ਵੇਟਰ ਤੋਂ ਆਲੀਸ਼ਾਨ ਹੋਟਲਾਂ ਦੇ ਮਾਲਕ ਬਣੇ ਸ਼ਖਸ ਦੀ ਕਹਾਣੀ

ਰੌਬਿਨ ਹਿਊਟਸਨ ਜੇਕਰ ਸਕੂਲ ਦੀ ਪ੍ਰੀਖਿਆ ਵਿੱਚ ਅਸਫ਼ਲ ਨਾ ਹੁੰਦੇ ਤਾਂ ਆਪਣੀ ਜ਼ਿੰਦਗੀ ਵਿੱਚ ਇੰਨੇ ਸਫ਼ਲ ਨਾ ਹੁੰਦੇ।

ਬੀਤੇ ਦਿਨਾਂ ਨੂੰ ਯਾਦ ਕਰਦਿਆਂ ਹੋਇਆ 62 ਸਾਲ ਦੇ ਰੌਬਿਨ ਹਿਊਟਸਨ ਦੱਸਦੇ ਹਨ, "ਪ੍ਰੀਖਿਆ 'ਚ ਮੇਰੇ ਕੋਲੋਂ ਗੜਬੜ ਹੋ ਗਈ ਅਤੇ ਮੈਨੂੰ ਅਗਲੀ ਕਲਾਸ 'ਚ ਜਾਣ ਦਾ ਮੌਕਾ ਨਾ ਮਿਲਿਆ।"

"ਮੈਨੂੰ ਕੋਈ ਹੋਰ ਰਸਤਾ ਚੁਣਨਾ ਸੀ। 16 ਸਾਲ ਦੀ ਉਮਰ ਵਿੱਚ ਕੁੜੀਆਂ ਦੇ ਪਿੱਛੇ ਭੱਜਣ ਤੋਂ ਇਲਾਵਾ ਮੇਰੀ ਦਿਲਚਸਪੀ ਦੂਜੀਆਂ ਚੀਜ਼ਾਂ ਵਿੱਚ ਘੱਟ ਹੀ ਸੀ।"

"ਮੇਰੀ ਮੰਮੀ ਕਹਿੰਦੀ ਹੁੰਦੀ ਸੀ ਕਿ ਰਸੋਈ ਦੀਆਂ ਚੀਜ਼ਾਂ ਇਧਰੋਂ-ਉਧਰ ਕਰਨ 'ਚ ਮੇਰਾ ਮਨ ਜ਼ਿਆਦਾ ਲਗਦਾ ਹੈ।"

ਸ਼ਾਇਦ ਇਹੀ ਕਾਰਨ ਸੀ ਕਿ ਰੌਬਿਨ ਹਿਊਟਸਨ ਦੀ ਮਾਂ ਨੇ ਉਨ੍ਹਾਂ ਨੂੰ ਹੋਟਲ ਅਤੇ ਕੈਟਰਿੰਗ ਸੈਕਟਰ 'ਚ ਕੋਰਸ ਦੀ ਸਲਾਹ ਦਿੱਤੀ। ਇਥੋਂ ਹੀ ਹੌਸਪਿਟੈਲਿਟੀ ਸੈਕਟਰ 'ਚ ਰੌਬਿਨ ਦਾ ਰਾਹ ਖੁੱਲਿਆ।

ਸਾਲ 1994 ਵਿੱਚ ਰੌਬਿਨ ਨੇ 'ਹੋਟਲ ਡੂ ਵਿਨ' ਦੀ ਸ਼ੁਰੂਆਤ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।

ਇਹ ਵੀ ਪੜ੍ਹੋ-

ਰੌਬਿਨ ਦੀ ਤਾਲੀਮ

10 ਸਾਲ ਬਾਅਦ ਰੌਬਿਨ ਅਤੇ ਉਨ੍ਹਾਂ ਦੇ ਪਾਰਟਨਰ ਨੇ ਇਹ ਹੋਟਲ ਬਿਜ਼ਨੈਸ 66 ਮਿਲੀਅਨ ਪਾਊਂਡ ਵਿੱਚ ਕਿਸੇ ਕੰਪਨੀ ਨੂੰ ਵੇਚ ਦਿੱਤਾ।

