗਰਸ ਆਮ ਆਦਮੀ ਪਾਰਟੀ ਨੂੰ ਆਪਣੇ ਨਾਲ ਸ਼ਾਮਲ ਨਹੀਂ ਕਰ ਸਕੀ, ਇਹ ਉਸ ਦੀ ਅਸਫ਼ਲਤਾ ਹੈ।

ਸੋਨੀਆ ਗਾਂਧੀ ਇੱਕਲੌਤੀ ਅਜਿਹੀ ਸ਼ਖ਼ਸ਼ੀਅਤ ਹੈ ਜੋ ਰਾਹੁਲ ਗਾਂਧੀ ਅਤੇ ਅਹਿਮਦ ਪਟੇਲ ਦੋਹਾਂ ਨੂੰ ਕੁਰਬਾਨੀ ਦੇਣ ਲਈ ਕਹਿਣ ਦਾ ਦਮ ਰੱਖਦੀ ਹੈ।

ਇੱਕ ਪਾਸੇ ਹਵਾਈ ਹਮਲੇ ਤੋਂ ਬਾਅਦ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਆਪਣੇ ਸਹਿਯੋਗੀਆਂ ਨੂੰ ਇੱਕਜੁੱਟ ਰੱਖਿਆ।

ਉੱਥੇ ਹੀ ਦੂਸਰੇ ਪਾਸੇ ਕਾਂਗਰਸ ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਅਤੇ ਬੀਐੱਸਪੀ ਨਾਲ ਸਮਝੌਤਾ ਕਰਨ ਵਿੱਚ ਅਸਫ਼ਲ ਰਹੀ।

‘ਕੰਡਿਆਂ ਨਾਲ ਜੂਝਣਾ ਜਾਣਦੀ ਹਾਂ’

ਹੁਣ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਇਨ੍ਹਾਂ ਚੋਣਾਂ ਵਿੱਚ ਸੋਨੀਆ ਗਾਂਧੀ ਇੱਕ ਵਾਰ ਫਿਰ ਵੱਡੀ ਭੂਮਿਕਾ ਨਿਭਾ ਸਕਦੇ ਹਨ।

ਇਹ ਵੀ ਪੜ੍ਹੋ-

ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਟੀਮ ਇਸ ਸਮੇਂ ਆਪਣੇ ਸਹਿਯੋਗੀਆਂ ਨੂੰ ਇਕੱਠਾ ਕਰੀ ਰੱਖਣ ਵਿੱਚ ਅਸਫ਼ਲ ਸਾਬਤ ਹੋ ਰਹੇ ਹੈ।

ਇੱਕ ਮਾਂ ਵਜੋਂ ਸੋਨੀਆ ਸ਼ਾਇਦ ਇਹ ਜਾਣਦੇ ਹਨ ਕਿ ਰਾਹੁਲ ਦੀਆਂ ਆਪਣੀਆਂ ਸੀਮਾਵਾਂ ਕੀ ਹਨ ਅਤੇ ਪਰੇਸ਼ਾਨੀਆਂ ਕੀ ਹਨ। ਫਿਰ ਵੀ ਆਪਣੇ ਸਿਆਸੀ ਅਨੁਭਵ ਦੀ ਵਰਤੋਂ ਕਰਨ ਤੋਂ ਉਹ ਇਸ ਸਮੇਂ ਝਿਜਕ ਰਹੇ ਹਨ।

ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਸੋਨੀਆ ਗਾਂਧੀ ਇਸ ਵਾਰ ਚੋਣ ਨਹੀਂ ਲੜਨਗੇ ਪਰ ਗਾਂਧੀ ਪਰਿਵਾਰ ਲਈ ਸਿਆਸਤ ਤੋਂ ਲਾਂਭੇ ਰਹਿਣਾ ਸੌਖਾ ਨਹੀਂ ਰਿਹਾ।

