You’re viewing a text-only version of this website that uses less data. View the main version of the website including all images and videos.
ਨਿਊਜ਼ੀਲੈਂਡ ਹਮਲਾ: ਦੂਜਿਆਂ ਲਈ ਗੋਲੀਆਂ ਖਾਣ ਵਾਲੇ ਬਹਾਦਰ ਬੰਦੇ
ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ ਵਿੱਚ ਹੋਏ ਹਮਲਿਆਂ 'ਚ 50 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਗਈ ਹੈ ਅਤੇ ਕਈ ਲਾਪਤਾ ਹਨ।
ਇਸ ਹਮਲੇ ਵਿੱਚ ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ, ਸੀਰੀਆ, ਇੰਡੋਨੇਸ਼ੀਆ, ਜਾਰਡਨ, ਬੰਗਲਾਦੇਸ਼, ਫਿਜ਼ੀ ਅਤੇ ਸਾਊਦੀ ਅਰਬ ਤੋਂ ਸਬੰਧ ਰੱਖਣ ਵਾਲੇ ਲੋਕਾਂ ਦੀ ਮੌਤ ਅਤੇ ਲਾਪਤਾ ਹੋਣ ਦੀ ਖ਼ਬਰ ਹੈ।
ਨਿਊਜ਼ੀਲੈਂਡ ਦੇ ਅਧਿਕਾਰੀਆਂ ਸਾਹਮਣੇ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਦੀ ਚੁਣੌਤੀ ਹੈ ਜਿਨ੍ਹਾਂ ਨੇ ਇਸ ਹਮਲੇ ਵਿੱਚ ਆਪਣੀਆ ਜਾਨਾਂ ਗੁਆਈਆਂ ਹਨ।
ਇਹ ਸਾਫ ਹੋ ਰਿਹਾ ਹੈ ਕਿ ਪੀੜਤ ਦੁਨੀਆਂ ਦੇ ਵੱਖ-ਵੱਖ ਦੇਸਾਂ ਤੋਂ ਆਏ ਸਨ। ਜਿਨ੍ਹਾਂ ਲੋਕਾਂ ਦੇ ਨਾਂ ਸਾਹਮਣੇ ਆ ਰਹੇ ਹਨ ਉਨ੍ਹਾਂ ਵਿੱਚ ਕੋਈ ਸੀਰੀਆ ਵਰਗੇ ਦੇਸਾਂ ਤੋਂ ਰੈਫਿਊਜੀ ਸਨ ਤਾਂ ਕੋਈ ਅਫਗਾਨਿਸਤਾਨ ਤੋਂ ਆਏ ਪਰਵਾਸੀ ਸਨ।
ਉਹ ਇਹ ਸੋਚ ਕੇ ਇੱਥੇ ਆਏ ਸਨ ਕਿ ਨਿਊਜ਼ੀਲੈਂਡ ਵਿੱਚ ਉਨ੍ਹਾਂ ਨੂੰ ਸੁਰੱਖਿਆ ਮਿਲੇਗੀ।
ਇਹ ਵੀ ਪੜ੍ਹੋ:
ਇੱਥੇ ਪੀੜਤਾਂ ਵਿੱਚ ਸਾਮਲ ਕੁਝ ਲੋਕਾਂ ਦੇ ਨਾਮ ਹਨ ਜਿਨ੍ਹਾਂ ਨੂੰ ਮ੍ਰਿਤਕ ਜਾਂ ਲਾਪਤਾ ਦੱਸਿਆ ਗਿਆ ਹੈ।
ਦਾਊਦ ਨਬੀ
71 ਸਾਲ ਦੇ ਅਫਗਾਨਿਸਤਾਨ ਵਿੱਚ ਪੈਦਾ ਹੋਏ ਸਨ ਤੇ 1980 ਵਿੱਚ ਸੋਵਿਅਤ ਹਮਲੇ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਨਿਊਜ਼ੀਲੈਂਡ ਆ ਗਏ ਸਨ।
ਉਹ ਇੱਕ ਇੰਜੀਨੀਅਰ ਸਨ ਪਰ ਰਿਟਾਇਰ ਹੋਣ ਤੋਂ ਬਾਅਦ ਕਮਿਊਨਿਟੀ ਲੀਡਰ ਵਜੋਂ ਕੰਮ ਕਰਦੇ ਸੀ। ਉਨ੍ਹਾਂ ਨੂੰ ਪਰਵਾਸੀਆਂ ਦੀ ਮਦਦ ਕਰਨ ਲਈ ਜਾਣਿਆ ਜਾਂਦਾ ਸੀ।
ਕਿਹਾ ਜਾ ਰਿਹਾ ਹੈ ਕਿ ਹੋਰ ਲੋਕਾਂ ਨੂੰ ਬਚਾਉਣ ਲਈ ਦਾਊਦ ਖੁਦ ਹਮਲਾਵਰ ਅੱਗੇ ਆ ਗਏ ਸਨ।
ਉਨ੍ਹਾਂ ਦੇ ਬੇਟੇ ਉਮਰਨੇ ਐਨਬੀਸੀ ਨਿਊਜ਼ ਨੂੰ ਦੱਸਿਆ, ''ਫਲਸਤੀਨੀ, ਇਰਾਕ ਜਾਂ ਸੀਰੀਆ ਦੇ, ਤੁਸੀਂ ਕਿੱਥੋਂ ਦੇ ਵੀ ਹੋ, ਉਹ ਹਮੇਸ਼ਾ ਸਭ ਦੀ ਮਦਦ ਲਈ ਅੱਗੇ ਰਹਿੰਦੇ ਸੀ।''
ਹੋਸਨੀ ਆਰਾ
ਬੰਗਲਾਦੇਸ਼ੀ ਮੂਲ ਦੀ 42 ਸਾਲਾ ਹੋਸਨੀ ਆਰਾ ਹਮਲੇ ਦੇ ਸਮੇਂ ਮਸਜਿਦ ਦੇ ਔਰਤਾਂ ਦੇ ਕਮਰੇ ਵਿੱਚ ਸੀ। ਗੋਲੀਆਂ ਦੀ ਆਵਾਜ਼ ਸੁਣਕੇ ਉਹ ਆਪਣੇ ਪਤੀ ਨੂੰ ਬਚਾਉਣ ਲਈ ਭੱਜੀ।
ਉਨ੍ਹਾਂ ਦੇ ਪਤੀ ਮਰਦਾਂ ਦੇ ਕਮਰੇ ਵਿੱਚ ਵ੍ਹੀਲਚੇਅਰ 'ਤੇ ਸਨ।
ਉਨ੍ਹਾਂ ਦੇ ਭਤੀਜੇ ਨੇ ਬੰਗਲਾਦੇਸ ਦੇ 'ਨਿਊ ਏਜ' ਅਖਬਾਰ ਨੂੰ ਦੱਸਿਆ, ''ਉਹ ਆਪਣੇ ਪਤੀ ਨੂੰ ਬਚਾਉਣ ਲਈ ਭੱਜੀ ਸੀ, ਪਰ ਉਨ੍ਹਾਂ ਨੂੰ ਆਪ ਹੀ ਗੋਲੀਆਂ ਲੱਗ ਗਈਆਂ ਤੇ ਉਨ੍ਹਾਂ ਦੀ ਮੌਤ ਹੋ ਗਈ।''
ਖਬਰ ਹੈ ਕਿ ਉਨ੍ਹਾਂ ਦੇ ਪਤੀ ਬੱਚ ਗਏ ਹਨ।
ਸਇਅਦ ਮਿਲਨੇ
ਇਸ ਹਮਲੇ ਵਿੱਚ 14 ਸਾਲ ਦਾ ਸਇਅਦ ਮਿਲਨੇ ਵੀ ਮਾਰਿਆ ਗਿਆ। ਉਹ ਆਪਣੀ ਮਾਂ ਨਾਲ ਅਲ ਨੂਰ ਮਸਜਿਦ ਵਿੱਚ ਗਿਆ ਸੀ।
ਉਸ ਦੇ ਪਿਤਾ ਨੇ ਦੱਸਿਆ, ''ਮੈਨੂੰ ਉਸਦੀ ਮੌਤ ਦੀ ਜਾਣਕਾਰੀ ਨਹੀਂ ਮਿਲੀ ਹੈ ਪਰ ਮੈਂ ਜਾਣਦਾ ਹਾਂ ਕਿ ਉਹ ਜ਼ਿੰਦਾ ਨਹੀਂ ਹੈ ਕਿਉਂਕਿ ਉਸ ਨੂੰ ਉੱਥੇ ਵੇਖਿਆ ਗਿਆ ਸੀ।''
''ਉਸ ਦੇ ਪੈਦਾ ਹੋਣ ਦੇ ਸਮੇਂ ਵੀ ਉਹ ਮਰਨ ਤੋਂ ਬੱਚ ਗਿਆ ਸੀ, ਉਹ ਬਹਾਦੁਰ ਸੀ। ਹੁਣ ਉਸ ਨੂੰ ਕਿਸੇ ਸ਼ਖਸ ਵੱਲੋਂ ਮਾਰ ਦਿੱਤਾ ਗਿਆ ਜਿਸ ਨੂੰ ਕਿਸੇ ਦੀ ਪਰਵਾਹ ਨਹੀਂ ਹੈ। ਮੈਨੂੰ ਪਤਾ ਹੈ ਉਹ ਸ਼ਾਂਤੀ ਵਿੱਚ ਹੈ।''
ਉਸ ਦੀ ਭੈਣ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੂੰ ਆਖਰੀ ਵਾਰ ਮਸਜਿਦ ਦੇ ਫਰਸ਼ 'ਤੇ ਪਿਆ ਵੇਖਿਆ ਗਿਆ ਸੀ, ਤੇ ਉਸਦੇ ਸਰੀਰ ਦੇ ਥੱਲੇ ਦੇ ਹਿੱਸੇ 'ਚੋਂ ਖੂਨ ਬਹਿ ਰਿਹਾ ਸੀ।
ਨਈਮ ਰਸ਼ੀਦ ਅਤੇ ਤਲਹਾ ਰਸ਼ੀਦ
ਕਰਾਈਸਟਚਰਚ ਵਿੱਚ ਅਧਿਆਪਕ ਤੇ ਪਾਕਿਸਤਾਨ ਦੇ ਐਬਟਾਬਾਦ ਤੋਂ ਸਬੰਧਿਤ ਨਈਮ ਰਸ਼ੀਦ ਨੂੰ ਵੀਡੀਓ ਵਿੱਚ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਵੇਖਿਆ ਗਿਆ।
ਉਨ੍ਹਾਂ ਨੂੰ ਕਾਫੀ ਸੱਟਾਂ ਆਈਆਂ ਤੇ ਹਸਪਤਾਲ ਵੀ ਲਿਜਾਇਆ ਗਿਆ ਪਰ ਉਹ ਬੱਚ ਨਹੀਂ ਸਕੇ।
ਉਨ੍ਹਾਂ ਨੂੰ ਹੀਰੋ ਵਜੋਂ ਵੇਖਿਆ ਜਾ ਰਿਹਾ ਹੈ। ਉਨ੍ਹਾਂ ਦੇ ਭਰਾ ਖੁਰਸ਼ੀਦ ਆਲਮ ਨੇ ਕਿਹਾ, ''ਉਹ ਬੇਹੱਦ ਬਹਾਦੁਰ ਇਨਸਾਨ ਸੀ। ਉੱਥੇ ਮੌਜੂਦ ਕਈ ਲੋਕਾਂ ਨੇ ਮੈਨੂੰ ਦੱਸਿਆ ਕਿ ਹਮਲਾਵਰ ਨੂੰ ਰੋਕ ਕੇ ਉਸ ਨੇ ਕਈ ਲੋਕਾਂ ਦੀ ਜਾਨ ਬਚਾਈ।''
''ਉਹ ਹੀਰੋ ਤਾਂ ਬਣ ਗਿਆ ਤੇ ਸਾਨੂੰ ਮਾਣ ਵੀ ਹੈ ਪਰ ਇਸ ਨੁਕਸਾਨ ਦਾ ਕੁਝ ਨਹੀਂ ਕੀਤਾ ਜਾ ਸਕਦਾ, ਇੰਝ ਹੈ ਜਿਵੇਂ ਤੁਹਾਡਾ ਇੱਕ ਅੰਗ ਕੱਟ ਦਿੱਤਾ ਗਿਆ ਹੋਵੇ।''
ਨਈਮ ਦੇ 21 ਸਾਲ ਦੇ ਬੇਟੇ ਤਲਹਾ ਰਸ਼ੀਦ ਵੀ ਹਮਲੇ ਵਿੱਚ ਮਾਰੇ ਗਏ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ।
ਤਲਹਾ ਦੇ ਦੋਸਤਾਂ ਨੇ ਦੱਸਿਆ ਕਿ ਉਸਦੀ ਨਵੀਂ-ਨਵੀਂ ਨੌਕਰੀ ਲੱਗੀ ਸੀ ਤੇ ਉਹ ਜਲਦ ਵਿਆਹ ਕਰਵਾਉਣ ਵਾਲਾ ਸੀ।
ਰਸ਼ੀਦ ਦਾ ਦੂਜਾ ਬੇਟਾ ਵੀ ਜ਼ਖਮੀ ਹੋਇਆ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ:
ਖਾਲਿਦ ਮੁਸਤਫਾ
ਸੀਰੀਅਨ ਸੌਲੀਡੈਰੀਟੀ ਗਰੁੱਪ ਨੇ ਪੁਸ਼ਟੀ ਕੀਤੂ ਕਿ ਸੀਰੀਆ ਤੋਂ ਰੈਫਿਊਜੀ ਖਾਲਿਦ ਮੁਸਤਫਾ ਵੀ ਅਲ ਨੂਰ ਮਸਜਿਦ ਵਿੱਚ ਮਾਰੇ ਗਏ।
ਉਹ 2018 ਵਿੱਚ ਹੀ ਨਿਊਜ਼ੀਲੈਂਡ ਆਏ ਸਨ ਜੋ ਉਨ੍ਹਾਂ ਮੁਤਾਬਕ ਇੱਕ ਸੁਰੱਖਿਅਤ ਥਾਂ ਸੀ। ਉਨ੍ਹਾਂ ਦਾ ਇੱਕ ਬੇਟਾ ਵੀ ਲਾਪਤਾ ਹੈ, ਦੂਜੇ ਨੂੰ ਸੱਟਾਂ ਆਈਆਂ 'ਤੇ ਸਰਜਰੀ ਹੋਈ ਹੈ।
ਮੁਸਾਦ ਇਬਰਾਹਿਮ
ਤਿੰਨ ਸਾਲ ਦਾ ਮੁਸਾਦ ਇਬਰਾਹਿਮ ਵੀ ਲਾਪਤਾ ਹੈ। ਉਸਦੇ ਭਰਾ ਅਬਦੀ ਇਬਰਾਹਿਮ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਮੁਸਾਦ ਮਰ ਚੁੱਕਿਆ ਹੈ।
ਅਬਦੀ ਆਪਣੇ ਇੱਕ ਹੋਰ ਭਰਾ ਤੇ ਪਿਤਾ ਨਾਲ ਮਸਜਿਦ ਗਏ ਸਨ। ਹਮਲੇ ਤੋਂ ਬਾਅਦ ਮੁਸਾਦ ਦਾ ਪਤਾ ਨਹੀਂ ਲੱਗ ਸਕਿਆ।
ਉਨ੍ਹਾਂ ਦੱਸਿਆ ਕਿ ਉਹ ਬੇਹੱਦ ਹਸਮੁੱਖ ਤੇ ਚੰਚਲ ਸੁਭਾਅ ਦਾ ਸੀ।
ਇਸ ਤੋਂ ਇਲਾਵਾ ਇੰਡੋਨੇਸ਼ੀਆ ਦੇ ਲਿਲਿਕ ਅਬਦੁਲ ਹਮੀਦ ਵੀ ਮਾਰੇ ਗਏ ਹਨ। ਪਾਕਿਸਤਾਨ ਦੇ ਚਾਰ ਹੋਰ ਸ਼ਖਸ ਮਾਰੇ ਗਏ ਹਨ ਜਿਨ੍ਹਾਂ ਦੇ ਨਾਂ ਫਿਲਹਾਲ ਨਹੀਂ ਪਤਾ ਲਗ ਸਕੇ ਹਨ।
ਸੋਮਾਲੀਆ ਤੋਂ ਵੀ ਘੱਟੋ-ਘੱਟ ਚਾਰ ਲੋਕ ਮਾਰੇ ਗਏ ਹਨ।
ਫਰਾਜ਼ ਅਹਿਸਾਨ
"ਮੈਂ ਪਿਛਲੀ ਰਾਤ ਹੀ ਆਪਣੇ ਪੁੱਤਰ ਨਾਲ ਗੱਲਬਾਤ ਕੀਤੀ ਸੀ ਅਤੇ ਉਸ ਨੂੰ ਭਾਰਤ ਆਉਣ ਲਈ ਕਿਹਾ ਸੀ ਕਿਉਂਕਿ ਉਸ ਨੂੰ ਮਿਲੇ ਹੋਏ ਕਾਫ਼ੀ ਸਮਾਂ ਹੋ ਗਿਆ ਹੈ। ਸਾਨੂੰ ਨਹੀਂ ਪਤਾ ਸੀ ਕਿ ਅਗਲੀ ਹੀ ਸਵੇਰ ਸਾਨੂੰ ਗੋਲੀਬਾਰੀ ਦੀ ਖ਼ਬਰ ਸੁਣਨ ਨੂੰ ਮਿਲੇਗੀ।"
ਇਹ ਬੋਲ ਨਿਊਜ਼ੀਲੈਂਡ ਦੇ ਕਰਾਈਸਟ ਚਰਚ ਵਿੱਚ ਮਸਜਿਦ ਅੰਦਰ ਹੋਏ ਹਮਲੇ ਦੌਰਾਨ ਮਾਰੇ ਗਏ ਫਰਾਜ਼ ਅਹਿਸਾਨ ਦੇ ਪਿਤਾ ਸਈਦੁਦੀਨ ਦੇ ਸਨ। ਫਰਾਜ਼ ਆਮ ਤੌਰ 'ਤੇ 2 ਸਾਲ 'ਚ ਇੱਕ ਵਾਰ ਭਾਰਤ ਆਉਂਦਾ ਸੀ।
ਫਰਾਜ਼ ਨਾਲ ਨਿਊਜ਼ੀਲੈਂਡ ਵਿੱਚ ਰਹਿੰਦੀ ਉਸਦੀ ਪਤਨੀ ਨੇ ਆਪਣੇ ਪਤੀ ਫਰਾਜ਼ ਅਹਿਸਾਨ ਦੀ ਮੌਤ ਦੀ ਖ਼ਬਰ ਦਿੱਤੀ।
ਬੀਬੀਸੀ ਨਿਊਜ਼ ਤੇਲਗੂ ਦੇ ਪੱਤਰਕਾਰ ਸੰਗੀਥਮ ਪ੍ਰਭਾਕਰ ਹੈਦਰਾਬਾਦ ਵਿੱਚ ਰਹਿੰਦੇ ਪੀੜਤਾਂ ਦੇ ਪਰਿਵਾਰਾਂ ਦੇ ਘਰ ਗਏ ਅਤੇ ਗੱਲਬਾਤ ਕੀਤੀ।
ਹੈਦਰਾਬਾਦ ਵਿੱਚ ਫਰਾਜ਼ ਅਹਿਸਾਨ ਦੇ ਘਰ ਵਿੱਚ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਆਉਣਾ-ਜਾਣਾ ਜਾਰੀ ਸੀ। ਹਾਲਾਂਕਿ ਘਰ ਵਿੱਚ ਚੁੱਪੀ ਛਾਈ ਹੋਈ ਸੀ ਅਤੇ ਜੇ ਕੋਈ ਆਵਾਜ਼ ਸੁਣਾਈ ਦਿੰਦੀ ਸੀ ਤਾਂ ਉਹ ਸਿਰਫ਼ ਪੱਖੇ ਅਤੇ ਬੱਚਿਆਂ ਦੀ ਸੀ।
ਫਰਾਜ਼ ਦੇ ਪਿਤਾ ਨੇ ਕਿਹਾ, "ਮੇਰੇ ਚਾਰ ਬੱਚੇ ਹਨ ਅਤੇ ਫਰਾਜ਼ ਸਭ ਤੋਂ ਛੋਟਾ ਹੈ। ਉਹ 10 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ ਅਤੇ ਉੱਥੋਂ ਦੀ ਨਾਗਰਿਕਤਾ ਵੀ ਮਿਲ ਗਈ ਸੀ। ਉਹ ਉੱਥੇ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਸੀ। ਉਹ ਪਹਿਲਾਂ ਆਕਲੈਂਡ ਵਿਚ ਰਹਿੰਦਾ ਸੀ ਅਤੇ ਛੇ ਸਾਲ ਪਹਿਲਾਂ ਕ੍ਰਾਈਸਟ ਚਰਚ ਚਲਾ ਗਿਆ ਸੀ। ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਉੱਥੇ ਰਹਿੰਦਾ ਸੀ।"
ਮੂਸਾ ਵਲੀ
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਗੁਜਰਾਤ ਦੇ ਮੂਸਾ ਵਲੀ ਪਟੇਲ ਦੀ ਵੀ ਹਸਪਤਾਲ ਵਿੱਚ ਮੌਤ ਹੋ ਗਈ ਹੈ।
ਮੂਸਾ ਵਲੀ ਦੇ ਭਰਾ ਹਾਜੀ ਅਲੀ ਨੇ ਦੱਸਿਆ ਕਿ ਇਲਾਜ਼ ਦੌਰਾਨ ਮੂਸਾ ਦੀ ਮੌਤ ਹੋ ਗਈ।
ਗੁਜਰਾਤ ਦੇ ਭਰੂਚ ਇਲਾਕੇ ਦੇ ਰਹਿਣ ਵਾਲੇ ਹਾਜੀ ਅਲੀ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਪਰਿਵਾਰ ਨਾਲ ਸ਼ੁੱਕਰਵਾਰ ਨੂੰ ਨਮਾਜ਼ ਅਦਾ ਕਰਨ ਗਿਆ ਸੀ ਜਿੱਥੇ ਉਸ ਨੂੰ ਗੋਲੀਆਂ ਲੱਗੀਆਂ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: