ਨਿਊਜ਼ੀਲੈਂਡ ਹਮਲੇ ਦਾ ਪਾਕਿਸਤਾਨ ਵਿਚ ਬਦਲਾ ਲਏ ਜਾਣ ਦਾ ਸੱਚ

ਨਿਊਜ਼ਿਲੈਂਡ ਦੀ ਮਸਜਿਦ ਵਿਚ ਹੋਏ ਹਮਲੇ ਦੇ ਜਵਾਬ ਵਿਚ 'ਪਾਕਿਸਤਾਨ ਦੇ ਇਸਲਾਮਿਕ ਕੱਟੜਪੰਥੀਆਂ ਨੇ ਇੱਕ ਚਰਚ ਵਿਚ ਅੱਗ' ਲਾ ਦਿੱਤੀ ਹੈ। ਇਸ ਗੰਭੀਰ ਦਾਅਵੇ ਦੇ ਨਾਲ 30 ਸਕਿੰਟ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਹੋ ਰਿਹਾ ਹੈ।

ਵੀਡੀਓ ਵਿਚ ਕੁਝ ਲੋਕ ਚਰਚ ਦੇ ਮੁੱਖ ਦਰਵਾਜੇ ਉੱਤੇ ਚੜ੍ਹੇ ਦਿਖਾਈ ਦੇ ਰਹੇ ਹਨ ਅਤੇ ਵੀਡੀਓ ਦੇ ਖ਼ਤਮ ਹੁੰਦੇ-ਹੁੰਦੇ ਉਹ ਚਰਚ ਦੇ ਧਾਰਮਿਕ ਚਿੰਨ੍ਹ ਨੂੰ ਤੋੜ ਕੇ ਹੇਠਾਂ ਸੁੱਟ ਦਿੰਦੇ ਹਨ।

ਵੀਡੀਓ ਵਿਚ ਲੋਕਾਂ ਦੇ ਚੀਕਣ ਦੀਆਂ ਆਵਾਜ਼ਾਂ ਆਉਂਦੀਆਂ ਹਨ ਅਤੇ ਇਸ ਦੇ ਇੱਕ ਹਿੱਸੇ ਵਿਚ ਚਰਚ ਦੀ ਇਮਾਰਤ ਤੋਂ ਧੂੰਆਂ ਨਿਕਲਦਾ ਹੋਇਆ ਵੀ ਦਿਖਾਈ ਦਿੰਦਾ ਹੈ।

ਇਹ ਵੀ ਪੜ੍ਹੋ:

ਫੇਸਬੁੱਕ ਅਤੇ ਟਵਿੱਟਰ 'ਤੇ ਹਾਲੇ ਵੀ ਇਸ ਵੀਡੀਓ ਨੂੰ ਘੱਟ ਹੀ ਲੋਕਾਂ ਨੇ ਸ਼ੇਅਰ ਕੀਤਾ ਹੈ ਪਰ ਵਟਸਐਪ ਰਾਹੀਂ ਬੀਬੀਸੀ ਦੇ ਕਈ ਪਾਠਕਾਂ ਨੇ ਸਾਨੂੰ ਇਹ ਵੀਡੀਓ ਭੇਜਕੇ ਇਸ ਦੀ ਸੱਚਾਈ ਜਾਣਨੀ ਚਾਹੀ ਹੈ।

ਯੂਕੇ ਦੇ ਲੰਡਨ ਸ਼ਹਿਰ ਵਿੱਚ ਰਹਿਣ ਵਾਲੀ ਇੱਕ ਟਵਿੱਟਰ ਯੂਜ਼ਰ @TheaDickinson ਨੇ ਵੀ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਇਹੀ ਦਾਅਵਾ ਕੀਤਾ ਹੈ।

ਉਨ੍ਹਾਂ ਨੇ ਇਹ ਵੀ ਸਵਾਲ ਚੁੱਕਿਆ ਹੈ ਕਿ ਬੀਬੀਸੀ ਨੇ ਇਸ ਵੀਡੀਓ ਨੂੰ ਕਿਉਂ ਨਹੀਂ ਦਿਖਾਇਆ?

ਪਰ 'ਪਾਕਿਸਤਾਨ ਦੇ ਚਰਚ ਵਿਚ ਅੱਗ ਲਾਉਣ' ਦੇ ਇਸ ਦਾਅਵੇ ਨੂੰ ਆਪਣੀ ਪੜਤਾਲ ਵਿਚ ਅਸੀਂ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ ਤਕਰੀਬਨ 6 ਸਾਲ ਪੁਰਾਣਾ ਹੈ।

ਵੀਡੀਓ ਪਾਕਿਸਤਾਨ ਦਾ ਨਹੀਂ

ਨਿਊਜ਼ੀਲੈਂਡ ਦੇ ਕਰਾਈਸਟਚਰਚ ਦੀਆਂ ਦੋ ਮਸਜਿਦਾਂ (ਅਲ ਨੂਰ ਅਤੇ ਲਿਨਵੁਡ ਮਸਜਿਦ) ਵਿਚ 15 ਮਾਰਚ ਨੂੰ ਬ੍ਰੈਂਟਨ ਟੈਰੰਟ ਨਾਮ ਦੇ ਇੱਕ ਹਮਲਾਵਰ ਨੇ ਗੋਲੀਬਾਰੀ ਕੀਤੀ ਸੀ।

ਇਸ ਘਟਨਾ ਵਿਚ ਤਕਰੀਬਨ 50 ਲੋਕਾਂ ਦੀ ਮੌਤ ਹੋ ਗਈ ਸੀ ਅਤੇ 50 ਤੋਂ ਵੱਧ ਲੋਕ ਜ਼ਖਮੀ ਹੋਏ ਸਨ।

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਮਸਜਿਦ ਵਿੱਚ ਹੋਏ ਇਸ ਹਮਲੇ ਨੂੰ 'ਦਹਿਸ਼ਤਗਰਦੀ ਹਮਲਾ' ਅਤੇ ਦੇਸ ਲਈ 'ਕਾਲਾ ਦਿਨ' ਦੱਸ ਚੁੱਕੀ ਹੈ।

ਪਰ ਜਿਸ 30 ਸਕਿੰਟ ਦੇ ਵੀਡੀਓ ਨੂੰ ਕਰਾਈਸਟਚਰਚ ਹਮਲੇ ਦੇ 'ਬਦਲੇ ਦਾ ਵੀਡੀਓ' ਦੱਸਿਆ ਜਾ ਰਿਹਾ ਹੈ ਉਹ ਸਾਲ 2013 ਦਾ ਵੀਡੀਓ ਹੈ।

ਰਿਵਰਸ ਇਮੇਜ ਸਰਚ ਤੋਂ ਪਤਾ ਚਲਦਾ ਹੈ ਕਿ ਇਹ ਵੀਡੀਓ ਪਾਕਿਸਤਾਨ ਦਾ ਵੀ ਨਹੀਂ ਹੈ ਸਗੋਂ ਮਿਸਰ ਦਾ ਹੈ।

ਯੂ-ਟਿਊਬ 'ਤੇ 29 ਅਗਸਤ 2013 ਨੂੰ ਪਬਲਿਸ਼ ਕੀਤੇ ਗਏ 6:44 ਸਕਿੰਟ ਦੇ ਇੱਕ ਵੀਡੀਓ ਵਿਚ ਵਾਇਰਲ ਵੀਡੀਓ ਦਾ 30 ਸਕਿੰਟ ਦਾ ਹਿੱਸਾ ਦਿਖਾਈ ਦਿੰਦਾ ਹੈ।

ਕੌਪਟਿਕ ਚਰਚਾਂ 'ਤੇ ਹਮਲਾ

ਅਗਸਤ 2013 ਵਿੱਚ ਮਿਸਰ ਦੀਆਂ ਘੱਟੋ ਘੱਟ 25 ਚਰਚਾਂ ਵਿਚ ਇਸਾਈ ਵਿਰੋਧੀ ਗੁੱਟਾਂ ਨੇ ਹਿੰਸਾ ਕੀਤੀ ਸੀ। ਇਹ ਵਾਇਰਲ ਵੀਡੀਓ ਉਸੇ ਵੇਲੇ ਦਾ ਹੈ।