1950 ਵਿੱਚ ਇੰਦਰਾ ਗਾਂਧੀ ਆਪਣੇ ਪਤੀ ਫਿਰੋਜ਼ ਗਾਂਧੀ ਦੀ ਮੌਤ ਤੋਂ ਬਾਅਦ ਆਪਣੇ ਪਿਤਾ ਜਵਾਹਰ ਲਾਲ ਨਹਿਰੂ ਦਾ ਘਰ ਛੱਡ ਕੇ ਵਿਦੇਸ਼ ਵਸਣਾ ਚਾਹੁੰਦੇ ਸਨ।

ਫਿਰ ਵੀ ਹਾਲਾਤ ਉਨ੍ਹਾਂ ਨੂੰ ਸਾਲ 1959 ਵਿੱਚ ਸਰਗਰਮ ਸਿਆਸਤ ਵਿੱਚ ਖਿੱਚ ਹੀ ਲਿਆਏ। ਪਿਤਾ ਦੀ ਮੌਤ ਤੋਂ ਲੈ ਕੇ ਆਪਣੀ ਮੌਤ ਤੱਕ ਉਹ ਸਰਗਰਮ ਸਿਆਸਤ ਕਰਦੇ ਰਹੇ।

ਉਨ੍ਹਾਂ ਮਗਰੋਂ ਰਾਜੀਵ ਗਾਂਧੀ ਸਿਆਸਤ ਵਿੱਚ ਆਏ। ਸੋਨੀਆ ਨਹੀਂ ਚਾਹੁੰਦੇ ਸਨ ਕਿ ਰਾਜੀਵ ਗਾਂਧੀ ਸਿਆਸਤ ਵਿੱਚ ਆਉਣ।

ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ 1998 ਵਿੱਚ ਨਰਸਿੰਮ੍ਹਾ ਰਾਓ ਅਤੇ ਸੀਤਾ ਰਾਮ ਕੇਸਰੀ ਨੇ ਕਾਂਗਰਸ ਦੇ ਸੰਗਠਨ ਨੂੰ ਕਮਜ਼ੋਰ ਕੀਤਾ।

ਇਸ ਤੋਂ ਬਾਅਦ ਸੋਨੀਆ ਗਾਂਧੀ ਨੇ ਕਾਂਗਰਸ ਨੂੰ ਸੰਭਾਲਿਆ। ਇੱਕ ਵਿਦੇਸ਼ੀ ਬਹੂ ਤੋਂ ਲੈ ਕੇ ਇੱਕ ਘਾਗ ਸਿਆਸੀ ਆਗੂ ਤੱਕ ਦਾ ਸਫ਼ਰ ਸੋਨੀਆ ਗਾਂਧੀ ਨੇ ਭਾਰਤ ਵਿੱਚ ਤੈਅ ਕੀਤਾ ਹੈ। ਸੋਨੀਆ ਨੇ ਗੱਠਜੋੜ ਅਤੇ ਸਹਿਯੋਗੀਆਂ ਦੇ ਦੌਰ ਨੂੰ ਭਲੀ ਭਾਂਤ ਸਮਝਿਆ ਅਤੇ ਕਾਂਗਰਸ ਨੂੰ ਦੋਬਾਰਾ ਜਿਉਂਦੀ ਕੀਤਾ।

ਅਜਿਹਾ ਇੱਕ ਵੀ ਵਾਕਿਆ ਹੈ ਜਦੋਂ ਮੁਲਾਇਮ ਸਿੰਘ ਯਾਦਵ ਅਤੇ ਸੋਨੀਆ ਗਾਂਧੀ ਸਮੇਤ ਕਈ ਆਗੂਆਂ ਨੂੰ ਖਾਣੇ ’ਤੇ ਸੱਦਿਆ।