ਸਾਲ 2011 ਵਿੱਚ ਰੌਬਿਨ ਨੇ 'ਦਿ ਪਿਗ' ਨਾਮ ਨਾਲ ਇੱਕ ਹੋਰ ਹੋਟਲ ਚੇਨ ਦੀ ਸ਼ੁਰੂਆਤ ਕੀਤੀ। ਸਾਊਥ ਇੰਗਲੈਂਡ ਵਿੱਚ ਇਸ ਵੇਲੇ ਰੌਬਿਨ ਦੇ ਹੋਟਲ 6 ਥਾਵਾਂ 'ਤੇ ਹਨ।

ਉਨ੍ਹਾਂ ਦੀ ਕੰਪਨੀ ਹੋਮ ਗ੍ਰੇਨ ਹੋਟਲਜ਼ ਦੀ ਸਾਲਾਨਾ ਕਮਾਈ 20 ਮਿਲੀਅਨ ਪਾਊਂਡ ਯਾਨਿ ਕਰੀਬ 180 ਕਰੋੜ ਰੁਪਏ ਤੋਂ ਵੀ ਵੱਧ ਹੈ।

ਰੌਬਿਨ ਹਿਊਟਸਨ ਨੂੰ ਬ੍ਰਿਟੇਨ ਦੇ 'ਸਭ ਤੋਂ ਪ੍ਰਭਾਵਸ਼ਾਲੀ ਹੋਟਲ' ਕਾਰੋਬਾਰੀ ਵਜੋਂ ਦੇਖਿਆ ਜਾਂਦਾ ਹੈ। ਹਾਲਾਂਕਿ ਤੁਸੀਂ ਰੌਬਿਨ ਦੀ ਤਾਲੀਮ 'ਤੇ ਸਵਾਲ ਨਹੀਂ ਚੁੱਕ ਸਕਦੇ।

ਸਾਊਥ ਲੰਡਨ ਦੇ ਸਰੇ ਦੇ ਕੈਟਰਿੰਗ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ 70ਵਿਆਂ ਵਿੱਚ ਉਹ ਸੈਵੋਏ ਗਰੁੱਪ ਆਫ ਹੋਟਲਜ਼ ਦੇ ਮੈਨੇਜਮੈਂਟ ਟ੍ਰੇਨਿੰਗ ਪ੍ਰੋਗਰਾਮ ਨਾਲ ਜੁੜ ਗਏ।

ਮਿਹਨਤ ਅਤੇ ਸੰਘਰਸ਼

ਰੌਬਿਨ ਦੀ ਮਿਹਨਤ ਅਤੇ ਸੰਘਰਸ਼ ਦਾ ਅੰਦਾਜ਼ਾ ਇਸ ਗੱਲ ਨਾਲ ਵੀ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਲੰਡਨ ਦੇ ਪੰਜ ਤਾਰਾ ਹੋਟਲ ਕਲੈਰਿਜ 'ਚ ਵੇਟਰ ਵਜੋਂ ਸ਼ੁਰੂਆਤ ਕੀਤੀ ਸੀ।

ਕਲੈਰਿਜ ਤੋਂ ਬਾਅਦ ਰੌਬਿਨ ਦਾ ਅਗਲਾ ਪੜਾਅ ਪੈਰਿਸ ਦਾ 'ਕ੍ਰਿਲਿਅਨ' ਹੋਟਲ ਸੀ।

23 ਸਾਲ ਦੀ ਉਮਰ ਵਿੱਚ ਰੌਬਿਨ ਜਦੋਂ ਲੰਡਨ ਵਾਪਸ ਆਏ ਤਾਂ ਉਹ 'ਬਰਕਲੇ' ਹੋਟਲ ਦੇ ਸਭ ਤੋਂ ਨੌਜਵਾਨ ਰਿਸੈਪਸ਼ਨ ਮੈਨੇਜਰ ਸਨ। ਸਫ਼ਰ ਦਾ ਅਗਲਾ ਟਿਕਾਣਾ ਬਰਮੁਡਾ ਸੀ ਜਿੱਥੇ ਉਨ੍ਹਾਂ ਨੇ ਦੋ ਸਾਲ ਗੁਜ਼ਾਰੇ।

