ਲੋਕ ਸਭਾ ਚੋਣਾਂ 2019: ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਨੇ ਕਿਉਂ ਛੱਡਿਆ ਚੋਣ ਮੈਦਾਨ

    • ਲੇਖਕ, ਸ਼ਰਤ ਪ੍ਰਧਾਨ
    • ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਲਈ

ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਉਹ ਖ਼ੁਦ ਚੋਣ ਮੈਦਾਨ 'ਚ ਨਹੀਂ ਹੋਣਗੇ। ਹਾਲਾਂਕਿ ਉਹ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਮੈਦਾਨ 'ਚ ਜ਼ੋਰ ਲਗਾਉਂਦੇ ਜ਼ਰੂਰ ਨਜ਼ਰ ਆਉਣਗੇ।

ਉਨ੍ਹਾਂ ਦੇ ਇਸ ਐਲਾਨ ਨਾਲ ਕਈ ਲੋਕ ਹੈਰਾਨ ਹਨ ਪਰ ਉਨ੍ਹਾਂ ਦੇ ਸਿਆਸੀ ਟਰੈਕ ਰਿਕਾਰਡ ਤੋਂ ਜਾਣੂ ਲੋਕ ਜਾਣਦੇ ਹਨ ਕਿ ਉਹ 2004 ਤੋਂ ਬਾਅਦ ਕਿਸੇ ਵੀ ਚੋਣ ਦਾ ਸਿੱਧਾ ਸਾਹਮਣਾ ਕਰਨ ਤੋਂ ਬਚਦੇ ਰਹੇ ਹਨ।

ਹਾਲਾਂਕਿ ਉਨ੍ਹਾਂ ਦੇ ਸਮਰਥਕ ਇਸ ਫ਼ੈਸਲੇ ਨੂੰ ਪਾਰਟੀ ਲਈ ਉਨ੍ਹਾਂ ਦੀ ਚਿੰਤਾ ਦੇ ਤੌਰ 'ਤੇ ਦੇਖਦੇ ਹਨ। ਉਹ ਸਮਝਦੇ ਹਨ ਕਿ ਉਨ੍ਹਾਂ ਦੀ ਨੇਤਾ ਇੱਕ ਸੰਸਦ ਦੀ ਰਾਜਨੀਤੀ ਤੋਂ ਕਿਤੇ ਉੱਤੇ ਹਨ।

ਦੂਜੇ ਪਾਸੇ ਵਿਰੋਧੀ ਮਾਇਆਵਤੀ ਦੇ ਚੋਣ ਨਾ ਲੜਨ ਦੇ ਫ਼ੈਸਲੇ ਪਿੱਛੇ ਉਨ੍ਹਾਂ ਦੇ ਡਰ ਨੂੰ ਦੇਖਦੇ ਹਨ।

ਮਾਇਆਵਤੀ ਦੀ ਪਾਰਟੀ ਆਉਣ ਵਾਲੀਆਂ ਚੋਣਾਂ 'ਚ ਕਿਸੇ ਸਮੇਂ ਉਨ੍ਹਾਂ ਦੇ ਦੁਸ਼ਮਣ ਰਹੇ ਸਮਾਜਵਾਦੀ ਪਾਰਟੀ ਦੇ ਨਾਲ ਆ ਰਹੀ ਹੈ ਅਤੇ ਦੋਵੇਂ ਪਾਰਟੀਆਂ ਦਾ ਉੱਤਰ ਪ੍ਰਦੇਸ਼ 'ਚ ਗੱਠਜੋੜ ਦਾ ਐਲਾਨ ਪਹਿਲਾਂ ਹੀ ਹੋ ਚੁੱਕਿਆ ਹੈ।

ਇਹ ਵੀ ਜ਼ਰੂਰ ਪੜ੍ਹੋ:

ਮਾਇਆਵਤੀ ਕਦੇ ਵੀ ਕੋਈ ਜ਼ੋਖ਼ਮ ਲੈਣ ਤੋਂ ਬਚਦੇ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਪਿਛਲੇ 15 ਸਾਲਾਂ ਤੋਂ ਸਿੱਧੇ ਤੌਰ 'ਤੇ ਚੋਣ ਮੈਦਾਨ 'ਚ ਨਹੀਂ ਰਹੇ।