ਇਸੇ ਦੌਰਾਨ ਸੋਨੀਆ ਗਾਂਧੀ ਮੱਛੀ ਖਾ ਰਹੇ ਸਨ, ਮੁਲਾਇਮ ਸਿੰਘ ਨੇ ਕਿਹਾ, “ਹਿਲਸਾ ਹੈ, ਕੰਡਾ ਹੈ, ਚੁਭ ਜਾਵੇਗਾ।” ਸੋਨੀਆ ਗਾਂਧੀ ਨੇ ਜਵਾਬ ਦਿੱਤਾ, “ਮੈਂ ਕੰਡਿਆ ਨਾਲ ਸਿੱਝਣਾ ਜਾਣਦੀ ਹਾਂ।”

ਸਹਿਯੋਗੀਆਂ ਨੂੰ ਜੋੜਨ ਦੀ ਕਲਾ

ਸੋਨੀਆ ਗਾਂਧੀ ਸਹਿਯੋਗੀਆਂ ਨੂੰ ਬੰਨ੍ਹੀ ਰੱਖਣ ਦੀ ਅਹਿਮੀਅਤ ਜਾਣਦੇ ਹਨ। ਉਨ੍ਹਾਂ ਨੇ ਡੀਐੱਮਕੇ ਨੂੰ ਯੂਪੀਏ ਨਾਲ ਜੋੜਿਆ। ਡੀਐੱਮਕੇ ਵਿੱਚ ਕਈ ਸਾਬਕਾ ਕਾਂਗਰਸੀ ਸਨ, ਨਾਲ ਹੀ ਇਸ ਪਾਰਟੀ ਉੱਪਰ ਕੱਟੜ ਪੰਥੀ ਸੰਗਠਨ ਐੱਲਟੀਟੀਈ ਨਾਲ ਨਰਮੀ ਵਰਤਣ ਦੇ ਇਲਜ਼ਾਮ ਵੀ ਲਗਦਾ ਰਿਹਾ ਹੈ।

ਇਸ ਸਭ ਦੇ ਬਾਵਜੂਦ 2004 ਤੋਂ ਲੈ ਕੇ 2014 ਤੱਕ ਡੀਐੱਮਕੇ, ਯੂਪੀਏ ਦਾ ਹਿੱਸਾ ਰਹੀ। ਇੱਥੋਂ ਤੱਕ ਕਿ ਐੱਨਸੀਪੀ ਨੂੰ ਵੀ ਉਨ੍ਹਾਂ ਨੇ ਨਾਲ ਰਲਾਇਆ। ਸੋਨੀਆ ਗਾਂਧੀ ਦੇ ਸਹਿਯੋਗੀਆਂ ਨੂੰ ਸੰਭਾਲਣ ਦਾ ਤਰੀਕਾ ਅਟਲ ਬਿਹਾਰੀ ਵਾਜਪਾਈ ਅਤੇ ਪੀਵੀ ਨਰਸਿੰਮ੍ਹਾ ਰਾਓ ਤੋਂ ਵੀ ਵਧੀਆ ਸੀ।

ਸਾਲ 2007 ਵਿੱਚ ਨੀਦਰਲੈਂਡ ਦੀ ਯੂਨੀਵਰਸਿਟੀ ਵਿੱਚ ਲਿਵਿੰਗ ਪਾਲਿਟਿਕਸ: ਭਾਰਤ ਨੇ ਮੈਨੂੰ ਕੀ ਸਿਖਾਇਆ” ਵਿਸ਼ੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਈ ਘਟਨਾਵਾਂ ਨੇ ਮੈਨੂੰ ਸਿਖਾਇਆ, ਮੇਰੀ ਸਿਆਸੀ ਸਮਝ ਵਿਕਸਿਤ ਕੀਤੀ ਪਰ ਮੈਨੂੰ ਦੋ ਗੱਲਾਂ ਸਾਫ਼ ਤੌਰ 'ਤੇ ਯਾਦ ਹਨ।