ਸਾਲ 2013 ਵਿੱਚ ਹੀ ਕੌਪਟਿਕ ਆਰਥੋਡੌਕਸ ਚਰਚ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ,ਜਿਸਦੇ ਸਾਲ 2013 ਵਿਚ ਹੀ ਕੌਪਟਿਕ ਆਰਥੋਡੌਕਸ ਚਰਚ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਜਿਸਦੇ ਬਾਰੇ ਮਾਨਤਾ ਹੈ ਕਿ ਇਹ ਪੰਜਾਵੀਂ ਈਸਵੀ ਦੇ ਨੇੜੇ ਬਣਿਆ ਸੀ ਅਤੇ ਅਲੈਕਜੈਂਡਰੀਆ ਵਿੱਚ ਸਥਾਪਿਤ ਈਸਾਈ ਧਰਮ ਦੀਆਂ ਸਭ ਤੋਂ ਪੁਰਾਣੀਆਂ ਚਰਚਾਂ ਵਿਚੋਂ ਇੱਕ ਰਿਹਾ ਹੈ।

ਮਿਸਰ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਮੋਰਸੀ ਦੇ ਤਖ਼ਤਾ ਪਲਟ ਨੂੰ ਇਸਾਈ ਵਿਰੋਧੀ ਹਿੰਸਾ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ।

ਜੁਲਾਈ 2013 ਵਿੱਚ ਫੌਜ ਦੇ ਮਿਸਰ 'ਤੇ ਕਬਜ਼ਾ ਕਰਨ ਤੋਂ ਬਾਅਦ ਜਦੋਂ ਜਨਰਲ ਅਬਦੁਲ ਫਤਿਹ ਅਲ-ਸੀਸੀ ਨੇ ਟੀਵੀ 'ਤੇ ਰਾਸ਼ਟਰਪਤੀ ਮੋਰਸੀ ਦੇ ਸੱਤਾ ਤੋਂ ਲਹਿਣ ਦਾ ਐਲਾਨ ਕੀਤਾ ਸੀ, ਉਦੋਂ ਪੋਪ ਟਾਵਾਡਰੋਸ ਦੂਜਾ ਉਨ੍ਹਾਂ ਦੇ ਨਾਲ ਖੜ੍ਹੇ ਨਜ਼ਰ ਆਏ ਸਨ।

ਇਹ ਵੀ ਪੜ੍ਹੋ:

ਉਸ ਤੋਂ ਬਾਅਦ ਤੋਂ ਹੀ ਇਸਾਈ ਭਾਈਚਾਰੇ ਦੇ ਲੋਕ ਕੁਝ ਇਸਲਾਮਿਕ ਕੰਟੜਪੰਥੀਆਂ ਦੇ ਨਿਸ਼ਾਨੇ 'ਤੇ ਰਹੇ ਹਨ।

ਤਖਤਾ ਪਲਟ ਦੇ ਸਮੇਂ ਪੋਪ ਨੇ ਕਿਹਾ ਸੀ ਕਿ ਜਨਰਲ ਸੀਸੀ ਨੇ ਮਿਸਰ ਦਾ ਜੋ ਰੋਡਮੈਪ (ਖਾਕਾ) ਵਿਖਾਇਆ ਹੈ, ਉਸ ਨੂੰ ਮਿਸਰ ਦੇ ਉਨ੍ਹਾਂ ਨੂੰ ਸਨਮਾਨਿਤ ਲੋਕਾਂ ਵੱਲੋਂ ਤਿਆਰ ਕੀਤਾ ਗਿਆ ਹੈ ਜਿਹੜੇ ਮਿਸਰ ਦਾ ਹਿੱਤ ਚਾਹੁੰਦੇ ਹਨ।

ਪੋਪ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਕਈ ਵਾਰ ਮਾਰਨ ਦੀ ਧਮਕੀ ਦਿੱਤੀ ਗਈ ਸੀ। ਜਦੋਂਕਿ ਕਈ ਈਸਾਈਆਂ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਮਿਸਰ ਦੇ ਜ਼ਿਆਦਾਤਰ ਈਸਾਈ ਕੌਪਟਿਕ ਹਨ ਜੋ ਪ੍ਰਾਚੀਨ ਮਿਸਰਵਾਦੀਆਂ ਦੇ ਵੰਸ਼ ਹਨ। ਮਿਸਰ ਦੀ ਕੁੱਲ ਜਨਸੰਖਿਆ ਵਿੱਚ ਲਗਭਗ ਦਸ ਫ਼ੀਸਦ ਈਸਾਈ ਹਨ ਅਤੇ ਸਦੀਆਂ ਤੋਂ ਸੁੰਨੀ ਬਹੁ-ਮੁਸਲਮਾਨਾਂ ਦੇ ਨਾਲ ਸ਼ਾਂਤੀ ਨਾਲ ਰਹਿੰਦੇ ਆਏ ਹਨ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)