ਬੁਰੇ ਦੌਰ 'ਚ ਬਸਪਾ

ਮਾਇਆਵਤੀ ਆਪਣੇ ਸਿਆਸੀ ਸਫ਼ਰ ਦੇ ਸਿਖ਼ਰ 'ਤੇ 2007 ਵਿੱਚ ਪਹੁੰਚੇ ਸਨ, ਜਦੋਂ ਉਹ ਚੌਥੀ ਵਾਰ ਉੱਤਰ ਪ੍ਰਦੇਸ਼ ਦੀ ਸੱਤਾ 'ਤੇ ਕਾਬਿਜ਼ ਹੋਏ ਸਨ।

ਇਹ ਬਹੁਤ ਹੀ ਖ਼ਾਸ ਉਪਲੱਬਧੀ ਸੀ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਬਸਪਾ ਆਪਣੇ ਦਮ 'ਤੇ ਸੱਤਾ 'ਚ ਆਉਣ 'ਚ ਸਫ਼ਲ ਨਹੀਂ ਹੋ ਪਾਈ ਸੀ।

ਇਸ ਤੋਂ ਪਹਿਲਾਂ ਮਾਇਆਵਤੀ ਭਾਰਤੀ ਜਨਤਾ ਪਾਰਟੀ ਦੇ ਸਹਿਯੋਗ ਨਾਲ ਤਿੰਨ ਵਾਰੀ ਮੁੱਖ ਮੰਤਰੀ ਬਣੇ ਸਨ ਅਤੇ ਤਿੰਨੇ ਵਾਰ ਉਨ੍ਹਾਂ ਦੀ ਸਰਕਾਰ ਆਪਣਾ ਤੈਅ ਕਾਰਜਕਾਲ ਪੂਰਾ ਨਹੀਂ ਕਰ ਸਕੀ ਸੀ।

ਉਹ ਮੁੱਖ ਮੰਤਰੀ ਤਾਂ ਬਣੇ ਪਰ ਉਨ੍ਹਾਂ ਨੇ ਵਿਧਾਨ ਸਭਾ ਦੀ ਚੋਣ ਲੜਨ ਦੀ ਥਾਂ ਵਿਧਾਨ ਪਰਿਸ਼ਦ ਜਾਣ ਦਾ ਫ਼ੈਸਲਾ ਕੀਤਾ ਸੀ।

ਸਾਲ 2012 'ਚ ਉਨ੍ਹਾਂ ਦੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸਾਲ ਸਮਾਜਵਾਦੀ ਪਾਰਟੀ ਦਾ ਨੌਜਵਾਨ ਚਿਹਰਾ ਅਖਿਲੇਸ਼ ਯਾਦਵ ਮੈਦਾਨ 'ਚ ਸਨ ਅਤੇ ਉਹ ਮਾਇਆਵਤੀ ਨੂੰ ਸ਼ਿਕਸਤ ਦੇਣ 'ਚ ਸਫ਼ਲ ਰਹੇ।

ਇਨ੍ਹਾਂ ਚੋਣਾਂ 'ਚ ਬਸਪਾ 403 ਵਿੱਚੋਂ ਮਹਿਜ਼ 87 ਸੀਟਾਂ 'ਤੇ ਹੀ ਜਿੱਤ ਦਰਜ ਕਰ ਸਕੀ ਸੀ। 2014 'ਚ ਦੀਆਂ ਲੋਕ ਸਭਾ ਚੋਣਾਂ 'ਚ ਬਸਪਾ ਦਾ ਪ੍ਰਦਰਸ਼ਨ ਹੋਰ ਖ਼ਰਾਬ ਰਿਹਾ। ਨਰਿੰਦਰ ਮੋਦੀ ਦੀ ਲਹਿਰ ਸਾਹਮਣੇ ਉਨ੍ਹਾਂ ਦੀ ਪਾਰਟੀ ਸੰਸਦ ਵਿੱਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ।

2014 'ਚ ਵੀ ਮਾਇਆਵਤੀ ਖ਼ੁਦ ਚੋਣ ਨਹੀਂ ਲੜੀ ਸੀ ਪਰ ਉਨ੍ਹਾਂ ਦੀ ਪਾਰਟੀ ਨੇ ਸਾਰੀਆਂ 80 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਸਨ।

1980 ਦੇ ਦਹਾਕੇ 'ਚ ਹੋਂਦ 'ਚ ਆਈ ਬਸਪਾ ਨੇ ਕਦੇ ਵੀ ਇੰਨਾ ਖ਼ਰਾਬ ਪ੍ਰਦਰਸ਼ਨ ਨਹੀਂ ਕੀਤਾ ਸੀ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚੋਂ ਇੱਕ ਵੀ ਸੀਟ 'ਤੇ ਜਿੱਤ ਦਰਜ ਨਹੀਂ ਕਰਨਾ ਬਸਪਾ ਸੁਪਰੀਮੋ ਮਾਇਆਵਤੀ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਸੀ।