"ਪਹਿਲਾਂ ਤਾਂ 1971 ਦਾ ਸੰਕਟ ਜਿਸ ਨੇ ਇੰਦਰਾ ਗਾਂਧੀ ਨੂੰ ਇਕ ਸਟੇਟਸਮੈਨ ਵਜੋਂ ਸਥਾਪਿਤ ਕੀਤਾ। ਦੂਸਰਾ, ਇੱਕ ਸਿਆਸਤਦਾਨ ਵਜੋਂ ਭਾਰਤ ਨੂੰ ਅੱਗੇ ਲਿਜਾਣ ਦਾ ਉਨ੍ਹਾਂ ਦਾ ਪੱਕਾ ਇਰਾਦਾ।"

"ਉਨ੍ਹਾਂ ਦੇ ਕਈ ਫੈਸਲਿਆਂ ਨੇ ਭਾਰਤ ਨੂੰ ਹੋਰ ਸਫ਼ਲ ਅਤੇ ਬਿਹਤਰ ਦੇਸ ਬਣਾਇਆ।"

"ਭਾਰਤ ਬਾਰੇ ਮੇਰੀ ਸਮਝ ਵੱਖਰੀ ਤਰ੍ਹਾਂ ਵਿਕਸਿਤ ਹੋਈ। ਮੇਰੀ ਸੱਸ ਦੀ ਮੌਤ ਤੋਂ ਬਾਅਦ ਸਾਡੀ ਦੁਨੀਆ ਵਿੱਚ ਤਰਥੱਲੀ ਮੱਚ ਗਈ ਅਤੇ ਅਜਿਹਾ ਹੋਣਾ ਸੁਭਾਵਿਕ ਹੈ। ਹੁਣ ਜਦੋਂ ਤੁਸੀਂ ਆਪਣੇ ਨਜ਼ਦੀਕੀ ਨੂੰ ਗੁਆ ਦਿੰਦੇ ਹੋ ਤਾਂ ਅਜਿਹਾ ਹੋਣਾ ਸੁਭਾਵਿਕ ਹੈ।"

"ਇੰਦਰਾ ਗਾਂਧੀ ਅਤੇ ਉਨ੍ਹਾਂ ਦੇ ਪਿਤਾ ਦਰਮਿਆਨ ਚਿੱਠੀਆਂ ਨੂੰ ਮੈਂ ਸੰਪਾਦਿਤ ਕੀਤਾ ਅਤੇ ਕਾਫ਼ੀ ਕੁਝ ਉਥੋਂ ਸਮਝਿਆ। ਜਦੋਂ ਉਹ ਜਵਾਨ ਸਨ ਤਾਂ ਕਈ ਵਾਰ ਜੇਲ੍ਹ ਗਏ ਅਤੇ ਇਸੇ ਦੌਰਾਨ ਦੋਹਾਂ ਨੇ ਇੱਕ ਦੂਜੇ ਨੂੰ ਕਾਫ਼ੀ ਚਿੱਠੀਆਂ ਲਿਖੀਆਂ।"

ਸੋਨੀਆ ਨੇ ਕਿਹਾ ਸੀ ਕਿ ਦੋਵਾਂ ਵਿਚਕਾਰ ਹੋਈ ਇਸ ਗੱਲਬਾਤ ਨੇ ਉਨ੍ਹਾਂ ਨੂੰ ਆਜ਼ਾਦ ਭਾਰਤ ਨਾਲ ਰੂ-ਬਰੂ ਕਰਵਾਇਆ ਸੀ।

ਇਹ ਵੀ ਪੜ੍ਹੋ-

ਸਿਆਸਤ ਨੇ ਕਾਫ਼ੀ ਕੁਝ ਸਿਖਾਇਆ

ਆਪਣੀ ਨਿੱਜੀ ਜ਼ਿੰਦਗੀ ਬਾਰੇ ਵਿਸਥਾਰ ਨਾਲ ਗੱਲ ਕਰਦੇ ਹੋਏ ਸੋਨੀਆ ਗਾਂਧੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਦੀ ਨੂੰਹ ਵਜੋਂ ਉਨ੍ਹਾਂ ਦਾ ਜੀਵਨ ਸਿਆਸੀ ਉਥਲ-ਪੁਥਲ ਨਾਲ ਭਰਿਆ ਰਿਹਾ।

ਉਨ੍ਹਾਂ ਨੇ ਕਿਹਾ ਸੀ, “ਪਿੱਛੇ ਮੁੜ ਕੇ ਦੇਖਾਂ ਤਾਂ ਮੈਂ ਕਹਿ ਸਕਦੀ ਹਾਂ ਕਿ ਮੇਰੇ ਲਈ ਸਿਆਸਤ ਦੀ ਦੁਨੀਆਂ ਦਾ ਰਾਹ ਮੇਰੀ ਨਿੱਜੀ ਜ਼ਿੰਦਗੀ ਵਿੱਚੋਂ ਹੋ ਕੇ ਹੀ ਲੰਘਿਆ ਸੀ —ਮੈਂ ਉਨ੍ਹਾਂ ਲੋਕਾਂ ਦੇ ਬਹੁਤ ਨੇੜੇ ਸੀ ਜਿਨ੍ਹਾਂ ਲਈ ਵਿਚਾਰਧਾਰਾ ਨਾਲ ਜੁੜੇ ਸਵਾਲ ਬਹੁਤ ਅਹਿਮ ਸਨ ਅਤੇ ਉਨ੍ਹਾਂ ਲਈ ਸਿਆਸੀ ਅਤੇ ਪ੍ਰਸ਼ਾਸਨ ਨਾਲ ਜੁੜੀਆਂ ਗੱਲਾਂ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਸਨ।”

ਉਨ੍ਹਾਂ ਨੇ ਕਿਹਾ ਸੀ ਕਿ ਸਿਆਸੀ ਪਰਿਵਾਰ ਵਿੱਚ ਰਹਿਣ ਵਿੱਚ ਕਈ ਤਰ੍ਹਾਂ ਦੇ ਪਹਿਲੂ ਹੁੰਦੇ ਹਨ, ਜਿਨ੍ਹਾਂ ਦਾ ਅਸਰ ਇੱਕ ਬਹੂ ਉੱਪਰ ਪੈਂਦਾ ਹੈ।

“ਮੈਂ ਸਿੱਖਿਆ ਹੈ ਕਿ ਜਨਤਕ ਜੀਵਨ ਵਿੱਚ ਕਿਵੇਂ ਸਹਿਜ ਹੋਣਾ ਹੈ, ਮੈਨੂੰ ਲੋਕਾਂ ਦੀਆਂ ਨਜ਼ਰਾਂ ਨਿੱਜੀ ਜ਼ਿੰਦਗੀ ਵਿੱਚ ਵੜਦੀਆਂ ਲਗਦੀਆਂ ਸਨ ਅਤੇ ਮੈਨੂੰ ਇਨ੍ਹਾਂ ਨਾਲ ਨਜਿੱਠਣਾ ਮੁਸ਼ਕਿਲ ਲਗਦਾ ਸੀ।"

"ਮੈਨੂੰ ਆਪਣੀ ਆਪਮੁਹਾਰਤਾ ਅਤੇ ਸਪਸ਼ਟ ਅਤੇ ਤਿੱਖੀ ਗੱਲ ਕਰਨ ਦੀ ਆਦਤ ਨੂੰ ਵੀ ਰੋਕਣਾ ਸਿੱਖਣਾ ਪਿਆ। ਸਭ ਤੋਂ ਵੱਧ ਤਾਂ ਮੈਨੂੰ ਇਹ ਵੀ ਸਿੱਖਣਾ ਪਿਆ ਕਿ ਕੋਈ ਤੁਹਾਨੂੰ ਮਾੜਾ ਬੋਲੇ ਤਾਂ ਵੀ ਸ਼ਾਂਤ ਰਹਿਣਾ ਹੈ। ਮੈਂ ਆਪਣੇ ਪਰਿਵਾਰ ਦੇ ਦੂਸਰੇ ਲੋਕਾਂ ਵਾਂਗ ਇਸ ਸਭ ਕੁਝ ਸਿੱਖਿਆ।”

ਆਪਣੀ ਸ਼ਖ਼ਸ਼ੀਅਤ ਬਾਰੇ ਉਨ੍ਹਾਂ ਕਿਹਾ, "ਜੋ ਭਾਰਤ ਨੂੰ ਵਧੀਆ ਤਰੀਕੇ ਨਾਲ ਜਾਣਦੇ ਹਨ ਉਹ ਸਾਰੇ ਜਾਣਦੇ ਹਨ ਕਿ ਲੋਕ ਸਾਨੂੰ ਮੁਖਰ ਕਹਿੰਦੇ ਹਨ।"

"ਜਿਵੇਂ ਕਿ ਨੋਬਲ ਵਿਜੇਤਾ ਅਥੇ ਲੇਖਕ ਅੰਮ੍ਰਤਿਆ ਸੇਨ ਨੇ ਆਪਣੀ ਕਿਤਾਬ, ਦਿ ਆਰਗਿਊਮੈਂਟਿਵ ਇੰਡੀਅਨ” ਵਿੱਚ ਕਿਹਾ ਸੀ ਕਿ ਮੌਤ ਦੀ ਸੱਚਾਈ ਦੇ ਚਿਹਰੇ ‘ਤੇ ਕਿਸੇ ਭਾਰਤੀ ਨੂੰ ਜੋ ਗੱਲ ਵਿਚਲਿਤ ਕਰਦੀ ਹੈ ਉਹ ਇਹ ਕਿ ਉਹ ਪਲਟ ਕੇ ਕਿਸੇ ਨੂੰ ਤਰਕ ਨਹੀਂ ਕਰ ਸਕੇਗਾ।”

"ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਤਰਕ ਅਤੇ ਤਿੱਖਾ ਵਿਵਦ ਭਾਰਤ ਦੇ ਜਨਤਕ ਜੀਵਨ ਦੀ ਖ਼ਾਸੀਅਤ ਹੈ। ਸਿਆਸਤ ਦਾ ਰੌਲਾ-ਰੱਪਾ ਸਾਡੇ ਲੋਕਤੰਤਰ ਵਿੱਚ ਸੰਗੀਤ ਵਾਂਗ ਹੈ।”

ਸਾਰਿਆਂ ਨੂੰ ਜੋੜਨ ਵਾਲੀ ਆਗੂ

2016 ਵਿੱਚ ਜਦੋਂ ਸੋਨੀਆ 70 ਸਾਲਾਂ ਦੇ ਹੋਏ ਤਾਂ ਰਾਜਨੀਤੀ ਨੂੰ ਛੱਡਣ ਦਾ ਪੱਕਾ ਮਨ ਬਣਾ ਚੁੱਕੇ ਸਨ।

ਲੇਕਿਨ ਕੇਂਦਰੀ ਸਿਆਸਤ ਵਿੱਚ ਮੋਦੀ ਦੇ ਆਉਣ, ਆਪਣੀ ਦਾਅਵੇਦਾਰੀ ਨੂੰ ਹੋਰ ਪੱਕਾ ਕਰਨ ਅਤੇ ਇੱਕ ਵਾਰ ਫਿਰ ਮੋਦੀ ਦੀ ਅਗਵਾਈ ਵਿੱਚ ਐਨਡੀਏ ਸਰਕਾਰ ਬਣਨ ਦੀਆਂ ਸੰਭਾਵਨਾਵਾਂ ਦੇ ਦਰਮਿਆਨ “ਦੋਬਾਰਾ ਸੋਨੀਆ ਗਾਂਧੀ” ਵਰਗੀਆਂ ਆਵਾਜ਼ਾਂ ਸੁਣ ਰਹੀਆਂ ਹਨ।

ਅਸਲ ਵਿੱਚ ਇਹ ਦੋ ਗੱਲਾਂ ਸਾਫ਼ ਦਿਸਦੀਆਂ ਹਨ- ਪਹਿਲਾ ਇਹ ਕਿ ਇੱਕ ਮਾਂ ਵਜੋਂ ਉਹ ਰਾਹੁਲ ਨੂੰ ਸਫਲ ਹੁੰਦਾ ਦੇਖਣਾ ਚਾਹੁੰਦੇ ਹਨ।

ਦੂਸਰਾ, ਆਂਕਲਣ ਇਹ ਹੈ ਕਿ ਸੋਨੀਆ ਗਾਂਧੀ ਦਾ ਨਾਮ ਇੱਕ ਵਾਰ ਫਿਰ ਡੀਐਮਕੇ, ਆਰਜੇਡੀ, ਤ੍ਰਿਣਮੂਲ, ਐਨਸੀਪੀ, ਐਸਪੀ, ਬਸਪਾ ਅਤੇ ਹੋਰਨਾਂ ਪਾਰਟੀਆਂ ਨੂੰ ਇੱਕ ਮੰਚ 'ਤੇ ਲਿਆ ਸਕਦਾ ਹੈ।

ਮਮਤਾ ਬੈਨਰਜੀ , ਮਾਇਆਵਤੀ, ਅਖਿਲੇਸ਼ ਯਾਦਵ, ਐਮਕੇ ਸਟਾਲੀਨ, ਤੇਜਸਵੀ ਯਾਦਵ ਅਤੇ ਸ਼ਰਦ ਪਵਾਰ ਦੇ ਹਉਂ ਦੀ ਲੜਾਈ ਇੱਕ ਸਚਾਈ ਹੈ।

ਸੋਨੀਆ ਨੂੰ ਲੋਕ ਓਨੇ ਸਨਮਾਨ ਨਾਲ ਨਹੀਂ ਦੇਖਦੇ ਜਿੰਨਾ ਸਨਮਾਨ ਉਹ 1975-76 ਵਿੱਚ ਜੈਪ੍ਰਕਾਸ਼ ਨਾਰਾਇਣ ਜਾਂ 1989, 1998 ਅਤੇ 2004 ਦੇ ਵੀ ਪੀ ਸਿੰਘ ਅਤੇ ਹਰਕਿਸ਼ਨ ਸਿੰਘ ਸੁਰਜੀਤ ਨੂੰ ਦੇਖਦੇ ਸਨ। ਪਰ ਉਨ੍ਹਾਂ ਅੰਦਰ ਆਪਸੀ ਲੜਾਈ ਵਾਲੀਆਂ ਪਾਰਟੀਆਂ ਨੂੰ ਇਕੱਠਿਆਂ ਕਰਨ ਦੀ ਕਾਫ਼ੀ ਸਮਰੱਥਾ ਹੈ ।

ਸਾਲ 2004-2014 ਦੌਰਾਨ ਸੋਨੀਆ ਨੇ ਦਿਖਾ ਦਿੱਤਾ ਕਿ ਉਹ ਬਿਨਾਂ ਪ੍ਰਧਾਨ ਮੰਤਰੀ ਬਣੇ ਵੀ ਸਭ ਤੋਂ ਸ਼ਕਤੀਸ਼ਾਲੀ ਅਤੇ ਸਭ ਤੋਂ ਅਹਿਮ ਹੋ ਸਕਦੇ ਹਨ।

ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣੇ ਉਸ ਸਮੇਂ ਵੀ ਰਾਹੁਲ ਗਾਂਧੀ ਨੇ ਇਸ ਅਹੁਦੇ ਤੋਂ ਦੂਰ ਰਹਿਣਾ ਪੰਸਦ ਕੀਤਾ ਅਤੇ ਹੁਣ 49 ਸਾਲ ਦੀ ਉਮਰ ਵਿੱਚ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰੀ ਦਿਖਾਉਣ ਦੀ ਕੋਈ ਜਲਦੀ ਨਹੀਂ ਹੈ। ਸ਼ਾਇਦ ਇਹੀ ਸੋਨੀਆ ਗਾਂਧੀ ਲਈ ਟਰੰਪ ਕਾਰਡ ਸਾਬਤ ਹੋਵੇ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)