10 ਨੁਕਤੇ ਜੋ ਬਦਲ ਦੇਣਗੇ ਤੁਹਾਡੇ ਖਾਣੇ ਦਾ ਸੁਆਦ

ਕੀ ਤੁਹਾਨੂੰ ਖਾਣਾ ਪਕਾਉਣ ਦਾ ਸ਼ੌਂਕ ਹੈ ਜਾਂ ਫੇਰ ਤੁਹਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈ? ਜੋ ਵੀ ਹੋਵੇ, ਇਹ 10 ਨੁਸਖੇ ਰਸੋਈ ਵਿੱਚ ਤੁਹਾਡੇ ਬੇਹੱਦ ਕੰਮ ਆਉਣ ਵਾਲੇ ਹਨ।

1. ਲੱਕੜ ਦੇ ਚੌਪਿੰਗ ਬੋਰਡ ਦਾ ਇਸਤੇਮਾਲ

ਸਫਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਵਧੇਰੇ ਲੋਕ ਚੌਪਿੰਗ ਲਈ ਸਟੇਨਲੈਸ ਸਟੀਲ ਦਾ ਇਸਤੇਮਾਲ ਕਰਦੇ ਹਨ। ਕਈ ਪਲਾਸਟਿਕ ਜਾਂ ਸ਼ੀਸ਼ੇ ਦਾ ਚੌਪਿੰਗ ਬੋਰਡ ਇਸਤੇਮਾਲ ਕਰਦੇ ਹਨ, ਪਰ ਲੱਕੜ ਦਾ ਚੌਪਿੰਗ ਬੋਰਡ ਸਭ ਤੋਂ ਵਧੀਆ ਹੁੰਦਾ ਹੈ।

ਲੱਕੜ 'ਤੇ ਬੈਕਟੀਰੀਆ ਜ਼ਿਆਦਾ ਸਮੇਂ ਤੱਕ ਨਹੀਂ ਟਿੱਕਦੇ। ਲੱਕੜ ਨਮੀ ਨੂੰ ਆਪਣੇ ਅੰਦਰ ਸਮੋ ਲੈਂਦੀ ਹੈ, ਜਿਸ ਨਾਲ ਬੈਕਟੀਰੀਆ ਛੇਤੀ ਮਰ ਜਾਂਦੇ ਹਨ।

2. ਮਸ਼ਰੂਮ ਨੂੰ ਛਿੱਲਣਾ ਨਹੀਂ

ਮਸ਼ਰੂਮ ਨੂੰ ਛਿੱਲਣਾ ਕੋਈ ਸੌਖਾ ਕੰਮ ਨਹੀਂ ਹੈ, ਇਸ ਵਿੱਚ ਬਹੁਤ ਸਮਾਂ ਲੱਗਦਾ ਹੈ।

ਸਮਾਂ ਬਰਬਾਦ ਹੋਣ ਦੇ ਨਾਲ ਨਾਲ ਛਿੱਲਣ 'ਤੇ ਇਸ ਦਾ ਸੁਆਦ ਵੀ ਚਲਾ ਜਾਂਦਾ ਹੈ। ਮਸ਼ਰੂਮ ਨੂੰ ਸਿਰਫ ਧੋਵੋ, ਕੱਟੋ ਅਤੇ ਕੜ੍ਹਾਈ 'ਚ ਪਾ ਦੋ।

3. ਨਮਕ ਵਾਲਾ ਜਾਂ ਬਿਨਾਂ ਨਮਕ ਦਾ ਮੱਖਣ?

ਮੱਖਣ ਵਿੱਚ ਨਮਕ ਬੈਕਟੀਰੀਆ ਨੂੰ ਵਧਣ ਤੋਂ ਰੋਕਦਾ ਹੈ। ਕੁਝ ਸ਼ੈੱਫ ਮਸ਼ਰੂਮ ਲਈ ਬਿਨਾਂ ਨਮਕ ਦਾ ਮੱਖਣ ਲੈਂਦੇ ਹਨ, ਕਿਉਂਕਿ ਮਸ਼ਰੂਮ ਸਾਰਾ ਪਾਣੀ ਸੋਕ ਲੈਂਦੇ ਹਨ।

ਪਰ ਕੁਝ ਸ਼ੈੱਫ ਸਾਲਟਿਡ ਮੱਖਣ ਦਾ ਹੀ ਇਸਤੇਮਾਲ ਕਰਦੇ ਹਨ ਕਿਉਂਕਿ ਵੈਸੇ ਵੀ ਹਰ ਚੀਜ਼ ਵਿੱਚ ਨਮਕ ਤਾਂ ਪੈਂਦਾ ਹੀ ਹੈ। ਜਿਸ ਦਾ ਮਤਲਬ ਹੁੰਦਾ ਹੈ ਕਿ ਇਸ ਨਾਲ ਵੱਧ ਫਰਕ ਨਹੀਂ ਪੈਂਦਾ ਕਿ ਮੱਖਣ ਕਿਹੋ ਜਿਹਾ ਹੈ।

4. ਬੇਕਿੰਗ ਲਈ ਤਾਜ਼ਾ ਈਸਟ ਦਾ ਇਸਤੇਮਾਲ

ਤਾਜ਼ਾ ਈਸਟ(ਖਮੀਰ) ਮਿਲਣੀ ਸੌਖੀ ਨਹੀਂ ਹੁੰਦੀ। ਪਰ ਕੁਝ ਸ਼ੈੱਫ ਕਹਿੰਦੇ ਹਨ ਕਿ ਤਾਜ਼ਾ ਈਸਟ ਨਾਲ ਬਿਹਤਰ ਬੇਕਿੰਗ ਹੁੰਦੀ ਹੈ।

ਸ਼ੈੱਫ ਟਿਮ ਹੇਵਾਰਡ ਦਾ ਕਹਿਣਾ ਹੈ ਕਿ ਕਈ ਵਾਰ ਸੁਪਰਮਾਰਕਿਟ ਵਿੱਚ ਬੇਕਰ ਮੁਫਤ ਵਿੱਚ ਵੀ ਈਸਟ ਦੇ ਦਿੰਦੇ ਹਨ।

ਤਾਜ਼ਾ ਈਸਟ ਸੁੱਕੀ ਹੋਈ ਈਸਟ ਤੋਂ ਬਿਹਤਰ ਹੁੰਦੀ ਹੈ ਅਤੇ ਉਸ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ।

5. ਫਿੱਜ਼ ਕਿਵੇਂ ਬਣੀ ਰਹੇ?

ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਡਰਿੰਕ 'ਚੋਂ ਫਿੱਜ਼ ਯਾਨੀ ਕਿ ਬੁਲਬੁਲੇ ਨਾ ਜਾਣ ਤਾਂ ਉਸਦਾ ਸੌਖਾ ਤਰੀਕਾ ਹੈ ਕਿ ਉਸਨੂੰ ਚੰਗੀ ਤਰ੍ਹਾਂ ਬੰਦ ਕਰਕੇ ਠੰਡਾ ਰੱਖਿਆ ਜਾਵੇ।

ਇਸ ਨਾਲ ਬੋਤਲ ਦੇ ਅੰਦਰ ਦਾ ਪ੍ਰੈਸ਼ਰ ਬਣਿਆ ਰਹਿੰਦਾ ਹੈ।

6. ਰੇਪਸੀਡ ਆਇਲ ਸਭ ਤੋਂ ਬਿਹਤਰ ਕੁਕਿੰਗ ਆਇਲ

ਖਾਣਾ ਬਣਾਉਣ ਲਈ ਸਭ ਤੋਂ ਬਿਹਤਰ ਰੇਪਸੀਡ ਆਇਲ ਹੁੰਦਾ ਹੈ।

ਪਹਿਲਾ, ਰੇਪਸੀਡ ਆਇਲ ਦਾ ਆਪਣਾ ਕੋਈ ਸੁਆਦ ਨਹੀਂ ਹੁੰਦਾ, ਇਸਲਈ ਤੁਹਾਡੇ ਖਾਣੇ ਵਿੱਚ ਕੋਈ ਹੋਰ ਸੁਆਦ ਨਹੀਂ ਆਵੇਗਾ।

ਦੂਜਾ, ਇਹ ਛੇਤੀ ਨਹੀਂ ਉਬਲਦਾ।

7. ਮੀਟ ਨੂੰ ਠੰਡਾ ਕਰਨ ਦਾ ਤਰੀਕਾ

ਬਣਨ ਤੋਂ ਬਾਅਦ ਮੀਟ ਨੂੰ ਕਮਰੇ ਦੇ ਤਾਪਮਾਨ ਜਿੰਨਾ ਠੰਡਾ ਕਰਨ ਨਾਲ ਮੀਟ ਵਿੱਚ ਰੱਸ ਵੱਧ ਜਾਂਦਾ ਹੈ।

ਪਰ ਜੇ ਮੀਟ ਘੱਟ ਹੈ ਤਾਂ ਰੈਸਟਿੰਗ ਟਾਈਮ ਘੱਟ ਹੋਵੇਗਾ ਅਤੇ ਜੇ ਵੱਧ ਹੈ ਤਾਂ ਉਸੇ ਹਿਸਾਬ ਨਾਲ ਰੈਸਟਿੰਗ ਟਾਈਮ ਵੀ ਹੋਵੇਗਾ।

ਗਰਮ ਰਸੋਈ ਵਿੱਚ ਮੀਟ ਨੂੰ ਕੁੱਕਰ ਦੇ ਨਾਲ ਰੱਖ ਕੇ ਰੂਮ ਟੈਮਪਰੇਚਰ ਤੱਕ ਠੰਡਾ ਕੀਤਾ ਜਾ ਸਕਦਾ ਹੈ। ਕੁਝ ਸਮੇਂ ਲਈ ਫੌਇਲ ਨਾਲ ਵੀ ਇਸ ਨੂੰ ਢੱਕ ਸਕਦੇ ਹੋ।

8. ਸਬਜ਼ੀਆਂ ਨੂੰ ਕਿੰਨਾ ਅਤੇ ਕਿੱਥੋਂ ਕੱਟੋ?

ਕੀ ਤੁਸੀਂ ਸਬਜ਼ੀਆਂ ਦਾ ਕੁੱਝ ਹਿੱਸਾ ਕੱਟ ਕੇ ਸੁੱਟ ਦਿੰਦੇ ਹੋ? ਜੇ ਹਾਂ, ਤਾਂ ਤੁਸੀਂ ਗਲਤ ਕਰ ਰਹੇ ਹੋ।

ਸਬਜ਼ੀਆਂ ਦੇ ਕੁੱਝ ਹਿੱਸੇ ਬਹੁਤ ਸੁਆਦੀ ਹੁੰਦੇ ਹਨ। ਪਿਆਜ਼ ਦੇ ਛਿਲਕੇ ਤੋਂ ਲੈ ਕੇ ਬਰੌਕਲੀ ਦੇ ਡੰਡੇ ਤੱਕ, ਹਰ ਸਬਜ਼ੀ ਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।

9. ਕਿਵੇਂ ਟੈਸਟ ਕਰੋ ਵਾਈਨ?

ਵਾਈਨ ਸਹੀ ਹੈ ਜਾਂ ਨਹੀਂ, ਇਸ ਦਾ ਪਤਾ ਉਸ ਦੇ ਕੋਰਕ ਨੂੰ ਸੁੰਘ ਕੇ ਲਗਾਇਆ ਜਾ ਸਕਦਾ ਹੈ।

ਚੈੱਕ ਕਰੋ ਕਿ ਉਸ ਵਿੱਚੋਂ ਬਦਬੂ ਆ ਰਹੀ ਹੈ ਜਾਂ ਨਹੀਂ। ਜੇ ਹਾਂ ਤਾਂ ਵਾਈਨ ਸਹੀ ਨਹੀਂ ਹੈ।

ਵਾਈਨ ਨੂੰ ਗਲਾਸ ਵਿੱਚ ਪਲਟਣ ਤੋਂ ਬਾਅਦ ਵੀ ਤੁਸੀਂ ਸੁੰਘ ਸਕਦੇ ਹੋ ਅਤੇ ਸਮੈਲ ਨਾਲ ਚੈੱਕ ਕਰ ਸਕਦੇ ਹੋ।

10. ਕਿਵੇਂ ਪਤਾ ਲੱਗੇ ਸਫੈਗਟੀ ਬਾਰੇ?

ਸਫੈਗਟੀ ਨੂੰ ਦੀਵਾਰ 'ਤੇ ਸੁੱਟ ਕੇ ਚੈੱਕ ਕਰਨ ਦਾ ਪੁਰਾਣਾ ਤਰੀਕਾ ਸਹੀ ਹੈ। ਪਰ ਇਸ ਦੇ ਹੋਰ ਵੀ ਕਈ ਤਰੀਕੇ ਹਨ।

ਪਾਸਤਾ ਨੂੰ ਕੱਟ ਕੇ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ।

ਪਕਣ ਵਾਲਾ ਪਾਸਤਾ ਸਟਾਰਚ ਛੱਡਦਾ ਹੈ, ਇਸਲਈ ਜੇ ਉਬਲਣ ਵੇਲੇ ਪਾਸਤਾ ਵਾਲਾ ਪਾਣੀ ਗਾੜਾ ਹੋ ਰਿਹਾ ਹੈ, ਤਾਂ ਉਹ ਵਧੀਆ ਪੱਕ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)