ਮਾਇਆਵਤੀ ਦੀ ਦਲੀਲ ਦਾ ਮਤਲਬ

2014 ਦੀਆਂ ਚੋਣਾਂ ਦੌਰਾਨ ਮਾਇਆਵਤੀ ਨੇ ਇਹ ਦਲੀਲ ਦਿੱਤੀ ਕਿ ਉਹ ਪਹਿਲਾਂ ਤੋਂ ਹੀ ਰਾਜ ਸਭਾ ਸੰਸਦ ਹਨ। ਉਨ੍ਹਾਂ ਦਾ ਕਾਰਜਕਾਲ 2018 ਵਿੱਚ ਖ਼ਤਮ ਹੋਵੇਗਾ, ਇਸ ਲਈ ਉਹ ਚੋਣ ਨਹੀਂ ਲੜਣਗੇ।

ਇਸ ਵਕਤ ਉਹ ਕਹਿ ਰਹੇ ਹਨ ਕਿ ''ਮੇਰੇ ਲਈ ਮੇਰੀ ਪਾਰਟੀ ਮੇਰੇ ਤੋਂ ਵੱਧ ਅਹਿਮ ਹੈ।''

ਉਨ੍ਹਾਂ ਨੇ ਬੁੱਧਵਾਰ ਨੂੰ ਜੋ ਕੁਝ ਵੀ ਕਿਹਾ ਉਸਨੂੰ ਸੁਣ ਕੇ ਲੱਗਿਆ ਕਿ ਉਹ 2014 ਵਰਗੀਆਂ ਹੀ ਗੱਲਾਂ ਦੁਹਰਾ ਰਹੇ ਹਨ।

''ਮੇਰੇ ਲਈ ਇਹ ਜ਼ਿਆਦਾ ਅਹਿਮ ਹੈ ਕਿ ਸਾਡਾ ਗੱਠਜੋੜ ਜਿੱਤੇ। ਜਿੱਥੋਂ ਤੱਕ ਮੇਰਾ ਸਵਾਲ ਹੈ, ਮੈਂ ਕਦੇ ਵੀ ਯੂਪੀ ਦੀ ਕਿਸੇ ਵੀ ਸੀਟ ਤੋਂ ਲੜ ਸਕਦੀ ਹਾਂ। ਮੈਨੂੰ ਸਿਰਫ਼ ਉੱਥੇ ਜਾਣਾ ਹੋਵੇਗਾ ਤੇ ਨਾਮਜ਼ਦਗੀ ਦਾਖ਼ਿਲ ਕਰਨੀ ਹੋਵੇਗੀ।''

ਉਨ੍ਹਾਂ ਨੇ ਦਾਅਵਾ ਕੀਤਾ, ''ਮੈਨੂੰ ਲਗਦਾ ਹੈ ਕਿ ਇਹ ਪਾਰਟੀ ਦੇ ਹਿੱਤ ਵਿੱਚ ਨਹੀਂ ਹੋਵੇਗਾ, ਇਸ ਲਈ ਮੈਂ 2019 ਦੀਆਂ ਲੋਕ ਸਭਾ ਚੋਣਾਂ ਤੋਂ ਦੂਰ ਰਹਿਣ ਦਾ ਮਨ ਬਣਾਇਆ ਹੈ।''

''ਜਦੋਂ ਵੀ ਮੇਰਾ ਮਨ ਕਰੇਗਾ, ਮੈਂ ਚੋਣਾਂ ਤੋਂ ਬਾਅਦ ਕਿਸੇ ਵੀ ਸੀਟ ਨੂੰ ਖਾਲ੍ਹੀ ਕਰਾ ਕੇ ਉੱਥੋਂ ਚੋਣ ਲੜਾਂਗੀ ਅਤੇ ਸੰਸਦ ਚਲੀ ਜਾਵਾਂਗੀ।''

ਹਾਲਾਂਕਿ ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਚੋਣ ਮੈਦਾਨ 'ਚ ਨਾ ਉਤਰਣ ਦੀ ਦਲੀਲ ਅਸਲ 'ਚ ਉਨ੍ਹਾਂ ਦੇ ਡਰ ਅਤੇ ਘੱਟ ਆਤਮ ਵਿਸ਼ਵਾਸ ਨੂੰ ਦਰਸਾਉਂਦਾ ਹੈ।

ਇਹ ਵੀ ਜ਼ਰੂਰ ਪੜ੍ਹੋ:

ਕੁਝ ਅੰਦਰੂਨੀ ਲੋਕ ਮੰਨਦੇ ਹਨ ਕਿ ਬਾਲਾਕੋਟ ਹਮਲੇ ਤੋਂ ਬਾਅਦ ਭਾਜਪਾ ਦੀ ਰਾਸ਼ਟਰਵਾਦੀ ਸੋਚ ਨੂੰ ਤਾਕਤ ਮਿਲੀ ਹੈ ਅਤੇ ਇਹ ਮਾਇਆਵਤੀ ਲਈ ਫ਼ਿਕਰ ਦੀ ਗੱਲ ਹੈ।

ਕਈ ਲੋਕ ਇਹ ਵੀ ਮੰਨਦੇ ਹਨ ਕਿ ਪੁਲਵਾਮਾ ਜਾਂ ਬਾਲਾਕੋਟ ਹਮਲਾ ਨਾ ਹੁੰਦਾ ਤਾਂ ਵੀ ਮਾਇਆਵਤੀ ਚੋਣ ਮੈਦਾਨ 'ਚ ਨਹੀਂ ਉਤਰਦੀ। ਜਦੋਂ ਤੱਕ ਉਨ੍ਹਾਂ ਨੂੰ ਮੁਕੰਮਲ ਵਿਸ਼ਵਾਸ ਨਹੀਂ ਹੁੰਦਾ ਕਿ ਉਨ੍ਹਾਂ ਦੀ ਜਿੱਤ ਤੈਅ ਹੈ ਉਦੋਂ ਤੱਕ ਉਹ ਰਿਸਕ ਨਹੀਂ ਲੈਂਦੀ।

ਇਹੀ ਕਾਰਨ ਹੈ ਕਿ ਉਹ ਅਜਿਹਾ ਕਹਿ ਰਹੇ ਹਨ ਕਿ ਚੋਣਾਂ ਤੋਂ ਬਾਅਦ ਉਹ ਆਪਣੇ ਜਿੱਤੇ ਹੋਏ ਸੰਸਦ ਨੂੰ ਸੀਟ ਖਾਲ੍ਹੀ ਕਰਨ ਨੂੰ ਕਹਿਣਗੇ ਅਤੇ ਉੱਥੋਂ ਚੋਣ ਲੜਨਗੇ।

ਜੇ ਉਹ ਸਿੱਧੇ ਤੌਰ 'ਤੇ ਚੋਣਾਂ ਲੜਦੇ ਹਨ ਅਤੇ ਹਾਰ ਜਾਂਦੇ ਹਨ ਤਾਂ ਇਹ ਉਨ੍ਹਾਂ ਦੀ ਸਿਆਸੀ ਸਾਖ਼ ਅਤੇ ਪਾਰਟੀ 'ਚੇ ਬੁਰਾ ਪ੍ਰਭਾਵ ਪਾਵੇਗਾ।

ਡੁੱਬਦੇ ਨੂੰ ਤਿਕੇ ਦਾ ਸਹਾਰਾ

ਬੁਰੇ ਹਾਲਾਤ 'ਚ ਮਾਇਆਵਤੀ ਦੀ ਅਸੁਰੱਖਿਆ ਦੀ ਭਾਵਨਾ ਉਦੋਂ ਖੁੱਲ੍ਹ ਕੇ ਸਾਹਮਣੇ ਆਈ ਜਦੋਂ ਉਨ੍ਹਾਂ ਦੀ ਪਾਰਟੀ 2017 ਦੀਆਂ ਵਿਧਾਨਸਭਾ ਚੋਣਾਂ 'ਚ ਮਹਿਜ਼ 19 ਸੀਟਾਂ 'ਤੇ ਹੀ ਸਿਮਟ ਕੇ ਰਹਿ ਗਈ।

ਇਹ ਹੁਣ ਤੱਕ ਦਾ ਉਨ੍ਹਾਂ ਦੀ ਪਾਰਟੀ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਰਿਹਾ ਸੀ। ਮਾਇਆਵਤੀ ਨੇ ਬਾਅਦ ਵਿੱਚ ਰਾਜ ਸਭਾ ਤੋਂ ਅਸਤੀਫ਼ਾ ਇਹ ਕਹਿ ਕੇ ਦਿੱਤਾ ਕਿ ਉਨ੍ਹਾਂ ਨੂੰ ਵੱਖ-ਵੱਖ ਦਲਿਤ ਮੁੱਦਿਆਂ 'ਤੇ ਸੰਸਦ 'ਚ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।

