ਕੰਮ-ਧੰਦਾ: ਮੀਂਹ ਦੇ ਛਰਾਟੇ ਕਿਵੇਂ ਤੈਅ ਕਰਦੇ ਨੇ ਭਾਰਤੀ ਆਰਥਿਕਤਾ ਦੀ ਗਤੀ

ਗਰਮੀ ਤੋਂ ਬੇਹਾਲ ਆਮ ਲੋਕ ਹੋਣ, ਕਿਸਾਨ ਹੋਣ ਜਾਂ ਫੇਰ ਸਰਕਾਰ ਹਰ ਕੋਈ ਮਾਨਸੂਨ ਨੂੰ ਉਡੀਕ ਰਿਹਾ ਹੈ। ਖਾਸ ਕਰ ਕੇ ਚੋਣਾਂ ਵਿੱਚ ਰਾਜਨੀਤਕ ਦਲਾਂ ਦੀ ਮਾਨਸੂਨ 'ਤੇ ਨਜ਼ਰ ਹੁੰਦੀ ਹੈ।

ਕੌਮਾਂਤਰੀ ਮੰਡੀ ਵਿੱਚ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਮੌਜੂਦਾ ਹਾਲਤਾਂ ਨੇ ਪਹਿਲਾਂ ਹੀ ਸਰਕਾਰ ਦਾ ਬਲੱਡ ਪ੍ਰੈਸ਼ਰ ਵਧਾ ਰੱਖਿਆ ਹੈ। ਚੰਗੇ ਮਾਨਸੂਨ ਦੀ ਖ਼ਬਰ ਸਰਕਾਰ ਨੂੰ ਵੀ ਰਾਹਤ ਦੇ ਸਕਦੀ ਹੈ।

ਦੇਸ ਲਈ ਮਾਨਸੂਨ ਜ਼ਰੂਰੀ ਕਿਉਂ ਹੈ ?

  • ਭਾਰਤ ਦੀ ਦੋ ਤਿਹਾਈ ਆਬਾਦੀ ਦੀ ਆਮਦਨੀ ਲਈ ਕਿਸਾਨੀ 'ਤੇ ਨਿਰਭਰ ਹੈ।
  • ਦੇਸ ਦੀ 2500 ਅਰਬ ਡਾਲਰ ਦੀ ਜੀਡੀਪੀ ਵਿੱਚ ਖੇਤੀਬਾੜੀ ਦਾ 15 ਫੀਸਦ ਹਿੱਸਾ ਹੈ।
  • ਅੰਕੜਿਆਂ ਮੁਤਾਬਕ ਕਿਸਾਨੀ ਵਿੱਚ ਭਾਰਤ ਦੀ ਅੱਧੇ ਤੋਂ ਵੱਧ ਆਬਾਦੀ ਹੈ।
  • ਭਾਰਤ ਦੇ ਕੁਲ ਖੁਰਾਕ ਉਤਪਾਦਨ ਦਾ 50 ਫੀਸਦ ਹਾੜੀ ਦੀਆਂ ਫਸਲਾਂ ਤੋਂ ਆਉਂਦਾ ਹੈ।
  • ਭਾਰਤ ਦਾ 70 ਫੀਸਦੀ ਮੀਂਹ ਮਾਨਸੂਨ ਵਿੱਚ ਪੈਂਦਾ ਹੈ।

ਸਭ ਤੋਂ ਵੱਡਾ ਫਾਇਦਾ ਇਹ ਕਿ ਮੀਂਹ ਨਾਲ ਸਭ ਦਾ ਮੂਡ ਵਧੀਆ ਹੋ ਜਾਂਦਾ ਹੈ।

ਚੰਗਾ ਮਾਨਸੂਨ ਦੇਸ਼ ਦੀ ਅਰਥਵਿਵਸਥਾ ਵਿੱਚ ਸਭ ਤੋਂ ਵੱਡੇ ਫ਼ੈਸਲੇ ਲਈ ਜ਼ਿੰਮੇਵਾਰ ਰਹਿੰਦਾ ਹੈ।

ਬੀਤੇ ਤਿੰਨ ਸਾਲਾਂ ਵਿੱਚ ਕਮਜ਼ੋਰ ਮਾਨਸੂਨ ਕਾਰਨ ਕੇਂਦਰੀ ਰਿਜ਼ਰਵ ਬੈਂਕ ਨੇ ਵਿਆਜ ਦਰਾਂ ਵਿੱਚ ਕਟੌਤੀ ਨੂੰ ਟਾਲਣ ਦਾ ਕੰਮ ਕੀਤਾ ਹੈ।

ਕਾਰਨ ਇਹ ਦਿੱਤਾ ਕਿ ਕਮਜ਼ੋਰ ਮਾਨਸੂਨ ਕਾਰਨ ਮਹਿੰਗਾਈ ਵਧਣ ਦਾ ਖਦਸ਼ਾ ਰਹਿੰਦਾ ਹੈ।

ਅਜਿਹੇ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਨਾਲ ਮਹਿੰਗਾਈ ਬੇਕਾਬੂ ਹੋਣ ਦਾ ਡਰ ਰਹਿੰਦਾ ਹੈ।

ਚੰਗੇ ਮਾਨਸੂਨ ਦੇ ਕੀ ਹਨ ਫਾਇਦੇ?

ਇਸ ਵਾਰ ਜੇ ਚੰਗਾ ਮਾਨਸੂਨ ਰਿਹਾ ਤਾਂ ਵਿਆਜ ਦਰਾਂ ਵਿੱਚ ਕਟੌਤੀ ਦਾ ਰਾਹ ਸਾਫ਼ ਹੋ ਜਾਵੇਗਾ। ਯਾਨੀ ਕਿ ਕਰਜ਼ਾ ਸਸਤਾ ਮਿਲੇਗਾ ਅਤੇ ਕਾਰੋਬਾਰੀ ਗਤੀਵਿਧੀਆਂ ਤੇਜ਼ ਹੋਣਗੀਆਂ।

ਦੇਸ਼ ਵਿੱਚ ਨਿਵੇਸ਼ ਆਵੇਗਾ ਅਤੇ ਰੁਜ਼ਗਾਰ ਵੀ ਵਧੇਗਾ।

ਮਾਨਸੂਨ ਦੇ ਮੀਂਹ ਨਾਲ ਤਾਲਾਬ, ਦਰਿਆ ਅਤੇ ਪਾਣੀ ਦਾ ਜ਼ਮੀਨੀ ਪੱਧਰ ਵਧਣ ਵਿੱਚ ਮਦਦ ਮਿਲਦੀ ਹੈ ਤੇ ਵੱਧ ਹਾਈਡਰੋ ਪਾਵਰ ਪੈਦਾ ਹੁੰਦੀ ਹੈ।

ਜਿਹੜੀਆਂ ਥਾਵਾਂ 'ਤੇ ਸਿੰਜਾਈ ਪੰਪ ਜਾਂ ਖੂਹ ਦੇ ਪਾਣੀ ਤੋਂ ਹੁੰਦੀ ਹੈ, ਉੱਥੇ ਚੰਗੀ ਬਾਰਿਸ਼ ਹੋਣ 'ਤੇ ਡੀਜ਼ਲ ਦੀ ਮੰਗ ਵਿੱਚ ਵੀ ਕਮੀ ਆ ਸਕਦੀ ਹੈ।

ਚੰਗਾ ਮਾਨਸੂਨ ਮਤਲਬ ਖਾਣ ਵਾਲੇ ਪਦਾਰਥਾਂ ਦਾ ਉਤਪਾਦਨ ਵਧੇਗਾ ਯਾਨੀ ਕਿ ਖਾਣ ਪੀਣ ਦੀਆਂ ਚੀਜ਼ਾਂ ਸਸਤੀਆਂ ਹੋਣਗੀਆਂ।

ਕਿਸਾਨਾਂ ਅਤੇ ਖੇਤੀ ਨਾਲ ਜੁੜੇ ਲੋਕਾਂ ਦੇ ਹੱਥਾਂ ਵਿੱਚ ਵੱਧ ਰਕਮ ਆਵੇਗੀ।

ਖਾਦਾਂ, ਐਗਰੋ ਕੈਮਿਕਲਜ਼, ਖੇਤੀ ਉਪਕਰਣ ਅਤੇ ਦੋਪਈਆ ਵਾਹਨਾਂ ਦੀ ਮੰਗ ਵਧੇਗੀ।

ਉਦਯੋਗਾਂ ਦੀ ਰਫਤਾਰ ਵਿੱਚ ਤੇਜ਼ੀ ਆਵੇਗੀ, ਫੈਕਟ੍ਰੀਆਂ ਨੂੰ ਲਾਈਫਲਾਈਨ ਮਿਲੇਗੀ ਅਤੇ ਡਿਮਾਂਗ ਵਧੇਗੀ।

ਮੌਨਸੂਨ ਵਿੱਚ ਦੇਰੀ ਦੇ ਕੀ ਨੁਕਸਾਨ?

ਮੌਨਸੂਨ ਦੇ ਛਰਾਟਿਆਂ ਨਾਲ ਖਾਣ ਪੀਣ ਦੀਆਂ ਚੀਜ਼ਾਂ ਦੀ ਸਪਲਾਈ ਵਿੱਚ ਮੁਸ਼ਕਲਾਂ ਵਧ ਸਕਦੀਆਂ ਹਨ।

ਜੇ ਮੌਨਸੂਨ ਵਿੱਚ ਵੱਧ ਦੇਰੀ ਹੋਵੇ ਤਾਂ ਸੋਕਾ ਪੈਣ ਦਾ ਵੀ ਡਰ ਹੁੰਦਾ ਹੈ।

ਅਸੀਂ ਚੌਲ, ਕਣਕ, ਚੀਨੀ ਦੇ ਮਾਮਲੇ ਵਿੱਚ ਆਤਮਨਿਰਭਰ ਹਨ, ਪਰ ਸੋਕਾ ਪੈਣ 'ਤੇ ਭਾਰਤ ਨੂੰ ਇਨ੍ਹਾਂ ਦਾ ਦਰਾਮਦ ਕਰਨਾ ਪੈ ਸਕਦਾ ਹੈ।

ਭਾਰਤੀ ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਇਸ ਸਾਲ ਮਾਨਸੂਨ ਦੌਰਾਨ ਬਾਰਿਸ਼ 97 ਫੀਸਦ ਤੱਕ ਹੋਣ ਦੀ ਸੰਭਵਾਨਾਂ ਹੈ।

96 ਤੋਂ 104 ਫੀਸਦ ਤੱਕ ਹੋਣ ਵਾਲੀ ਬਾਰਿਸ਼ ਨੂੰ ਆਮ ਮੌਨਸੂਨ ਕਿਹਾ ਜਾਂਦਾ ਹੈ। ਜੇ ਮੌਸਮ ਵਿਭਾਗ ਦਾ ਅਨੁਮਾਨ ਗਲਤ ਸਾਬਤ ਹੁੰਦਾ ਹੈ ਅਤੇ ਸੋਕਾ ਪੈਂਦਾ ਹੈ ਤਾਂ ਸ਼ੇਅਰ ਬਾਜ਼ਾਰ ਦੇ ਨਾਲ ਨਾਲ ਅਰਥਵਿਵਸਥਾ ਵਿਗੜ ਸਕਦੀ ਹੈ।

ਸੋਕੇ ਦੌਰਾਨ ਸਰਕਾਰ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਬਸਿਡੀ ਦਿੰਦੀ ਹੈ ਯਾਨੀ ਕਿ ਖਜਾਨੇ ਦੀ ਰਕਮ ਯੋਜਨਾਵਾਂ ਦੇ ਬਜਾਏ ਰਾਹਤ ਪੈਕੇਜ 'ਤੇ ਜਾਂਦੀ ਹੈ ਅਤੇ ਖਜਾਨੇ ਦਾ ਘਾਟਾ ਵਧਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)