You’re viewing a text-only version of this website that uses less data. View the main version of the website including all images and videos.
ਨਿਊਜ਼ੀਲੈਂਡ ਸ਼ੂਟਿੰਗ 'ਚ 6 ਭਾਰਤੀਆਂ ਦੇ ਮਰਨ ਦਾ ਖਦਸ਼ਾ
ਨਿਊਜ਼ੀਲੈਂਡ ਦੀਆਂ ਮਸਜਿਦਾਂ ਵਿੱਚ ਹੋਈ ਸ਼ੂਟਿੰਗ ਵਿੱਚ ਛੇ ਭਾਰਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ।
ਨਿਊਜ਼ੀਲੈਂਡ ਵਿੱਚ ਇੰਡੀਅਨ ਹਾਈ ਕਮਿਸ਼ਨਰ ਸੰਜੀਵ ਕੋਹਲੀ ਨੇ ਬੀਬੀਸੀ ਦੇ ਵਿਨੀਤ ਖਰੇ ਨੂੰ ਇਹ ਜਾਣਕਾਰੀ ਦਿੱਤੀ।
ਸੰਜੀਵ ਨੇ ਕਿਹਾ, ''ਫਿਲਹਾਲ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਵੱਖ-ਵੱਖ ਸੂਤਰਾਂ ਜਿਵੇਂ ਕਿ ਹਸਪਤਾਲਾਂ ਅਤੇ ਕਮਿਊਨਿਟੀ ਸੈਂਟਰਜ਼ ਦੇ ਹਵਾਲੇ ਤੋਂ ਸਾਨੂੰ ਕੁਝ ਪਤਾ ਲੱਗਿਆ ਹੈ।''
''ਸ਼ੂਟਿੰਗ ਵਿੱਚ ਮਾਰੇ ਗਏ ਲੋਕਾਂ ਵਿੱਚ ਛੇ ਭਾਰਤੀ ਵੀ ਸਨ ਜਿਸ ਵਿੱਚ ਦੋ ਹੈਦਰਾਬਾਦ ਤੋਂ, ਇੱਕ ਗੁਜਰਾਤ ਤੇ ਇੱਕ ਪੂਣੇ ਤੋਂ ਸਨ। ਬਾਕੀ ਦੋ ਨਿਊਜ਼ੀਲੈਂਡ ਦੇ ਹੀ ਸਨ।''
''ਨਿਊਜ਼ੀਲੈਂਡ ਵਿੱਚ ਭਾਰਤੀਆਂ ਦੀ ਕੁੱਲ ਆਬਾਦੀ 30,000 ਦੇ ਕਰੀਬ ਹੈ।''
ਇਹ ਵੀ ਪੜ੍ਹੋ:
ਨਿਊਜ਼ੀਲੈਂਡ ਵਿੱਚ ਪਹਿਲੀ ਵਾਰ ਅਜਿਹੀ ਘਟਨਾ ਦੇ ਹੋਣ ਬਾਰੇ ਸੰਜੀਵ ਨੇ ਕਿਹਾ, ''ਨਿਊਜ਼ੀਲੈਂਡ ਦੀ ਛਬੀ ਇੱਕ ਸ਼ਾਂਤੀ ਪਸੰਦ ਦੇਸ ਦੀ ਹੈ, ਇੱਥੋਂ ਦੇ ਲੋਕ ਦੂਜੇ ਧਰਮਾਂ ਦੀ ਇੱਜ਼ਤ ਕਰਦੇ ਹਨ, ਇਸ ਲਈ ਇੱਥੇ ਦੇ ਨਾਗਰਿਕ ਇਸ ਘਟਨਾ ਤੋਂ ਬੇਹੱਦ ਹੈਰਾਨ ਹੋਏ ਹਨ।''