ਉਨ੍ਹਾਂ ਦੀ ਪਰੇਸ਼ਾਨੀ ਉਦੋਂ ਹੋਰ ਵੱਧ ਗਈ ਜਦੋਂ ਉੱਤਰ ਪ੍ਰਦੇਸ਼ 'ਚ ਭੀਮ ਆਰਮੀ ਦਾ ਉਦੈ ਹੋਇਆ। ਇਸ ਦੇ ਨੇਤਾ ਚੰਦਰ ਸ਼ੇਖ਼ਰ ਆਜ਼ਾਦ ਨੂੰ ਦਲਿਤਾਂ ਦਾ ਨਵਾਂ ਮਸੀਹਾ ਦੇ ਰੂਪ 'ਚ ਪੇਸ਼ ਕੀਤਾ ਜਾਣ ਲੱਗਿਆ।

ਮਾਇਆਵਤੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਅਤੇ ਭੀਮ ਆਰਮੀ ਨੂੰ ਭਾਜਪਾ ਦਾ ਸਹਿਯੋਗੀ ਦੱਸਿਆ। ਉਹ ਖ਼ੁਦ ਨੂੰ ਅਤੇ ਆਪਣੀ ਪਾਰਟੀ ਨੂੰ ਨਵੇਂ ਸਿਰੇ ਤੋਂ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੇ ਦਿਖੇ।

ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਬਾਹਰ ਛੱਤੀਸਗੜ੍ਹ 'ਚ ਇਸ ਦਿਸ਼ਾ 'ਚ ਕੰਮ ਕੀਤਾ ਅਤੇ ਅਜੀਤ ਜੋਗੀ ਦੀ ਪਾਰਟੀ ਨਾਲ ਸਮਝੌਤਾ ਕੀਤਾ।

ਆਖ਼ਿਰਕਾਰ ਉਨ੍ਹਾਂ ਦੀ ਪਾਰਟੀ ਦਾ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਹੋਇਆ, ਜੋ ਪਾਰਟੀ ਦੇ ਲਈ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਵਾਂਗ ਹੈ।

ਦੋਵੇਂ ਪਾਰਟੀਆਂ ਦੇ ਗੱਠਜੋੜ ਨੇ ਉੱਤਰ ਪ੍ਰਦੇਸ਼ ਦੇ ਜ਼ਿਮਨੀ ਚੋਣਾਂ 'ਚ ਬਿਹਤਰ ਪ੍ਰਦਰਸ਼ਨ ਕੀਤਾ ਸੀ ਅਤੇ ਇਸ ਪ੍ਰਯੋਗ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਗਿਆ।

ਜਾਤੀ ਸਮੀਕਰਨ ਦੇ ਹਿਸਾਬ ਨਾਲ ਵੀ ਇਹ ਗੱਠਜੋੜ ਮਜ਼ਬੂਤ ਸਮਝਿਆ ਜਾ ਰਿਹਾ ਹੈ। ਬਸਪਾ ਕੋਲ ਦਲਿਤ ਵੋਟ ਬੈਂਕ ਹੈ ਅਤੇ ਸਪਾ ਦੇ ਨਾਲ ਯਾਦਵ-ਮੁਸਲਿਮ ਵੋਟ ਬੈਂਕ। ਇਸ ਹਿਸਾਬ ਨਾਲ ਜੇ ਸਾਰੇ ਨਾਲ ਆਉਂਦੇ ਹਨ ਤਾਂ ਗੱਠਜੋੜ ਜੇ ਜਿੱਤਣ ਦੀ ਉਮੀਦ ਵੱਧ ਜਾਂਦੀ ਹੈ।

ਹਾਲਾਂਕਿ ਕਿਤੇ ਨਾ ਕਿਤੇ ਬਾਲਾਕੋਟ ਹਮਲੇ ਤੋਂ ਬਾਅਦ ਮਾਇਆਵਤੀ ਦਾ ਆਤਮ ਵਿਸ਼ਵਾਸ ਡਗਮਗਾਇਆ ਹੈ ਅਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਦਾ ਚੋਣ ਨਾ ਲੜਨ ਦਾ ਐਲਾਨ ਇਸੇ ਦਾ ਨਤੀਜਾ ਹੈ।

ਤੁਹਾਨੂੰ ਇਹ ਵੀਡੀਓਜ਼ ਵੀਪਸੰਦਆ ਸਕਦੀਆਂ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)