ਨਿਊਜ਼ੀਲੈਂਡ ਮਸਜਿਦ ਹਮਲਾ: ਸ਼ੱਕੀਆਂ ਬਾਰੇ ਕੀ ਜਾਣਕਾਰੀ ਪਤਾ ਲੱਗੀ

ਦਿ ਕ੍ਰਾਈਸਟਚਰਚ ਮਸਜਿਦ ਹਮਲੇ ਦਾ ਬ੍ਰੈਂਟਨ ਟੈਰੰਟ ਦੇ ਨਾਮ ਹੇਠ ਇੰਟਰਨੈੱਟ ’ਤੇ ਸਿੱਧਾ ਪ੍ਰਸਾਰਣ ਕੀਤਾ ਗਿਆ।

ਇਸ ਦੇ ਇਲਾਵਾ ਪ੍ਰਸਾਰਣ ਕਰਨ ਵਾਲੇ ਨੇ ਆਪਣੇ-ਆਪ ਨੂੰ ਆਸਟਰੇਲੀਆਈ ਨਾਗਰਿਕ ਦੱਸਿਆ ਸੀ।

ਪ੍ਰੇਸ਼ਾਨ ਤੇ ਦੁਖੀ ਕਰ ਦੇਣ ਵਾਲੀ ਇਸ ਵੀਡੀਓ ਵਿੱਚ ਇੱਕ ਵਿਅਕਤੀ ਅਲ-ਨੂਰ ਮਸਜਿਦ ਵਿੱਚ ਲੋਕਾਂ 'ਤੇ ਅੰਨ੍ਹੇਵਾਹ ਗੋਲੀਆਂ ਵਰਾਉਂਦਾ ਦੇਖਿਆ ਜਾ ਸਕਦਾ ਹੈ।

ਇਸ ਤੋਂ ਪਹਿਲਾਂ ਇਸ ਵਿਅਕਤੀ ਨੇ ਇੱਕ ਕੱਟੜ ਸੱਜੇ ਪੱਖੀ ਵਿਚਾਰਧਾਰਾ ਦੇ ਪੱਖ ਵਿੱਚ ਇੱਕ ਪੋਸਟ ਵੀ ਪਾਈ ਸੀ।

ਹਮਲੇ ਤੋਂ ਇੱਕ ਦਿਨ ਬਾਅਦ ਮੁੱਖ ਮੁਲਜ਼ਮ ਬ੍ਰੈਂਟਨ ਹੈਰੀਸਨ ਟਾਰੈਂਟ ਦੀ ਕ੍ਰਾਈਸਟਚਰਚ ਕਚਹਿਰੀਆਂ ਵਿੱਚ ਪੇਸ਼ੀ ਹੋਈ। 28 ਸਾਲਾ ਬ੍ਰੈਂਟਨ 'ਤੇ ਕਤਲ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ।

ਇਹ ਵੀ ਪੜ੍ਹੋ:

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਕੈਂਡਾ ਅਰਡਰਨ ਨੇ ਦੱਸਿਆ ਕਿ ਸ਼ੱਕੀ ਨੇ ਪੂਰੀ ਦੁਨੀਆਂ ਦਾ ਦੌਰਾ ਕੀਤਾ ਸੀ ਤੇ ਕਈ ਵਾਰ ਨਿਊਜ਼ੀਲੈਂਡ ਵੀ ਠਹਿਰਦਾ ਰਿਹਾ ਹੈ। ਫਿਲਹਾਲ ਉਹ ਕ੍ਰਾਈਸਟਚਰਚ ਦੇ ਡੂਨਡਿਨ ਇਲਾਕੇ ਵਿੱਚ ਰਹਿ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਹਮਲਾਵਰ ਕੋਲ ਅਸਲ੍ਹਾ ਰੱਖਣ ਦਾ ਲਾਈਸੈਂਸ ਸੀ। ਇਹ ਨਵੰਬਰ 2017 ਵਿੱਚ ਲਿਆ ਗਿਆ ਸੀ।

ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੀਆਂ ਸੁਰੱਖਿਆ ਏਜੰਸੀਆਂ ਸੱਜੇ ਪੱਖੀਆਂ ਬਾਰੇ ਜਾਂਚ ਕਰ ਰਹੀਆਂ ਸਨ ਪਰ "ਇਲਜ਼ਾਮ-ਸ਼ੁਦਾ ਵਿਅਕਤੀ ਨਾ ਤਾਂ ਏਜੰਸੀਆਂ ਤੇ ਨਾ ਹੀ ਪੁਲਿਸ ਦੇ ਧਿਆਨ ਵਿੱਚ ਆਇਆ।"

ਬ੍ਰੈਂਟਨ ਨੂੰ ਕੈਦੀਆਂ ਵਾਲੇ ਚਿੱਟੇ ਕੱਪੜਿਆਂ ਵਿੱਚ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਅਤੇ ਬਿਨਾਂ ਜ਼ਮਾਨਤ ਦੀ ਅਰਜ਼ੀ ਦੇ ਰਿਮਾਂਡ ਵਿੱਚ ਲੈ ਲਿਆ ਗਿਆ।

ਹਮਲੇ ਦਾ ਲਾਈਵਸਟਰੀਮ

ਵੀਡੀਓ ਵਿੱਚ ਇੱਕ ਵਿਅਕਤੀ ਆਪਣੇ ਹੈਲਮਟ 'ਤੇ ਲੱਗੇ ਕੈਮਰਾ ਨਾਲ ਸਮੁੱਚੀ ਘਟਨਾ ਇੰਟਰਨੈੱਟ ’ਤੇ ਲਾਈਵ ਸਟਰੀਮ ਕਰਦਾ ਹੈ।

ਇਸ ਹਮਲੇ ਦਾ ਇੱਕ ਲਾਈਵ ਕੁਝ ਦੇਰ ਲਈ ਫੇਸਬੁੱਕ ’ਤੇ ਵੀ ਦਿਖਾਇਆ ਗਿਆ, ਜਿਸ ਵਿੱਚ ਖੌਫ਼ਨਾਕ ਹਿੰਸਾ ਵੇਰਵੇ ਸਹਿਤ ਦਿਖਾਈ ਗਈ।

ਇਸ ਹਮਲੇ ਦੌਰਾਨ 1992-95 ਦੌਰਾਨ ਸਰਬੀਅਨ ਨੈਸ਼ਨਲਿਸਟ ਪੈਰਾਮਿਲਟਰੀ ਦੀ ਮਾਰਚਿੰਗ ਧੁਨ ਸੁਣਾਈ ਦੇ ਰਹੀ ਹੈ। ਉਹ ਧੁਨ ਬੋਸਨੀਅਨ ਯੁੱਧ ਦੌਰਾਨ ਵਜਾਈ ਜਾਂਦੀ ਸੀ।

ਇਹ ਧੁਨ ਬੋਸਨੀਆ ਦੇ ਆਗੂ ਰੈਡੋਵਾਨ ਕਾਰਡਿਜ਼ਿਕ ਦੀ ਪ੍ਰਸ਼ੰਸ਼ਾ ਵਿੱਚ ਬਣਾਈ ਗਈ ਜੋ ਕਿ ਨਸਲਕੁਸ਼ੀ ਦਾ ਦੋਸ਼ੀ ਪਾਏ ਗਏ ਸਨ।

ਹਮਲਾਵਰਾਂ ਨੇ ਆਪਣੇ ਹਥਿਆਰਾਂ ’ਤੇ ਮੁਸਲਮਾਨਾਂ ਤੇ ਪਰਵਾਸੀਆਂ ਨੂੰ ਮਾਰਨ ਵਾਲਿਆਂ ਦੇ ਨਾਮ ਲਿਖੇ ਹੋਏ ਸਨ।

ਇੱਕ ਹਥਿਆਰ ’ਤੇ ਯੂਕੇ ਵਿੱਚ ਬਾਲ ਸ਼ੋਸ਼ਣ ਦੇ ਸਕੈਂਡਲ ਦਾ ਹਵਾਲਾ ਦਿੱਤਾ ਗਿਆ ਸੀ ਤਾਂ ਹੋਰਾਂ ’ਤੇ ਯੂਰਪੀ ਦੇਸਾਂ ਤੇ ਓਟੋਮਨ ਅੰਪਾਇਰ ਦੀਆਂ ਤਾਰੀਖ਼ੀ ਲੜਾਈਆਂ ਦੇ ਨਾਮ ਲਿਖੇ ਹੋਏ ਸਨ।

ਔਨਲਾਈਨ ਗਤੀਵਿਧੀ

ਆਸਟਰੇਲੀਆ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਬ੍ਰੈਂਟਨ ਦਾ ਪਿਛੋਕੜ ਰਾਜਧਾਨੀ ਸਿਡਨੀ ਤੋਂ 600 ਕਿਲੋਮੀਟਰ ਦੂਰ ਵਸਦੇ ਸ਼ਹਿਰ ਗ੍ਰੈਫਟਨ ਨਾਲ ਹੈ। ਉਹ ਕਦੇ ਇੱਕ ਜਿੰਮ ਵਿੱਚ ਵੀ ਕੰਮ ਕਰਦਾ ਰਿਹਾ ਹੈ।

ਬ੍ਰੈਂਟਨ ਦੀ ਸਾਬਕਾ ਬੌਸ ਟਰੇਸੀ ਗਰੇ ਨੇ ਸੈਵਨ ਨਿਊਜ਼ ਨੂੰ ਦੱਸਿਆ " ਉਸ ਨੇ (ਬ੍ਰੈਂਟਨ) ਕਦੇ ਵੀ ਕੱਟੜਪੰਥੀ ਜਾਂ ਪਾਗਲਪਣ ਵਾਲਾ ਵਿਹਾਰ ਨਹੀਂ ਕੀਤਾ।"

ਇੰਟਰਨੈਟ ਤੇ ਪਾਏ ਗਏ 16,500 ਸਫਿਆਂ ਦੇ ਦਸਤਾਵੇਜ਼ ਦਾ ਸਿਰਲੇਖ ਹੈ- ਦਿ ਗਰੇਟ ਰਿਪਲੇਸਮੈਂਟ ਜੋ ਫਰਾਂਸ ਤੋਂ ਸ਼ੁਰੂ ਹੋਈ ਤੇ ਬਾਅਦ ਵਿੱਚ ਇਸ ਲਾਈਨ ਨੂੰ ਪ੍ਰਵਾਸ ਬਾਰੇ ਕੱਟੜ ਨਜ਼ਰੀਆ ਰੱਖਣ ਵਾਲਿਆਂ ਵੱਲੋਂ ਨਾਅਰੇ ਵਜੋਂ ਵਰਤੀ ਜਾਣ ਲੱਗੀ।

ਵੀਡੀਓ ਵਿੱਚ ਵਿਅਕਤੀ ਦੱਸ ਰਿਹਾ ਹੈ ਕਿ ਹਮਲੇ ਦੀ ਯੋਜਨਾ ਉਸ ਨੇ ਸਾਲ 2017 ਵਿੱਚ ਯੂਰਪ ਫੇਰੀ ਦੌਰਾਨ ਕੁਝ ਘਟਨਾਵਾਂ ਦੇਖਣ ਤੋਂ ਬਾਅਦ ਸ਼ੁਰੂ ਕੀਤੀ ਸੀ।

ਉਸ ਨੇ ਸਵੀਡਨ ਵਿੱਚ ਇੱਕ ਇਸਲਾਮਿਕ ਸਟੇਟ ਦੇ ਹਮਾਇਤੀ ਵੱਲੋਂ ਲੌਰੀ ਟਰੱਕ ਨਾਲ ਕੀਤਾ ਹਮਲਾ, ਫਰਾਂਸ ਵਿੱਚ ਨਰਮ-ਖ਼ਿਆਲੀ ਅਮੈਨੂਅਲ ਮੈਕਰੋਂ ਦਾ ਰਾਸ਼ਟਰਪਤੀ ਚੁਣਿਆ ਜਾਣਾ ਤੇ ਫਰਾਂਸ ਦੀ ਨਸਲੀ ਵਿਭਿੰਨਤਾ ਦਾ ਖ਼ਾਸ ਤੌਰ 'ਤੇ ਜ਼ਿਕਰ ਕੀਤਾ ਹੈ।

ਹਾਲਾਂਕਿ ਵਿਅਕਤੀ ਦਾ ਦਾਅਵਾ ਸੀ ਕਿ ਉਸ ਨੂੰ ਪ੍ਰਸਿੱਧੀ ਦੀ ਚਾਹ ਨਹੀਂ ਪਰ ਇਹ ਜ਼ਰੂਰ ਮੰਨਿਆ ਕਿ ਉਹ ਹਮਲਾ ਕਰਕੇ ਬਚਣਾ ਚਾਹੁੰਦਾ ਸੀ। ਉਸ ਨੂੰ ਇਹ ਵੀ ਉਮੀਦ ਸੀ ਕਿ ਇਸ ਘਟਨਾ ਮਗਰੋਂ ਡਰ ਫੈਲੇਗਾ।

ਦਸਤਾਵੇਜ਼ ਮੁਤਾਬਕ ਉਸ ਨੇ ਅਲ ਨੂਰ ਮਸਜਿਦ ਨੂੰ ਤਿੰਨ ਮਹੀਨੇ ਪਹਿਲਾਂ ਚੁਣ ਲਿਆ ਸੀ।

ਬੀਬੀਸੀ ਦੇ ਡੌਮਨਿਕ ਕੈਸਿਆਨੀ ਦਾ ਕਹਿਣਾ ਹੈ ਕਿ, ਹਮਲੇ ਦਾ ਕੇਂਦਰੀ ਸਿਧਾਂਤ ਇਹ ਕਿ "ਕੇਂਦਰੀ ਯੂਰਪ ਵਾਲੇ" ਮਰ ਰਹੇ ਹਨ ਤੇ ਉਨ੍ਹਾਂ ਦੀ ਥਾਂ ਪਰਵਾਸੀ ਲੈ ਰਹੇ ਹਨ, ਜਿਨ੍ਹਾਂ ਦੀ ਵੱਖਰੀ ਤੇ ਕਮਤਰ ਸੱਭਿਅਤਾ ਹੈ।

ਇਸ ਸਿਧਾਂਤ ਦੀ ਇੱਕ ਧਾਰਨਾ ਇਹ ਹੈ ਕਿ ਸਰਕਾਰਾਂ ਤੇ ਕਾਰਪੋਰੇਟ ਕੰਪਨੀਆਂ ਲੋਕਾਂ ਦੇ ਪਰਵਾਸ ਕਰਨ ਦੀਆਂ ਦਰਾਂ ਵਧਾ ਕੇ ਗੋਰਿਆਂ ਦੀ ਨਸਲਕੁਸ਼ੀ ਨੂੰ ਉਤਸ਼ਾਹਿਤ ਕਰ ਰਹੀਆਂ ਹਨ।

ਦੂਸਰੇ ਹਿਰਾਸਤੀਆਂ ਬਾਰੇ

ਦੂਸਰੇ ਹਿਰਾਸਤੀਆਂ ਬਾਰੇ ਨਿਊ ਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਕੈਂਡਾ ਅਰਡਰਨ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਕੋਈ ਵੀ ਸੁਰੱਖਿਆ ਏਜੰਸੀਆਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਜਾਂਚ ਵਿੱਚ ਪਹਿਲਾਂ ਸਾਹਮਣੇ ਨਹੀਂ ਆਏ ਸਨ।

ਪ੍ਰਧਾਨ ਮੰਤਰੀ ਨੇ ਦੱਸਿਆ, "ਅੱਜ ਸਵੇਰੇ ਮੈਂ ਆਪਣੀਆਂ ਏਜੰਸੀਆਂ ਨੂੰ ਸੋਸ਼ਲ ਮੀਡੀ ਜਾਂ ਕਿਤੇ ਹੋਰ ਅਜਿਹੀਆਂ ਗਤੀਵਿਧੀਆਂ, ਜਿਨ੍ਹਾਂ ਬਾਰੇ ਕੋਈ ਪ੍ਰਤੀਕਿਰਿਆ ਹੋਈ ਹੋਵੇ ਦੀ ਜਾਂਚ ਕਰਨ ਲਈ ਕਿਹਾ ਹੈ।"

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)