ਪਰ ਦੇਰ-ਸਵੇਰ ਉਨ੍ਹਾਂ ਨੇ ਬ੍ਰਿਟੇਨ ਵਾਪਸ ਆਉਣਾ ਸੀ। ਬ੍ਰਿਟੇਨ ਵਾਪਸੀ 'ਤੇ ਹੈਂਪਸ਼ਇਰ ਦੇ ਇੱਕ ਹੋਟਲ ਵਿੱਚ ਉਨ੍ਹਾਂ ਨੂੰ ਜਨਰਲ ਮੈਨੇਜਰ ਦੀ ਜ਼ਿੰਮੇਵਾਰੀ ਮਿਲੀ। ਉਦੋਂ ਉਨ੍ਹਾਂ ਦੀ ਉਮਰ ਮਹਿਜ਼ 28 ਸਾਲ ਸੀ।

ਇਸ ਹੋਟਲ 'ਚ 8 ਸਾਲ ਟਿਕਣ ਤੋਂ ਬਾਅਦ ਰੌਬਿਨ ਨੇ ਇਹ ਤੈਅ ਕੀਤਾ ਹੁਣ ਕੁਝ ਆਪਣਾ ਕਰਨ ਦਾ ਵੇਲਾ ਆ ਗਿਆ ਹੈ।

ਪੈਸੇ ਦੀ ਲੋੜ

ਰੌਬਿਨ ਦੱਸਦੇ ਹਨ, "ਮੇਰੀ ਉਮਰ 36 ਸਾਲ ਹੋ ਗਈ ਸੀ। ਦੂਜਿਆਂ ਲਈ ਕੰਮ ਕਰਦੇ-ਕਰਦੇ ਲੰਬਾ ਅਰਸਾ ਹੋ ਗਿਆ ਸੀ।"

"ਮੈਂ ਖ਼ੁਦ ਨੂੰ ਸਵਾਲ ਕੀਤਾ ਕਿ ਅੱਗੇ ਦੀ ਜ਼ਿੰਦਗੀ ਲਈ ਮੈਂ ਕੀ ਕਰਨਾ ਚਾਹੁੰਦਾ ਹਾਂ। ਕੀ ਮੈਨੂੰ ਕੁਝ ਹੋਰ ਕਰਨਾ ਚਾਹੀਦਾ ਹੈ।"

ਰੌਬਿਨ ਦਾ ਇਹ 'ਕੁਝ ਹੋਰ' ਸਿਟੀ ਸੈਂਟਰ ਹੋਟਲ 'ਚ ਬੁਟਿਕ ਸੀ ਜਿੱਥੇ ਉਨ੍ਹਾਂ ਨੇ ਵਧੀਆ ਸ਼ਰਾਬ ਅਤੇ ਬਿਹਤਰੀਨ ਖਾਣੇ 'ਤੇ ਖ਼ਾਸ ਧਿਆਨ ਦਿੱਤਾ। ਸਫ਼ਰ ਦਾ ਸਿਲਸਿਲਾ ਚਲਦਾ ਰਿਹਾ।

ਸਾਲ 1994 ਵਿੱਚ ਰੌਬਿਨ ਨੇ ਆਪਣੇ ਦੋਸਤ ਜੇਰਾਰਡ ਬੈਸੇਟ ਨਾਲ ਟੀਮ ਬਣਾਈ ਅਤੇ ਹੈਂਪਸ਼ਾਇਰ ਦੇ ਵਿੰਸ਼ੈਸਟਰ 'ਚ ਹੋਟਲ 'ਡੂ ਵਿਨ' ਦੀ ਸ਼ੁਰੂਆਤ ਕੀਤੀ।

ਇਸ ਲਈ ਪੈਸੇ ਦੀ ਲੋੜ ਸੀ। ਰੌਬਿਨ ਦੱਸਦੇ ਹਨ ਕਿ ਇਸ ਲਈ ਉਨ੍ਹਾਂ ਨੇ ਪਤਨੀ ਨੂੰ ਆਪਣਾ ਘਰ ਕਰਜ਼ੇ ਲਈ ਗਾਰੰਟੀ ਵਜੋਂ ਗਹਿਣੇ ਰੱਖਣ ਲਈ ਮਨਾਇਆ।

ਇਹ ਵੀ ਪੜ੍ਹੋ-

ਪਾਈ-ਪਾਈ ਦਾ ਹਿਸਾਬ

ਰੌਬਿਨ ਨੇ ਦੱਸਿਆ, ਇਹ ਸ਼ਾਇਦ ਸਭ ਤੋਂ ਹਿੰਮਤ ਵਾਲਾ ਫ਼ੈਸਲਾ ਸੀ ਜੋ ਜਿਊਡੀ ਨੇ ਆਪਣੀ ਜ਼ਿੰਦਗੀ ਵਿੱਚ ਲਿਆ ਸੀ।

ਦੋਵਾਂ ਲਈ ਇਹ ਮੁਸ਼ਕਲਾਂ ਭਰਿਆ ਸਮਾਂ ਸੀ ਜਦੋਂ ਪਾਈ-ਪਾਈ ਦਾ ਹਿਸਾਬ ਜੋੜਣਾ ਪੈ ਰਿਹਾ ਸੀ।

ਉਹ ਦੱਸਦੇ ਹਨ, "ਜੇਰਾਰਡ ਅਤੇ ਮੈਂ ਸੋਫੇ 'ਤੇ ਹੀ ਸੋ ਜਾਂਦੇ ਸੀ। ਉਹ ਬਹੁਤ ਥਕਾਊ ਸੀ, ਅਸੀਂ ਹਰ ਕੰਮ ਕਰ ਰਹੇ ਸੀ। ਖਾਣਾ ਬਣਾਉਣ ਤੋਂ ਲੈ ਕੇ ਵੇਟਰ ਤੱਕ ਦਾ ਕੰਮ ਪਰ ਪਹਿਲੇ ਹੀ ਸਾਲ ਅਸੀਂ ਮੁਨਾਫ਼ੇ ਵਿੱਚ ਸੀ।"

'ਇੱਕ ਕ੍ਰਾਂਤੀਕਾਰੀ ਕਦਮ'

ਹੋਟਲ ਆਉਣ ਵਾਲੇ ਮਹਿਮਾਨਾਂ ਲਈ ਕੁਝ ਨਵਾਂ ਕਰਨ ਦੀ ਚਾਹ 'ਚ ਦੋਵਾਂ ਨੇ ਹੋਟਲ ਦੇ ਬਾਰ 'ਚ ਦੁੱਧ ਅਤੇ ਕਾਫੀ ਦੇਣ ਦਾ ਇੰਤਜ਼ਾਮ ਕੀਤਾ।

ਹਾਲਾਂਕਿ ਇਸ ਜ਼ਮਾਨੇ ਵਿੱਚ ਬਾਰ ਵਿੱਚ ਦੁੱਧ ਅਤੇ ਕਾਫੀ ਸਰਵ ਕਰਨ ਵਿੱਚ ਨਵੀਂ ਗੱਲ ਵਰਗਾ ਕੁਝ ਨਹੀਂ ਹੈ ਪਰ ਰੌਬਿਨ ਦੱਸਦੇ ਹਨ ਕਿ ਇਸ ਨੂੰ 'ਇੱਕ ਕ੍ਰਾਂਤੀਕਾਰੀ ਕਦਮ' ਵਜੋਂ ਦੇਖਿਆ ਗਿਆ।

ਹੋਟਲ 'ਡੂ ਵਿਨ' ਦੀ ਚੇਨ ਵਿੱਚ 6 ਹੋਟਲ ਹਨ ਪਰ 10 ਸਾਲ ਪੂਰੇ ਹੋ ਜਾਣ ਤੋਂ ਬਾਅਦ ਰੌਬਿਨ ਅਤੇ ਜੇਰਾਰਡ ਨੇ ਇਹ ਬਿਜ਼ਨਸ ਇੱਕ ਨਿਵੇਸ਼ ਸਮੂਹ ਨੂੰ ਵੇਚ ਦਿੱਤਾ।

ਉਹ ਦੱਸਦੇ ਹਨ ਉਨ੍ਹਾਂ ਨੂੰ ਪੇਸ਼ਕਸ਼ ਹੀ ਅਜਿਹੀ ਮਿਲੀ ਸੀ ਜਿਸ ਨਾਲ ਉਹ ਇਨਕਾਰ ਨਹੀਂ ਕਰ ਸਕੇ।

ਇਸ ਤੋਂ ਬਾਅਦ ਚਾਰ ਸਾਲਾਂ ਤੱਕ ਰੌਬਿਨ ਸੋਹੋ ਹਾਊਸ ਪ੍ਰਾਈਵੇਟ ਕਲੱਬ ਦੀ ਚੇਨ ਦੇ ਚੇਅਰਮੈਨ ਵੀ ਰਹੇ।

ਸਾਲ 2008 ਵਿੱਚ ਰੌਬਿਨ ਨੇ ਹੈਂਪਸ਼ਾਇਰ ਵਿੱਚ ਇੱਕ ਨਵੇਂ ਫਾਈਵ ਸਟਾਰ ਹੋਟਲ ਦੀ ਸ਼ੁਰੂਆਤ ਕੀਤੀ ਜਿਸ ਦਾ ਨਾਮ ਉਨ੍ਹਾਂ ਨੇ 'ਲਾਈਮ ਵੁੱਡ' ਰੱਖਿਆ।

2011 ਵਿੱਚ 'ਦਿ ਪਿਗ' ਚੇਨ ਦਾ ਪਹਿਲਾ ਹੋਟਲ ਖੋਲਿਆ ਗਿਆ।

'ਸਭ ਤੋਂ ਤਾਕਤਵਰ ਸ਼ਖ਼ਸ'

ਰੌਬਿਨ ਦੀ ਇਸ ਪਹਿਲ ਵਿੱਚ ਉਨ੍ਹਾਂ ਨੂੰ ਜਿਊਡੀ ਦਾ ਵੀ ਸਾਥ ਮਿਲਿਆ। ਜਿਊਡੀ ਹੋਟਲ ਦਾ ਇੰਟੀਰਿਅਰ ਦੇਖ ਰਹੀ ਸੀ। ਰੌਬਿਨ ਨੇ 'ਦਿ ਪਿਗ' ਨਾਮ ਵੀ ਕੁਝ ਸੋਚ ਕੇ ਰੱਖਿਆ ਸੀ।

ਉਨ੍ਹਾਂ ਨੂੰ ਨਿਊਯਾਰਕ ਦਾ ਮਸ਼ਹੂਰ ਰੈਸਟੋਰੈਂਟ 'ਦਿ ਸਪਾਟਡ ਪਿਗ' ਬਹੁਤ ਪਸੰਦ ਸੀ ਅਤੇ ਇਸੇ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਆਪਣੀ ਚੇਨ ਦਾ ਨਾਮ ਰੱਖਿਆ।

ਹੋਟਲ ਇੰਡਸਟਰੀ ਦੀ ਮੈਗ਼ਜ਼ੀਨ 'ਬੂਟਿਕ ਹੋਟਲਿਅਰ' ਦੇ ਸੰਪਾਦਕ ਜ਼ੋਏ ਮਾਨਕ ਦੱਸਦੀ ਹੈ, "ਰੌਬਿਨ ਦੀ ਸਫ਼ਲਤਾ ਦਾ ਰਾਜ਼ ਇਸ ਗੱਲ ਵਿੱਚ ਲੁਕਿਆ ਹੋਇਆ ਸੀ ਕਿ ਉਹ ਬਾਜ਼ਾਰ ਦਾ ਮਿਜਾਜ਼ ਸਮਝਦੇ ਹਨ।"

"ਉਨ੍ਹਾਂ ਨੂੰ ਹੋਟਲ ਇੰਡਸਟਰੀ ਦੀਆਂ ਕਮੀਆਂ ਪਤਾ ਹਨ। ਉਹ ਜਾਣਦੇ ਹਨ ਕਿ ਨਵਾਂ ਟਰੈਂਡ ਕਿਵੇਂ ਬਣਾਇਆ ਜਾ ਸਕਦਾ ਹੈ ਅਤੇ ਮੇਨਸਟ੍ਰੀਮ ਮਾਰਕਿਟ ਵਿੱਚ ਕੀ ਚੀਜ਼ ਮਿਸਿੰਗ ਹੈ।"

ਪਿਛਲੇ ਸਾਲ ਟ੍ਰੇਡ ਮੈਗ਼ਜ਼ੀਨ 'ਦਿ ਕੈਟਰਰ' ਨੇ ਰੌਬਿਨ ਨੂੰ 'ਬ੍ਰਿਟੇਨ ਦੇ ਹੋਟਲ ਉਦਯੋਗ ਦਾ ਸਭ ਤੋਂ ਤਾਕਤਵਰ ਸ਼ਖ਼ਸ' ਐਲਾਨਿਆ ਸੀ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)