ਇਰਾਕ 'ਚ ਕਿਸ਼ਤੀ ਡੁੱਬੀ, 100 ਦੀ ਮੌਤ: ‘ਮੈਂ ਪਾਣੀ ਵਿੱਚ ਬੱਚਿਆਂ ਦੀਆਂ ਲਾਸ਼ਾਂ ਦੇਖੀਆਂ'

ਇਰਾਕ ਦੇ ਮੂਸਲ ਸ਼ਹਿਰ ਵਿੱਚ ਟਿਗਰਿਸ ਨਦੀ ਵਿੱਚ ਇੱਕ ਕਿਸ਼ਤੀ ਡੁੱਬਣ ਕਾਰਨ ਘੱਟੋ-ਘੱਟ 100 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

ਮ੍ਰਿਤਕਾਂ ਵਿੱਚ ਵਧੇਰੇ ਔਰਤਾਂ ਅਤੇ ਬੱਚੇ ਹਨ। ਘੱਟੋ-ਘੱਟ 19 ਬੱਚਿਆਂ ਅਤੇ 61 ਔਰਤਾਂ ਦੇ ਮਰਨ ਦੀ ਖ਼ਬਰ ਹੈ।

ਇਸ ਕਿਸ਼ਤੀ 'ਤੇ 200 ਤੋਂ ਜ਼ਿਆਦਾ ਲੋਕ ਸਵਾਰ ਸਨ ਅਤੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਤੈਰਨਾ ਨਹੀਂ ਆਉਂਦਾ ਸੀ।

ਇਹ ਸਾਰੇ ਲੋਕ ਇੱਕ ਟੂਰਿਸਟ ਆਈਲੈਂਡ ਘੁੰਮਣ ਲਈ ਨਿੱਕਲੇ ਸਨ।

ਇਹ ਵੀ ਜ਼ਰੂਰ ਪੜ੍ਹੋ

ਹਾਦਸੇ ਵਿੱਚ 55 ਲੋਕਾਂ ਨੂੰ ਬਚਾ ਲਿਆ ਗਿਆ ਹੈ।

ਸੋਸ਼ਲ ਮੀਡੀਆ 'ਤੇ ਜੋ ਤਸਵੀਰਾਂ ਹਨ ਉਨ੍ਹਾਂ ਮੁਤਾਬਕ ਨਦੀ ਵਿੱਚ ਲੋਕ ਤੈਰਦੇ ਨਜ਼ਰ ਆਏ।

ਇਹ ਵੀ ਜ਼ਰੂਰ ਪੜ੍ਹੋ

ਕਿਵੇਂ ਵਾਪਰਿਆ ਹਾਦਸਾ?

ਲੋਕਾਂ ਨਾਲ ਭਰੀ ਹੋਈ ਕਿਸ਼ਤੀ ਅਮ ਰਬਾਇਨ ਆਈਲੈਂਡ ਜਾ ਰਹੀ ਸੀ। ਇਸ ਇਲਾਕੇ ਵਿੱਚ ਲੋਕ ਨਵੇਂ ਸਾਲ ਦਾ ਤਿਉਹਾਰ ਨੌਰੋਜ਼ ਦਾ ਜਸ਼ਨ ਮਨਾ ਰਹੇ ਹਨ।

ਤਸਵੀਰਾਂ ਮੁਤਾਬਕ ਕਿਸ਼ਤੀ ਪਲਟਣ ਤੋਂ ਪਹਿਲਾਂ ਸੱਜੇ ਪਾਸੇ ਨੂੰ ਝੁਕੀ ਅਤੇ ਉਸ ਮਗਰੋਂ ਨਦੀ ਦੀ ਤੇਜ਼ ਧਾਰ ਕਿਸ਼ਤੀ ਰੋੜ੍ਹ ਕੇ ਲੈ ਗਈ।

ਇੱਕ ਮੁਸਾਫਿਰ ਨੇ ਖ਼ਬਰ ਏਜੰਸੀ ਏਐੱਫਪੀ ਨੂੰ ਦੱਸਿਆ, “ਇਸ ਵਿੱਚ ਬਹੁਤ ਸਾਰੇ ਯਾਤਰੀ ਸਨ, ਜਿਸ ਕਾਰਨ ਕਿਸ਼ਤੀ ਵਿੱਚ ਪਾਣੀ ਵੜਨਾ ਸ਼ੁਰੂ ਹੋ ਗਿਆ, ਇਹ ਪਲਟ ਗਈ। ਮੈਂ ਆਪਣੀਆਂ ਅੱਖਾਂ ਨਾਲ ਪਾਣੀ ਵਿੱਚ ਮਰੇ ਹੋਏ ਬੱਚਿਆਂ ਦੀਆਂ ਲਾਸ਼ਾਂ ਦੇਖੀਆਂ।”

ਇਹ ਵੀ ਜ਼ਰੂਰ ਪੜ੍ਹੋ

ਇਰਾਕ ਦੇ ਪ੍ਰਧਾਨ ਮੰਤਰੀ ਅਦੇਲ ਅਬਦੁਲ ਮਾਹਦੀ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ ਅਤੇ ਤਿੰਨ ਰੋਜ਼ਾ ਕੌਮੀ ਸੋਗ ਦਾ ਐਲਾਨ ਕੀਤਾ ਹੈ।

ਇਰਾਕ ਵਿੱਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੀ ਸਪੈਸ਼ਲ ਨੁਮਾਇੰਦਗੀ ਕਰ ਰਹੀ ਜਿਨਾਇਨ ਹੈਨਿਸ ਨੇ ਇਸ ਘਟਨਾ ਨੂੰ ਤ੍ਰਾਸਦੀ ਦੱਸਦਿਆਂ ਕਿਹਾ, “ਸਾਡੀ ਪੀੜਤਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨਾਲ ਹਮਦਰਦੀ ਹੈ।”

ਇਹ ਵੀਡੀ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)