ਸੰਜੀਵ ਪਿਛਲੇ ਤਿੰਨ ਸਾਲਾਂ ਤੋਂ ਨਿਊਜ਼ੀਲੈਂਡ ਵਿੱਚ ਹਨ ਅਤੇ ਉਨ੍ਹਾਂ ਲਈ ਇਸ ਘਟਨਾ 'ਤੇ ਵਿਸ਼ਵਾਸ ਕਰਨਾ ਔਖਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਹਿਰ ਕਰਾਈਸਟਚਰਚ ਬਹੁਤ ਵੱਡਾ ਨਹੀਂ ਹੈ ਤੇ ਅਜਿਹਾ ਵੀ ਨਹੀਂ ਹੈ ਕਿ ਇਸ ਇਲਾਕੇ ਦਾ ਵਧ ਭਾਈਚਾਰਾ ਭਾਰਤੀ ਹੈ।
ਹਮਲਾਵਰਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਕੁਝ ਕਿਹਾ ਨਹੀਂ ਜਾ ਸਕਦਾ ਹਾਲਾਂਕਿ ਖ਼ਬਰਾਂ ਇਹ ਹਨ ਕਿ ਉਹ ਆਸਟਰੇਲੀਆ ਤੋਂ ਸਨ।
ਫਿਲਹਾਲ ਭਾਰਤੀਆਂ ਦੀ ਮਦਦ ਲਈ ਇੱਕ ਹੈਲਪਲਾਈਨ ਜਾਰੀ ਕੀਤੀ ਗਈ ਹੈ।
ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੁਲਿਸ ਜੋ ਵੀ ਕਹਿ ਰਹੀ ਹੈ, ਉਸ ਹਿਸਾਬ ਨਾਲ ਸਾਵਧਾਨੀ ਦੇ ਤੌਰ 'ਤੇ ਘਰਾਂ ਦੇ ਅੰਦਰ ਹੀ ਰਿਹਾ ਜਾਏ।
ਹੁਣ ਤੱਕ ਕੀ-ਕੀ ਪਤਾ ਹੈ?
*ਕ੍ਰਾਇਸਟਚਰਚ ਦੀਆਂ ਦੋ ਮਸਜਿਦਾਂ — ਅਲ-ਨੂਰ ਮਸਜਿਦ ਅਤੇ ਲਿਨਵੁੱਡ ਐਵਿਨਿਊ ਦੀ ਮਸਜਿਦ — ਵਿੱਚ ਗੋਲੀਬਾਰੀ ਦੀਆਂ ਦੋ ਘਟਨਾਵਾਂ ਹੋਈਆਂ ਹਨ।
*ਦੋਹਾਂ ਘਟਨਾਵਾਂ ਵਿੱਚ 49 ਲੋਕਾਂ ਦੀ ਮੌਤ ਹੋ ਚੁੱਕੀ ਹੈ।
*ਬੰਗਲਾਦੇਸ਼ ਦੀ ਕ੍ਰਿਕਟ ਟੀਮ ਅਲ-ਨੂਰ ਮਸਜਿਦ ਪਹੁੰਚੀ ਹੀ ਸੀ ਕਿ ਘਟਨਾ ਵਾਪਰੀ ਤਾਂ ਬੱਸ ਵਿੱਚ ਵਾਪਸ ਚਲੀ ਗਈ ਅਤੇ ਬੰਗਲਾਦੇਸ਼ ਕ੍ਰਿਕਟ ਟੀਮ ਨੇ ਆਪਣਾ ਦੌਰਾ ਰੱਦ ਕਰ ਦਿੱਤਾ ਹੈ।
*ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਹ ਉਨ੍ਹਾਂ ਦੇ ਦੇਸ ਲਈ "ਸਭ ਤੋਂ ਕਾਲੇ ਦਿਨਾਂ ਵਿੱਚੋਂ ਇੱਕ" ਹੈ।
*ਪੁਲਿਸ ਨੇ ਇਸ ਮਾਮਲੇ ਵਿੱਚ 4 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।
*ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰਾਂ ਦੇ ਅੰਦਰ ਰਹਿਣ ਅਤੇ ਮਸਜਿਦਾਂ ਵੱਲ ਬਿਲਕੁਲ ਨਾ ਜਾਣ।
ਇੱਕ ਜ਼ਖ਼ਮੀ ਭਾਰਤੀ ਦੇ ਭਰਾ ਨੇ ਕੀ ਕਿਹਾ
ਨਿਊਜ਼ੀਲੈਂਡ ਹਮਲੇ ਵਿੱਚ ਇੱਕ ਭਾਰਤੀ ਅਹਿਮਦ ਇਕਬਾਲ ਜਹਾਂਗੀਰ ਵੀ ਘਾਇਲ ਹੋਇਆ ਹੈ।
ਹੈਦਰਾਬਾਦ ਵਿੱਚ ਉਨ੍ਹਾਂ ਦੇ ਭਰਾ ਖੁਰਸ਼ੀਦ ਜਹਾਂਗੀਰ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਦੱਸਿਆ ਕਿ ਇਕਬਾਲ 15 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ ਅਤੇ ਛੇ ਮਹੀਨੇ ਪਹਿਲਾਂ ਹੀ ਉਸਨੇ ਖੁਦ ਦਾ ਰੈਸਟੋਰੈਂਟ ਖੋਲਿਆ ਸੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਉਸਨੂੰ ਕਾਫੀ ਸੱਟਾਂ ਆਈਆਂ ਸਨ ਪਰ ਸਰਜਰੀ ਤੋਂ ਬਾਅਦ ਉਹ ਬਿਹਤਰ ਹੈ।
ਉਨ੍ਹਾਂ ਦੱਸਿਆ ਕਿ ਇਕਬਾਲ ਨਿਊਜ਼ਲੈਂਡ ਵਿੱਚ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਰਹਿੰਦਾ ਹੈ ਅਤੇ ਸ਼ੁੱਕਰਵਾਰ ਦੀ ਨਮਾਜ਼ ਲਈ ਮਸਜਿਦ ਵਿੱਚ ਗਿਆ ਸੀ।
ਖੁਰਸ਼ੀਦ ਨੇ ਇਹ ਵੀ ਦੱਸਿਆ ਕਿ ਸਵੇਰੇ ਹੀ ਉਸਨੇ ਆਪਣੀ ਮਾਂ ਨਾਲ ਗੱਲ ਕੀਤੀ ਸੀ ਅਤੇ ਉਹ ਇਕਬਾਲ ਨਾਲ ਗੱਲਾਂ ਕਰਦੇ ਵੀ ਰਹਿੰਦੇ ਸਨ।
ਖੁਰਸ਼ੀਦ ਨੇ ਭਾਰਤ ਸਰਕਾਰ ਨੂੰ ਵੀਜ਼ੇ ਲਈ ਗੁਜ਼ਾਰਿਸ਼ ਕੀਤੀ ਹੈ ਤਾਂ ਜੋ ਉੱਥੇ ਜਾ ਕੇ ਆਪਣੇ ਭਰਾ ਦਾ ਖਿਆਲ ਰੱਖ ਸਕਣ।
ਹਮਲੇ ਬਾਰੇ ਉਨ੍ਹਾਂ ਕਿਹਾ, ਨਿਊਜ਼ੀਲੈਂਡ ਵਰਗੀ ਥਾਂ ਜਿਸਨੂੰ ਦੁਨੀਆਂ ਦੀ ਸਭ ਤੋਂ ਸੁਰੱਖਿਅਤ ਥਾਂ ਮੰਨਿਆ ਜਾਂਦਾ ਹੈ, ਵਿੱਚ ਅਜਿਹੀ ਘਟਨਾ ਵਾਪਰਨਾ ਬੇਹੱਦ ਹੈਰਾਨੀਜਣਕ ਹੈ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: